ਜੀਵਨੀ
ਮਸੀਹ ਦਾ ਫ਼ੌਜੀ ਬਣੇ ਰਹਿਣ ਦਾ ਪੱਕਾ ਇਰਾਦਾ
ਮੇਰੇ ਸਿਰ ਉੱਪਰੋਂ ਗੋਲੀਆਂ ਠਾਹ-ਠਾਹ ਲੰਘ ਰਹੀਆਂ ਸਨ। ਮੈਂ ਹੌਲੀ-ਹੌਲੀ ਚਿੱਟਾ ਰੁਮਾਲ ਉੱਪਰ ਕੀਤਾ ਅਤੇ ਹਵਾ ਵਿਚ ਲਹਿਰਾਇਆ। ਫ਼ੌਜੀ ਚਿਲਾਏ ‘ਤੂੰ ਬਾਹਰ ਆ ਜਾ!’ ਮੈਂ ਕੰਬਦਾ-ਕੰਬਦਾ ਬਾਹਰ ਆਇਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਮੈਨੂੰ ਬਖ਼ਸ਼ ਦੇਣਾ ਸੀ ਜਾਂ ਮੇਰੀ ਜਾਨ ਲੈ ਲੈਣੀ ਸੀ। ਪਰ ਮੈਂ ਇਸ ਮੁਸ਼ਕਲ ਵਿਚ ਕਿੱਦਾਂ ਫੱਸਿਆ?
ਮੇਰਾ ਜਨਮ 1926 ਵਿਚ ਹੋਇਆ। ਮੈਂ ਅੱਠ ਭੈਣਾਂ-ਭਰਾਵਾਂ ਵਿੱਚੋਂ ਸੱਤਵੇਂ ਨੰਬਰ ਤੇ ਸੀ। ਅਸੀਂ ਯੂਨਾਨ ਦੇ ਕਾਰਿਤਜ਼ਾ ਨਾਂ ਦੇ ਪਿੰਡ ਵਿਚ ਰਹਿੰਦੇ ਸੀ ਅਤੇ ਮੇਰੇ ਮਾਪੇ ਬਹੁਤ ਮਿਹਨਤੀ ਸਨ।
1925 ਵਿਚ ਮੇਰੇ ਮਾਪਿਆਂ ਦੀ ਮੁਲਾਕਾਤ ਜੌਨ ਪਾਪਾਰੀਜ਼ੋਸ ਨਾਂ ਦੇ ਬਾਈਬਲ ਸਟੂਡੈਂਟ ਨਾਲ ਹੋਈ ਜਿਨ੍ਹਾਂ ਨੂੰ ਅੱਜ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ। ਉਹ ਭਰਾ ਬਹੁਤ ਜੋਸ਼ੀਲਾ ਤੇ ਗਾਲੜੀ ਸੀ। ਜੌਨ ਨੇ ਬਹੁਤ ਵਧੀਆ ਤਰੀਕੇ ਨਾਲ ਮੇਰੇ ਮਾਪਿਆਂ ਨੂੰ ਬਾਈਬਲ ਦੀਆਂ ਗੱਲਾਂ ਸਮਝਾਈਆਂ। ਇਸ ਕਰਕੇ ਉਹ ਪਿੰਡ ਵਿਚ ਬਾਈਬਲ ਸਟੂਡੈਂਟ ਦੀਆਂ ਸਭਾਵਾਂ ’ਤੇ ਜਾਣ ਲੱਗ ਪਏ। ਮੇਰੇ ਮਾਤਾ ਜੀ ਦੀ ਨਿਹਚਾ ਯਹੋਵਾਹ ਉੱਤੇ ਬਹੁਤ ਪੱਕੀ ਸੀ। ਚਾਹੇ ਉਹ ਅਨਪੜ੍ਹ ਸਨ ਫਿਰ ਵੀ ਉਹ ਹਰ ਮੌਕੇ ’ਤੇ ਸਾਰਿਆਂ ਨੂੰ ਯਹੋਵਾਹ ਬਾਰੇ ਦੱਸਦੇ ਸਨ। ਅਫ਼ਸੋਸ ਦੀ ਗੱਲ ਹੈ ਕਿ ਡੈਡੀ ਜੀ ਲੋਕਾਂ ਦੀਆਂ ਗ਼ਲਤੀਆਂ ਹੀ ਲੱਭਦੇ ਰਹੇ ਜਿਸ ਕਰਕੇ ਉਨ੍ਹਾਂ ਨੇ ਹੌਲੀ-ਹੌਲੀ ਸਭਾਵਾਂ ਵਿਚ ਜਾਣਾ ਛੱਡ ਦਿੱਤਾ।
ਮੈਂ ਅਤੇ ਮੇਰੇ ਭੈਣ-ਭਰਾ ਬਾਈਬਲ ਦੀਆਂ ਗੱਲਾਂ ਨੂੰ ਮੰਨਦੇ ਸੀ, ਪਰ ਜਿੱਦਾਂ-ਜਿੱਦਾਂ ਅਸੀਂ ਵੱਡੇ ਹੁੰਦੇ ਗਏ ਸਾਡਾ ਧਿਆਨ ਮੌਜ-ਮਸਤੀ ਵੱਲ ਲੱਗ ਗਿਆ। ਜਦੋਂ 1939 ਵਿਚ ਦੂਜੇ ਵਿਸ਼ਵ ਯੁੱਧ ਨੇ ਪੂਰੇ ਯੂਰਪ ਨੂੰ ਆਪਣੀ ਲਪੇਟ ਵਿਚ ਲੈ ਲਿਆ, ਉਦੋਂ ਸਾਡੇ ਪਿੰਡ ਵਿਚ ਕੁਝ ਇੱਦਾਂ ਦਾ ਹੋਇਆ ਜਿਸ ਨਾਲ ਸਾਡੀਆਂ ਅੱਖਾਂ ਅੱਡੀਆਂ ਰਹਿ ਗਈਆਂ। ਸਾਡੇ ਤਾਇਆ ਜੀ ਦਾ ਮੁੰਡਾ ਨੀਕੋਲਸ ਸਾਰਾਸ ਸਾਡਾ ਗੁਆਂਢੀ ਸੀ ਅਤੇ ਉਸ ਦਾ ਹੁਣੇ-ਹੁਣੇ ਬਪਤਿਸਮਾ ਹੋਇਆ ਸੀ। ਉਸ ਨੂੰ ਫ਼ੌਜ ਵਿਚ ਜਬਰੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। 20 ਸਾਲਾਂ ਦੇ ਨੀਕੋਲਸ ਨੇ ਬੜੀ ਦਲੇਰੀ ਨਾਲ ਫ਼ੌਜ ਦੇ ਅਧਿਕਾਰੀਆਂ ਨੂੰ ਕਿਹਾ: “ਮੈਂ ਨਹੀਂ ਲੜ ਸਕਦਾ ਕਿਉਂਕਿ ਮੈਂ ਮਸੀਹ ਦਾ ਫ਼ੌਜੀ ਹਾਂ।” ਫ਼ੌਜ ਦੀ ਅਦਾਲਤ ਨੇ ਉਸ ਉੱਤੇ ਮੁਕੱਦਮਾ ਚਲਾਇਆ ਅਤੇ ਉਸ ਨੂੰ 10 ਸਾਲ ਦੀ ਕੈਦ ਸੁਣਾਈ। ਇਹ ਜਾਣ ਕੇ ਸਾਡੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ।
ਪਰ ਅਸੀਂ ਸ਼ੁਕਰ ਕੀਤਾ ਕਿ ਨੀਕੋਲਸ ਨੂੰ ਛੱਡ ਦਿੱਤਾ ਗਿਆ ਕਿਉਂਕਿ 1941 ਵਿਚ ਯੂਨਾਨ ਦੇਸ਼ ਦਾ ਸਾਥ ਦੇਣ ਵਾਲੇ ਹੋਰ ਦੇਸ਼ ਦੀ ਫ਼ੌਜ ਅਚਾਨਕ ਆ ਪਹੁੰਚੀ। ਉਹ ਕਾਰਿਤਜ਼ਾ ਵਾਪਸ ਆ ਗਿਆ ਅਤੇ ਮੇਰੇ ਵੱਡੇ ਭਰਾ ਇਲੀਆਸ ਨੇ ਉਸ ਉੱਤੇ ਬਾਈਬਲ ਦੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਮੈਂ ਬੜੇ ਧਿਆਨ ਨਾਲ ਸਭ ਸੁਣਦਾ ਰਿਹਾ। ਉਸ ਤੋਂ ਬਾਅਦ ਮੈਂ, ਇਲੀਆਸ ਅਤੇ ਸਾਡੀ ਛੋਟੀ ਭੈਣ ਐਫਮੋਰੀਆ ਨੇ ਬਾਈਬਲ ਦੀ ਸਟੱਡੀ ਕਰਨੀ ਅਤੇ ਲਗਾਤਾਰ ਸਭਾਵਾਂ ਵਿਚ ਜਾਣਾ
ਸ਼ੁਰੂ ਕਰ ਦਿੱਤਾ। ਅਗਲੇ ਸਾਲ ਅਸੀਂ ਤਿੰਨਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਬਾਅਦ ਵਿਚ ਮੇਰੇ ਹੋਰ ਚਾਰ ਭੈਣ-ਭਰਾ ਵੀ ਗਵਾਹ ਬਣ ਗਏ।1942 ਵਿਚ ਕਾਰਿਤਜ਼ਾ ਮੰਡਲੀ ਵਿਚ 9 ਜਵਾਨ ਭੈਣ-ਭਰਾ ਸਨ ਜਿਨ੍ਹਾਂ ਦੀ ਉਮਰ 15 ਤੋਂ 25 ਸਾਲਾਂ ਦੀ ਸੀ। ਅਸੀਂ ਜਾਣਦੇ ਸੀ ਕਿ ਸਾਨੂੰ ਬਹੁਤ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਇਸ ਲਈ ਜਦੋਂ ਵੀ ਹੋ ਸਕੇ ਅਸੀਂ ਇਕੱਠੇ ਬਾਈਬਲ ਅਧਿਐਨ ਕਰਦੇ, ਰਾਜ ਦੇ ਗੀਤ ਗਾਉਂਦੇ ਅਤੇ ਪ੍ਰਾਰਥਨਾ ਕਰਦੇ ਹੁੰਦੇ ਸੀ। ਇੱਦਾਂ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੋਈ।
ਦੇਸ਼ ਵਿਚ ਆਪਸੀ ਲੜਾਈ ਛਿੜ ਗਈ
ਦੂਜਾ ਵਿਸ਼ਵ ਯੁੱਧ ਖ਼ਤਮ ਹੀ ਹੋਣ ਵਾਲਾ ਸੀ ਤੇ ਯੂਨਾਨ ਦੀ ਸਾਮਵਾਦੀ (ਕਮਿਊਨਿਸਟ) ਪਾਰਟੀ ਨੇ ਸਰਕਾਰ ਖ਼ਿਲਾਫ਼ ਕਦਮ ਚੁੱਕੇ। ਇਸ ਕਰਕੇ ਦੇਸ਼ ਵਿਚ ਬਹੁਤ ਭਿਆਨਕ ਲੜਾਈ ਛਿੜ ਪਈ। ਸਾਮਵਾਦੀ ਪਾਰਟੀ ਦੇ ਫ਼ੌਜੀਆਂ ਨੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜ਼ਬਰਦਸਤੀ ਆਪਣੇ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਸਾਡੇ ਪਿੰਡ ’ਤੇ ਡਾਕਾ ਮਾਰਿਆ, ਤਾਂ ਉਹ ਤਿੰਨ ਨੌਜਵਾਨ ਗਵਾਹਾਂ ਨੂੰ ਯਾਨੀ ਮੈਨੂੰ, ਐਨਟੋਨਿਓ ਸੂਕਾਰੀਸ ਅਤੇ ਇਲੀਆਸ ਨੂੰ ਚੁੱਕ ਕੇ ਲੈ ਗਏ। ਅਸੀਂ ਤਰਲੇ ਕੀਤੇ ਕਿ ਮਸੀਹੀ ਹੋਣ ਕਰਕੇ ਅਸੀਂ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ। ਫਿਰ ਵੀ ਉਹ ਸਾਨੂੰ ਜ਼ਬਰਦਸਤੀ ਸਾਡੇ ਪਿੰਡ ਤੋਂ ਓਲਿੰਪਸ ਪਹਾੜ ਤਕ ਤੋਰ ਕੇ ਲੈ ਗਏ ਜਿੱਥੇ ਪਹੁੰਚਣ ਲਈ ਸਾਨੂੰ ਲਗਭਗ 12 ਘੰਟੇ ਲੱਗੇ।
ਇਸ ਤੋਂ ਜਲਦੀ ਬਾਅਦ ਸਾਮਵਾਦੀ ਪਾਰਟੀ ਦੇ ਅਫ਼ਸਰ ਨੇ ਸਾਨੂੰ ਵੀ ਪਿੰਡਾਂ ਵਿਚ ਜਾ ਕੇ ਡਾਕੇ ਮਾਰਨ ਨੂੰ ਕਿਹਾ। ਪਰ ਅਸੀਂ ਸਮਝਾਇਆ ਕਿ ਸੱਚੇ ਮਸੀਹੀ ਨਾ ਤਾਂ ਹਥਿਆਰ ਚੁੱਕਦੇ ਹਨ ਤੇ ਨਾ ਹੀ ਲੋਕਾਂ ਨੂੰ ਮਾਰਦੇ ਹਨ। ਗੁੱਸੇ ਵਿਚ ਅੱਗ-ਬਬੂਲਾ ਹੋਇਆ ਅਫ਼ਸਰ ਸਾਨੂੰ ਜਨਰਲ ਕੋਲ ਘਸੀਟ ਕੇ ਲੈ ਗਿਆ। ਅਸੀਂ ਉਸ ਨੂੰ ਵੀ ਉਹੀ ਜਵਾਬ ਦਿੱਤਾ ਅਤੇ ਉਸ ਨੇ ਕਿਹਾ: “ਗਧੇ ਲਓ ਅਤੇ ਲੜਾਈ ਦੇ ਮੈਦਾਨ ਵਿੱਚੋਂ ਜ਼ਖ਼ਮੀ ਫ਼ੌਜੀਆਂ ਨੂੰ ਹਸਪਤਾਲ ਲੈ ਕੇ ਜਾਓ।”
ਪਰ ਅਸੀਂ ਕਿਹਾ: “ਉਦੋਂ ਕੀ ਜੇ ਸਰਕਾਰੀ ਫ਼ੌਜੀਆਂ ਨੇ ਸਾਨੂੰ ਫੜ੍ਹ ਲਿਆ? ਉਨ੍ਹਾਂ ਨੇ ਤਾਂ ਇਹੀ ਕਹਿਣਾ ਕਿ ਅਸੀਂ ਸਾਮਵਾਦੀ ਫ਼ੌਜੀ ਹਾਂ।” ਜਰਨਲ ਨੇ ਕਿਹਾ: “ਜਾ ਕੇ ਫ਼ੌਜੀਆਂ ਨੂੰ ਰੋਟੀ ਖਵਾਓ।” ਅਸੀਂ ਫਿਰ ਸਮਝਾਉਣ ਦੀ ਕੋਸ਼ਿਸ਼ ਕੀਤੀ: “ਪਰ ਉਦੋਂ ਕੀ ਜੇ ਕਿਸੇ ਹੋਰ ਅਫ਼ਸਰ ਨੇ ਸਾਨੂੰ ਗਧੇ ਨਾਲ ਦੇਖ ਲਿਆ ਤੇ ਸਾਨੂੰ ਕਿਹਾ ‘ਜਾ ਕੇ ਫ਼ੌਜੀਆਂ ਨੂੰ ਹਥਿਆਰ ਤੇ ਬਾਰੂਦ ਫੜਾ ਕੇ ਆਓ।’” ਜਨਰਲ ਸੋਚਾਂ ਵਿਚ ਪੈ ਗਿਆ। ਅਖ਼ੀਰ ਉਸ ਨੇ ਗੁੱਸੇ ਨਾਲ ਕਿਹਾ: “ਭੇਡਾਂ ਤਾਂ ਚਾਰ ਹੀ ਸਕਦੇ ਹੋ! ਪਹਾੜ ’ਤੇ ਹੀ ਰਹੋ ਅਤੇ ਭੇਡਾਂ ਨੂੰ ਚਾਰੋ।”
ਦੇਸ਼ ਦੀ ਆਪਸੀ ਲੜਾਈ ਕਰਕੇ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਸਨ। ਪਰ ਅਸੀਂ ਤਿੰਨਾਂ ਨੇ ਫ਼ੈਸਲਾ ਕੀਤਾ ਕਿ ਸਾਡੀ ਜ਼ਮੀਰ ਸਾਨੂੰ ਭੇਡਾਂ ਚਾਰਨ ਲਈ ਇਜਾਜ਼ਤ ਤਾਂ ਦਿੰਦੀ ਹੈ। ਇਕ ਸਾਲ ਬਾਅਦ ਇਲੀਆਸ ਨੂੰ ਘਰ ਜਾਣ ਦੀ ਇਜਾਜ਼ਤ ਮਿਲੀ ਕਿਉਂਕਿ ਜੇਠਾ ਹੋਣ ਕਰਕੇ ਉਹ ਸਾਡੀ ਵਿਧਵਾ ਮਾਂ ਦੀ ਦੇਖ-ਭਾਲ ਕਰ ਸਕਦਾ ਸੀ। ਬੀਮਾਰ ਹੋਣ ਕਰਕੇ ਐਨਟੋਨਿਓ ਵੀ ਰਿਹਾ ਹੋ ਗਿਆ। ਪਰ ਮੈਂ ਅਜੇ ਵੀ ਕੈਦ ਵਿਚ ਸੀ।
ਦਿਨ-ਬ-ਦਿਨ ਯੂਨਾਨ ਦੀਆਂ ਫ਼ੌਜਾਂ ਸਾਮਵਾਦੀ ਫ਼ੌਜਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਫੜਨ ਹੀ ਵਾਲੀਆਂ ਸਨ। ਜਿਨ੍ਹਾਂ ਸਾਮਵਾਦੀ ਫ਼ੌਜੀਆਂ ਨੇ ਮੈਨੂੰ ਫੜਿਆ ਹੋਇਆ ਸੀ, ਉਹ ਪਹਾੜਾਂ ਵਿੱਚੋਂ ਦੀ ਅਲਬਾਨੀਆ ਦੇਸ਼ ਨੂੰ ਭੱਜ ਗਏ। ਉਹ ਮੈਨੂੰ ਵੀ ਨਾਲ ਲੈ ਗਏ। ਸਰਹੱਦ ਦੇ ਨੇੜੇ ਪਹੁੰਚਦਿਆਂ ਯੂਨਾਨੀ ਫ਼ੌਜਾਂ ਨੇ ਸਾਨੂੰ ਘੇਰ ਲਿਆ। ਸਾਮਵਾਦੀ ਫ਼ੌਜੀ ਡਰ ਗਏ ਅਤੇ ਮੈਂ ਭੱਜ ਗਿਆ। ਮੈਂ ਇਕ ਡਿਗੇ ਹੋਏ ਦਰਖ਼ਤ ਪਿੱਛੇ ਜਾ ਲੁਕਿਆ। ਜਿਸ ਕਰਕੇ ਮੈਂ ਉਸ ਮੁਸ਼ਕਲ ਵਿਚ ਫਸ ਗਿਆ ਜਿਸ ਬਾਰੇ ਮੈਂ ਸ਼ੁਰੂ ਵਿਚ ਦੱਸਿਆ ਸੀ।
ਜਦੋਂ ਮੈਂ ਯੂਨਾਨੀ ਫ਼ੌਜੀਆਂ ਨੂੰ ਦੱਸਿਆ ਕਿ ਸਾਮਵਾਦੀ ਫ਼ੌਜੀਆਂ ਨੇ ਮੈਨੂੰ ਬੰਦੀ ਬਣਾਇਆ ਹੋਇਆ ਸੀ, ਤਾਂ ਉਹ ਮੈਨੂੰ ਵੈਰੀਆ ਸ਼ਹਿਰ ਦੇ ਮਿਲਟਰੀ ਕੈਂਪ ਨੂੰ ਲੈ ਗਏ। ਉੱਥੇ ਉਨ੍ਹਾਂ ਨੇ ਇਹ ਫ਼ੈਸਲਾ ਕਰਨਾ ਸੀ ਕਿ ਮੈਂ ਸੱਚ ਬੋਲ ਰਿਹਾ ਸੀ ਜਾਂ ਝੂਠ। ਇਹ ਸ਼ਹਿਰ ਬਾਈਬਲ ਦੇ ਜ਼ਮਾਨੇ ਦਾ ਬਰਿਯਾ ਸ਼ਹਿਰ ਸੀ। ਉੱਥੇ ਉਨ੍ਹਾਂ ਨੇ ਮੈਨੂੰ ਲੰਬੀਆਂ-ਲੰਬੀਆਂ ਖਾਈਆਂ ਪੁੱਟਣ ਲਈ ਕਿਹਾ। ਜਦੋਂ ਮੈਂ ਇਹ ਕਰਨ ਤੋਂ ਮਨਾਂ ਕਰ
ਦਿੱਤਾ, ਤਾਂ ਕਮਾਂਡਰ ਨੇ ਮੈਨੂੰ ਖ਼ੌਫ਼ਨਾਕ ਸਜ਼ਾ ਸੁਣਾਈ। ਉਸ ਨੇ ਮੈਨੂੰ ਬੰਦੀ ਬਣਾ ਕੇ ਮਾਕਰੋਨਿਸੌਸ ਟਾਪੂ ’ਤੇ ਭੇਜ ਦਿੱਤਾ।ਮੌਤ ਦਾ ਟਾਪੂ
ਯੂਨਾਨ ਦੀ ਰਾਜਧਾਨੀ ਐਥਿਨਜ਼ ਤੋਂ ਮਾਕਰੋਨਿਸੌਸ ਨਾਂ ਦਾ ਟਾਪੂ 50 ਕਿਲੋਮੀਟਰ (30 ਮੀਲ) ਦੂਰ ਹੈ। ਇਹ ਟਾਪੂ ਐਟੀਕਾ ਨਾਂ ਦੇ ਸਮੁੰਦਰੀ ਕੰਢੇ ਦੇ ਨੇੜੇ ਹੈ। ਉੱਥੇ ਕੁਝ ਵੀ ਨਹੀਂ ਉੱਗਦਾ ਅਤੇ ਬੇਹੱਦ ਗਰਮੀ ਹੁੰਦੀ ਹੈ। ਉੱਥੇ ਸਿਰਫ਼ ਪੱਥਰ ਹੀ ਪੱਥਰ ਹਨ। ਇਹ ਟਾਪੂ ਸਿਰਫ਼ 13 ਕਿਲੋਮੀਟਰ (8 ਮੀਲ) ਲੰਬਾ ਅਤੇ ਸਭ ਤੋਂ ਚੌੜੀ ਜਗ੍ਹਾ ’ਤੇ ਸਿਰਫ਼ 2.5 ਕਿਲੋਮੀਟਰ (1.5 ਮੀਲ) ਚੌੜਾ ਹੈ। ਫਿਰ ਵੀ 1947 ਤੋਂ 1958 ਤਕ ਉੱਥੇ 1,00,000 ਲੋਕ ਕੈਦ ਸਨ। ਉੱਥੇ ਸਾਮਵਾਦੀ ਪਾਰਟੀ ਦੇ ਮੈਂਬਰਾਂ ਦੇ ਨਾਲ-ਨਾਲ ਉਹ ਵੀ ਲੋਕ ਸਨ ਜਿਨ੍ਹਾਂ ’ਤੇ ਸਾਮਵਾਦੀ ਪਾਰਟੀ ਨਾਲ ਰਲ਼ੇ ਹੋਣ ਦਾ ਸ਼ੱਕ ਸੀ। ਨਾਲੇ ਸਰਕਾਰ ਦੇ ਖ਼ਿਲਾਫ਼ ਲੜਨ ਵਾਲੇ ਲੋਕ ਅਤੇ ਬਹੁਤ ਸਾਰੇ ਵਫ਼ਾਦਾਰ ਯਹੋਵਾਹ ਦੇ ਗਵਾਹ ਵੀ ਸਨ।
ਮੈਂ 1949 ਵਿਚ ਉੱਥੇ ਪਹੁੰਚਿਆ। ਉਸ ਵੇਲੇ ਕੈਦੀਆਂ ਨੂੰ ਅਲੱਗ-ਅਲੱਗ ਸਮੂਹਾਂ ਵਿਚ ਵੰਡਿਆ ਹੋਇਆ ਸੀ। ਮੇਰੇ ਕੈਂਪ ਵਿਚ ਸੈਂਕੜੇ ਹੀ ਆਦਮੀ ਸਨ ਅਤੇ ਸਾਡੇ ਉੱਤੇ ਘੱਟ ਨਿਗਾਹ ਰੱਖੀ ਜਾਂਦੀ ਸੀ। ਮੈਂ ਤੰਬੂ ਵਿਚ ਜ਼ਮੀਨ ’ਤੇ ਸੌਂਦਾ ਸੀ। ਦਸ ਆਦਮੀਆਂ ਲਈ ਬਣੇ ਇਕ ਤੰਬੂ ਵਿਚ 40 ਆਦਮੀ ਸੌਂਦੇ ਸਨ। ਸਾਡੇ ਕੋਲ ਪੀਣ ਲਈ ਬਹੁਤ ਹੀ ਗੰਦਾ ਪਾਣੀ ਸੀ ਅਤੇ ਅਸੀਂ ਜ਼ਿਆਦਾਤਰ ਦਾਲ ਅਤੇ ਬੈਂਗਣ ਹੀ ਖਾਂਦੇ ਸੀ। ਸਾਰਾ-ਸਾਰਾ ਦਿਨ ਮਿੱਟੀ-ਘਟਾ ਉੱਡਣ ਕਰਕੇ ਜੀਣਾ ਔਖਾ ਹੋ ਗਿਆ ਸੀ। ਪਰ ਸ਼ੁਕਰ ਹੈ ਕਿ ਸਾਨੂੰ ਬੇਵਜ੍ਹਾ ਪੱਥਰਾਂ ਨੂੰ ਇੱਧਰ-ਉੱਧਰ ਘਸੀਟਣਾ ਨਹੀਂ ਸੀ ਪੈਂਦਾ। ਇਹ ਇਕ ਬਹੁਤ ਹੀ ਬੁਰੀ ਸਜ਼ਾ ਸੀ। ਕੈਦੀਆਂ ਨੂੰ ਇੱਦਾਂ ਦੇ ਕੰਮ ਦੇ ਕੇ ਬੁਰੀ ਤਰ੍ਹਾਂ ਸਤਾਇਆ ਜਾਂਦਾ ਸੀ। ਸਾਰਾ-ਸਾਰਾ ਦਿਨ ਇਹ ਕੰਮ ਕਰ ਕੇ ਚੰਗਾ-ਭਲਾ ਬੰਦਾ ਵੀ ਪਾਗਲ ਹੋ ਜਾਂਦਾ ਸੀ ਅਤੇ ਮੌਤ ਮੰਗਣ ’ਤੇ ਮਜਬੂਰ ਹੋ ਜਾਂਦਾ ਸੀ।
ਇਕ ਦਿਨ ਸਮੁੰਦਰ ਕਿਨਾਰੇ ਤੁਰਦਿਆਂ ਮੈਨੂੰ ਦੂਸਰੇ ਕੈਂਪਾਂ ਦੇ ਕਈ ਯਹੋਵਾਹ ਦੇ ਗਵਾਹਾਂ ਮਿਲੇ। ਉਸ ਦਿਨ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਜਦੋਂ ਵੀ ਹੋ ਸਕੇ ਅਸੀਂ ਮਿਲਦੇ ਸੀ, ਪਰ ਬੜੀ ਸਾਵਧਾਨੀ ਨਾਲ ਕਿਤੇ ਅਸੀਂ ਫੜੇ ਨਾ ਜਾਈਏ। ਨਾਲੇ ਅਸੀਂ ਚੋਰੀ-ਚੋਰੀ ਦੂਜੇ ਕੈਦੀਆਂ ਨੂੰ ਵੀ ਪ੍ਰਚਾਰ ਕਰਦੇ ਸੀ। ਬਾਅਦ ਵਿਚ ਉਨ੍ਹਾਂ ਵਿੱਚੋਂ ਕੁਝ ਜਣੇ ਯਹੋਵਾਹ ਦੇ ਗਵਾਹ ਬਣੇ। ਸੰਗਤੀ, ਪ੍ਰਚਾਰ ਅਤੇ ਦਿਲੋਂ ਪ੍ਰਾਰਥਨਾ ਕਰਨ ਕਰਕੇ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖ ਪਾਏ।
ਅੱਗ ਵਰਗੀਆਂ ਮੁਸ਼ਕਲਾਂ
ਦੱਸ ਮਹੀਨਿਆਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਮੈਂ ਹੁਣ ਬਦਲ ਚੁੱਕਾ ਹੋਵਾਂਗਾ। ਇਸ ਲਈ ਉਨ੍ਹਾਂ ਨੇ ਮੈਨੂੰ ਮਿਲਟਰੀ ਵਰਦੀ ਪਾਉਣ ਨੂੰ ਕਿਹਾ। ਜਦੋਂ ਮੈਂ ਇਨਕਾਰ ਕੀਤਾ ਉਹ ਮੈਨੂੰ ਖਿੱਚ ਕੇ ਮਿਲਟਰੀ ਕਮਾਂਡਰ ਕੋਲ ਲੈ ਗਏ। ਮੈਂ ਉਸ ਨੂੰ ਲਿਖ ਕੇ ਦਿੱਤਾ: “ਮੈਂ ਸਿਰਫ਼ ਮਸੀਹ ਦਾ ਫ਼ੌਜੀ ਬਣਨਾ ਚਾਹੁੰਦਾ ਹਾਂ।” ਧਮਕੀਆਂ ਦੇਣ ਤੋਂ ਬਾਅਦ ਉਸ ਨੇ ਮੈਨੂੰ ਆਪਣੇ ਤੋਂ ਦੂਜੇ ਦਰਜੇ ਦੇ ਅਧਿਕਾਰੀ ਕੋਲ ਭੇਜ ਦਿੱਤਾ। ਉਹ ਯੂਨਾਨੀ ਚਰਚ ਦਾ ਬਹੁਤ ਵੱਡਾ ਪਾਦਰੀ ਸੀ ਜਿਸ ਨੇ ਧਾਰਮਿਕ ਪੁਸ਼ਾਕ ਪਾਈ ਹੋਈ ਸੀ। ਮੈਂ ਦਲੇਰੀ ਨਾਲ ਬਾਈਬਲ ਦੀਆਂ ਆਇਤਾਂ ਵਰਤ ਕੇ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਉਸ ਨੇ ਚਿਲਾ ਕੇ ਕਿਹਾ: “ਇਸ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਓ। ਵੱਡਾ ਸਿਆਣਾ ਨਾ ਹੋਵੇ ਤਾਂ।”
ਅਗਲੇ ਦਿਨ ਫ਼ੌਜੀਆਂ ਨੇ ਮੈਨੂੰ ਫਿਰ ਮਿਲਟਰੀ ਵਰਦੀ ਪਾਉਣ ਨੂੰ ਕਿਹਾ। ਜਦੋਂ ਮੈਂ ਨਾ ਕੀਤੀ, ਤਾਂ ਉਨ੍ਹਾਂ ਨੇ ਮੈਨੂੰ ਮੁੱਕੇ ਮਾਰੇ ਤੇ ਲਾਠੀ ਨਾਲ ਕੁੱਟਿਆ। ਫਿਰ ਉਹ ਮੈਨੂੰ ਮਿਲਟਰੀ ਹਸਪਤਾਲ ਇਹ ਦੇਖਣ ਲਈ ਲੈ ਗਏ ਕਿ ਕਿਤੇ ਮੇਰੀ ਕੋਈ ਹੱਡੀ ਤਾਂ ਨਹੀਂ ਟੁੱਟੀ। ਫਿਰ ਉਨ੍ਹਾਂ ਨੇ ਮੈਨੂੰ ਘਸੀਟ ਕੇ ਮੇਰੇ ਤੰਬੂ ਵਿਚ ਸੁੱਟ ਦਿੱਤਾ। ਮੈਂ ਦੋ ਮਹੀਨਿਆਂ ਤਕ ਹਰ ਰੋਜ਼ ਇੱਦਾਂ ਦੀ ਮਾਰ ਖਾਂਦਾ ਰਿਹਾ।
ਮੈਂ ਆਪਣੀ ਨਿਹਚਾ ਨਾਲ ਸਮਝੌਤਾ ਨਹੀਂ ਕੀਤਾ, ਇਸ ਕਰਕੇ ਫ਼ੌਜੀਆਂ ਨੇ ਇਕ ਨਵੀਂ ਖੇਡ ਖੇਡੀ। ਉਨ੍ਹਾਂ ਨੇ ਮੇਰੇ ਹੱਥ ਪਿੱਠ ਪਿੱਛੇ ਬੰਨ੍ਹੇ ਅਤੇ ਰੱਸੀਆਂ ਨਾਲ ਮੇਰੇ ਪੈਰਾਂ ਦੀਆਂ ਤਲੀਆਂ ’ਤੇ ਜਾਨਵਰਾਂ ਵਾਂਗ ਮਾਰਿਆ। ਡਾਢਾ ਜ਼ੁਲਮ ਸਹਿੰਦੇ ਵੇਲੇ ਮੈਂ ਯਿਸੂ ਦੇ ਸ਼ਬਦ ਯਾਦ ਕੀਤੇ: ‘ਖ਼ੁਸ਼ ਹੋ ਤੁਸੀਂ ਜਦ ਲੋਕ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ’ਤੇ ਅਤਿਆਚਾਰ ਕਰਦੇ ਹਨ। ਖ਼ੁਸ਼ੀਆਂ ਮਨਾਓ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।’ (ਮੱਤੀ 5:11, 12) ਇੱਦਾਂ ਲੱਗਾ ਕਿ ਉਨ੍ਹਾਂ ਨੇ ਮੈਨੂੰ ਮਾਰ ਕੇ ਹੀ ਸਾਹ ਲੈਣਾ। ਫਿਰ ਮੈਂ ਬੇਹੋਸ਼ ਹੋ ਗਿਆ।
ਜਦੋਂ ਮੈਨੂੰ ਹੋਸ਼ ਆਇਆ, ਤਾਂ ਮੈਂ ਬਰਫ਼ੀਲੀ ਕੋਠੜੀ ਵਿਚ ਸੀ। ਮੇਰੇ ਕੋਲ ਨਾ ਤਾਂ ਪਾਣੀ, ਨਾ ਰੋਟੀ ਤੇ ਨਾ ਹੀ ਕੰਬਲ ਸੀ। ਇਸ ਦੇ ਬਾਵਜੂਦ ਵੀ ਮੇਰਾ ਮਨ ਸ਼ਾਂਤ ਸੀ। ਜਿੱਦਾਂ ਬਾਈਬਲ ਵਾਅਦਾ ਕਰਦੀ ਹੈ “ਪਰਮੇਸ਼ੁਰ ਦੀ ਸ਼ਾਂਤੀ” ਨੇ ਮੇਰੇ ‘ਦਿਲ ਅਤੇ ਮਨ ਦੀ ਰਾਖੀ’ ਕੀਤੀ। (ਫ਼ਿਲਿ. 4:7) ਅਗਲੇ ਦਿਨ ਇਕ ਫ਼ੌਜੀ ਨੇ ਮੇਰੇ ’ਤੇ ਤਰਸ ਖਾਂਦਿਆਂ ਮੈਨੂੰ ਰੋਟੀ, ਪਾਣੀ ਅਤੇ ਕੋਟ ਦਿੱਤਾ। ਫਿਰ ਇਕ ਹੋਰ ਫ਼ੌਜੀ ਨੇ ਆਪਣਾ ਰਾਸ਼ਨ ਮੈਨੂੰ ਦਿੱਤਾ। ਜਦੋਂ ਇੱਦਾਂ ਦਾ ਕੁਝ ਮੇਰੇ ਨਾਲ ਹੁੰਦਾ ਸੀ, ਤਾਂ ਮੈਨੂੰ ਪਤਾ ਸੀ ਕਿ ਯਹੋਵਾਹ ਮੇਰਾ ਖ਼ਿਆਲ ਰੱਖ ਰਿਹਾ ਸੀ।
ਮਿਲਟਰੀ ਅਧਿਕਾਰੀਆਂ ਨੇ ਮੈਨੂੰ ਹਮੇਸ਼ਾ ਇਕ ਗੱਦਾਰ ਸਮਝਿਆ ਜਿਸ ਨੂੰ ਸੁਧਾਰਿਆ ਨਹੀਂ ਜਾ ਸਕਦਾ ਸੀ। ਉਹ ਮੈਨੂੰ ਐਥਿਨਜ਼ ਲੈ ਗਏ ਅਤੇ ਮਿਲਟਰੀ ਅਦਾਲਤ ਵਿਚ ਖੜ੍ਹਾ ਕਰ ਦਿੱਤਾ। ਉਸ ਅਦਾਲਤ ਨੇ ਮੈਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ। ਮੈਨੂੰ ਈਆਰੋਸ ਟਾਪੂ ਦੀ ਕੈਦ ਵਿਚ ਭੇਜਿਆ ਗਿਆ ਜੋ ਮਾਕਰੋਨਿਸੌਸ ਟਾਪੂ ਤੋਂ 50 ਕਿਲੋਮੀਟਰ ਪੂਰਬ ਨੂੰ ਸੀ।
ਭਰੋਸੇ ਦੇ ਲਾਇਕ
ਈਆਰੋਸ ਕੈਦ ਇਕ ਬਹੁਤ ਹੀ ਵੱਡੇ ਕਿਲੇ ਵਾਂਗ ਸੀ ਜਿਸ ਵਿਚ 5,000 ਤੋਂ ਜ਼ਿਆਦਾ ਸਿਆਸੀ ਕੈਦੀ ਸਨ। ਇਸ ਵਿਚ ਸੱਤ ਯਹੋਵਾਹ ਦੇ ਗਵਾਹ ਵੀ ਸਨ ਜਿਨ੍ਹਾਂ ਨੂੰ ਨਿਰਪੱਖ ਰਹਿਣ ਕਰਕੇ ਕੈਦ ਹੋਈ ਸੀ। ਬਾਈਬਲ ਦਾ ਅਧਿਐਨ ਕਰਨਾ ਸਖ਼ਤ ਮਨ੍ਹਾਂ ਸੀ, ਇਸ ਲਈ
ਅਸੀਂ ਲੁਕ-ਛਿਪ ਕੇ ਅਧਿਐਨ ਕਰਦੇ ਸੀ। ਸਾਨੂੰ ਲਗਾਤਾਰ ਚੋਰੀ-ਚੋਰੀ ਪਹਿਰਾਬੁਰਜ ਰਸਾਲੇ ਭੇਜੇ ਜਾਂਦੇ ਸਨ। ਇਸ ਦਾ ਅਧਿਐਨ ਕਰਨ ਲਈ ਅਸੀਂ ਆਪ ਨਕਲ ਕਰਕੇ ਇਸ ਦੀਆਂ ਹੋਰ ਕਾਪੀਆਂ ਬਣਾਉਂਦੇ ਸੀ।ਇਕ ਦਿਨ ਲੁਕ-ਛਿਪ ਕੇ ਅਧਿਐਨ ਕਰਦਿਆਂ ਇਕ ਪਹਿਰੇਦਾਰ ਨੇ ਸਾਨੂੰ ਦੇਖ ਲਿਆ ਅਤੇ ਉਸ ਨੇ ਸਾਡੇ ਪ੍ਰਕਾਸ਼ਨ ਖੋਹ ਲਏ। ਕੈਦਖ਼ਾਨੇ ਦੇ ਦਰੋਗੇ ਨੇ ਸਾਨੂੰ ਸੱਦਿਆ। ਸਾਨੂੰ ਪੱਕਾ ਪਤਾ ਸੀ ਕਿ ਹੁਣ ਸਾਡੀ ਸਜ਼ਾ ਵਧਾਈ ਜਾਵੇਗੀ। ਪਰ ਦਰੋਗੇ ਨੇ ਕਿਹਾ: “ਅਸੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ ਤੇ ਅਸੀਂ ਤੁਹਾਡੇ ਵਿਸ਼ਵਾਸਾਂ ਦੀ ਕਦਰ ਕਰਦੇ ਹਾਂ। ਤੁਸੀਂ ਭਰੋਸੇ ਦੇ ਲਾਇਕ ਹੋ। ਜਾਓ ਆਪਣਾ ਕੰਮ ਕਰੋ।” ਇੱਥੋਂ ਤਕ ਕਿ ਉਸ ਨੇ ਸਾਨੂੰ ਸੌਖੇ-ਸੌਖੇ ਕੰਮ ਦਿੱਤੇ। ਸਾਡੇ ਦਿਲ ਖ਼ੁਸ਼ੀ ਨਾਲ ਭਰ ਗਏ। ਸਾਡੀ ਵਫ਼ਾਦਾਰੀ ਕਰਕੇ ਕੈਦ ਵਿਚ ਵੀ ਯਹੋਵਾਹ ਦੀ ਮਹਿਮਾ ਹੋਈ।
ਵਫ਼ਾਦਾਰ ਰਹਿਣ ਕਰਕੇ ਸਾਨੂੰ ਹੋਰ ਵੀ ਬਰਕਤਾਂ ਮਿਲੀਆਂ। ਇਕ ਕੈਦੀ, ਜੋ ਹਿਸਾਬ ਦਾ ਪ੍ਰੋਫ਼ੈਸਰ ਸੀ, ਨੇ ਸਾਡੇ ਚੰਗੇ ਚਾਲ-ਚਲਣ ਕਰਕੇ ਸਾਡੇ ਵਿਸ਼ਵਾਸਾਂ ਬਾਰੇ ਬਹੁਤ ਸਾਰੇ ਸਵਾਲ ਪੁੱਛੇ। 1951 ਦੇ ਸ਼ੁਰੂ ਵਿਚ ਜਦੋਂ ਸਾਨੂੰ ਸੱਤਾਂ ਗਵਾਹਾਂ ਨੂੰ ਰਿਹਾ ਕੀਤਾ ਗਿਆ, ਤਾਂ ਉਹ ਵੀ ਸਾਡੇ ਨਾਲ ਰਿਹਾ ਹੋ ਗਿਆ। ਬਾਅਦ ਵਿਚ ਉਸ ਨੇ ਬਪਤਿਸਮਾ ਲੈ ਲਿਆ ਅਤੇ ਪੂਰੇ ਸਮੇਂ ਦੀ ਸੇਵਾ ਕਰਨ ਲੱਗ ਪਿਆ।
ਅਜੇ ਵੀ ਫ਼ੌਜੀ
ਮੇਰੀ ਰਿਹਾਈ ਤੋਂ ਬਾਅਦ ਮੈਂ ਕਾਰਿਤਜ਼ਾ ਵਿਚ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ। ਕੁਝ ਸਮੇਂ ਬਾਅਦ ਆਪਣੇ ਦੇਸ਼ ਦੇ ਬਹੁਤ ਸਾਰੇ ਲੋਕਾਂ ਵਾਂਗ ਮੈਂ ਵੀ ਮੈਲਬੋਰਨ, ਆਸਟ੍ਰੇਲੀਆ ਨੂੰ ਰਹਿਣ ਚੱਲਾ ਗਿਆ। ਉੱਥੇ ਮੈਨੂੰ ਜਨੈੱਟ ਨਾਂ ਦੀ ਮਸੀਹੀ ਭੈਣ ਮਿਲੀ ਜਿਸ ਨਾਲ ਮੇਰੇ ਵਿਆਹ ਹੋ ਗਿਆ। ਅਸੀਂ ਆਪਣੀਆਂ ਤਿੰਨ ਕੁੜੀਆਂ ਤੇ ਮੁੰਡੇ ਦੀ ਪਰਵਰਿਸ਼ ਸੱਚਾਈ ਵਿਚ ਕੀਤੀ।
ਹੁਣ ਮੇਰੀ ਉਮਰ 90 ਤੋਂ ਟੱਪ ਗਈ ਹੈ, ਪਰ ਮੈਂ ਫਿਰ ਵੀ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ। ਕੈਦ ਵਿਚ ਕੁੱਟ ਖਾਣ ਕਰਕੇ ਕਦੀ-ਕਦੀ ਅੱਜ ਵੀ ਮੇਰਾ ਸਰੀਰ ਤੇ ਪੈਰ ਦੁਖਦੇ ਹਨ ਖ਼ਾਸ ਕਰਕੇ ਜਦੋਂ ਮੈਂ ਪ੍ਰਚਾਰ ਤੋਂ ਆਉਂਦਾ ਹਾਂ। ਪਰ ਮੈਂ ਅੱਜ ਵੀ ਉੱਨੇ ਹੀ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਮੈਂ ‘ਮਸੀਹ ਦਾ ਫ਼ੌਜੀ’ ਹਾਂ।