ਅਧਿਐਨ ਲੇਖ 35
ਗੀਤ 123 ਯਹੋਵਾਹ ਦੇ ਅਧੀਨ ਰਹੋ
ਉਨ੍ਹਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ
“ਸਵਰਗ ਵਿਚ ਜਿੰਨੀ ਖ਼ੁਸ਼ੀ ਇਕ ਪਾਪੀ ਦੇ ਤੋਬਾ ਕਰਨ ʼਤੇ ਮਨਾਈ ਜਾਂਦੀ ਹੈ, ਉੱਨੀ ਖ਼ੁਸ਼ੀ 99 ਧਰਮੀਆਂ ਕਾਰਨ ਨਹੀਂ ਮਨਾਈ ਜਾਂਦੀ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਹੀ ਨਹੀਂ।”—ਲੂਕਾ 15:7.
ਕੀ ਸਿੱਖਾਂਗੇ?
ਕੁਝ ਜਣਿਆਂ ਨੂੰ ਮੰਡਲੀ ਵਿੱਚੋਂ ਕਿਉਂ ਕੱਢਿਆ ਜਾਂਦਾ ਹੈ ਅਤੇ ਬਜ਼ੁਰਗ ਤੋਬਾ ਕਰਨ ਤੇ ਯਹੋਵਾਹ ਨਾਲ ਦੁਬਾਰਾ ਤੋਂ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ।
1-2. (ੳ) ਜਦੋਂ ਕੋਈ ਵਿਅਕਤੀ ਗੰਭੀਰ ਪਾਪ ਕਰਦਾ ਹੈ ਅਤੇ ਤੋਬਾ ਨਹੀਂ ਕਰਦਾ, ਉਦੋਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ? (ਅ) ਯਹੋਵਾਹ ਪਾਪੀਆਂ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ?
ਯਹੋਵਾਹ ਕਿਸੇ ਵੀ ਤਰ੍ਹਾਂ ਦੇ ਬੁਰੇ ਕੰਮ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਪਾਪ ਨਾਲ ਨਫ਼ਰਤ ਕਰਦਾ ਹੈ। (ਜ਼ਬੂ. 5:4-6) ਉਹ ਚਾਹੁੰਦਾ ਹੈ ਕਿ ਅਸੀਂ ਬਾਈਬਲ ਵਿਚ ਦਿੱਤੇ ਉਸ ਦੇ ਧਰਮੀ ਮਿਆਰਾਂ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰੀਏ। ਪਰ ਇਹ ਸੱਚ ਹੈ ਕਿ ਯਹੋਵਾਹ ਸਾਡੇ ਵਰਗੇ ਨਾਮੁਕੰਮਲ ਇਨਸਾਨਾਂ ਤੋਂ ਮੁਕੰਮਲਤਾ ਦੀ ਉਮੀਦ ਨਹੀਂ ਰੱਖਦਾ। (ਜ਼ਬੂ. 130:3, 4) ਪਰ ਉਹ ਦੁਸ਼ਟਾਂ ਨੂੰ ਵੀ ਬਰਦਾਸ਼ਤ ਨਹੀਂ ਕਰਦਾ ‘ਜਿਨ੍ਹਾਂ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਨੂੰ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨ ਦਾ ਬਹਾਨਾ ਬਣਾ ਲਿਆ ਹੈ।’ (ਯਹੂ. 4) ਦਰਅਸਲ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਆਰਮਾਗੇਡਨ ਦੇ ਯੁੱਧ ਵਿਚ ‘ਦੁਸ਼ਟ ਲੋਕਾਂ ਦਾ ਵਿਨਾਸ਼’ ਕਰ ਦੇਵੇਗਾ।—2 ਪਤ. 3:7; ਪ੍ਰਕਾ. 16:16.
2 ਪਰ ਯਹੋਵਾਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ। ਜਿੱਦਾਂ ਅਸੀਂ ਪਿਛਲੇ ਲੇਖਾਂ ਵਿਚ ਸਿੱਖਿਆ ਸੀ ਕਿ ਬਾਈਬਲ ਦੱਸਦੀ ਹੈ ਕਿ ਉਹ “ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਜਦੋਂ ਬਜ਼ੁਰਗ ਪਾਪੀਆਂ ਦੀ ਤੋਬਾ ਕਰਨ ਅਤੇ ਯਹੋਵਾਹ ਨਾਲ ਦੁਬਾਰਾ ਤੋਂ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ, ਤਾਂ ਉਹ ਯਹੋਵਾਹ ਵਾਂਗ ਧੀਰਜ ਰੱਖਦੇ ਹਨ। ਪਰ ਕੁਝ ਜਣੇ ਤੋਬਾ ਨਹੀਂ ਕਰਦੇ। (ਯਸਾ. 6:9) ਭਾਵੇਂ ਕਿ ਬਜ਼ੁਰਗ ਉਨ੍ਹਾਂ ਦੀ ਵਾਰ-ਵਾਰ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਫਿਰ ਵੀ ਉਹ ਗ਼ਲਤ ਕੰਮ ਕਰਨ ਵਿਚ ਲੱਗੇ ਰਹਿੰਦੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਬਜ਼ੁਰਗ ਕੀ ਕਰਦੇ ਹਨ?
“ਦੁਸ਼ਟ ਇਨਸਾਨ ਨੂੰ ਕੱਢ ਦਿਓ”
3. (ੳ) ਬਾਈਬਲ ਮੁਤਾਬਕ ਤੋਬਾ ਨਾ ਕਰਨ ਵਾਲੇ ਪਾਪੀਆਂ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੰਡਲੀ ਵਿੱਚੋਂ ਕੱਢੇ ਜਾਣ ਲਈ ਪਾਪ ਕਰਨ ਵਾਲਾ ਖ਼ੁਦ ਜ਼ਿੰਮੇਵਾਰ ਹੁੰਦਾ ਹੈ?
3 ਜਦੋਂ ਇਕ ਪਾਪੀ ਤੋਬਾ ਨਹੀਂ ਕਰਦਾ, ਤਾਂ ਬਜ਼ੁਰਗਾਂ ਨੂੰ 1 ਕੁਰਿੰਥੀਆਂ 5:13 ਵਿਚ ਦਿੱਤੀ ਹਿਦਾਇਤ ਮੰਨਣੀ ਹੀ ਪੈਂਦੀ ਹੈ ਜਿੱਥੇ ਲਿਖਿਆ ਹੈ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।” ਦੇਖਿਆ ਜਾਵੇ, ਤਾਂ ਮੰਡਲੀ ਵਿੱਚੋਂ ਕੱਢੇ ਜਾਣ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਹੈ। ਉਸ ਨੇ ਜੋ ਬੀਜਿਆ ਸੀ, ਉਹ ਵੱਢ ਰਿਹਾ ਹੈ। (ਗਲਾ. 6:7) ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਜ਼ੁਰਗਾਂ ਨੇ ਕਈ ਵਾਰ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਬਦਲਿਆ ਨਹੀਂ। (2 ਰਾਜ. 17:12-15) ਉਸ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਯਹੋਵਾਹ ਦੇ ਮਿਆਰਾਂ ਮੁਤਾਬਕ ਨਹੀਂ ਜੀਉਣਾ ਚਾਹੁੰਦਾ।—ਬਿਵ. 30:19, 20.
4. ਜਦੋਂ ਇਕ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢਿਆ ਜਾਂਦਾ ਹੈ, ਤਾਂ ਇਸ ਦੀ ਘੋਸ਼ਣਾ ਕਿਉਂ ਕੀਤੀ ਜਾਂਦੀ ਹੈ?
4 ਜਦੋਂ ਇਕ ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢਿਆ ਜਾਂਦਾ ਹੈ, ਤਾਂ ਮੰਡਲੀ ਵਿਚ ਘੋਸ਼ਣਾ ਕੀਤੀ ਜਾਂਦੀ ਹੈ ਕਿ ਉਹ ਵਿਅਕਤੀ ਹੁਣ ਤੋਂ ਯਹੋਵਾਹ ਦਾ ਗਵਾਹ ਨਹੀਂ ਹੈ। a ਇਹ ਘੋਸ਼ਣਾ ਕਰਨ ਦਾ ਮਕਸਦ ਉਸ ਵਿਅਕਤੀ ਨੂੰ ਸ਼ਰਮਿੰਦਾ ਕਰਨਾ ਨਹੀਂ ਹੁੰਦਾ। ਇਸ ਦੀ ਬਜਾਇ, ਇਹ ਘੋਸ਼ਣਾ ਇਸ ਲਈ ਕੀਤੀ ਜਾਂਦੀ ਹੈ ਤਾਂਕਿ ਮੰਡਲੀ ਦੇ ਭੈਣ-ਭਰਾ ਬਾਈਬਲ ਵਿਚ ਦਿੱਤੇ ਇਸ ਹੁਕਮ ਨੂੰ ਮੰਨ ਸਕਣ: “ਉਸ ਨਾਲ ਸੰਗਤ ਕਰਨੀ ਛੱਡ ਦਿਓ, ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।” (1 ਕੁਰਿੰ. 5:9-11) ਇਹ ਹੁਕਮ ਦੇਣ ਪਿੱਛੇ ਕਈ ਚੰਗੇ ਕਾਰਨ ਹਨ। ਪੌਲੁਸ ਰਸੂਲ ਨੇ ਲਿਖਿਆ: “ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ।” (1 ਕੁਰਿੰ. 5:6) ਜੇ ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਨਾ ਕੱਢਿਆ ਜਾਵੇ, ਤਾਂ ਬਾਕੀ ਭੈਣਾਂ-ਭਰਾਵਾਂ ʼਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਉਹ ਸੋਚਣ ਲੱਗ ਸਕਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਦੀ ਕੋਈ ਲੋੜ ਨਹੀਂ ਹੈ।—ਕਹਾ. 13:20; 1 ਕੁਰਿੰ. 15:33.
5. ਸਾਡਾ ਉਸ ਵਿਅਕਤੀ ਪ੍ਰਤੀ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਜਿਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਕਿਉਂ?
5 ਸਾਡਾ ਉਸ ਵਿਅਕਤੀ ਪ੍ਰਤੀ ਕੀ ਨਜ਼ਰੀਆ ਹੋਣਾ ਚਾਹੀਦਾ ਹੈ ਜਿਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ? ਚਾਹੇ ਅਸੀਂ ਉਸ ਨਾਲ ਸੰਗਤ ਨਹੀਂ ਕਰਦੇ, ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਕੋਲ ਕੋਈ ਉਮੀਦ ਨਹੀਂ ਬਚੀ। ਇਸ ਦੀ ਬਜਾਇ, ਅਸੀਂ ਉਸ ਨੂੰ ਯਹੋਵਾਹ ਦੀ ਗੁਆਚੀ ਹੋਈ ਭੇਡ ਸਮਝਾਂਗੇ ਜੋ ਇਕ ਦਿਨ ਉਸ ਕੋਲ ਵਾਪਸ ਆ ਸਕਦੀ ਹੈ। ਯਾਦ ਰੱਖੋ, ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤੀ ਹੈ। ਦੁੱਖ ਦੀ ਗੱਲ ਹੈ ਕਿ ਫਿਲਹਾਲ ਉਹ ਸਮਰਪਣ ਦੇ ਆਪਣੇ ਵਾਅਦੇ ਮੁਤਾਬਕ ਨਹੀਂ ਜੀ ਰਿਹਾ ਜਿਸ ਕਰਕੇ ਉਸ ਦੀ ਜ਼ਿੰਦਗੀ ਖ਼ਤਰੇ ਵਿਚ ਹੈ। (ਹਿਜ਼. 18:31) ਪਰ ਜਦੋਂ ਤਕ ਸਮਾਂ ਹੈ ਅਤੇ ਜਦੋਂ ਤਕ ਯਹੋਵਾਹ ਲੋਕਾਂ ʼਤੇ ਦਇਆ ਦਿਖਾ ਰਿਹਾ ਹੈ, ਸਾਨੂੰ ਉਸ ਵਿਅਕਤੀ ਦੇ ਬਦਲਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। ਸੋ ਬਜ਼ੁਰਗ ਉਸ ਵਿਅਕਤੀ ਦੀ ਮਦਦ ਕਿਵੇਂ ਕਰ ਸਕਦੇ ਹਨ ਜਿਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ?
ਬਜ਼ੁਰਗ ਮੰਡਲੀ ਵਿੱਚੋਂ ਕੱਢੇ ਜਾ ਚੁੱਕੇ ਵਿਅਕਤੀ ਦੀ ਕਿਵੇਂ ਮਦਦ ਕਰਦੇ ਹਨ?
6. ਮੰਡਲੀ ਵਿੱਚੋਂ ਕੱਢੇ ਜਾ ਚੁੱਕੇ ਵਿਅਕਤੀ ਦੀ ਮਦਦ ਕਰਨ ਲਈ ਬਜ਼ੁਰਗ ਕੀ ਕਰਦੇ ਹਨ?
6 ਜਦੋਂ ਇਕ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਤਾਂ ਕੀ ਬਜ਼ੁਰਗ ਯਹੋਵਾਹ ਵੱਲ ਵਾਪਸ ਮੁੜਨ ਵਿਚ ਉਸ ਵਿਅਕਤੀ ਦੀ ਮਦਦ ਕਰਨੀ ਛੱਡ ਦਿੰਦੇ ਹਨ? ਬਿਲਕੁਲ ਵੀ ਨਹੀਂ! ਦਰਅਸਲ, ਜਦੋਂ ਕਿਸੇ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਮੰਡਲੀ ਵਿੱਚੋਂ ਕੱਢਿਆ ਜਾ ਰਿਹਾ ਹੈ, ਤਾਂ ਬਜ਼ੁਰਗਾਂ ਦੀ ਕਮੇਟੀ ਉਸ ਨੂੰ ਇਹ ਵੀ ਦੱਸਦੀ ਹੈ ਕਿ ਫਿਰ ਤੋਂ ਮੰਡਲੀ ਦਾ ਹਿੱਸਾ ਬਣਨ ਲਈ ਉਸ ਨੂੰ ਕੀ ਕਰਨ ਦੀ ਲੋੜ ਹੈ। ਪਰ ਬਜ਼ੁਰਗ ਇਸ ਤੋਂ ਇਲਾਵਾ ਵੀ ਕੁਝ ਕਰਦੇ ਹਨ। ਜ਼ਿਆਦਾਤਰ ਮਾਮਲਿਆਂ ਵਿਚ ਉਹ ਉਸ ਵਿਅਕਤੀ ਨੂੰ ਦੱਸਦੇ ਹਨ ਕਿ ਉਹ ਕੁਝ ਮਹੀਨਿਆਂ ਬਾਅਦ ਫਿਰ ਤੋਂ ਉਸ ਨੂੰ ਮਿਲਣਗੇ ਅਤੇ ਦੇਖਣਗੇ ਕਿ ਉਸ ਨੇ ਖ਼ੁਦ ਵਿਚ ਬਦਲਾਅ ਕੀਤਾ ਹੈ ਜਾਂ ਨਹੀਂ। ਜੇ ਤਾਂ ਉਹ ਵਿਅਕਤੀ ਉਨ੍ਹਾਂ ਨੂੰ ਮਿਲਣ ਲਈ ਤਿਆਰ ਹੋ ਜਾਂਦਾ ਹੈ, ਤਾਂ ਬਜ਼ੁਰਗ ਅਗਲੀ ਮੁਲਾਕਾਤ ਵਿਚ ਉਸ ਨੂੰ ਤੋਬਾ ਕਰਨ ਅਤੇ ਯਹੋਵਾਹ ਵੱਲ ਵਾਪਸ ਮੁੜਨ ਦੀ ਹੱਲਾਸ਼ੇਰੀ ਦਿੰਦੇ ਹਨ। ਪਰ ਜੇ ਬਜ਼ੁਰਗ ਦੇਖਦੇ ਹਨ ਕਿ ਉਸ ਨੇ ਖ਼ੁਦ ਨੂੰ ਨਹੀਂ ਬਦਲਿਆ, ਤਾਂ ਉਹ ਹਾਰ ਨਹੀਂ ਮੰਨਦੇ। ਉਹ ਉਸ ਨੂੰ ਸਮੇਂ-ਸਮੇਂ ʼਤੇ ਮਿਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਤੋਬਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।
7. ਮੰਡਲੀ ਵਿੱਚੋਂ ਕੱਢੇ ਜਾ ਚੁੱਕੇ ਵਿਅਕਤੀ ਨਾਲ ਪੇਸ਼ ਆਉਂਦਿਆਂ ਬਜ਼ੁਰਗ ਯਹੋਵਾਹ ਦੀ ਦਇਆ ਦੀ ਰੀਸ ਕਿਵੇਂ ਕਰਦੇ ਹਨ? (ਯਿਰਮਿਯਾਹ 3:12)
7 ਮੰਡਲੀ ਵਿੱਚੋਂ ਕੱਢੇ ਜਾ ਚੁੱਕੇ ਵਿਅਕਤੀ ਨਾਲ ਪੇਸ਼ ਆਉਂਦੇ ਵੇਲੇ ਬਜ਼ੁਰਗ ਯਹੋਵਾਹ ਦੀ ਦਇਆ ਦੀ ਰੀਸ ਕਰਦੇ ਹਨ। ਜ਼ਰਾ ਯਹੋਵਾਹ ਬਾਰੇ ਸੋਚੋ। ਉਸ ਨੇ ਇਜ਼ਰਾਈਲੀਆਂ ਦੀ ਮਦਦ ਕਰਨ ਲਈ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਉਹ ਪਹਿਲਾਂ ਆਪਣੇ ਪਾਪਾਂ ਤੋਂ ਤੋਬਾ ਕਰਨ। ਇਸ ਦੀ ਬਜਾਇ, ਉਸ ਨੇ ਖ਼ੁਦ ਪਹਿਲ ਕਰ ਕੇ ਆਪਣੇ ਨਬੀਆਂ ਨੂੰ ਉਨ੍ਹਾਂ ਕੋਲ ਭੇਜਿਆ ਭਾਵੇਂ ਕਿ ਇਜ਼ਰਾਈਲੀਆਂ ਨੇ ਹਾਲੇ ਤਕ ਆਪਣੇ ਰਵੱਈਏ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਯਾਦ ਕਰੋ ਕਿ ਇਸ ਅੰਕ ਦੇ ਦੂਸਰੇ ਲੇਖ ਵਿਚ ਅਸੀਂ ਕੀ ਸਿੱਖਿਆ ਸੀ। ਯਹੋਵਾਹ ਨੇ ਹੋਸ਼ੇਆ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਕਬੂਲ ਕਰੇ, ਚਾਹੇ ਕਿ ਉਹ ਹਾਲੇ ਵੀ ਗੰਭੀਰ ਪਾਪ ਕਰਨ ਵਿਚ ਲੱਗੀ ਹੋਈ ਸੀ। ਇੱਦਾਂ ਕਰ ਕੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਉਹ ਕਿੰਨਾ ਦਇਆਵਾਨ ਹੈ। (ਹੋਸ਼ੇ. 3:1; ਮਲਾ. 3:7) ਯਹੋਵਾਹ ਵਾਂਗ ਅੱਜ ਬਜ਼ੁਰਗ ਵੀ ਦਿਲੋਂ ਚਾਹੁੰਦੇ ਹਨ ਕਿ ਪਾਪ ਕਰਨ ਵਾਲਾ ਵਿਅਕਤੀ ਤੋਬਾ ਕਰੇ ਅਤੇ ਮੰਡਲੀ ਵਿਚ ਵਾਪਸ ਮੁੜ ਆਵੇ। ਇਸ ਲਈ ਉਹ ਉਸ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਇੱਦਾਂ ਦਾ ਕੁਝ ਨਹੀਂ ਕਰਦੇ ਜਿਸ ਕਰਕੇ ਉਸ ਨੂੰ ਵਾਪਸ ਆਉਣਾ ਔਖਾ ਲੱਗੇ।—ਯਿਰਮਿਯਾਹ 3:12 ਪੜ੍ਹੋ।
8. ਗੁਆਚੇ ਪੁੱਤਰ ਦੀ ਮਿਸਾਲ ਤੋਂ ਅਸੀਂ ਯਹੋਵਾਹ ਦੀ ਦਇਆ ਬਾਰੇ ਹੋਰ ਚੰਗੀ ਤਰ੍ਹਾਂ ਕਿਵੇਂ ਸਮਝ ਪਾਉਂਦੇ ਹਾਂ? (ਲੂਕਾ 15:7)
8 ਇਸ ਅੰਕ ਦੇ ਦੂਜੇ ਲੇਖ ਵਿਚ ਅਸੀਂ ਗੁਆਚੇ ਪੁੱਤਰ ਦੀ ਮਿਸਾਲ ʼਤੇ ਚਰਚਾ ਕੀਤੀ ਸੀ। ਕੀ ਤੁਹਾਨੂੰ ਯਾਦ ਹੈ ਕਿ ਉਸ ਦੇ ਪਿਤਾ ਦਾ ਕੀ ਰਵੱਈਆ ਸੀ? ਜਦੋਂ ਉਸ ਨੇ ਆਪਣੇ ਪੁੱਤਰ ਨੂੰ ਘਰ ਵਾਪਸ ਆਉਂਦਿਆਂ ਦੇਖਿਆ, ਤਾਂ “ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਪਿਆਰ ਨਾਲ ਉਸ ਨੂੰ ਚੁੰਮਿਆ।” (ਲੂਕਾ 15:20) ਧਿਆਨ ਦਿਓ ਕਿ ਉਸ ਪਿਤਾ ਨੇ ਇਹ ਉਡੀਕ ਨਹੀਂ ਕੀਤੀ ਕਿ ਉਸ ਦਾ ਪੁੱਤਰ ਪਹਿਲਾਂ ਉਸ ਤੋਂ ਮਾਫ਼ੀ ਮੰਗੇ, ਫਿਰ ਹੀ ਉਹ ਉਸ ਨੂੰ ਕਬੂਲ ਕਰੇਗਾ। ਇਸ ਦੀ ਬਜਾਇ, ਉਹ ਭੱਜ ਕੇ ਉਸ ਕੋਲ ਗਿਆ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ। ਯਹੋਵਾਹ ਵੀ ਉਨ੍ਹਾਂ ਲੋਕਾਂ ਬਾਰੇ ਇੱਦਾਂ ਹੀ ਮਹਿਸੂਸ ਕਰਦਾ ਹੈ ਜਿਹੜੇ ਉਸ ਨੂੰ ਛੱਡ ਗਏ ਹਨ। ਬਜ਼ੁਰਗ ਵੀ ਯਹੋਵਾਹ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਚਾਹੁੰਦੇ ਹਨ ਕਿ ਉਹ ਲੋਕ ਯਹੋਵਾਹ ਕੋਲ ਵਾਪਸ ਆ ਜਾਣ ਜਿਹੜੇ ਉਸ ਨੂੰ ਛੱਡ ਗਏ ਹਨ। (ਲੂਕਾ 15:22-24, 32) ਜਦੋਂ ਇਕ ਪਾਪੀ ਤੋਬਾ ਕਰਦਾ ਹੈ ਅਤੇ ਵਾਪਸ ਮੁੜਦਾ ਹੈ, ਤਾਂ ਸਵਰਗ ਵਿਚ ਅਤੇ ਧਰਤੀ ʼਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।—ਲੂਕਾ 15:7 ਪੜ੍ਹੋ।
9. ਯਹੋਵਾਹ ਪਾਪ ਕਰਨ ਵਾਲਿਆਂ ਤੋਂ ਕੀ ਚਾਹੁੰਦਾ ਹੈ?
9 ਹੁਣ ਤਕ ਅਸੀਂ ਜੋ ਸਿੱਖਿਆ, ਉਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਆਪਣੀ ਮੰਡਲੀ ਵਿਚ ਬਰਦਾਸ਼ਤ ਨਹੀਂ ਕਰਦਾ। ਪਰ ਉਹ ਉਸ ਵਿਅਕਤੀ ਤੋਂ ਮੂੰਹ ਵੀ ਨਹੀਂ ਮੋੜਦਾ। ਉਹ ਚਾਹੁੰਦਾ ਹੈ ਕਿ ਉਹ ਵਾਪਸ ਆ ਜਾਵੇ। ਪਰ ਧਿਆਨ ਦਿਓ ਕਿ ਜਿਹੜੇ ਲੋਕ ਤੋਬਾ ਕਰਦੇ ਹਨ, ਉਹ ਉਨ੍ਹਾਂ ਬਾਰੇ ਕੀ ਮਹਿਸੂਸ ਕਰਦਾ ਹੈ। ਹੋਸ਼ੇਆ 14:4 ਵਿਚ ਯਹੋਵਾਹ ਨੇ ਕਿਹਾ: “ਮੈਂ ਉਨ੍ਹਾਂ ਦੀ ਬੇਵਫ਼ਾਈ ਕਰਨ ਦੀ ਬੀਮਾਰੀ ਦਾ ਇਲਾਜ ਕਰਾਂਗਾ। ਮੈਂ ਆਪਣੀ ਇੱਛਾ ਨਾਲ ਉਨ੍ਹਾਂ ਨੂੰ ਪਿਆਰ ਕਰਾਂਗਾ ਕਿਉਂਕਿ ਉਨ੍ਹਾਂ ਲਈ ਮੇਰਾ ਗੁੱਸਾ ਠੰਢਾ ਹੋ ਗਿਆ ਹੈ।” ਇਸ ਆਇਤ ਤੋਂ ਬਜ਼ੁਰਗ ਕੀ ਸਿੱਖਦੇ ਹਨ? ਜੇ ਉਹ ਦੇਖਦੇ ਹਨ ਕਿ ਪਾਪ ਕਰਨ ਵਾਲੇ ਵਿਅਕਤੀ ਨੇ ਥੋੜ੍ਹਾ ਜਿਹਾ ਵੀ ਬਦਲਾਅ ਕੀਤਾ ਹੈ ਅਤੇ ਉਹ ਤੋਬਾ ਦੇ ਰਾਹ ʼਤੇ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਫ਼ੌਰਨ ਉਸ ਦੀ ਮਦਦ ਕਰਨੀ ਚਾਹੀਦੀ ਹੈ। ਨਾਲੇ ਜਿਹੜੇ ਲੋਕ ਯਹੋਵਾਹ ਨੂੰ ਛੱਡ ਗਏ ਹਨ, ਉਹ ਇਸ ਆਇਤ ਤੋਂ ਕੀ ਸਿੱਖ ਸਕਦੇ ਹਨ? ਇਹੀ ਕਿ ਯਹੋਵਾਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਬਿਨਾਂ ਦੇਰ ਕੀਤਿਆਂ ਉਸ ਕੋਲ ਵਾਪਸ ਆ ਜਾਣ।
10-11. ਬਜ਼ੁਰਗ ਉਨ੍ਹਾਂ ਦੀ ਮਦਦ ਕਿਵੇਂ ਕਰਦੇ ਹਨ ਜਿਨ੍ਹਾਂ ਨੂੰ ਸ਼ਾਇਦ ਕਈ ਸਾਲ ਪਹਿਲਾਂ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਸੀ?
10 ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਸ਼ਾਇਦ ਕਈ ਸਾਲ ਪਹਿਲਾਂ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਸੀ? ਸ਼ਾਇਦ ਉਨ੍ਹਾਂ ਨੇ ਉਹ ਗ਼ਲਤ ਕੰਮ ਕਰਨੇ ਛੱਡ ਦਿੱਤੇ ਹੋਣ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਮੰਡਲੀ ਵਿੱਚੋਂ ਕੱਢਿਆ ਗਿਆ ਸੀ। ਕਈਆਂ ਨੂੰ ਤਾਂ ਸ਼ਾਇਦ ਇਹ ਯਾਦ ਵੀ ਨਾ ਹੋਵੇ ਕਿ ਉਨ੍ਹਾਂ ਨੂੰ ਮੰਡਲੀ ਵਿੱਚੋਂ ਕੱਢਿਆ ਕਿਉਂ ਗਿਆ ਸੀ। ਬਜ਼ੁਰਗ ਉਨ੍ਹਾਂ ਦੀ ਵੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਜ਼ੁਰਗ ਇਹ ਪਤਾ ਲਾਉਂਦੇ ਹਨ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਫਿਰ ਉਨ੍ਹਾਂ ਨੂੰ ਮਿਲਦੇ ਹਨ। ਨਾਲੇ ਜਦੋਂ ਬਜ਼ੁਰਗ ਉਨ੍ਹਾਂ ਨੂੰ ਮਿਲਦੇ ਹਨ, ਉਦੋਂ ਉਹ ਉਨ੍ਹਾਂ ਨਾਲ ਪ੍ਰਾਰਥਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਮੰਡਲੀ ਵਿਚ ਵਾਪਸ ਆਉਣ ਦੀ ਹੱਲਾਸ਼ੇਰੀ ਦਿੰਦੇ ਹਨ। ਇੰਨੇ ਸਾਲ ਮੰਡਲੀ ਤੋਂ ਦੂਰ ਰਹਿਣ ਕਰਕੇ ਸ਼ਾਇਦ ਇਕ ਵਿਅਕਤੀ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੋਵੇ। ਇਸ ਲਈ ਜੇ ਉਹ ਕਹਿੰਦਾ ਹੈ ਕਿ ਉਹ ਮੰਡਲੀ ਵਿਚ ਵਾਪਸ ਆਉਣਾ ਚਾਹੁੰਦਾ ਹੈ, ਤਾਂ ਬਜ਼ੁਰਗ ਕਿਸੇ ਭੈਣ ਜਾਂ ਭਰਾ ਨੂੰ ਉਸ ਨਾਲ ਬਾਈਬਲ ਅਧਿਐਨ ਕਰਨ ਲਈ ਕਹਿ ਸਕਦੇ ਹਨ, ਫਿਰ ਚਾਹੇ ਉਹ ਅਜੇ ਬਹਾਲ ਨਾ ਵੀ ਹੋਇਆ ਹੋਵੇ। ਹਰ ਮਾਮਲੇ ਵਿਚ ਬਜ਼ੁਰਗ ਹੀ ਉਸ ਵਿਅਕਤੀ ਦੇ ਬਾਈਬਲ ਅਧਿਐਨ ਦਾ ਇੰਤਜ਼ਾਮ ਕਰਦੇ ਹਨ।
11 ਯਹੋਵਾਹ ਵਾਂਗ ਬਜ਼ੁਰਗਾਂ ਦੇ ਦਿਲਾਂ ਵਿਚ ਵੀ ਲੋਕਾਂ ਲਈ ਦਇਆ ਹੁੰਦੀ ਹੈ। ਇਸ ਲਈ ਉਹ ਇੱਦਾਂ ਦੇ ਲੋਕਾਂ ਬਾਰੇ ਪਤਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਜੋ ਯਹੋਵਾਹ ਨੂੰ ਛੱਡ ਗਏ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਕੋਲ ਵਾਪਸ ਆਉਣ ਦੀ ਹੱਲਾਸ਼ੇਰੀ ਦਿੰਦੇ ਹਨ। ਜਦੋਂ ਇਕ ਪਾਪੀ ਤੋਬਾ ਕਰਦਾ ਹੈ ਅਤੇ ਬੁਰੇ ਕੰਮ ਕਰਨੇ ਛੱਡ ਦਿੰਦਾ ਹੈ, ਤਾਂ ਉਸ ਨੂੰ ਬਿਨਾਂ ਦੇਰ ਕੀਤਿਆਂ ਬਹਾਲ ਕੀਤਾ ਜਾ ਸਕਦਾ ਹੈ।—2 ਕੁਰਿੰ. 2:6-8.
12. (ੳ) ਕਿਨ੍ਹਾਂ ਮਾਮਲਿਆਂ ਵਿਚ ਬਜ਼ੁਰਗਾਂ ਨੂੰ ਹੋਰ ਵੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ? (ਅ) ਸਾਨੂੰ ਕਦੇ ਵੀ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਕੁਝ ਪਾਪੀ ਯਹੋਵਾਹ ਦੀ ਦਇਆ ਦੇ ਲਾਇਕ ਨਹੀਂ ਹਨ? (ਫੁਟਨੋਟ ਵੀ ਦੇਖੋ।)
12 ਕੁਝ ਮਾਮਲਿਆਂ ਵਿਚ ਕਿਸੇ ਨੂੰ ਬਹਾਲ ਕਰਨ ਤੋਂ ਪਹਿਲਾਂ ਬਜ਼ੁਰਗਾਂ ਨੂੰ ਹੋਰ ਵੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਮਿਸਾਲ ਲਈ, ਜੇ ਕਿਸੇ ਵਿਅਕਤੀ ਨੇ ਬਾਲ-ਸ਼ੋਸ਼ਣ ਕੀਤਾ ਸੀ ਜਾਂ ਕੋਈ ਧਰਮ-ਤਿਆਗੀ ਬਣ ਗਿਆ ਸੀ ਜਾਂ ਕਿਸੇ ਨੇ ਆਪਣਾ ਵਿਆਹ ਦਾ ਬੰਧਨ ਤੋੜਨ ਲਈ ਸਕੀਮ ਘੜੀ ਸੀ, ਤਾਂ ਬਜ਼ੁਰਗਾਂ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਸ ਵਿਅਕਤੀ ਨੇ ਸੱਚੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। (ਮਲਾ. 2:14; 2 ਤਿਮੋ. 3:6) ਉਨ੍ਹਾਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਪਰ ਉਹ ਇਹ ਵੀ ਯਾਦ ਰੱਖਦੇ ਹਨ ਕਿ ਜੇ ਕੋਈ ਸੱਚੇ ਦਿਲੋਂ ਤੋਬਾ ਕਰਦਾ ਹੈ ਅਤੇ ਬੁਰੇ ਕੰਮ ਕਰਨੇ ਛੱਡ ਦਿੰਦਾ ਹੈ, ਤਾਂ ਯਹੋਵਾਹ ਉਸ ਵਿਅਕਤੀ ਨੂੰ ਕਬੂਲ ਕਰਦਾ ਹੈ। ਇਸ ਲਈ ਬਜ਼ੁਰਗਾਂ ਨੇ ਇਹ ਤਾਂ ਦੇਖਣਾ ਹੀ ਹੈ ਕਿ ਜਿਸ ਵਿਅਕਤੀ ਨੇ ਸਾਜ਼ਸ਼ ਘੜ ਕੇ ਕਿਸੇ ਨਾਲ ਵਿਸ਼ਵਾਸਘਾਤ ਕੀਤਾ ਸੀ, ਉਸ ਨੇ ਸੱਚ-ਮੁੱਚ ਤੋਬਾ ਕੀਤੀ ਹੈ ਕਿ ਨਹੀਂ, ਪਰ ਉਨ੍ਹਾਂ ਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਹੈ ਕਿ ਉਹ ਯਹੋਵਾਹ ਦੀ ਦਇਆ ਦੇ ਲਾਇਕ ਨਹੀਂ ਹੈ। b—1 ਪਤ. 2:10.
ਮੰਡਲੀ ਕੀ ਕਰ ਸਕਦੀ ਹੈ?
13. ਤਾੜਨਾ ਮਿਲਣ ਵਾਲੇ ਵਿਅਕਤੀ ਅਤੇ ਮੰਡਲੀ ਵਿੱਚੋਂ ਕੱਢੇ ਜਾਣ ਵਾਲੇ ਵਿਅਕਤੀ ਨਾਲ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
13 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਕਦੀ-ਕਦਾਈਂ ਇਕ ਵਿਅਕਤੀ ਬਾਰੇ ਇਹ ਘੋਸ਼ਣਾ ਕੀਤੀ ਜਾਂਦੀ ਹੈ ਕਿ ਉਸ ਨੂੰ ਤਾੜਨਾ ਦਿੱਤੀ ਗਈ ਹੈ। ਇੱਦਾਂ ਹੋਣ ʼਤੇ ਅਸੀਂ ਉਸ ਨਾਲ ਸੰਗਤ ਕਰਦੇ ਰਹਿ ਸਕਦੇ ਹਾਂ ਕਿਉਂਕਿ ਉਸ ਨੇ ਤੋਬਾ ਕੀਤੀ ਹੈ ਅਤੇ ਗ਼ਲਤ ਕੰਮ ਕਰਨਾ ਛੱਡ ਦਿੱਤਾ ਹੈ। (1 ਤਿਮੋ. 5:20) ਉਹ ਅਜੇ ਵੀ ਮੰਡਲੀ ਦਾ ਹਿੱਸਾ ਹੈ ਅਤੇ ਸਹੀ ਰਾਹ ʼਤੇ ਚੱਲਦੇ ਰਹਿਣ ਉਸ ਨੂੰ ਆਪਣੇ ਭੈਣਾਂ-ਭਰਾਵਾਂ ਤੋਂ ਹੌਸਲੇ ਦੀ ਲੋੜ ਹੈ। (ਇਬ. 10:24, 25) ਪਰ ਜੇ ਇਹ ਘੋਸ਼ਣਾ ਕੀਤੀ ਜਾਂਦੀ ਹੈ ਕਿ ਇਕ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ, ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਇੱਦਾਂ ਦੇ ਵਿਅਕਤੀ ਨਾਲ ‘ਸੰਗਤ ਕਰਨੀ ਛੱਡ ਦੇਣੀ ਚਾਹੀਦੀ, ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਹੀਂ ਖਾਣੀ ਚਾਹੀਦੀ।’—1 ਕੁਰਿੰ. 5:11.
14. ਜਿਸ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ, ਉਸ ਨਾਲ ਪੇਸ਼ ਆਉਣ ਦੇ ਮਾਮਲੇ ਵਿਚ ਹਰ ਮਸੀਹੀ ਆਪਣੀ ਜ਼ਮੀਰ ਅਨੁਸਾਰ ਕੀ ਫ਼ੈਸਲਾ ਕਰ ਸਕਦਾ ਹੈ? (ਤਸਵੀਰ ਵੀ ਦੇਖੋ।)
14 ਕੀ ਇਸ ਦਾ ਇਹ ਮਤਲਬ ਹੈ ਕਿ ਜਿਸ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ, ਸਾਨੂੰ ਉਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ? ਜੀ ਨਹੀਂ। ਇਹ ਗੱਲ ਸੱਚ ਹੈ ਕਿ ਅਸੀਂ ਉਸ ਵਿਅਕਤੀ ਨਾਲ ਸੰਗਤ ਨਹੀਂ ਕਰਾਂਗੇ। ਪਰ ਮਸੀਹੀ ਬਾਈਬਲ-ਆਧਾਰਿਤ ਸਿਖਾਈ ਗਈ ਆਪਣੀ ਜ਼ਮੀਰ ਮੁਤਾਬਕ ਇਹ ਫ਼ੈਸਲਾ ਕਰ ਸਕਦੇ ਹਨ ਕਿ ਉਹ ਉਸ ਵਿਅਕਤੀ ਨੂੰ ਮੀਟਿੰਗ ਵਿਚ ਆਉਣ ਲਈ ਕਹਿਣਗੇ ਜਾਂ ਨਹੀਂ ਜੋ ਸ਼ਾਇਦ ਉਨ੍ਹਾਂ ਦਾ ਰਿਸ਼ਤੇਦਾਰ ਹੈ ਜਾਂ ਪਹਿਲਾਂ ਉਨ੍ਹਾਂ ਦਾ ਚੰਗਾ ਦੋਸਤ ਹੁੰਦਾ ਸੀ। ਜੇ ਉਹ ਵਿਅਕਤੀ ਮੀਟਿੰਗ ਵਿਚ ਹਾਜ਼ਰ ਹੁੰਦਾ ਹੈ, ਤਾਂ ਸਾਨੂੰ ਉਸ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ? ਪਹਿਲਾਂ ਅਸੀਂ ਅਜਿਹੇ ਵਿਅਕਤੀ ਨੂੰ ਦੁਆ-ਸਲਾਮ ਵੀ ਨਹੀਂ ਕਰਦੇ ਸੀ। ਇਸ ਮਾਮਲੇ ਵਿਚ ਵੀ ਹਰੇਕ ਮਸੀਹੀ ਬਾਈਬਲ-ਆਧਾਰਿਤ ਸਿਖਾਈ ਗਈ ਆਪਣੀ ਜ਼ਮੀਰ ਮੁਤਾਬਕ ਫ਼ੈਸਲਾ ਕਰ ਸਕਦਾ ਹੈ ਕਿ ਉਹ ਉਸ ਨੂੰ ਦੁਆ-ਸਲਾਮ ਕਰੇਗਾ ਜਾਂ ਨਹੀਂ। ਕੁਝ ਭੈਣ-ਭਰਾ ਸ਼ਾਇਦ ਅਜਿਹੇ ਵਿਅਕਤੀ ਦਾ ਸਭਾ ਵਿਚ ਸੁਆਗਤ ਕਰਨ ਜਾਂ ਉਸ ਨੂੰ ਦੁਆ-ਸਲਾਮ ਕਰਨ। ਪਰ ਅਸੀਂ ਧਿਆਨ ਰੱਖਾਂਗੇ ਕਿ ਅਸੀਂ ਉਸ ਵਿਅਕਤੀ ਨਾਲ ਲੰਬੀ-ਚੌੜੀ ਗੱਲਬਾਤ ਨਾ ਕਰੀਏ ਤੇ ਨਾ ਹੀ ਉਸ ਨਾਲ ਜ਼ਿਆਦਾ ਸਮਾਂ ਬਿਤਾਈਏ।
15. ਦੂਜਾ ਯੂਹੰਨਾ 9-11 ਵਿਚ ਕਿਹੋ ਜਿਹੇ ਲੋਕਾਂ ਦੀ ਗੱਲ ਕੀਤੀ ਗਈ ਹੈ? (“ ਕੀ ਯੂਹੰਨਾ ਅਤੇ ਪੌਲੁਸ ਦੋਵੇਂ ਇਕ ਹੀ ਤਰ੍ਹਾਂ ਦੇ ਪਾਪ ਕਰਨ ਵਾਲਿਆਂ ਦੀ ਗੱਲ ਕਰ ਰਹੇ ਸਨ?” ਨਾਂ ਦੀ ਡੱਬੀ ਦੇਖੋ।)
15 ਪਰ ਕੁਝ ਸ਼ਾਇਦ ਕਹਿਣ, ‘ਬਾਈਬਲ ਵਿਚ ਤਾਂ ਲਿਖਿਆ ਹੈ ਕਿ ਜੇ ਇਕ ਮਸੀਹੀ ਅਜਿਹੇ ਵਿਅਕਤੀ ਨੂੰ ਨਮਸਕਾਰ ਕਹਿੰਦਾ ਹੈ, ਤਾਂ ਉਹ ਉਸ ਦੇ ਬੁਰੇ ਕੰਮਾਂ ਵਿਚ ਹਿੱਸੇਦਾਰ ਬਣਦਾ ਹੈ।’ (2 ਯੂਹੰਨਾ 9-11 ਪੜ੍ਹੋ।) ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਧਰਮ-ਤਿਆਗੀਆਂ ਅਤੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਬੁਰੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। (ਪ੍ਰਕਾ. 2:20) ਇਸ ਲਈ ਜੇ ਇਕ ਵਿਅਕਤੀ ਧਰਮ-ਤਿਆਗੀ ਹੈ ਤੇ ਝੂਠੀਆਂ ਸਿੱਖਿਆਵਾਂ ਫੈਲਾਉਂਦਾ ਹੈ ਅਤੇ ਬੁਰੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ, ਤਾਂ ਬਜ਼ੁਰਗ ਉਸ ਵਿਅਕਤੀ ਨੂੰ ਨਹੀਂ ਮਿਲਣਗੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਲਈ ਕੋਈ ਉਮੀਦ ਹੀ ਨਹੀਂ ਹੈ। ਹੋ ਸਕਦਾ ਹੈ ਕਿ ਉਹ ਵਿਅਕਤੀ ਇਕ ਦਿਨ ਤੋਬਾ ਕਰੇ। ਪਰ ਜਦੋਂ ਤਕ ਉਹ ਤੋਬਾ ਨਹੀਂ ਕਰਦਾ, ਅਸੀਂ ਉਸ ਵਿਅਕਤੀ ਨੂੰ ਨਾ ਤਾਂ ਦੁਆ-ਸਲਾਮ ਕਰਾਂਗੇ ਅਤੇ ਨਾ ਹੀ ਮੀਟਿੰਗ ਵਿਚ ਆਉਣ ਦਾ ਸੱਦਾ ਦੇਵਾਂਗੇ।
ਯਹੋਵਾਹ ਦੀ ਦਇਆ ਦੀ ਰੀਸ ਕਰੋ
16-17. (ੳ) ਯਹੋਵਾਹ ਪਾਪ ਕਰਨ ਵਾਲਿਆਂ ਤੋਂ ਕੀ ਚਾਹੁੰਦਾ ਹੈ? (ਹਿਜ਼ਕੀਏਲ 18:32) (ਅ) ਯਹੋਵਾਹ ਨਾਲ ਮਿਲ ਕੇ ਕੰਮ ਵਾਲਿਆਂ ਵਜੋਂ ਬਜ਼ੁਰਗ ਕੀ ਕਰਨ ਦੀ ਕੋਸ਼ਿਸ਼ ਕਰਦੇ ਹਨ?
16 ਅਸੀਂ ਇਸ ਅੰਕ ਤੋਂ ਕੀ ਸਿੱਖਿਆ? ਅਸੀਂ ਸਿੱਖਿਆ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਾਸ਼ ਹੋਵੇ। (ਹਿਜ਼ਕੀਏਲ 18:32 ਪੜ੍ਹੋ।) ਉਹ ਚਾਹੁੰਦਾ ਹੈ ਕਿ ਪਾਪੀ ਉਸ ਨਾਲ ਸੁਲ੍ਹਾ ਕਰ ਲੈਣ। (2 ਕੁਰਿੰ. 5:20) ਇਸੇ ਕਰਕੇ ਪੁਰਾਣੇ ਜ਼ਮਾਨੇ ਵਿਚ ਜਦੋਂ ਯਹੋਵਾਹ ਦੇ ਲੋਕ ਉਸ ਨੂੰ ਛੱਡ ਦਿੰਦੇ ਸਨ, ਤਾਂ ਉਹ ਵਾਰ-ਵਾਰ ਉਨ੍ਹਾਂ ਨੂੰ ਤੋਬਾ ਕਰਨ ਅਤੇ ਉਸ ਕੋਲ ਵਾਪਸ ਮੁੜ ਆਉਣ ਦੀ ਗੁਜ਼ਾਰਸ਼ ਕਰਦਾ ਸੀ। ਅੱਜ ਮੰਡਲੀ ਦੇ ਬਜ਼ੁਰਗ ਪਾਪ ਕਰਨ ਵਾਲਿਆਂ ਨੂੰ ਤੋਬਾ ਦੇ ਰਾਹ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇੱਦਾਂ ਉਹ ਯਹੋਵਾਹ ਨਾਲ ਮਿਲ ਕੇ ਕੰਮ ਕਰਦੇ ਹਨ।—ਰੋਮੀ. 2:4; 1 ਕੁਰਿੰ. 3:9.
17 ਜ਼ਰਾ ਕਲਪਨਾ ਕਰੋ ਕਿ ਸਵਰਗ ਵਿਚ ਉਦੋਂ ਕਿੰਨੀ ਖ਼ੁਸ਼ੀ ਮਨਾਈ ਜਾਂਦੀ ਹੋਣੀ ਜਦੋਂ ਇਕ ਪਾਪੀ ਤੋਬਾ ਕਰਦਾ ਹੈ! ਹਰ ਵਾਰ ਜਦੋਂ ਇਕ ਗੁਆਚੀ ਭੇਡ ਮੰਡਲੀ ਵਿਚ ਵਾਪਸ ਆਉਂਦੀ ਹੈ, ਤਾਂ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ੀ ਹੁੰਦੀ ਹੈ। ਯਹੋਵਾਹ ਦੀ ਦਇਆ ਅਤੇ ਅਪਾਰ ਕਿਰਪਾ ʼਤੇ ਸੋਚ ਵਿਚਾਰ ਕਰਨ ਕਰਕੇ ਉਸ ਲਈ ਸਾਡਾ ਪਿਆਰ ਹੋਰ ਵੀ ਵਧਦਾ ਹੈ।—ਲੂਕਾ 1:78.
ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ
a ਹੁਣ ਤੋਂ ਅਸੀਂ ਇਨ੍ਹਾਂ ਲੋਕਾਂ ਬਾਰੇ ਇਹ ਨਹੀਂ ਕਹਾਂਗੇ ਕਿ ਉਨ੍ਹਾਂ ਨੂੰ ਛੇਕ ਦਿੱਤਾ ਗਿਆ ਹੈ। ਇਸ ਦੀ ਬਜਾਇ, 1 ਕੁਰਿੰਥੀਆਂ 5:13 ਮੁਤਾਬਕ ਅਸੀਂ ਕਹਾਂਗੇ ਕਿ ਉਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ।
b ਬਾਈਬਲ ਵਿਚ ਦੱਸਿਆ ਹੈ ਕਿ ਕੁਝ ਲੋਕਾਂ ਨੇ ਇੱਦਾਂ ਦਾ ਪਾਪ ਕੀਤਾ ਸੀ ਜਿਸ ਦੀ ਕੋਈ ਮਾਫ਼ੀ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਦਾ ਪਾਪ ਮਾਫ਼ੀ ਦੇ ਲਾਇਕ ਨਹੀਂ ਸੀ, ਸਗੋਂ ਉਨ੍ਹਾਂ ਦਾ ਰਵੱਈਆ ਗ਼ਲਤ ਸੀ। ਉਹ ਜਾਣ-ਬੁੱਝ ਕੇ ਯਹੋਵਾਹ ਖ਼ਿਲਾਫ਼ ਕੰਮ ਕਰ ਰਹੇ ਸਨ। ਸਿਰਫ਼ ਯਹੋਵਾਹ ਤੇ ਯਿਸੂ ਹੀ ਇਹ ਤੈਅ ਕਰ ਸਕਦੇ ਹਨ ਕਿ ਇਕ ਵਿਅਕਤੀ ਨੇ ਇੱਦਾਂ ਦਾ ਪਾਪ ਕੀਤਾ ਹੈ ਜਿਸ ਦੀ ਕੋਈ ਮਾਫ਼ੀ ਨਹੀਂ ਹੈ।—ਮਰ. 3:29; ਇਬ. 10:26, 27.