ਲੋੜਵੰਦਾਂ ਦੀ ਮਦਦ ਕਰ ਕੇ ਬਰਕਤਾਂ ਪਾਓ
ਦੁਨੀਆਂ ਭਰ ਵਿਚ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਨਾ ਤਾਂ ਦੋ ਡੰਗ ਦੀ ਰੋਟੀ ਹੈ ਤੇ ਨਾ ਹੀ ਸਿਰ ਢੱਕਣ ਲਈ ਕੋਈ ਥਾਂ। ਕੁਝ ਲੋਕ ਇੱਦਾਂ ਦੇ ਵੀ ਹਨ ਜਿਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। ਜੇ ਅਸੀਂ ਅਜਿਹੇ ਲੋਕਾਂ ਦੀ ਮਦਦ ਕਰੀਏ, ਤਾਂ ਰੱਬ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਬਰਕਤਾਂ ਦੇਵੇਗਾ।
ਇਸ ਬਾਰੇ ਪਵਿੱਤਰ ਲਿਖਤਾਂ ਵਿਚ ਕੀ ਲਿਖਿਆ ਹੈ?
“ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ।”—ਕਹਾਉਤਾਂ 19:17.
ਅਸੀਂ ਲੋੜਵੰਦਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
ਇਕ ਵਾਰ ਯਿਸੂ ਨੇ ਇਕ ਆਦਮੀ ਦੀ ਕਹਾਣੀ ਸੁਣਾਈ ਜਿਸ ਨੂੰ ਲੁਟੇਰਿਆਂ ਨੇ ਲੁੱਟ ਲਿਆ ਸੀ ਅਤੇ ਉਸ ਨੂੰ ਅਧਮੋਇਆ ਛੱਡ ਕੇ ਚਲੇ ਗਏ ਸਨ। (ਲੂਕਾ 10:29-37) ਉੱਥੋਂ ਇਕ ਅਜਨਬੀ ਲੰਘ ਰਿਹਾ ਸੀ। ਜਦੋਂ ਉਸ ਨੇਕ ਆਦਮੀ ਨੇ ਉਸ ਜ਼ਖ਼ਮੀ ਆਦਮੀ ਨੂੰ ਦੇਖਿਆ, ਤਾਂ ਉਸ ਨੇ ਰੁਕ ਕੇ ਉਸ ਦੇ ਜ਼ਖ਼ਮਾਂ ’ਤੇ ਪੱਟੀਆਂ ਬੰਨ੍ਹੀਆਂ। ਕਿਸੇ ਹੋਰ ਕੌਮ ਦਾ ਹੋਣ ਦੇ ਬਾਵਜੂਦ ਵੀ ਉਸ ਨੇ ਜ਼ਖ਼ਮੀ ਆਦਮੀ ਦੀ ਮਦਦ ਕੀਤੀ।
ਇਸ ਨੇਕ ਆਦਮੀ ਨੇ ਉਸ ਦੀ ਦਵਾ-ਦਾਰੂ ਕੀਤੀ ਤੇ ਉਸ ਦੇ ਇਲਾਜ ਲਈ ਪੈਸੇ ਵੀ ਦਿੱਤੇ। ਪਰ ਉਹ ਇੰਨਾ ਕੁਝ ਕਰ ਕੇ ਚਲਾ ਨਹੀਂ ਗਿਆ, ਸਗੋਂ ਉਸ ਨੇ ਉਸ ਨੂੰ ਤਸੱਲੀ ਵੀ ਦਿੱਤੀ।
ਇਸ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਜਿੰਨਾ ਸਾਡੇ ਤੋਂ ਹੋ ਸਕੇ, ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। (ਕਹਾਉਤਾਂ 14:31) ਪਵਿੱਤਰ ਲਿਖਤਾਂ ਵਿਚ ਦੱਸਿਆ ਗਿਆ ਹੈ ਕਿ ਰੱਬ ਬਹੁਤ ਜਲਦੀ ਗ਼ਰੀਬੀ ਤੇ ਦੁੱਖਾਂ ਦਾ ਖ਼ਾਤਮਾ ਕਰ ਦੇਵੇਗਾ। ਪਰ ਉਹ ਇੱਦਾਂ ਕਦੋਂ ਤੇ ਕਿਵੇਂ ਕਰੇਗਾ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਭਵਿੱਖ ਵਿਚ ਰੱਬ ਸਾਨੂੰ ਕਿਹੜੀਆਂ ਬਰਕਤਾਂ ਦੇਵੇਗਾ।