Skip to content

Skip to table of contents

ਰੱਬ ਨੇ ਹੁਣ ਤਕ ਕੀ ਕੀਤਾ ਹੈ?

ਰੱਬ ਨੇ ਹੁਣ ਤਕ ਕੀ ਕੀਤਾ ਹੈ?

ਜੇ ਤੁਸੀਂ ਕਿਸੇ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਤਾ ਕਰਨਾ ਚਾਹੀਦਾ ਕਿ ਉਸ ਨੇ ਜ਼ਿੰਦਗੀ ਵਿਚ ਹੁਣ ਤਕ ਕੀ ਕੀਤਾ ਹੈ ਤੇ ਉਸ ਨੇ ਕਿਹੜੀਆਂ ਮੁਸ਼ਕਲਾਂ ਪਾਰ ਕੀਤੀਆਂ ਹਨ। ਇਸੇ ਤਰ੍ਹਾਂ ਰੱਬ ਨੂੰ ਚੰਗੀ ਤਰ੍ਹਾਂ ਜਾਣਨ ਲਈ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਰੱਬ ਨੇ ਹੁਣ ਤਕ ਕੀ ਕੀਤਾ ਹੈ। ਤੁਸੀਂ ਸ਼ਾਇਦ ਹੈਰਾਨ ਹੋਵੋ ਕਿ ਉਸ ਨੇ ਸਾਡੇ ਲਈ ਪਹਿਲਾਂ ਜੋ ਕੁਝ ਕੀਤਾ ਹੈ, ਉਸ ਦਾ ਸਾਨੂੰ ਹੁਣ ਫ਼ਾਇਦਾ ਹੁੰਦਾ ਹੈ ਅਤੇ ਭਵਿੱਖ ਵਿਚ ਵੀ ਹੋਵੇਗਾ।

ਰੱਬ ਨੇ ਹਰੇਕ ਚੀਜ਼ ਸਾਡੇ ਭਲੇ ਲਈ ਸ੍ਰਿਸ਼ਟ ਕੀਤੀ ਹੈ

ਯਹੋਵਾਹ ਪਰਮੇਸ਼ੁਰ ਮਹਾਨ ਸਿਰਜਣਹਾਰ ਹੈ। ‘ਭਾਵੇਂ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਦੇ ਗੁਣ ਦੇਖੇ ਜਾ ਸਕਦੇ ਹਨ।’ (ਰੋਮੀਆਂ 1:20) ‘ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ।’ (ਯਿਰਮਿਯਾਹ 10:12) ਰੱਬ ਦੀਆਂ ਬਣਾਈਆਂ ਸ਼ਾਨਦਾਰ ਚੀਜ਼ਾਂ ਤੋਂ ਪਤਾ ਲੱਗਦਾ ਕਿ ਉਹ ਸਾਨੂੰ ਬਹੁਤ ਪਿਆਰ ਕਰਦਾ ਹੈ।

ਜ਼ਰਾ ਸੋਚੋ ਕਿ ਯਹੋਵਾਹ ਨੇ ਇਨਸਾਨਾਂ ਨੂੰ “ਆਪਣੇ ਸਰੂਪ” ʼਤੇ ਬਣਾਇਆ ਹੈ। (ਉਤਪਤ 1:27) ਇਸ ਦਾ ਮਤਲਬ ਹੈ ਕਿ ਅਸੀਂ ਉਸ ਦੇ ਲਾਜਵਾਬ ਗੁਣਾਂ ਨੂੰ ਕੁਝ ਹੱਦ ਤਕ ਜ਼ਾਹਰ ਕਰ ਸਕਦੇ ਹਾਂ। ਉਸ ਨੇ ਸਾਡੇ ਅੰਦਰ ਉਸ ਨੂੰ ਜਾਣਨ ਦੀ ਇੱਛਾ ਪਾਈ ਹੈ ਤਾਂਕਿ ਅਸੀਂ ਉਸ ਦੀ ਸੋਚ ਤੇ ਮਿਆਰਾਂ ਨੂੰ ਸਮਝ ਸਕੀਏ। ਜਦੋਂ ਅਸੀਂ ਉਸ ਦੇ ਮਿਆਰਾਂ ਅਨੁਸਾਰ ਜ਼ਿੰਦਗੀ ਜੀਉਂਦੇ ਹਾਂ, ਤਾਂ ਸਾਡੀ ਜ਼ਿੰਦਗੀ ਖ਼ੁਸ਼ੀਆਂ ਤੇ ਮਕਸਦ ਭਰੀ ਬਣਦੀ ਹੈ। ਨਾਲੇ ਉਸ ਨੇ ਸਾਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਅਸੀਂ ਉਸ ਦੇ ਦੋਸਤ ਬਣ ਸਕਦੇ ਹਾਂ।

ਧਰਤੀ ʼਤੇ ਬਣਾਈਆਂ ਚੀਜ਼ਾਂ ਦੇਖ ਕੇ ਪਤਾ ਲੱਗਦਾ ਕਿ ਰੱਬ ਸਾਨੂੰ ਕਿੰਨਾ ਪਿਆਰ ਕਰਦਾ ਹੈ। ਪੌਲੁਸ ਰਸੂਲ ਨੇ ਰੱਬ ਬਾਰੇ ਕਿਹਾ ਕਿ “ਉਹ ਦਿਖਾਉਂਦਾ ਰਿਹਾ ਕਿ ਉਹ ਕੌਣ ਹੈ ਅਤੇ ਕਿਹੋ ਜਿਹਾ ਪਰਮੇਸ਼ੁਰ ਹੈ। ਇਸ ਗੱਲ ਦੀ ਗਵਾਹੀ ਦੇਣ ਲਈ ਉਹ ਆਕਾਸ਼ੋਂ ਮੀਂਹ ਵਰ੍ਹਾਉਂਦਾ ਰਿਹਾ ਤੇ [ਸਾਨੂੰ] ਭਰਪੂਰ ਫ਼ਸਲਾਂ ਦਿੰਦਾ ਰਿਹਾ। ਇਸ ਤਰ੍ਹਾਂ ਉਸ ਨੇ [ਸਾਨੂੰ] ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੱਤੀਆਂ ਅਤੇ [ਸਾਡੇ] ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ।” (ਰਸੂਲਾਂ ਦੇ ਕੰਮ 14:17) ਰੱਬ ਨੇ ਸਾਡੇ ਜੀਉਂਦੇ ਰਹਿਣ ਲਈ ਸਿਰਫ਼ ਜ਼ਰੂਰੀ ਚੀਜ਼ਾਂ ਹੀ ਨਹੀਂ ਬਣਾਈਆਂ, ਸਗੋਂ ਉਸ ਨੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਹੁਤਾਤ ਵਿਚ ਬਣਾਈਆਂ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈ ਸਕੀਏ। ਇਹ ਸਭ ਕੁਝ ਰੱਬ ਦੇ ਕੰਮਾਂ ਦੀ ਸਿਰਫ਼ ਇਕ ਛੋਟੀ ਜਿਹੀ ਝਲਕ ਹੈ, ਪਰ ਉਸ ਦਾ ਸਾਡੇ ਲਈ ਮਕਸਦ ਹੋਰ ਵੀ ਸ਼ਾਨਦਾਰ ਹੈ।

ਯਹੋਵਾਹ ਨੇ ਧਰਤੀ ਇਸ ਲਈ ਬਣਾਈ ਤਾਂਕਿ ਇਨਸਾਨ ਇਸ ʼਤੇ ਹਮੇਸ਼ਾ ਲਈ ਰਹਿ ਸਕਣ। ਬਾਈਬਲ ਕਹਿੰਦੀ ਹੈ: “ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ,” ਅਤੇ “ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” (ਜ਼ਬੂਰਾਂ ਦੀ ਪੋਥੀ 115:16; ਯਸਾਯਾਹ 45:18) ਪਰ ਕਿਸ ਦੇ ਵੱਸਣ ਲਈ ਤੇ ਕਿੰਨੇ ਚਿਰ ਲਈ? “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”​—ਜ਼ਬੂਰਾਂ ਦੀ ਪੋਥੀ 37:29.

ਇਸੇ ਮਕਸਦ ਅਨੁਸਾਰ ਯਹੋਵਾਹ ਨੇ ਪਹਿਲੇ ਆਦਮੀ ਤੇ ਔਰਤ, ਆਦਮ ਅਤੇ ਹੱਵਾਹ ਨੂੰ ਬਣਾਇਆ ਸੀ ਤੇ ਉਨ੍ਹਾਂ ਨੂੰ ਸੋਹਣੇ ਬਾਗ਼ ਵਿਚ ਰੱਖਿਆ ਸੀ ਤਾਂਕਿ ‘ਉਹ ਉਸ ਦੀ ਵਾਹੀ ਅਤੇ ਰਾਖੀ ਕਰਨ।’(ਉਤਪਤ 2:8, 15) ਰੱਬ ਨੇ ਉਨ੍ਹਾਂ ਨੂੰ ਬਹੁਤ ਹੀ ਵਧੀਆ ਕੰਮ ਦਿੱਤੇ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” (ਉਤਪਤ 1:28) ਆਦਮ ਅਤੇ ਹੱਵਾਹ ਕੋਲ ਧਰਤੀ ʼਤੇ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਸੀ। ਪਰ ਉਨ੍ਹਾਂ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ ਅਤੇ ਇਸ ਕਰਕੇ ਉਹ ਉਨ੍ਹਾਂ ‘ਧਰਮੀਆਂ’ ਵਿਚ ਨਹੀਂ ਗਿਣੇ ਜਾਂਦੇ ਜੋ “ਧਰਤੀ ਦੇ ਵਾਰਸ ਹੋਣਗੇ।” ਅਸੀਂ ਅੱਗੇ ਦੇਖਾਂਗੇ ਕਿ ਆਦਮ ਤੇ ਹੱਵਾਹ ਦੀ ਬਗਾਵਤ ਕਰਕੇ ਯਹੋਵਾਹ ਨੇ ਧਰਤੀ ਲਈ ਆਪਣਾ ਮਕਸਦ ਨਹੀਂ ਬਦਲਿਆ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਰੱਬ ਨੇ ਹੋਰ ਕੀ-ਕੀ ਕੀਤਾ ਹੈ।

ਰੱਬ ਨੇ ਆਪਣਾ ਬਚਨ ਦਿੱਤਾ ਹੈ

ਬਾਈਬਲ ਨੂੰ ਰੱਬ ਦਾ ਬਚਨ ਵੀ ਕਿਹਾ ਜਾਂਦਾ ਹੈ। ਯਹੋਵਾਹ ਨੇ ਸਾਨੂੰ ਬਾਈਬਲ ਇਸ ਲਈ ਦਿੱਤੀ ਹੈ ਤਾਂਕਿ ਅਸੀਂ ਉਸ ਬਾਰੇ ਜਾਣ ਸਕੀਏ। (ਕਹਾਉਤਾਂ 2:1-5) ਇਹ ਸੱਚ ਹੈ ਕਿ ਕੋਈ ਵੀ ਕਿਤਾਬ ਇੱਥੋਂ ਤਕ ਕਿ ਬਾਈਬਲ ਵੀ ਰੱਬ ਬਾਰੇ ਹਰ ਸਵਾਲ ਦਾ ਜਵਾਬ ਨਹੀਂ ਦੇ ਸਕਦੀ। (ਉਪਦੇਸ਼ਕ ਦੀ ਪੋਥੀ 3:11) ਪਰ ਬਾਈਬਲ ਵਿਚ ਦੱਸੀ ਹਰ ਗੱਲ ਰੱਬ ਨੂੰ ਜਾਣਨ ਵਿਚ ਸਾਡੀ ਮਦਦ ਕਰਦੀ ਹੈ। ਰੱਬ ਲੋਕਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਪਤਾ ਲੱਗਦਾ ਕਿ ਉਹ ਕਿਸ ਤਰ੍ਹਾਂ ਦਾ ਰੱਬ ਹੈ। ਬਾਈਬਲ ਤੋਂ ਸਾਨੂੰ ਪਤਾ ਲੱਗਦਾ ਕਿ ਉਸ ਨੂੰ ਕਿਸ ਤਰ੍ਹਾਂ ਦੇ ਲੋਕ ਪਸੰਦ ਜਾਂ ਨਾਪਸੰਦ ਹਨ। (ਜ਼ਬੂਰਾਂ ਦੀ ਪੋਥੀ 15:1-5) ਬਾਈਬਲ ਵਿੱਚੋਂ ਭਗਤੀ, ਨੈਤਿਕਤਾ, ਚੀਜ਼ਾਂ ਜਾਂ ਪੈਸੇ ਬਾਰੇ ਰੱਬ ਦਾ ਨਜ਼ਰੀਆ ਪਤਾ ਲੱਗਦਾ ਹੈ। ਨਾਲੇ ਜਦੋਂ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਸ਼ਬਦਾਂ ਅਤੇ ਕੰਮਾਂ ਬਾਰੇ ਪੜ੍ਹਦੇ ਹਾਂ, ਤਾਂ ਸਾਡੇ ਸਾਮ੍ਹਣੇ ਯਹੋਵਾਹ ਦੀ ਸ਼ਖ਼ਸੀਅਤ ਦੀ ਸਾਫ਼ ਤਸਵੀਰ ਬਣਦੀ ਹੈ।​—ਯੂਹੰਨਾ 14:9.

ਯਹੋਵਾਹ ਨੇ ਸਾਨੂੰ ਆਪਣਾ ਬਚਨ ਬਾਈਬਲ ਇਸ ਕਰਕੇ ਵੀ ਦਿੱਤਾ ਤਾਂਕਿ ਅਸੀਂ ਜਾਣ ਸਕੀਏ ਕਿ ਅਸੀਂ ਖ਼ੁਸ਼ ਤੇ ਮਕਸਦ ਭਰੀ ਜ਼ਿੰਦਗੀ ਕਿਵੇਂ ਜੀ ਸਕਦੇ ਹਾਂ। ਬਾਈਬਲ ਰਾਹੀਂ ਯਹੋਵਾਹ ਸਾਨੂੰ ਦੱਸਦਾ ਹੈ ਕਿ ਪਰਿਵਾਰ ਕਿਵੇਂ ਖ਼ੁਸ਼ ਰਹਿ ਸਕਦੇ ਹਨ, ਅਸੀਂ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ ਅਤੇ ਚਿੰਤਾਵਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ। ਬਾਈਬਲ ਵਿਚ ਜ਼ਿੰਦਗੀ ਨਾਲ ਜੁੜੇ ਹੋਰ ਅਹਿਮ ਸਵਾਲਾਂ ਦੇ ਜਵਾਬ ਵੀ ਮਿਲਦੇ ਹਨ, ਜਿਵੇਂ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਭਵਿੱਖ ਵਿਚ ਕੀ ਹੋਵੇਗਾ? ਇਸ ਵਿਚ ਇਹ ਵੀ ਦੱਸਿਆ ਹੈ ਕਿ ਰੱਬ ਨੇ ਧਰਤੀ ਲਈ ਆਪਣਾ ਮਕਸਦ ਪੂਰਾ ਕਰਨ ਲਈ ਕੀ ਪ੍ਰਬੰਧ ਕੀਤਾ ਹੈ।

ਹੋਰ ਵੀ ਬਹੁਤ ਸਾਰੇ ਕਾਰਨਾਂ ਤੋਂ ਪਤਾ ਲੱਗਦਾ ਕਿ ਬਾਈਬਲ ਰੱਬ ਵੱਲੋਂ ਦਿੱਤੀ ਇਕ ਅਨੋਖੀ ਕਿਤਾਬ ਹੈ। ਇਸ ਨੂੰ 1600 ਸਾਲਾਂ ਦੌਰਾਨ 40 ਕੁ ਆਦਮੀਆਂ ਨੇ ਲਿਖਿਆ, ਪਰ ਫਿਰ ਵੀ ਇਸ ਦਾ ਵਿਸ਼ਾ ਨਹੀਂ ਬਦਲਿਆ ਕਿਉਂਕਿ ਇਸ ਦਾ ਅਸਲੀ ਲੇਖਕ ਰੱਬ ਹੈ। (2 ਤਿਮੋਥਿਉਸ 3:16) ਦੂਸਰੀਆਂ ਪੁਰਾਣੀਆਂ ਕਿਤਾਬਾਂ ਦੇ ਉਲਟ, ਬਾਈਬਲ ਦਾ ਸੰਦੇਸ਼ ਸਦੀਆਂ ਦੌਰਾਨ ਬਿਲਕੁਲ ਨਹੀਂ ਬਦਲਿਆ। ਹਜ਼ਾਰਾਂ ਪੁਰਾਣੀਆਂ ਹੱਥ-ਲਿਖਤਾਂ ਇਸ ਗੱਲ ਦਾ ਸਬੂਤ ਹਨ। ਚਾਹੇ ਬਾਈਬਲ ਨੂੰ ਅਨੁਵਾਦ ਕਰਨ, ਇਸ ਨੂੰ ਵੰਡਣ ਅਤੇ ਪੜ੍ਹਨ ਦਾ ਬਹੁਤ ਵਿਰੋਧ ਕੀਤਾ ਗਿਆ, ਪਰ ਫਿਰ ਵੀ ਅੱਜ ਇਹ ਸਭ ਤੋਂ ਜ਼ਿਆਦਾ ਅਨੁਵਾਦ ਕੀਤੀ ਜਾਣ ਵਾਲੀ ਅਤੇ ਵੰਡੀ ਜਾਣ ਵਾਲੀ ਕਿਤਾਬ ਹੈ। ਬਾਈਬਲ ਦਾ ਅੱਜ ਵੀ ਮੌਜੂਦ ਹੋਣਾ ਇਕ ਸਬੂਤ ਹੈ ਕਿ “ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”​—ਯਸਾਯਾਹ 40:8.

ਰੱਬ ਨੇ ਆਪਣਾ ਮਕਸਦ ਪੂਰਾ ਕਰਨ ਦੀ ਗਾਰੰਟੀ ਦਿੱਤੀ ਹੈ

ਰੱਬ ਨੇ ਇਕ ਖ਼ਾਸ ਪ੍ਰਬੰਧ ਵੀ ਕੀਤਾ ਹੈ ਜੋ ਇਸ ਗੱਲ ਦੀ ਗਾਰੰਟੀ ਹੈ ਕਿ ਸਾਡੇ ਲਈ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਰੱਬ ਦਾ ਮਕਸਦ ਸੀ ਕਿ ਇਨਸਾਨ ਹਮੇਸ਼ਾ ਲਈ ਧਰਤੀ ʼਤੇ ਜੀਉਂਦੇ ਰਹਿਣ। ਪਰ ਜਦੋਂ ਆਦਮ ਨੇ ਰੱਬ ਦਾ ਕਹਿਣਾ ਨਾ ਮੰਨ ਕੇ ਪਾਪ ਕੀਤਾ, ਤਾਂ ਉਸ ਨੇ ਨਾ ਸਿਰਫ਼ ਆਪਣੀ, ਸਗੋਂ ਆਪਣੇ ਬੱਚਿਆਂ ਦੀ ਵੀ ਹਮੇਸ਼ਾ ਦੀ ਜੀਉਣ ਦੀ ਉਮੀਦ ਗੁਆ ਦਿੱਤੀ। “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਇੱਦਾਂ ਲੱਗਦਾ ਸੀ ਕਿ ਇਨਸਾਨ ਦੀ ਅਣਆਗਿਆਕਾਰੀ ਕਰਕੇ ਰੱਬ ਦਾ ਮਕਸਦ ਪੂਰਾ ਨਹੀਂ ਹੋਵੇਗਾ। ਫਿਰ ਯਹੋਵਾਹ ਨੇ ਕੀ ਕੀਤਾ?

ਯਹੋਵਾਹ ਕਦੇ ਵੀ ਆਪਣੇ ਮਿਆਰਾਂ ਨਾਲ ਸਮਝੌਤਾ ਨਹੀਂ ਕਰਦਾ। ਉਸ ਨੇ ਆਦਮ ਤੇ ਹੱਵਾਹ ਨੂੰ ਉਨ੍ਹਾਂ ਦੀ ਗ਼ਲਤੀ ਲਈ ਜ਼ਿੰਮੇਵਾਰ ਠਹਿਰਾਇਆ, ਪਰ ਭਵਿੱਖ ਵਿਚ ਪੈਦਾ ਹੋਣ ਵਾਲੇ ਇਨਸਾਨਾਂ ਲਈ ਪਿਆਰ ਭਰਿਆ ਪ੍ਰਬੰਧ ਕੀਤਾ। ਯਹੋਵਾਹ ਨੇ ਆਪਣੀ ਬੁੱਧ ਅਨੁਸਾਰ ਸਮੱਸਿਆ ਦਾ ਹੱਲ ਕੱਢਿਆ ਅਤੇ ਆਪਣਾ ਫ਼ੈਸਲਾ ਸੁਣਾਇਆ। (ਉਤਪਤ 3:15) ਪਾਪ ਅਤੇ ਮੌਤ ਤੋਂ ਛੁਟਕਾਰੇ ਦਾ ਰਾਹ ਰੱਬ ਦੇ ਪੁੱਤਰ ਯਿਸੂ ਮਸੀਹ ਰਾਹੀਂ ਖੁੱਲ੍ਹਣਾ ਸੀ। ਪਰ ਇਹ ਕਿਸ ਤਰ੍ਹਾਂ ਹੋਣਾ ਸੀ?

ਇਨਸਾਨਾਂ ਨੂੰ ਆਦਮ ਦੀ ਬਗਾਵਤ ਦੇ ਅਸਰਾਂ ਤੋਂ ਬਚਾਉਣ ਲਈ ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ʼਤੇ ਭੇਜਿਆ ਤਾਂਕਿ ਉਹ ਲੋਕਾਂ ਨੂੰ ਜ਼ਿੰਦਗੀ ਦੇ ਰਾਹ ਬਾਰੇ ਸਿਖਾਵੇ ਅਤੇ ‘ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰੇ।’ a (ਮੱਤੀ 20:28; ਯੂਹੰਨਾ 14:6) ਸਿਰਫ਼ ਯਿਸੂ ਹੀ ਰਿਹਾਈ ਦੀ ਕੀਮਤ ਦੇ ਸਕਦਾ ਸੀ ਕਿਉਂਕਿ ਉਹ ਆਦਮ ਵਾਂਗ ਮੁਕੰਮਲ ਸੀ। ਪਰ ਆਦਮ ਤੋਂ ਉਲਟ ਯਿਸੂ ਨੇ ਮਰਦੇ ਦਮ ਤਕ ਰੱਬ ਦਾ ਕਹਿਣਾ ਮੰਨਿਆ। ਯਿਸੂ ਨੇ ਕੋਈ ਪਾਪ ਨਹੀਂ ਕੀਤਾ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਮੁੜ ਜੀਉਂਦਾ ਕਰ ਕੇ ਸਵਰਗ ਵਿਚ ਜੀਵਨ ਦਿੱਤਾ। ਯਿਸੂ ਹੁਣ ਉਹ ਕਰ ਸਕਦਾ ਸੀ ਜੋ ਆਦਮ ਨੇ ਨਹੀਂ ਕੀਤਾ। ਉਸ ਨੇ ਆਗਿਆਕਾਰ ਇਨਸਾਨਾਂ ਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ। “ਜਿਵੇਂ ਇਕ ਆਦਮੀ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਾਪੀ ਠਹਿਰਾਇਆ ਗਿਆ ਸੀ, ਉਸੇ ਤਰ੍ਹਾਂ ਇਕ ਹੋਰ ਆਦਮੀ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਇਆ ਜਾਵੇਗਾ।” (ਰੋਮੀਆਂ 5:19) ਯਿਸੂ ਦੀ ਰਿਹਾਈ ਕੀਮਤ ਸਦਕਾ ਯਹੋਵਾਹ ਇਨਸਾਨਾਂ ਨੂੰ ਸਦਾ ਦੀ ਜ਼ਿੰਦਗੀ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗਾ।

ਯਹੋਵਾਹ ਨੇ ਆਦਮ ਦੀ ਅਣਆਗਿਆਕਾਰੀ ਕਰਕੇ ਆਈਆਂ ਮੁਸ਼ਕਲਾਂ ਨੂੰ ਵਧੀਆ ਤਰੀਕੇ ਨਾਲ ਨਜਿੱਠਿਆ। ਅਸੀਂ ਇਸ ਤੋਂ ਰੱਬ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਅਸੀਂ ਸਿੱਖਦੇ ਹਾਂ ਕਿ ਯਹੋਵਾਹ ਦੀ ਕਹੀ ਗੱਲ ਨੂੰ ਕੋਈ ਵੀ ਪੂਰੀ ਹੋਣ ਤੋਂ ਰੋਕ ਨਹੀਂ ਸਕਦਾ। ਉਸ ਦੇ ਮੂੰਹੋਂ ਨਿਕਲਿਆ ਹਰ ਬਚਨ “ਸਫ਼ਲ ਹੋਏਗਾ।” (ਯਸਾਯਾਹ 55:11) ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ। ਪਰਮੇਸ਼ੁਰ ਨੇ ਆਪਣਾ ਪਿਆਰ ਇਸ ਕਰਕੇ ਜ਼ਾਹਰ ਨਹੀਂ ਕੀਤਾ ਕਿ ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।”—1 ਯੂਹੰਨਾ 4:9, 10.

ਰੱਬ “ਆਪਣੇ ਪੁੱਤਰ ਨੂੰ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ, ਸਗੋਂ ਉਸ ਨੂੰ ਸਾਡੇ ਲਈ ਵਾਰ ਦਿੱਤਾ।” ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ “ਸਾਨੂੰ ਹੋਰ ਸਾਰੀਆਂ ਚੀਜ਼ਾਂ” ਵੀ ਦੇਵੇਗਾ ਜਿਨ੍ਹਾਂ ਦਾ ਉਸ ਨੇ ਵਾਅਦਾ ਕੀਤਾ ਹੈ। (ਰੋਮੀਆਂ 8:32) ਰੱਬ ਨੇ ਸਾਡੇ ਲਈ ਕੀ ਕਰਨ ਦਾ ਵਾਅਦਾ ਕੀਤਾ ਹੈ? ਇਹ ਜਾਣਨ ਲਈ ਅੱਗੇ ਪੜ੍ਹੋ।

ਰੱਬ ਨੇ ਹੁਣ ਤਕ ਕੀ ਕੀਤਾ ਹੈ? ਯਹੋਵਾਹ ਨੇ ਇਨਸਾਨਾਂ ਨੂੰ ਧਰਤੀ ʼਤੇ ਹਮੇਸ਼ਾ ਲਈ ਰਹਿਣ ਵਾਸਤੇ ਬਣਾਇਆ ਸੀ। ਉਸ ਨੇ ਸਾਡੇ ਲਈ ਬਾਈਬਲ ਲਿਖਵਾਈ ਤਾਂਕਿ ਅਸੀਂ ਉਸ ਬਾਰੇ ਸਿੱਖ ਸਕੀਏ। ਯਹੋਵਾਹ ਨੇ ਯਿਸੂ ਦੇ ਜ਼ਰੀਏ ਰਿਹਾਈ ਦੀ ਕੀਮਤ ਦਿੱਤੀ ਜੋ ਇਸ ਗੱਲ ਦੀ ਗਾਰੰਟੀ ਹੈ ਕਿ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ

a ਰਿਹਾਈ ਦੀ ਕੀਮਤ ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਪਾਠ 27 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ ਅਤੇ ਇਹ www.jw.org/pa ʼਤੇ ਉਪਲਬਧ ਹੈ।