ਪਿਆਰ ਦਿਖਾਓ
ਸਮੱਸਿਆ ਦੀ ਜੜ੍ਹ
ਜਦੋਂ ਸਾਨੂੰ ਕੋਈ ਬੀਮਾਰੀ ਲੱਗ ਜਾਂਦੀ ਹੈ, ਤਾਂ ਸਾਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਸਮਾਂ ਲੱਗਦਾ ਹੈ। ਉਸੇ ਤਰ੍ਹਾਂ ਜੇ ਸਾਡੇ ਦਿਲ ਵਿਚ ਪੱਖਪਾਤ ਦੀ ਭਾਵਨਾ ਨੇ ਜੜ੍ਹ ਫੜ੍ਹ ਲਈ ਹੈ, ਤਾਂ ਇਸ ਨੂੰ ਕੱਢਣ ਵਿਚ ਸਮਾਂ ਲੱਗੇਗਾ। ਇਸ ਬੀਮਾਰੀ ਦਾ ਕੀ ਇਲਾਜ ਹੈ?
ਬਾਈਬਲ ਦਾ ਅਸੂਲ
“ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”—ਕੁਲੁੱਸੀਆਂ 3:14.
ਇਸ ਦਾ ਕੀ ਮਤਲਬ ਹੈ? ਜਦੋਂ ਤੁਸੀਂ ਕਿਸੇ ਦਾ ਭਲਾ ਕਰਦੇ ਹੋ, ਤਾਂ ਤੁਹਾਡੇ ਦੋਵਾਂ ਵਿਚ ਪਿਆਰ ਵੱਧ ਜਾਂਦਾ ਹੈ ਅਤੇ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ, ਉਸ ਨਾਲ ਭਲਾ ਤੁਸੀਂ ਨਫ਼ਰਤ ਕਿਵੇਂ ਕਰ ਸਕਦੇ ਹੋ।
ਤੁਸੀਂ ਕੀ ਕਰ ਸਕਦੇ ਹੋ?
ਸੋਚੋ ਕਿ ਤੁਸੀਂ ਉਸ ਸਮਾਜ ਦੇ ਲੋਕਾਂ ਨੂੰ ਪਿਆਰ ਦਿਖਾਉਣ ਲਈ ਕੀ ਕਰ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਗ਼ਲਤ ਸੋਚਦੇ ਸੀ। ਪਿਆਰ ਦਿਖਾਉਣ ਲਈ ਤੁਹਾਨੂੰ ਬਹੁਤ ਵੱਡੇ-ਵੱਡੇ ਕੰਮ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਅੱਗੇ ਦੱਸੇ ਕੁਝ ਤਰੀਕਿਆਂ ਨਾਲ ਪਿਆਰ ਦਿਖਾ ਸਕਦੇ ਹੋ:
ਦੂਜਿਆਂ ਲਈ ਛੋਟੇ-ਛੋਟੇ ਕੰਮ ਕਰ ਕੇ ਤੁਸੀਂ ਪੱਖਪਾਤ ਨੂੰ ਆਪਣੇ ਦਿਲ ਵਿੱਚੋਂ ਕੱਢ ਸਕਦੇ ਹੋ
ਉਸ ਸਮਾਜ ਦੇ ਲੋਕਾਂ ਨਾਲ ਇੱਜ਼ਤ ਨਾਲ ਪੇਸ਼ ਆਓ, ਜਿਵੇਂ ਤੁਸੀਂ ਬੱਸ ਵਿਚ ਉਨ੍ਹਾਂ ਨੂੰ ਆਪਣੀ ਸੀਟ ਦੇ ਸਕਦੇ ਹੋ ਜਾਂ ਉਨ੍ਹਾਂ ਲਈ ਦਰਵਾਜ਼ਾ ਖੋਲ੍ਹ ਸਕਦੇ ਹੋ।
ਉਨ੍ਹਾਂ ਦਾ ਹਾਲ-ਚਾਲ ਪੁੱਛੋ, ਚਾਹੇ ਉਨ੍ਹਾਂ ਨੂੰ ਤੁਹਾਡੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਵੀ ਆਉਂਦੀ।
ਜੇ ਉਹ ਕੁਝ ਅਜਿਹਾ ਕਰਨ ਜੋ ਸ਼ਾਇਦ ਤੁਹਾਨੂੰ ਅਜੀਬ ਲੱਗੇ, ਤਾਂ ਧੀਰਜ ਰੱਖੋ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਓ।
ਜੇ ਉਹ ਤੁਹਾਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹਨ, ਤਾਂ ਧਿਆਨ ਨਾਲ ਉਨ੍ਹਾਂ ਦੀ ਸੁਣੋ ਅਤੇ ਉਨ੍ਹਾਂ ਨੂੰ ਹਮਦਰਦੀ ਦਿਖਾਓ।