ਦੁਨੀਆਂ ਤਬਾਹੀ ਦੇ ਰਾਹ ʼਤੇ
2 | ਸੋਚ-ਸਮਝ ਕੇ ਖ਼ਰਚਾ ਕਰੋ
ਇਹ ਜ਼ਰੂਰੀ ਕਿਉਂ ਹੈ?
ਬਹੁਤ ਸਾਰੇ ਲੋਕਾਂ ਲਈ ਘਰ ਦਾ ਗੁਜ਼ਾਰਾ ਤੋਰਨਾ ਔਖਾ ਹੈ। ਪਰ ਦੁੱਖ ਗੱਲ ਹੈ ਕਿ ਕੋਈ ਬਿਪਤਾ ਆਉਣ ʼਤੇ ਇੱਦਾਂ ਕਰਨਾ ਹੋਰ ਵੀ ਔਖਾ ਹੋ ਸਕਦਾ ਹੈ। ਕਿਉਂ?
-
ਬਿਪਤਾ ਆਉਣ ʼਤੇ ਰੋਜ਼ਮੱਰਾ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ।
-
ਬਿਪਤਾ ਕਰਕੇ ਕਈ ਲੋਕ ਬੇਰੋਜ਼ਗਾਰ ਹੋ ਜਾਂਦੇ ਹਨ ਜਾਂ ਬਹੁਤ ਜਣਿਆਂ ਦੀਆਂ ਤਨਖ਼ਾਹਾਂ ਘੱਟ ਜਾਂਦੀਆਂ ਹਨ।
-
ਕੁਦਰਤੀ ਆਫ਼ਤਾਂ ਕਰਕੇ ਕਈ ਲੋਕਾਂ ਦੇ ਘਰ-ਬਾਰ ਤਬਾਹ ਹੋ ਜਾਂਦੇ ਹਨ ਤੇ ਕੰਮ-ਕਾਰ ਠੱਪ ਹੋ ਜਾਂਦੇ ਹਨ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
-
ਜੇ ਤੁਸੀਂ ਅੱਜ ਪੈਸੇ ਨੂੰ ਸੋਚ-ਸਮਝ ਕੇ ਵਰਤੋਗੇ, ਤਾਂ ਕੋਈ ਬਿਪਤਾ ਆਉਣ ʼਤੇ ਤੁਸੀਂ ਪੈਸੇ ਹੋਰ ਵੀ ਸਹੀ ਢੰਗ ਨਾਲ ਖ਼ਰਚ ਕਰ ਸਕੋਗੇ।
-
ਪੈਸਾ ਅਤੇ ਚੀਜ਼ਾਂ ਹਮੇਸ਼ਾ ਨਹੀਂ ਰਹਿੰਦੀਆਂ।
-
ਪੈਸੇ ਨਾਲ ਨਾ ਤਾਂ ਖ਼ੁਸ਼ੀ ਖ਼ਰੀਦੀ ਜਾ ਸਕਦੀ ਤੇ ਨਾ ਹੀ ਪਰਿਵਾਰ ਨੂੰ ਇਕ-ਜੁੱਟ ਰੱਖਿਆ ਜਾ ਸਕਦਾ।
ਤੁਸੀਂ ਹੁਣ ਕੀ ਕਰ ਸਕਦੇ ਹੋ?
ਬਾਈਬਲ ਕਹਿੰਦੀ ਹੈ: “ਜੇ ਸਾਡੇ ਕੋਲ ਰੋਟੀ, ਕੱਪੜਾ ਅਤੇ ਮਕਾਨ ਹੈ, ਤਾਂ ਸਾਨੂੰ ਇਸ ਵਿਚ ਸੰਤੁਸ਼ਟ ਰਹਿਣਾ ਚਾਹੀਦਾ ਹੈ।”—1 ਤਿਮੋਥਿਉਸ 6:8.
ਸੰਤੁਸ਼ਟ ਰਹਿਣ ਦਾ ਮਤਲਬ ਹੈ ਕਿ ਤੁਹਾਡੇ ਕੋਲ ਜੋ ਕੁਝ ਹੈ, ਉਸ ਵਿਚ ਖ਼ੁਸ਼ ਰਹੋ ਤੇ ਆਪਣੀਆਂ ਇੱਛਾਵਾਂ ਪਿੱਛੇ ਨਾ ਭੱਜੋ। ਖ਼ਾਸ ਕਰਕੇ ਉਦੋਂ ਜਦੋਂ ਤੁਹਾਡੇ ਕੋਲ ਘੱਟ ਪੈਸੇ ਹੋਣ।
ਸੰਤੁਸ਼ਟ ਰਹਿਣ ਲਈ ਸ਼ਾਇਦ ਤੁਹਾਨੂੰ ਆਪਣੇ ਰਹਿਣ-ਸਹਿਣ ਦੇ ਤਰੀਕੇ ਵਿਚ ਫੇਰ-ਬਦਲ ਕਰਨੇ ਪੈਣ। ਜੇ ਤੁਸੀਂ ਚਾਦਰ ਦੇਖ ਕੇ ਪੈਰ ਨਹੀਂ ਪਸਾਰੋਗੇ, ਤਾਂ ਤੁਹਾਡੀਆਂ ਮੁਸ਼ਕਲਾਂ ਹੋਰ ਵਧਣਗੀਆਂ।