ਦੂਜਾ ਸਮੂਏਲ 16:1-23
16 ਜਦੋਂ ਦਾਊਦ ਪਹਾੜ ਦੀ ਚੋਟੀ+ ਤੋਂ ਥੋੜ੍ਹਾ ਅੱਗੇ ਵਧਿਆ, ਤਾਂ ਮਫੀਬੋਸ਼ਥ+ ਦਾ ਸੇਵਾਦਾਰ ਸੀਬਾ+ ਉਸ ਨੂੰ ਉੱਥੇ ਮਿਲਣ ਆਇਆ। ਉਸ ਕੋਲ ਕਾਠੀ ਕੱਸੇ ਦੋ ਗਧੇ ਸਨ ਅਤੇ ਉਨ੍ਹਾਂ ਉੱਤੇ 200 ਰੋਟੀਆਂ, ਸੌਗੀ ਦੀਆਂ 100 ਟਿੱਕੀਆਂ, ਗਰਮੀਆਂ ਦੇ ਫਲਾਂ* ਦੀਆਂ ਬਣੀਆਂ 100 ਟਿੱਕੀਆਂ ਅਤੇ ਦਾਖਰਸ ਦਾ ਇਕ ਵੱਡਾ ਘੜਾ ਲੱਦਿਆ ਹੋਇਆ ਸੀ।+
2 ਰਾਜੇ ਨੇ ਸੀਬਾ ਨੂੰ ਪੁੱਛਿਆ: “ਤੂੰ ਇਹ ਚੀਜ਼ਾਂ ਕਿਉਂ ਲੈ ਕੇ ਆਇਆਂ?” ਸੀਬਾ ਨੇ ਜਵਾਬ ਦਿੱਤਾ: “ਇਹ ਗਧੇ ਰਾਜੇ ਦੇ ਘਰਾਣੇ ਦੇ ਸਵਾਰ ਹੋਣ ਲਈ ਹਨ, ਰੋਟੀਆਂ ਅਤੇ ਗਰਮੀਆਂ ਦੇ ਫਲ ਨੌਜਵਾਨਾਂ ਦੇ ਖਾਣ ਲਈ ਹਨ ਅਤੇ ਦਾਖਰਸ ਉਨ੍ਹਾਂ ਲਈ ਹੈ ਜੋ ਉਜਾੜ ਵਿਚ ਥੱਕ ਜਾਂਦੇ ਹਨ।”+
3 ਫਿਰ ਰਾਜੇ ਨੇ ਉਸ ਨੂੰ ਪੁੱਛਿਆ: “ਤੇਰੇ ਮਾਲਕ ਦਾ ਪੁੱਤਰ* ਕਿੱਥੇ ਹੈ?”+ ਸੀਬਾ ਨੇ ਰਾਜੇ ਨੂੰ ਜਵਾਬ ਦਿੱਤਾ: “ਉਹ ਯਰੂਸ਼ਲਮ ਵਿਚ ਹੈ ਕਿਉਂਕਿ ਉਸ ਨੇ ਕਿਹਾ, ‘ਇਜ਼ਰਾਈਲ ਦਾ ਘਰਾਣਾ ਮੇਰੇ ਪਿਤਾ ਦਾ ਸ਼ਾਹੀ ਰਾਜ ਅੱਜ ਮੈਨੂੰ ਵਾਪਸ ਦੇ ਦੇਵੇਗਾ।’”+
4 ਫਿਰ ਰਾਜੇ ਨੇ ਸੀਬਾ ਨੂੰ ਕਿਹਾ: “ਦੇਖ! ਮਫੀਬੋਸ਼ਥ ਦਾ ਸਭ ਕੁਝ ਹੁਣ ਤੋਂ ਤੇਰਾ ਹੈ।”+ ਸੀਬਾ ਨੇ ਜਵਾਬ ਦਿੱਤਾ: “ਮੈਂ ਤੇਰੇ ਅੱਗੇ ਸਿਰ ਨਿਵਾਉਂਦਾ ਹਾਂ। ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੋਵੇ।”+
5 ਜਦ ਰਾਜਾ ਦਾਊਦ ਬਹੁਰੀਮ ਪਹੁੰਚਿਆ, ਤਾਂ ਸ਼ਾਊਲ ਦੇ ਘਰਾਣੇ ਦੇ ਇਕ ਪਰਿਵਾਰ ਵਿੱਚੋਂ ਸ਼ਿਮਈ+ ਨਾਂ ਦਾ ਇਕ ਆਦਮੀ, ਜੋ ਗੇਰਾ ਦਾ ਪੁੱਤਰ ਸੀ, ਉੱਚੀ-ਉੱਚੀ ਸਰਾਪ ਦਿੰਦਾ ਹੋਇਆ ਬਾਹਰ ਆਇਆ।+
6 ਉਹ ਦਾਊਦ ਅਤੇ ਉਸ ਦੇ ਸਾਰੇ ਸੇਵਕਾਂ, ਸਾਰੇ ਲੋਕਾਂ ਅਤੇ ਉਸ ਦੇ ਸੱਜੇ-ਖੱਬੇ ਚੱਲ ਰਹੇ ਤਾਕਤਵਰ ਆਦਮੀਆਂ ਦੇ ਪੱਥਰ ਮਾਰ ਰਿਹਾ ਸੀ।
7 ਸ਼ਿਮਈ ਸਰਾਪ ਦਿੰਦੇ ਹੋਏ ਕਹਿ ਰਿਹਾ ਸੀ: “ਦਫ਼ਾ ਹੋ ਜਾ, ਚਲਾ ਜਾ ਇੱਥੋਂ, ਤੂੰ ਖ਼ੂਨੀ ਹੈਂ! ਤੂੰ ਨਿਕੰਮਾ ਬੰਦਾ ਹੈਂ!
8 ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਖ਼ੂਨ ਦਾ ਸਾਰਾ ਦੋਸ਼ ਤੇਰੇ ਉੱਤੇ ਮੋੜ ਲਿਆਂਦਾ ਜਿਸ ਦੀ ਥਾਂ ਤੂੰ ਆਪ ਰਾਜਾ ਬਣ ਗਿਆ। ਇਸੇ ਕਰਕੇ ਯਹੋਵਾਹ ਨੇ ਰਾਜ ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਵਿਚ ਦੇ ਦਿੱਤਾ ਹੈ। ਹੁਣ ਤੇਰੇ ʼਤੇ ਮੁਸੀਬਤ ਆ ਪਈ ਹੈ ਕਿਉਂਕਿ ਤੂੰ ਖ਼ੂਨੀ ਹੈਂ!”+
9 ਫਿਰ ਸਰੂਯਾਹ+ ਦੇ ਪੁੱਤਰ ਅਬੀਸ਼ਈ ਨੇ ਰਾਜੇ ਨੂੰ ਕਿਹਾ: “ਇਸ ਮਰੇ ਕੁੱਤੇ+ ਦੀ ਇੰਨੀ ਜੁਰਅਤ ਕਿ ਮੇਰੇ ਪ੍ਰਭੂ ਅਤੇ ਮਹਾਰਾਜ ਨੂੰ ਸਰਾਪ ਦੇਵੇ?+ ਮੈਨੂੰ ਇਜਾਜ਼ਤ ਦੇ ਕਿ ਮੈਂ ਇਸ ਦਾ ਸਿਰ ਵੱਢ ਸੁੱਟਾਂ।”+
10 ਪਰ ਰਾਜੇ ਨੇ ਕਿਹਾ: “ਸਰੂਯਾਹ ਦੇ ਪੁੱਤਰੋ, ਤੁਹਾਡਾ ਇਸ ਨਾਲ ਕੀ ਲੈਣਾ-ਦੇਣਾ?+ ਜੇ ਉਹ ਮੈਨੂੰ ਸਰਾਪ ਦੇ ਰਿਹਾ ਹੈ, ਤਾਂ ਦੇਣ ਦਿਓ+ ਕਿਉਂਕਿ ਯਹੋਵਾਹ ਨੇ ਹੀ ਉਸ ਨੂੰ ਕਿਹਾ:+ ‘ਦਾਊਦ ਨੂੰ ਸਰਾਪ ਦੇ!’ ਇਸ ਲਈ ਕੌਣ ਕਹਿ ਸਕਦਾ ਹੈ, ‘ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ ਹੈਂ?’”
11 ਫਿਰ ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਕਿਹਾ: “ਜਦ ਮੇਰਾ ਆਪਣਾ ਪੁੱਤਰ, ਮੇਰਾ ਆਪਣਾ ਖ਼ੂਨ* ਮੇਰੀ ਜਾਨ ਲੈਣ ʼਤੇ ਤੁਲਿਆ ਹੋਇਆ ਹੈ,+ ਤਾਂ ਫਿਰ ਮੈਂ ਇਸ ਬਿਨਯਾਮੀਨੀ ਤੋਂ ਕੀ ਉਮੀਦ ਰੱਖਾਂ?+ ਉਸ ਨੂੰ ਕੁਝ ਨਾ ਕਹੋ ਅਤੇ ਸਰਾਪ ਦੇ ਲੈਣ ਦਿਓ ਕਿਉਂਕਿ ਯਹੋਵਾਹ ਨੇ ਉਸ ਨੂੰ ਕਿਹਾ ਹੈ!
12 ਸ਼ਾਇਦ ਯਹੋਵਾਹ ਮੇਰੇ ਕਸ਼ਟ ਨੂੰ ਦੇਖੇ+ ਅਤੇ ਅੱਜ ਮੈਨੂੰ ਜਿਹੜੇ ਸਰਾਪ ਦਿੱਤੇ ਜਾ ਰਹੇ ਹਨ, ਉਨ੍ਹਾਂ ਦੀ ਜਗ੍ਹਾ ਸ਼ਾਇਦ ਯਹੋਵਾਹ ਦੁਬਾਰਾ ਮੇਰੇ ਨਾਲ ਭਲਾਈ ਕਰੇ।”+
13 ਫਿਰ ਦਾਊਦ ਅਤੇ ਉਸ ਦੇ ਆਦਮੀ ਹੇਠਾਂ ਨੂੰ ਜਾਂਦੇ ਰਾਹ ʼਤੇ ਤੁਰਦੇ ਗਏ ਅਤੇ ਸ਼ਿਮਈ ਪਹਾੜ ʼਤੇ ਉਨ੍ਹਾਂ ਦੇ ਨਾਲ-ਨਾਲ ਤੁਰਦਾ ਹੋਇਆ ਉੱਚੀ-ਉੱਚੀ ਸਰਾਪ ਦੇ ਰਿਹਾ ਸੀ+ ਅਤੇ ਪੱਥਰ ਮਾਰ ਰਿਹਾ ਸੀ ਤੇ ਬਹੁਤ ਸਾਰੀ ਮਿੱਟੀ ਸੁੱਟ ਰਿਹਾ ਸੀ।
14 ਅਖ਼ੀਰ ਰਾਜਾ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਥੱਕੇ-ਟੁੱਟੇ ਆਪਣੀ ਮੰਜ਼ਲ ʼਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਆਰਾਮ ਕੀਤਾ।
15 ਇਸ ਸਮੇਂ ਦੌਰਾਨ, ਅਬਸ਼ਾਲੋਮ ਅਤੇ ਇਜ਼ਰਾਈਲ ਦੇ ਸਾਰੇ ਆਦਮੀ ਯਰੂਸ਼ਲਮ ਪਹੁੰਚੇ ਅਤੇ ਅਹੀਥੋਫਲ+ ਉਸ ਦੇ ਨਾਲ ਸੀ।
16 ਜਦੋਂ ਦਾਊਦ ਦਾ ਦੋਸਤ* ਅਰਕੀ+ ਹੂਸ਼ਈ+ ਅਬਸ਼ਾਲੋਮ ਕੋਲ ਪਹੁੰਚਿਆ, ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਕਿਹਾ: “ਰਾਜਾ ਯੁਗੋ-ਯੁਗ ਜੀਵੇ!+ ਰਾਜਾ ਯੁਗੋ-ਯੁਗ ਜੀਵੇ!”
17 ਇਹ ਸੁਣ ਕੇ ਅਬਸ਼ਾਲੋਮ ਨੇ ਹੂਸ਼ਈ ਨੂੰ ਕਿਹਾ: “ਆਪਣੇ ਦੋਸਤ ਲਈ ਬੱਸ ਇਹੀ ਹੈ ਤੇਰੀ ਵਫ਼ਾਦਾਰੀ?* ਤੂੰ ਆਪਣੇ ਦੋਸਤ ਨਾਲ ਕਿਉਂ ਨਹੀਂ ਗਿਆ?”
18 ਹੂਸ਼ਈ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ: “ਨਹੀਂ, ਨਹੀਂ, ਮੈਂ ਤਾਂ ਉਸ ਦਾ ਸਾਥ ਦਿਆਂਗਾ ਜਿਸ ਨੂੰ ਯਹੋਵਾਹ, ਇਨ੍ਹਾਂ ਲੋਕਾਂ ਅਤੇ ਇਜ਼ਰਾਈਲ ਦੇ ਸਾਰੇ ਆਦਮੀਆਂ ਨੇ ਚੁਣਿਆ ਹੈ। ਮੈਂ ਉਸ ਦੇ ਨਾਲ ਹੀ ਰਹਾਂਗਾ।
19 ਮੈਂ ਦੁਬਾਰਾ ਕਹਿੰਦਾ ਹਾਂ, ਮੈਨੂੰ ਕਿਸ ਦੀ ਸੇਵਾ ਕਰਨੀ ਚਾਹੀਦੀ ਹੈ? ਉਸ ਦੇ ਪੁੱਤਰ ਦੀ ਨਹੀਂ? ਜਿਵੇਂ ਮੈਂ ਤੇਰੇ ਪਿਤਾ ਦੀ ਸੇਵਾ ਕੀਤੀ, ਤਿਵੇਂ ਮੈਂ ਤੇਰੀ ਸੇਵਾ ਕਰਾਂਗਾ।”+
20 ਫਿਰ ਅਬਸ਼ਾਲੋਮ ਨੇ ਅਹੀਥੋਫਲ ਨੂੰ ਕਿਹਾ: “ਮੈਨੂੰ ਸਲਾਹ ਦੇ।+ ਸਾਨੂੰ ਕੀ ਕਰਨਾ ਚਾਹੀਦਾ?”
21 ਅਹੀਥੋਫਲ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ: “ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਬੰਧ ਬਣਾ+ ਜਿਨ੍ਹਾਂ ਨੂੰ ਉਹ ਘਰ* ਦੀ ਦੇਖ-ਰੇਖ ਲਈ ਛੱਡ ਗਿਆ ਹੈ।+ ਫਿਰ ਜਦੋਂ ਸਾਰਾ ਇਜ਼ਰਾਈਲ ਸੁਣੇਗਾ ਕਿ ਤੇਰੇ ਇਸ ਕੰਮ ਕਰਕੇ ਤੇਰਾ ਪਿਤਾ ਤੈਨੂੰ ਨਫ਼ਰਤ ਕਰਦਾ ਹੈ, ਤਾਂ ਤੇਰਾ ਸਾਥ ਦੇਣ ਵਾਲਿਆਂ ਦੀ ਹਿੰਮਤ ਵਧੇਗੀ।”
22 ਇਸ ਲਈ ਉਨ੍ਹਾਂ ਨੇ ਅਬਸ਼ਾਲੋਮ ਲਈ ਛੱਤ ʼਤੇ ਇਕ ਤੰਬੂ ਲਾਇਆ+ ਅਤੇ ਅਬਸ਼ਾਲੋਮ ਨੇ ਸਾਰੇ ਇਜ਼ਰਾਈਲ ਦੀਆਂ ਅੱਖਾਂ ਸਾਮ੍ਹਣੇ+ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਬੰਧ ਬਣਾਏ।+
23 ਉਨ੍ਹਾਂ ਦਿਨਾਂ ਵਿਚ ਅਹੀਥੋਫਲ ਦੀ ਸਲਾਹ+ ਨੂੰ ਸੱਚੇ ਪਰਮੇਸ਼ੁਰ ਦੇ ਬਚਨ ਵਾਂਗ ਸਮਝਿਆ ਜਾਂਦਾ ਸੀ।* ਦਾਊਦ ਅਤੇ ਅਬਸ਼ਾਲੋਮ ਦੋਵੇਂ ਅਹੀਥੋਫਲ ਦੀ ਹਰ ਸਲਾਹ ਨੂੰ ਇਸੇ ਤਰ੍ਹਾਂ ਅਹਿਮੀਅਤ ਦਿੰਦੇ ਸਨ।
ਫੁਟਨੋਟ
^ ਖ਼ਾਸ ਕਰਕੇ ਅੰਜੀਰਾਂ ਅਤੇ ਸ਼ਾਇਦ ਖਜੂਰਾਂ ਵੀ।
^ ਜਾਂ, “ਪੋਤਾ।”
^ 2 ਸਮੂ 5:1, ਫੁਟਨੋਟ ਦੇਖੋ।
^ ਜਾਂ, “ਹਮਰਾਜ਼।”
^ ਜਾਂ, “ਅਟੱਲ ਪਿਆਰ।”
^ ਜਾਂ, “ਮਹਿਲ।”
^ ਜਾਂ, “ਇਸ ਤਰ੍ਹਾਂ ਸਮਝਿਆ ਜਾਂਦਾ ਸੀ ਜਿਵੇਂ ਕੋਈ ਸੱਚੇ ਪਰਮੇਸ਼ੁਰ ਤੋਂ ਸਲਾਹ ਪੁੱਛ ਰਿਹਾ ਹੋਵੇ।”