ਦੂਜਾ ਰਾਜਿਆਂ 20:1-21
20 ਉਨ੍ਹੀਂ ਦਿਨੀਂ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਉਹ ਮਰਨ ਕਿਨਾਰੇ ਸੀ।+ ਆਮੋਜ਼ ਦੇ ਪੁੱਤਰ ਯਸਾਯਾਹ ਨਬੀ ਨੇ ਆ ਕੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ: ‘ਆਪਣੇ ਘਰਾਣੇ ਨੂੰ ਹਿਦਾਇਤਾਂ ਦੇ ਕਿਉਂਕਿ ਤੂੰ ਮਰ ਜਾਵੇਂਗਾ; ਤੂੰ ਠੀਕ ਨਹੀਂ ਹੋਵੇਂਗਾ।’”+
2 ਇਹ ਸੁਣ ਕੇ ਉਸ ਨੇ ਆਪਣਾ ਮੂੰਹ ਕੰਧ ਵੱਲ ਕਰ ਲਿਆ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਾ:
3 “ਹੇ ਯਹੋਵਾਹ, ਮੈਂ ਤੇਰੇ ਅੱਗੇ ਮਿੰਨਤ ਕਰਦਾ ਹਾਂ, ਕਿਰਪਾ ਕਰ ਕੇ ਯਾਦ ਕਰ ਕਿ ਮੈਂ ਕਿਵੇਂ ਤੇਰੇ ਅੱਗੇ ਵਫ਼ਾਦਾਰੀ ਨਾਲ ਅਤੇ ਪੂਰੇ ਦਿਲ ਨਾਲ ਚੱਲਿਆ ਹਾਂ ਅਤੇ ਮੈਂ ਉਹੀ ਕੀਤਾ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਸੀ।”+ ਫਿਰ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗਾ।
4 ਯਸਾਯਾਹ ਅਜੇ ਵਿਚਕਾਰਲੇ ਵਿਹੜੇ ਤਕ ਵੀ ਨਹੀਂ ਪਹੁੰਚਿਆ ਸੀ ਕਿ ਯਹੋਵਾਹ ਦਾ ਇਹ ਸੰਦੇਸ਼ ਉਸ ਨੂੰ ਆਇਆ:+
5 “ਵਾਪਸ ਜਾਹ ਅਤੇ ਮੇਰੀ ਪਰਜਾ ਦੇ ਆਗੂ ਹਿਜ਼ਕੀਯਾਹ ਨੂੰ ਕਹਿ, ‘ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਦੇਖੇ ਹਨ।+ ਦੇਖ, ਮੈਂ ਤੈਨੂੰ ਠੀਕ ਕਰਾਂਗਾ।+ ਤੂੰ ਤੀਸਰੇ ਦਿਨ ਯਹੋਵਾਹ ਦੇ ਭਵਨ ਵਿਚ ਜਾਵੇਂਗਾ।+
6 ਮੈਂ ਤੇਰੀ ਜ਼ਿੰਦਗੀ* ਦੇ 15 ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵਾਂਗਾ।+ ਮੈਂ ਆਪਣੀ ਖ਼ਾਤਰ ਅਤੇ ਆਪਣੇ ਸੇਵਕ ਦਾਊਦ ਦੀ ਖ਼ਾਤਰ ਇਸ ਸ਼ਹਿਰ ਦੀ ਰਾਖੀ ਕਰਾਂਗਾ।”’”+
7 ਫਿਰ ਯਸਾਯਾਹ ਨੇ ਕਿਹਾ: “ਸੁੱਕੇ ਅੰਜੀਰਾਂ ਦੀ ਇਕ ਟਿੱਕੀ ਲਿਆਓ।” ਇਸ ਲਈ ਉਹ ਟਿੱਕੀ ਲੈ ਕੇ ਆਏ ਤੇ ਉਸ ਨੂੰ ਫੋੜੇ ਉੱਤੇ ਬੰਨ੍ਹ ਦਿੱਤਾ ਜਿਸ ਤੋਂ ਬਾਅਦ ਉਹ ਹੌਲੀ-ਹੌਲੀ ਠੀਕ ਹੋ ਗਿਆ।+
8 ਹਿਜ਼ਕੀਯਾਹ ਨੇ ਯਸਾਯਾਹ ਨੂੰ ਪੁੱਛਿਆ ਸੀ: “ਇਸ ਗੱਲ ਦੀ ਕੀ ਨਿਸ਼ਾਨੀ ਹੈ+ ਕਿ ਯਹੋਵਾਹ ਮੈਨੂੰ ਠੀਕ ਕਰ ਦੇਵੇਗਾ ਅਤੇ ਮੈਂ ਤੀਸਰੇ ਦਿਨ ਯਹੋਵਾਹ ਦੇ ਭਵਨ ਵਿਚ ਜਾਵਾਂਗਾ?”
9 ਯਸਾਯਾਹ ਨੇ ਜਵਾਬ ਦਿੱਤਾ: “ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨੀ ਹੈ ਜਿਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਆਪਣਾ ਕਿਹਾ ਬਚਨ ਪੂਰਾ ਕਰੇਗਾ: ਤੂੰ ਕੀ ਚਾਹੁੰਦਾ ਹੈਂ, ਪੌੜੀਆਂ* ਉੱਤੇ ਪਰਛਾਵਾਂ ਦਸ ਪੌਡੇ ਅੱਗੇ ਵਧੇ ਜਾਂ ਦਸ ਪੌਡੇ ਪਿੱਛੇ ਮੁੜੇ?”+
10 ਹਿਜ਼ਕੀਯਾਹ ਨੇ ਕਿਹਾ: “ਪਰਛਾਵੇਂ ਦਾ ਦਸ ਪੌਡੇ ਅੱਗੇ ਜਾਣਾ ਤਾਂ ਸੌਖੀ ਜਿਹੀ ਗੱਲ ਹੈ, ਪਰ ਦਸ ਪੌਡੇ ਪਿੱਛੇ ਮੁੜਨਾ ਔਖਾ ਹੈ।”
11 ਇਸ ਲਈ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਆਹਾਜ਼ ਦੀਆਂ ਪੌੜੀਆਂ ʼਤੇ ਪਰਛਾਵੇਂ ਨੂੰ ਦਸ ਪੌਡੇ ਪਿੱਛੇ ਮੋੜ ਦਿੱਤਾ ਜੋ ਪਹਿਲਾਂ ਹੀ ਪੌਡਿਆਂ ʼਤੇ ਥੱਲੇ ਵੱਲ ਨੂੰ ਪੈ ਚੁੱਕਾ ਸੀ।+
12 ਉਸ ਸਮੇਂ ਬਾਬਲ ਦੇ ਰਾਜੇ ਬਰੋਦਕ-ਬਲਦਾਨ ਨੇ, ਜੋ ਬਲਦਾਨ ਦਾ ਪੁੱਤਰ ਸੀ, ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇਕ ਤੋਹਫ਼ਾ ਘੱਲਿਆ ਕਿਉਂਕਿ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬੀਮਾਰ ਸੀ।+
13 ਹਿਜ਼ਕੀਯਾਹ ਨੇ ਉਨ੍ਹਾਂ ਦਾ ਸੁਆਗਤ ਕੀਤਾ* ਅਤੇ ਉਨ੍ਹਾਂ ਨੂੰ ਆਪਣਾ ਸਾਰਾ ਖ਼ਜ਼ਾਨਾ ਦਿਖਾਇਆ+—ਚਾਂਦੀ, ਸੋਨਾ, ਬਲਸਾਨ ਦਾ ਤੇਲ ਤੇ ਹੋਰ ਕਿਸਮ ਦਾ ਕੀਮਤੀ ਤੇਲ, ਹਥਿਆਰਾਂ ਦਾ ਭੰਡਾਰ ਅਤੇ ਉਹ ਸਭ ਕੁਝ ਜੋ ਉਸ ਦੇ ਖ਼ਜ਼ਾਨਿਆਂ ਵਿਚ ਸੀ। ਉਸ ਦੇ ਮਹਿਲ ਵਿਚ ਅਤੇ ਉਸ ਦੇ ਸਾਰੇ ਰਾਜ ਵਿਚ ਅਜਿਹੀ ਕੋਈ ਚੀਜ਼ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਾ ਦਿਖਾਈ ਹੋਵੇ।
14 ਇਸ ਤੋਂ ਬਾਅਦ ਯਸਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਆਇਆ ਤੇ ਉਸ ਨੂੰ ਪੁੱਛਿਆ: “ਇਹ ਆਦਮੀ ਕੀ ਕਹਿੰਦੇ ਸਨ ਤੇ ਇਹ ਕਿੱਥੋਂ ਆਏ ਸਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਇਹ ਦੂਰ-ਦੁਰੇਡੇ ਦੇਸ਼ ਬਾਬਲ ਤੋਂ ਆਏ ਸਨ।”+
15 ਫਿਰ ਉਸ ਨੇ ਪੁੱਛਿਆ: “ਉਨ੍ਹਾਂ ਨੇ ਤੇਰੇ ਮਹਿਲ ਵਿਚ ਕੀ-ਕੀ ਦੇਖਿਆ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਉਨ੍ਹਾਂ ਨੇ ਮੇਰੇ ਮਹਿਲ ਵਿਚ ਸਭ ਕੁਝ ਦੇਖਿਆ। ਮੇਰੇ ਖ਼ਜ਼ਾਨਿਆਂ ਵਿਚ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਉਨ੍ਹਾਂ ਨੂੰ ਨਾ ਦਿਖਾਈ ਹੋਵੇ।”
16 ਫਿਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਕਿਹਾ: “ਯਹੋਵਾਹ ਦਾ ਸੰਦੇਸ਼ ਸੁਣ,+
17 ‘ਦੇਖ! ਉਹ ਦਿਨ ਆ ਰਹੇ ਹਨ ਜਦੋਂ ਉਹ ਸਭ ਕੁਝ ਜੋ ਤੇਰੇ ਮਹਿਲ ਵਿਚ ਹੈ ਅਤੇ ਉਹ ਸਭ ਕੁਝ ਜੋ ਤੇਰੇ ਪਿਉ-ਦਾਦਿਆਂ ਨੇ ਅੱਜ ਤਕ ਇਕੱਠਾ ਕੀਤਾ ਹੈ, ਬਾਬਲ ਨੂੰ ਲਿਜਾਇਆ ਜਾਵੇਗਾ।+ ਕੁਝ ਵੀ ਨਹੀਂ ਬਚੇਗਾ,’ ਯਹੋਵਾਹ ਕਹਿੰਦਾ ਹੈ।
18 ‘ਨਾਲੇ ਤੇਰੇ ਕੁਝ ਪੁੱਤਰਾਂ ਨੂੰ, ਜੋ ਤੇਰੇ ਤੋਂ ਪੈਦਾ ਹੋਣਗੇ, ਲਿਜਾਇਆ ਜਾਵੇਗਾ+ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿਚ ਦਰਬਾਰੀ ਬਣ ਜਾਣਗੇ।’”+
19 ਇਹ ਸੁਣ ਕੇ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ: “ਯਹੋਵਾਹ ਦਾ ਇਹ ਬਚਨ ਜੋ ਤੂੰ ਮੈਨੂੰ ਦੱਸਿਆ ਹੈ, ਚੰਗਾ ਹੈ।”+ ਉਸ ਨੇ ਅੱਗੇ ਕਿਹਾ: “ਮੈਂ ਅਹਿਸਾਨਮੰਦ ਹਾਂ ਕਿ ਮੇਰੀ ਜ਼ਿੰਦਗੀ* ਦੌਰਾਨ ਸ਼ਾਂਤੀ ਰਹੇਗੀ ਅਤੇ ਉਥਲ-ਪੁਥਲ ਨਹੀਂ ਮਚੇਗੀ।”*+
20 ਹਿਜ਼ਕੀਯਾਹ ਦੀ ਬਾਕੀ ਕਹਾਣੀ, ਉਸ ਦੀ ਤਾਕਤ, ਉਸ ਨੇ ਕਿਵੇਂ ਸਰੋਵਰ ਅਤੇ ਖਾਲ਼ ਨੂੰ ਬਣਾਇਆ+ ਤੇ ਸ਼ਹਿਰ ਵਿਚ ਪਾਣੀ ਲਿਆਂਦਾ,+ ਇਸ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
21 ਫਿਰ ਹਿਜ਼ਕੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਅਤੇ ਉਸ ਦਾ ਪੁੱਤਰ ਮਨੱਸ਼ਹ+ ਉਸ ਦੀ ਜਗ੍ਹਾ ਰਾਜਾ ਬਣ ਗਿਆ।+
ਫੁਟਨੋਟ
^ ਇਬ, “ਦਿਨਾਂ।”
^ ਸ਼ਾਇਦ ਇਹ ਪੌੜੀਆਂ ਧੁੱਪ-ਘੜੀ ਵਾਂਗ ਸਮੇਂ ਦਾ ਹਿਸਾਬ ਲਾਉਣ ਲਈ ਵਰਤੀਆਂ ਜਾਂਦੀਆਂ ਸਨ।
^ ਜਾਂ, “ਦੀ ਸੁਣੀ।”
^ ਇਬ, “ਦਿਨਾਂ।”
^ ਜਾਂ, “ਸੱਚਾਈ ਰਹੇਗੀ।”