ਯੂਹੰਨਾ ਦੀ ਦੂਜੀ ਚਿੱਠੀ 1:1-13
1 ਮੈਂ ਬਜ਼ੁਰਗ,* ਇਹ ਚਿੱਠੀ ਚੁਣੀ ਹੋਈ ਭੈਣ* ਨੂੰ ਅਤੇ ਉਸ ਦੇ ਬੱਚਿਆਂ ਨੂੰ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ। ਮੈਂ ਹੀ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ, ਸਗੋਂ ਉਹ ਸਾਰੇ ਵੀ ਪਿਆਰ ਕਰਦੇ ਹਨ ਜਿਨ੍ਹਾਂ ਨੇ ਸੱਚਾਈ ਸਿੱਖੀ ਹੈ।
2 ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਸਾਡੇ ਦਿਲਾਂ ਵਿਚ ਸੱਚਾਈ ਹੈ ਅਤੇ ਇਹ ਹਮੇਸ਼ਾ ਸਾਡੇ ਦਿਲਾਂ ਵਿਚ ਰਹੇਗੀ।
3 ਪਿਤਾ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਯਿਸੂ ਮਸੀਹ ਸਾਨੂੰ ਸੱਚਾਈ ਦੇ ਗਿਆਨ ਅਤੇ ਪਿਆਰ ਦੇ ਨਾਲ-ਨਾਲ ਅਪਾਰ ਕਿਰਪਾ, ਦਇਆ ਅਤੇ ਸ਼ਾਂਤੀ ਬਖ਼ਸ਼ਣਗੇ।
4 ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਤੇਰੇ ਕੁਝ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ,+ ਠੀਕ ਜਿਵੇਂ ਪਿਤਾ ਨੇ ਸਾਨੂੰ ਹੁਕਮ ਦਿੱਤਾ ਹੈ।
5 ਇਸ ਲਈ ਭੈਣ, ਹੁਣ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਾਰੇ ਇਕ-ਦੂਸਰੇ ਨੂੰ ਪਿਆਰ ਕਰੀਏ। (ਮੈਂ ਤੈਨੂੰ ਚਿੱਠੀ ਵਿਚ ਕੋਈ ਨਵਾਂ ਹੁਕਮ ਨਹੀਂ ਦੇ ਰਿਹਾ ਹਾਂ, ਸਗੋਂ ਉਹੀ ਹੁਕਮ ਦੇ ਰਿਹਾ ਹਾਂ ਜੋ ਸਾਨੂੰ ਸ਼ੁਰੂ ਵਿਚ ਮਿਲਿਆ ਸੀ।)+
6 ਪਿਆਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲੀਏ।+ ਉਸ ਦਾ ਹੁਕਮ ਇਹ ਹੈ ਕਿ ਤੁਸੀਂ ਪਿਆਰ ਦੇ ਰਾਹ ਉੱਤੇ ਚੱਲਦੇ ਰਹੋ ਅਤੇ ਇਸ ਹੁਕਮ ਬਾਰੇ ਤੁਸੀਂ ਸ਼ੁਰੂ ਤੋਂ ਸੁਣਿਆ ਹੈ।
7 ਬਹੁਤ ਸਾਰੇ ਧੋਖੇਬਾਜ਼ ਦੁਨੀਆਂ ਵਿਚ ਆ ਚੁੱਕੇ ਹਨ+ ਅਤੇ ਇਹ ਧੋਖੇਬਾਜ਼ ਕਬੂਲ ਨਹੀਂ ਕਰਦੇ ਕਿ ਯਿਸੂ ਮਸੀਹ ਇਨਸਾਨ ਦੇ ਰੂਪ ਵਿਚ ਆਇਆ ਸੀ।+ ਜਿਹੜਾ ਇਸ ਗੱਲ ਨੂੰ ਕਬੂਲ ਨਹੀਂ ਕਰਦਾ, ਉਹੀ ਧੋਖੇਬਾਜ਼ ਅਤੇ ਮਸੀਹ ਦਾ ਵਿਰੋਧੀ ਹੈ।+
8 ਚੌਕਸ ਰਹੋ ਕਿ ਤੁਸੀਂ ਕਿਤੇ ਉਨ੍ਹਾਂ ਚੀਜ਼ਾਂ ਨੂੰ ਗੁਆ ਨਾ ਬੈਠੋ ਜਿਹੜੀਆਂ ਅਸੀਂ ਮਿਹਨਤ ਕਰ ਕੇ ਹਾਸਲ ਕੀਤੀਆਂ ਹਨ, ਸਗੋਂ ਤੁਸੀਂ ਪੂਰਾ ਇਨਾਮ ਪਾਓ।+
9 ਜਿਹੜਾ ਇਨਸਾਨ ਗੁਸਤਾਖ਼ੀ ਕਰਦੇ ਹੋਏ ਮਸੀਹ ਦੀ ਸਿੱਖਿਆ ਦੀਆਂ ਹੱਦਾਂ ਵਿਚ ਨਹੀਂ ਰਹਿੰਦਾ, ਉਸ ਦਾ ਪਰਮੇਸ਼ੁਰ ਨਾਲ ਕੋਈ ਰਿਸ਼ਤਾ ਨਹੀਂ ਹੈ।+ ਜਿਹੜਾ ਇਸ ਸਿੱਖਿਆ ਦੀਆਂ ਹੱਦਾਂ ਵਿਚ ਰਹਿੰਦਾ ਹੈ, ਉਸ ਦਾ ਪਿਤਾ ਅਤੇ ਪੁੱਤਰ ਦੋਵਾਂ ਨਾਲ ਰਿਸ਼ਤਾ ਹੈ।+
10 ਜੇ ਕੋਈ ਤੁਹਾਡੇ ਕੋਲ ਆਉਂਦਾ ਹੈ ਅਤੇ ਇਹ ਸਿੱਖਿਆ ਨਹੀਂ ਦਿੰਦਾ, ਤਾਂ ਉਸ ਨੂੰ ਨਾ ਆਪਣੇ ਘਰ ਵਾੜੋ+ ਅਤੇ ਨਾ ਹੀ ਨਮਸਕਾਰ ਕਰੋ
11 ਕਿਉਂਕਿ ਜਿਹੜਾ ਅਜਿਹੇ ਇਨਸਾਨ ਨੂੰ ਨਮਸਕਾਰ ਕਰਦਾ ਹੈ, ਉਹ ਉਸ ਦੇ ਬੁਰੇ ਕੰਮਾਂ ਵਿਚ ਹਿੱਸੇਦਾਰ ਬਣਦਾ ਹੈ।
12 ਮੈਂ ਤੁਹਾਨੂੰ ਹੋਰ ਕਈ ਗੱਲਾਂ ਦੱਸਣੀਆਂ ਚਾਹੁੰਦਾ ਹਾਂ, ਪਰ ਮੈਂ ਸਭ ਕੁਝ ਚਿੱਠੀ ਵਿਚ ਨਹੀਂ ਲਿਖਣਾ ਚਾਹੁੰਦਾ। ਮੈਨੂੰ ਤੁਹਾਡੇ ਕੋਲ ਆਉਣ ਦੀ ਉਮੀਦ ਹੈ ਅਤੇ ਫਿਰ ਆਪਾਂ ਆਮ੍ਹੋ-ਸਾਮ੍ਹਣੇ ਬੈਠ ਕੇ ਗੱਲਾਂ ਕਰਾਂਗੇ ਤਾਂਕਿ ਤੁਹਾਡੀ ਖ਼ੁਸ਼ੀ ਵਿਚ ਵਾਧਾ ਹੋਵੇ।
13 ਤੇਰੀ ਚੁਣੀ ਹੋਈ ਭੈਣ ਦੇ ਬੱਚਿਆਂ ਵੱਲੋਂ ਤੈਨੂੰ ਨਮਸਕਾਰ।
ਫੁਟਨੋਟ
^ ਜਾਂ, “ਸਿਆਣੀ ਉਮਰ ਦਾ।”
^ ਇਹ ਸ਼ਾਇਦ ਮੰਡਲੀ ਵਿਚ ਕੋਈ ਮਸੀਹੀ ਭੈਣ ਸੀ ਜਾਂ ਫਿਰ ਕਿਸੇ ਮੰਡਲੀ ਨੂੰ ਦਰਸਾਉਂਦੀ ਸੀ।