ਕੁਰਿੰਥੀਆਂ ਨੂੰ ਦੂਜੀ ਚਿੱਠੀ 5:1-21
5 ਅਸੀਂ ਜਾਣਦੇ ਹਾਂ ਕਿ ਧਰਤੀ ਉਤਲਾ ਸਾਡਾ ਘਰ* ਯਾਨੀ ਇਹ ਤੰਬੂ ਢਹਿ ਜਾਵੇਗਾ+ ਅਤੇ ਪਰਮੇਸ਼ੁਰ ਸਾਨੂੰ ਸਵਰਗ ਵਿਚ ਕਦੀ ਨਾ ਢਹਿਣ ਵਾਲਾ ਘਰ ਦੇਵੇਗਾ ਜੋ ਇਨਸਾਨੀ ਹੱਥਾਂ ਨਾਲ ਨਹੀਂ ਬਣਾਇਆ ਗਿਆ ਹੈ।+
2 ਧਰਤੀ ਉਤਲੇ ਇਸ ਘਰ* ਵਿਚ ਅਸੀਂ ਹਉਕੇ ਭਰਦੇ ਹਾਂ ਅਤੇ ਸਾਡੀ ਦਿਲੀ ਤਮੰਨਾ ਹੈ ਕਿ ਸਾਨੂੰ ਸਵਰਗੀ ਘਰ ਮਿਲੇ ਅਤੇ ਇਹ ਘਰ ਸਾਨੂੰ ਕੱਪੜੇ ਵਾਂਗ ਢਕ ਲਵੇਗਾ।+
3 ਜਦੋਂ ਅਸੀਂ ਇਸ ਨੂੰ ਪਹਿਨ ਲਵਾਂਗੇ, ਤਾਂ ਅਸੀਂ ਨੰਗੇ ਨਹੀਂ ਪਾਏ ਜਾਵਾਂਗੇ।
4 ਅਸਲ ਵਿਚ ਅਸੀਂ ਇਸ ਤੰਬੂ ਵਿਚ ਹਉਕੇ ਭਰਦੇ ਹਾਂ ਅਤੇ ਭਾਰੇ ਬੋਝ ਹੇਠ ਦੱਬੇ ਹੋਏ ਹਾਂ। ਇਹ ਨਹੀਂ ਹੈ ਕਿ ਅਸੀਂ ਇਸ ਤੰਬੂ ਨੂੰ ਲਾਹੁਣਾ ਚਾਹੁੰਦੇ ਹਾਂ, ਸਗੋਂ ਅਸੀਂ ਸਵਰਗੀ ਘਰ ਨੂੰ ਪਹਿਨਣਾ ਚਾਹੁੰਦੇ ਹਾਂ+ ਤਾਂਕਿ ਹਮੇਸ਼ਾ ਦੀ ਜ਼ਿੰਦਗੀ ਮਰਨਹਾਰ ਜ਼ਿੰਦਗੀ ਦੀ ਜਗ੍ਹਾ ਲੈ ਲਵੇ।+
5 ਪਰਮੇਸ਼ੁਰ ਨੇ ਇਸੇ ਵਾਸਤੇ ਸਾਨੂੰ ਤਿਆਰ ਕੀਤਾ ਹੈ+ ਅਤੇ ਸਾਨੂੰ ਭਵਿੱਖ ਵਿਚ ਮਿਲਣ ਵਾਲੀ ਵਿਰਾਸਤ ਦੇ ਬਿਆਨੇ ਦੇ ਤੌਰ ਤੇ* ਪਵਿੱਤਰ ਸ਼ਕਤੀ ਦਿੱਤੀ ਹੈ।+
6 ਇਸ ਲਈ ਅਸੀਂ ਹਮੇਸ਼ਾ ਪੂਰਾ ਭਰੋਸਾ ਰੱਖਦੇ ਹਾਂ ਅਤੇ ਜਾਣਦੇ ਹਾਂ ਕਿ ਇਸ ਘਰ ਯਾਨੀ ਸਰੀਰ ਵਿਚ ਰਹਿੰਦੇ ਹੋਏ ਅਸੀਂ ਪ੍ਰਭੂ ਤੋਂ ਦੂਰ ਹਾਂ।+
7 ਅਸੀਂ ਇਹ ਗੱਲ ਜਾਣਦੇ ਹਾਂ ਕਿਉਂਕਿ ਅਸੀਂ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਨਹੀਂ, ਸਗੋਂ ਨਿਹਚਾ ਅਨੁਸਾਰ ਚੱਲਦੇ ਹਾਂ।
8 ਪਰ ਅਸੀਂ ਪੂਰਾ ਭਰੋਸਾ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਅਸੀਂ ਇਸ ਸਰੀਰ ਵਿਚ ਰਹਿਣ ਦੀ ਬਜਾਇ ਪ੍ਰਭੂ ਦੇ ਨਾਲ ਰਹੀਏ।+
9 ਇਸ ਲਈ ਚਾਹੇ ਅਸੀਂ ਉਸ ਦੇ ਨਾਲ ਰਹੀਏ ਜਾਂ ਉਸ ਤੋਂ ਦੂਰ ਰਹੀਏ, ਸਾਡਾ ਇਰਾਦਾ ਇਹੀ ਹੈ ਕਿ ਅਸੀਂ ਉਸ ਨੂੰ ਖ਼ੁਸ਼ ਕਰੀਏ
10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ।
11 ਇਸ ਲਈ ਅਸੀਂ ਜਾਣਦੇ ਹਾਂ ਕਿ ਸਾਡੇ ਅੰਦਰ ਪ੍ਰਭੂ ਦਾ ਡਰ ਹੋਣਾ ਚਾਹੀਦਾ ਹੈ, ਇਸ ਕਰਕੇ ਅਸੀਂ ਲੋਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਾਇਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਪਰਮੇਸ਼ੁਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਪਰ ਮੈਨੂੰ ਉਮੀਦ ਹੈ ਕਿ ਤੁਸੀਂ* ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ।
12 ਅਸੀਂ ਨਵੇਂ ਸਿਰਿਓਂ ਤੁਹਾਡੇ ਨਾਲ ਆਪਣੀ ਜਾਣ-ਪਛਾਣ ਨਹੀਂ ਕਰਾਉਂਦੇ, ਸਗੋਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਸਾਡੇ ਉੱਤੇ ਮਾਣ ਕਰੋ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਜਵਾਬ ਦੇ ਸਕੋ ਜਿਹੜੇ ਬਾਹਰੀ ਰੂਪ ਉੱਤੇ ਸ਼ੇਖ਼ੀਆਂ ਮਾਰਦੇ ਹਨ,+ ਨਾ ਕਿ ਉਸ ਉੱਤੇ ਜੋ ਦਿਲ ਵਿਚ ਹੈ।
13 ਜੇ ਅਸੀਂ ਪਾਗਲ ਹਾਂ,+ ਤਾਂ ਅਸੀਂ ਪਰਮੇਸ਼ੁਰ ਦੀ ਖ਼ਾਤਰ ਪਾਗਲ ਹਾਂ; ਜੇ ਅਸੀਂ ਸਮਝਦਾਰ ਹਾਂ, ਤਾਂ ਅਸੀਂ ਤੁਹਾਡੀ ਖ਼ਾਤਰ ਸਮਝਦਾਰ ਹਾਂ।
14 ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ* ਹੈ ਕਿਉਂਕਿ ਅਸੀਂ ਇਹੀ ਸਿੱਟਾ ਕੱਢਿਆ ਹੈ ਕਿ ਇਕ ਆਦਮੀ ਸਾਰਿਆਂ ਦੀ ਖ਼ਾਤਰ ਮਰਿਆ+ ਕਿਉਂਕਿ ਸਾਰੇ ਲੋਕ ਪਹਿਲਾਂ ਹੀ ਮਰ ਚੁੱਕੇ ਸਨ।
15 ਉਹ ਸਾਰਿਆਂ ਦੀ ਖ਼ਾਤਰ ਮਰਿਆ ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਹੀਂ,+ ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ।
16 ਇਸ ਕਰਕੇ ਹੁਣ ਤੋਂ ਅਸੀਂ ਕਿਸੇ ਨੂੰ ਵੀ ਇਨਸਾਨੀ ਨਜ਼ਰੀਏ ਤੋਂ ਨਹੀਂ ਦੇਖਦੇ।+ ਜੇ ਅਸੀਂ ਮਸੀਹ ਨੂੰ ਪਹਿਲਾਂ ਇਨਸਾਨੀ ਨਜ਼ਰੀਏ ਤੋਂ ਦੇਖਦੇ ਵੀ ਸੀ, ਪਰ ਹੁਣ ਅਸੀਂ ਉਸ ਨੂੰ ਇਸ ਨਜ਼ਰੀਏ ਤੋਂ ਬਿਲਕੁਲ ਨਹੀਂ ਦੇਖਦੇ।+
17 ਇਸ ਲਈ ਜੇ ਕੋਈ ਇਨਸਾਨ ਮਸੀਹ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਤਾਂ ਉਹ ਨਵੀਂ ਸ੍ਰਿਸ਼ਟੀ ਹੈ;+ ਪੁਰਾਣੀਆਂ ਚੀਜ਼ਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਦੇਖੋ! ਨਵੀਆਂ ਚੀਜ਼ਾਂ ਹੋਂਦ ਵਿਚ ਆ ਗਈਆਂ ਹਨ।
18 ਪਰ ਸਾਰੀਆਂ ਚੀਜ਼ਾਂ ਪਰਮੇਸ਼ੁਰ ਵੱਲੋਂ ਹਨ ਜਿਸ ਨੇ ਮਸੀਹ ਦੇ ਰਾਹੀਂ ਸਾਡੇ ਨਾਲ ਸੁਲ੍ਹਾ ਕੀਤੀ+ ਅਤੇ ਸਾਨੂੰ ਸੁਲ੍ਹਾ ਕਰਾਉਣ ਦਾ ਕੰਮ ਸੌਂਪਿਆ।+
19 ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਮਸੀਹ ਰਾਹੀਂ ਲੋਕਾਂ ਨਾਲ ਸੁਲ੍ਹਾ ਕਰ ਰਿਹਾ ਸੀ+ ਅਤੇ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਦੋਸ਼ੀ ਨਹੀਂ ਠਹਿਰਾਇਆ।+ ਉਸ ਨੇ ਸਾਨੂੰ ਇਸ ਸੰਦੇਸ਼ ਦਾ ਪ੍ਰਚਾਰ ਕਰਨ ਦਾ ਕੰਮ ਦਿੱਤਾ ਕਿ ਲੋਕ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਨ।+
20 ਇਸ ਲਈ ਅਸੀਂ ਮਸੀਹ ਦੀ ਜਗ੍ਹਾ ਰਾਜਦੂਤਾਂ+ ਦੇ ਤੌਰ ਤੇ ਕੰਮ ਕਰਦੇ ਹਾਂ।+ ਦੇਖਿਆ ਜਾਵੇ ਤਾਂ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਅਤੇ ਮਸੀਹ ਦੀ ਜਗ੍ਹਾ ਅਸੀਂ ਬੇਨਤੀ ਕਰਦੇ ਹਾਂ: “ਪਰਮੇਸ਼ੁਰ ਨਾਲ ਸੁਲ੍ਹਾ ਕਰੋ।”
21 ਜਿਸ ਨੇ ਕਦੀ ਪਾਪ ਨਹੀਂ ਕੀਤਾ ਸੀ,+ ਉਸ ਨੂੰ ਪਰਮੇਸ਼ੁਰ ਨੇ ਸਾਡੇ ਪਾਪਾਂ ਦੀ ਖ਼ਾਤਰ ਬਲ਼ੀ ਚੜ੍ਹਾਇਆ* ਤਾਂਕਿ ਉਸ ਦੇ ਜ਼ਰੀਏ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾਈਏ।+
ਫੁਟਨੋਟ
^ ਇਸ ਅਧਿਆਇ ਵਿਚ “ਘਰ” ਹੱਡ-ਮਾਸ ਦੇ ਸਰੀਰ ਨੂੰ ਜਾਂ ਸਵਰਗੀ ਸਰੀਰ ਨੂੰ ਦਰਸਾਉਂਦਾ ਹੈ।
^ ਜਾਂ, “ਨਿਵਾਸ-ਸਥਾਨ।”
^ ਜਾਂ, “ਦੀ ਗਾਰੰਟੀ ਦੇ ਤੌਰ ਤੇ।”
^ ਯੂਨਾ, “ਤੁਹਾਡੀਆਂ ਜ਼ਮੀਰਾਂ।”
^ ਜਾਂ, “ਮਜਬੂਰ ਕਰਦਾ।”
^ ਯੂਨਾ, “ਸਾਡੀ ਖ਼ਾਤਰ ਪਾਪ ਬਣਾਇਆ।”