ਪਹਿਲਾ ਰਾਜਿਆਂ 7:1-51
7 ਸੁਲੇਮਾਨ ਨੂੰ ਆਪਣਾ ਮਹਿਲ ਬਣਾਉਣ ਵਿਚ 13 ਸਾਲ ਲੱਗੇ+ ਜਦ ਤਕ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋ ਗਿਆ।+
2 ਉਸ ਨੇ “ਲਬਾਨੋਨ ਵਣ ਭਵਨ” ਬਣਾਇਆ+ ਜਿਸ ਦੀ ਲੰਬਾਈ 100 ਹੱਥ,* ਚੁੜਾਈ 50 ਹੱਥ ਤੇ ਉਚਾਈ 30 ਹੱਥ ਸੀ ਅਤੇ ਇਹ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਉੱਤੇ ਖੜ੍ਹਾ ਸੀ; ਅਤੇ ਥੰਮ੍ਹਾਂ ਉੱਤੇ ਦਿਆਰ ਦੀਆਂ ਸ਼ਤੀਰੀਆਂ+ ਸਨ।
3 ਥੰਮ੍ਹਾਂ ਉੱਤੇ ਰੱਖੀਆਂ ਸ਼ਤੀਰੀਆਂ ਉੱਤੇ ਦਿਆਰ ਦੇ ਫੱਟੇ ਲਾਏ ਗਏ ਸਨ; ਇਨ੍ਹਾਂ ਦੀ ਗਿਣਤੀ 45 ਸੀ, ਹਰ ਕਤਾਰ ਵਿਚ 15 ਸਨ।
4 ਚੁਗਾਠਾਂ ਵਾਲੀਆਂ ਖਿੜਕੀਆਂ ਦੀਆਂ ਤਿੰਨ ਕਤਾਰਾਂ ਸਨ ਅਤੇ ਤਿੰਨਾਂ ਕਤਾਰਾਂ ਵਿਚ ਹਰ ਖਿੜਕੀ ਇਕ-ਦੂਜੀ ਦੇ ਆਮ੍ਹੋ-ਸਾਮ੍ਹਣੇ ਸੀ।
5 ਸਾਰੇ ਦਰਵਾਜ਼ੇ ਅਤੇ ਚੁਗਾਠਾਂ ਚੌਰਸ* ਸਨ ਜਿਵੇਂ ਉਹ ਖਿੜਕੀਆਂ ਜੋ ਤਿੰਨ ਕਤਾਰਾਂ ਵਿਚ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਸਨ।
6 ਉਸ ਨੇ “ਥੰਮ੍ਹਾਂ ਵਾਲੀ ਦਲਾਨ” ਬਣਾਈ ਜਿਸ ਦੀ ਲੰਬਾਈ 50 ਹੱਥ ਅਤੇ ਚੁੜਾਈ 30 ਹੱਥ ਸੀ ਅਤੇ ਉਸ ਦੇ ਅੱਗੇ ਥੰਮ੍ਹਾਂ ਤੇ ਛੱਜੇ ਵਾਲੀ ਇਕ ਹੋਰ ਦਲਾਨ ਸੀ।
7 ਉਸ ਨੇ “ਸਿੰਘਾਸਣ ਵਾਲੀ ਦਲਾਨ”+ ਯਾਨੀ “ਨਿਆਂ ਵਾਲੀ ਦਲਾਨ”+ ਵੀ ਬਣਾਈ ਜਿੱਥੇ ਉਹ ਨਿਆਂ ਕਰਦਾ ਸੀ ਅਤੇ ਉਨ੍ਹਾਂ ਨੇ ਥੱਲਿਓਂ ਲੈ ਕੇ ਸ਼ਤੀਰੀਆਂ ਤਕ ਉਸ ’ਤੇ ਦਿਆਰ ਦੇ ਤਖ਼ਤੇ ਲਾਏ।
8 ਜਿਸ ਮਹਿਲ ਵਿਚ ਉਸ ਨੇ ਰਹਿਣਾ ਸੀ, ਉਹ ਇਸ ਦਲਾਨ* ਦੇ ਪਿਛਲੇ ਪਾਸੇ ਦੂਸਰੇ ਵਿਹੜੇ+ ਵਿਚ ਸੀ ਅਤੇ ਇਹ ਇਸ ਦਲਾਨ ਵਾਂਗ ਹੀ ਬਣਾਇਆ ਗਿਆ ਸੀ। ਸੁਲੇਮਾਨ ਨੇ ਇਸ ਦਲਾਨ ਵਰਗਾ ਇਕ ਹੋਰ ਮਹਿਲ ਫ਼ਿਰਊਨ ਦੀ ਧੀ ਲਈ ਵੀ ਬਣਾਇਆ ਜਿਸ ਨਾਲ ਉਸ ਨੇ ਵਿਆਹ ਕਰਾਇਆ ਸੀ।+
9 ਇਹ ਸਭ ਕੁਝ ਮਿਣਤੀ ਅਨੁਸਾਰ ਕੱਟੇ ਗਏ ਕੀਮਤੀ ਪੱਥਰਾਂ+ ਨਾਲ ਬਣਾਇਆ ਗਿਆ ਸੀ ਜੋ ਅੰਦਰੋਂ-ਬਾਹਰੋਂ ਆਰਿਆਂ ਨਾਲ ਤਰਾਸ਼ੇ ਗਏ ਸਨ। ਨੀਹਾਂ ਤੋਂ ਲੈ ਕੇ ਕੰਧਾਂ ਦੇ ਸਿਰਿਆਂ ਤਕ ਅਤੇ ਬਾਹਰ ਵੱਡੇ ਵਿਹੜੇ+ ਤਕ ਅਜਿਹੇ ਹੀ ਪੱਥਰ ਸਨ।
10 ਨੀਂਹ ਬਹੁਤ ਵੱਡੇ-ਵੱਡੇ ਕੀਮਤੀ ਪੱਥਰਾਂ ਨਾਲ ਰੱਖੀ ਗਈ ਸੀ; ਕੁਝ ਪੱਥਰ ਦਸ ਹੱਥ ਦੇ ਸਨ ਤੇ ਬਾਕੀ ਅੱਠ ਹੱਥ ਦੇ।
11 ਉਨ੍ਹਾਂ ਉੱਤੇ ਮਿਣਤੀ ਅਨੁਸਾਰ ਤਰਾਸ਼ੇ ਗਏ ਕੀਮਤੀ ਪੱਥਰ ਅਤੇ ਦਿਆਰ ਦੀ ਲੱਕੜ ਲਾਈ ਗਈ ਸੀ।
12 ਵੱਡੇ ਵਿਹੜੇ ਦੇ ਦੁਆਲੇ ਤਿੰਨ ਰਦਾਂ ਤਰਾਸ਼ੇ ਹੋਏ ਪੱਥਰਾਂ ਦੀਆਂ ਅਤੇ ਇਕ ਕਤਾਰ ਦਿਆਰ ਦੀਆਂ ਸ਼ਤੀਰੀਆਂ ਦੀ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਅੰਦਰਲੇ ਵਿਹੜੇ+ ਦੁਆਲੇ ਅਤੇ ਭਵਨ ਦੀ ਦਲਾਨ+ ਦੁਆਲੇ ਸੀ।
13 ਰਾਜਾ ਸੁਲੇਮਾਨ ਨੇ ਸੋਰ ਤੋਂ ਹੀਰਾਮ+ ਨੂੰ ਬੁਲਵਾਇਆ।
14 ਉਹ ਨਫ਼ਤਾਲੀ ਦੇ ਗੋਤ ਦੀ ਇਕ ਵਿਧਵਾ ਦਾ ਪੁੱਤਰ ਸੀ ਅਤੇ ਉਸ ਦਾ ਪਿਤਾ ਸੋਰ ਦਾ ਰਹਿਣ ਵਾਲਾ ਠਠਿਆਰ ਸੀ;+ ਹੀਰਾਮ ਤਾਂਬੇ* ਦਾ ਹਰ ਤਰ੍ਹਾਂ ਦਾ ਕੰਮ ਕਰਨ ਵਿਚ ਬਹੁਤ ਮਾਹਰ ਸੀ ਅਤੇ ਉਸ ਨੂੰ ਇਸ ਕੰਮ ਦੀ ਸਮਝ+ ਤੇ ਤਜਰਬਾ ਸੀ। ਉਹ ਰਾਜਾ ਸੁਲੇਮਾਨ ਕੋਲ ਆਇਆ ਅਤੇ ਉਸ ਦਾ ਸਾਰਾ ਕੰਮ ਕੀਤਾ।
15 ਉਸ ਨੇ ਤਾਂਬੇ ਨੂੰ ਢਾਲ਼ ਕੇ ਦੋ ਥੰਮ੍ਹ ਬਣਾਏ;+ ਹਰੇਕ ਥੰਮ੍ਹ ਦੀ ਉਚਾਈ 18 ਹੱਥ ਅਤੇ ਹਰੇਕ ਦਾ ਘੇਰਾ 12 ਹੱਥ ਸੀ।*+
16 ਉਸ ਨੇ ਥੰਮ੍ਹਾਂ ਦੇ ਸਿਰਿਆਂ ’ਤੇ ਰੱਖਣ ਲਈ ਤਾਂਬੇ ਨੂੰ ਢਾਲ਼ ਕੇ ਦੋ ਕੰਗੂਰੇ* ਬਣਾਏ। ਇਕ ਕੰਗੂਰੇ ਦੀ ਉਚਾਈ ਪੰਜ ਹੱਥ ਸੀ ਤੇ ਦੂਜੇ ਕੰਗੂਰੇ ਦੀ ਉਚਾਈ ਵੀ ਪੰਜ ਹੱਥ ਸੀ।
17 ਹਰੇਕ ਥੰਮ੍ਹ ਦੇ ਕੰਗੂਰੇ ਉੱਤੇ ਗੁੰਦੀਆਂ ਹੋਈਆਂ ਜ਼ੰਜੀਰਾਂ ਨਾਲ ਜਾਲ਼ੀਆਂ ਬਣਾਈਆਂ ਗਈਆਂ ਸਨ;+ ਸੱਤ ਇਕ ਕੰਗੂਰੇ ਉੱਤੇ ਅਤੇ ਸੱਤ ਦੂਸਰੇ ਕੰਗੂਰੇ ਉੱਤੇ।
18 ਉਸ ਨੇ ਥੰਮ੍ਹਾਂ ਦੇ ਕੰਗੂਰਿਆਂ ’ਤੇ ਬਣੀਆਂ ਜਾਲ਼ੀਆਂ ਦੇ ਦੁਆਲੇ ਅਨਾਰਾਂ ਦੀਆਂ ਦੋ ਕਤਾਰਾਂ ਬਣਾਈਆਂ; ਉਸ ਨੇ ਦੋਹਾਂ ਕੰਗੂਰਿਆਂ ’ਤੇ ਇਸੇ ਤਰ੍ਹਾਂ ਕੀਤਾ।
19 ਦਲਾਨ ਦੇ ਥੰਮ੍ਹਾਂ ਦੇ ਸਿਰਿਆਂ ’ਤੇ ਬਣੇ ਕੰਗੂਰੇ ਸੋਸਨ ਦੇ ਫੁੱਲਾਂ ਵਰਗੇ ਸਨ ਜਿਨ੍ਹਾਂ ਦੀ ਉਚਾਈ ਚਾਰ ਹੱਥ ਸੀ।
20 ਕੰਗੂਰੇ ਦੋਹਾਂ ਥੰਮ੍ਹਾਂ ਉੱਤੇ ਸਨ ਜੋ ਥੰਮ੍ਹਾਂ ਦੇ ਗੋਲ ਸਿਰੇ ਦੇ ਬਿਲਕੁਲ ਉੱਪਰ ਜਾਲ਼ੀਦਾਰ ਕੰਮ ਦੇ ਨਾਲ ਲੱਗਦੇ ਸਨ। ਹਰ ਕੰਗੂਰੇ ਦੇ ਦੁਆਲੇ ਕਤਾਰਾਂ ਸਨ ਜਿਨ੍ਹਾਂ ਵਿਚ 200 ਅਨਾਰ ਸਨ।+
21 ਉਸ ਨੇ ਮੰਦਰ* ਦੀ ਦਲਾਨ ਦੇ ਥੰਮ੍ਹ ਖੜ੍ਹੇ ਕੀਤੇ।+ ਉਸ ਨੇ ਸੱਜੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਯਾਕੀਨ* ਰੱਖਿਆ ਅਤੇ ਫਿਰ ਉਸ ਨੇ ਖੱਬੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਬੋਅਜ਼* ਰੱਖਿਆ।+
22 ਥੰਮ੍ਹਾਂ ਦੇ ਸਿਰੇ ਸੋਸਨ ਦੇ ਫੁੱਲਾਂ ਵਰਗੇ ਦਿਸਦੇ ਸਨ। ਇਸ ਤਰ੍ਹਾਂ ਥੰਮ੍ਹ ਬਣਾਉਣ ਦਾ ਕੰਮ ਪੂਰਾ ਹੋ ਗਿਆ।
23 ਫਿਰ ਉਸ ਨੇ ਧਾਤ ਨੂੰ ਢਾਲ਼ ਕੇ ਵੱਡਾ ਹੌਦ* ਬਣਾਇਆ।+ ਇਹ ਗੋਲ ਸੀ ਤੇ ਕੰਢੇ ਤੋਂ ਕੰਢੇ ਤਕ ਇਹ 10 ਹੱਥ ਸੀ ਅਤੇ ਇਸ ਦੀ ਉਚਾਈ 5 ਹੱਥ ਤੇ ਘੇਰਾ 30 ਹੱਥ ਸੀ।*+
24 ਵੱਡੇ ਹੌਦ ਦੇ ਕੰਢੇ ਦੇ ਬਿਲਕੁਲ ਥੱਲੇ ਹਰ ਪਾਸੇ ਸਜਾਵਟ ਲਈ ਕੱਦੂ ਬਣਾਏ ਗਏ ਸਨ।+ ਇਕ-ਇਕ ਹੱਥ ਦੀ ਜਗ੍ਹਾ ’ਤੇ ਦਸ-ਦਸ ਕੱਦੂਆਂ ਦੀਆਂ ਦੋ ਕਤਾਰਾਂ ਸਨ ਤੇ ਇਨ੍ਹਾਂ ਨੂੰ ਹੌਦ ਸਣੇ ਢਾਲ਼ ਕੇ ਬਣਾਇਆ ਗਿਆ ਸੀ।
25 ਇਹ 12 ਬਲਦਾਂ ’ਤੇ ਰੱਖਿਆ ਗਿਆ ਸੀ,+ 3 ਬਲਦਾਂ ਦੇ ਮੂੰਹ ਉੱਤਰ ਵੱਲ, 3 ਦੇ ਪੱਛਮ ਵੱਲ, 3 ਦੇ ਦੱਖਣ ਵੱਲ ਅਤੇ 3 ਦੇ ਮੂੰਹ ਪੂਰਬ ਵੱਲ ਸਨ; ਵੱਡਾ ਹੌਦ ਉਨ੍ਹਾਂ ’ਤੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਦੀਆਂ ਪਿੱਠਾਂ ਅੰਦਰ ਵੱਲ ਨੂੰ ਸਨ।
26 ਇਸ ਦੀ ਮੋਟਾਈ ਇਕ ਚੱਪਾ* ਸੀ; ਇਸ ਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ ਜੋ ਸੋਸਨ ਦੇ ਖਿੜੇ ਹੋਏ ਫੁੱਲ ਵਰਗਾ ਦਿਸਦਾ ਸੀ। ਇਸ ਵਿਚ 2,000 ਬਥ* ਪਾਣੀ ਭਰਿਆ ਜਾ ਸਕਦਾ ਸੀ।
27 ਫਿਰ ਉਸ ਨੇ ਤਾਂਬੇ ਦੀਆਂ ਦਸ ਪਹੀਏਦਾਰ ਗੱਡੀਆਂ* ਬਣਾਈਆਂ।+ ਹਰੇਕ ਗੱਡੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਾਈ ਤਿੰਨ ਹੱਥ ਸੀ।
28 ਇਹ ਪਹੀਏਦਾਰ ਗੱਡੀਆਂ ਇਸ ਤਰ੍ਹਾਂ ਬਣਾਈਆਂ ਗਈਆਂ ਸਨ: ਇਨ੍ਹਾਂ ਦੇ ਪਾਸਿਆਂ ’ਤੇ ਫੱਟੀਆਂ ਸਨ ਤੇ ਇਹ ਫੱਟੀਆਂ ਚੌਖਟਿਆਂ* ਦੇ ਵਿਚਕਾਰ ਲਾਈਆਂ ਗਈਆਂ ਸਨ।
29 ਚੌਖਟਿਆਂ ਦੇ ਵਿਚਕਾਰ ਲੱਗੀਆਂ ਫੱਟੀਆਂ ਉੱਤੇ ਸ਼ੇਰ,+ ਬਲਦ ਤੇ ਕਰੂਬੀ+ ਬਣੇ ਸਨ ਅਤੇ ਇਹੀ ਬਣਾਵਟ ਚੌਖਟਿਆਂ ਦੇ ਉੱਤੇ ਸੀ। ਸ਼ੇਰਾਂ ਅਤੇ ਬਲਦਾਂ ਦੀ ਬਣਾਵਟ ਦੇ ਉੱਪਰ-ਥੱਲੇ ਗੁੰਦੇ ਹੋਏ ਲਟਕਵੇਂ ਹਾਰ ਸਨ।
30 ਹਰੇਕ ਪਹੀਏਦਾਰ ਗੱਡੀ ਦੇ ਤਾਂਬੇ ਦੇ ਚਾਰ ਪਹੀਏ ਤੇ ਤਾਂਬੇ ਦੀਆਂ ਧੁਰੀਆਂ ਸਨ ਅਤੇ ਉਸ ਦੇ ਕੋਨਿਆਂ ’ਤੇ ਸਹਾਰੇ ਲਈ ਟੇਕਾਂ ਸਨ। ਛੋਟੇ ਹੌਦ ਦੇ ਥੱਲੇ ਟੇਕਾਂ ਸਨ ਜਿਨ੍ਹਾਂ ਉੱਤੇ ਗੁੰਦੇ ਹੋਏ ਹਾਰ ਬਣੇ ਹੋਏ ਸਨ ਅਤੇ ਇਹ ਟੇਕਾਂ ਹਾਰਾਂ ਸਣੇ ਢਾਲ਼ ਕੇ ਬਣਾਈਆਂ ਗਈਆਂ ਸਨ।
31 ਛੋਟੇ ਹੌਦ ਦਾ ਮੂੰਹ ਗੱਡੀ ਦੇ ਉੱਪਰੀ ਸਿਰੇ ਦੇ ਅੰਦਰ ਸੀ ਤੇ ਇਸ ਦਾ ਥੱਲਾ ਇਕ ਹੱਥ ਡੂੰਘਾ ਸੀ; ਗੱਡੀ ਦਾ ਮੂੰਹ ਗੋਲ ਸੀ ਜਿਸ ਦੀ ਉਚਾਈ ਟੇਕਾਂ ਨਾਲ ਮਿਲਾ ਕੇ ਡੇਢ ਹੱਥ ਬਣਦੀ ਸੀ। ਗੱਡੀ ਦੇ ਮੂੰਹ ’ਤੇ ਨਕਾਸ਼ੀ ਕੀਤੀ ਗਈ ਸੀ ਅਤੇ ਇਨ੍ਹਾਂ ਦੇ ਪਾਸਿਆਂ ’ਤੇ ਲੱਗੀਆਂ ਫੱਟੀਆਂ ਚੌਰਸ ਸਨ, ਨਾ ਕਿ ਗੋਲ।
32 ਚਾਰ ਪਹੀਏ ਪਾਸਿਆਂ ’ਤੇ ਲੱਗੀਆਂ ਫੱਟੀਆਂ ਦੇ ਥੱਲੇ ਸਨ ਅਤੇ ਪਹੀਆਂ ਦੀਆਂ ਟੇਕਾਂ ਗੱਡੀਆਂ ਨਾਲ ਜੁੜੀਆਂ ਹੋਈਆਂ ਸਨ ਤੇ ਹਰ ਪਹੀਏ ਦੀ ਉਚਾਈ ਡੇਢ ਹੱਥ ਸੀ।
33 ਅਤੇ ਪਹੀਏ ਰਥਾਂ ਦੇ ਪਹੀਆਂ ਵਰਗੇ ਬਣਾਏ ਗਏ ਸਨ। ਉਨ੍ਹਾਂ ਦੇ ਕਿੱਲ, ਚੱਕੇ, ਅਰਾਂ ਅਤੇ ਨਾਭਾਂ ਧਾਤ ਨੂੰ ਢਾਲ਼ ਕੇ ਬਣਾਈਆਂ ਗਈਆਂ ਸਨ।
34 ਹਰੇਕ ਗੱਡੀ ਦੇ ਚਾਰ ਕੋਨਿਆਂ ’ਤੇ ਚਾਰ ਟੇਕਾਂ ਸਨ; ਇਹ ਟੇਕਾਂ ਗੱਡੀਆਂ ਸਣੇ ਢਾਲ਼ ਕੇ ਬਣਾਈਆਂ ਗਈਆਂ ਸਨ।
35 ਗੱਡੀ ਦੇ ਉੱਪਰੀ ਸਿਰੇ ’ਤੇ ਅੱਧਾ ਹੱਥ ਉੱਚੀ ਇਕ ਗੋਲਾਕਾਰ ਪੱਟੀ ਸੀ ਅਤੇ ਗੱਡੀ ਦੇ ਸਿਰੇ ਦੇ ਚੌਖਟੇ ਅਤੇ ਫੱਟੀਆਂ ਪਹੀਏਦਾਰ ਗੱਡੀਆਂ ਸਣੇ ਢਾਲ਼ ਕੇ ਬਣਾਈਆਂ ਗਈਆਂ ਸਨ।
36 ਉਸ ਨੇ ਚੌਖਟਿਆਂ ਅਤੇ ਫੱਟੀਆਂ ਉੱਤੇ ਜਗ੍ਹਾ ਦੇ ਹਿਸਾਬ ਨਾਲ ਕਰੂਬੀ, ਸ਼ੇਰ ਅਤੇ ਖਜੂਰਾਂ ਦੇ ਦਰਖ਼ਤ ਨਕਾਸ਼ੇ ਅਤੇ ਉਨ੍ਹਾਂ ਦੇ ਸਾਰੇ ਪਾਸੇ ਗੁੰਦੇ ਹੋਏ ਹਾਰ ਬਣਾਏ।+
37 ਇਸ ਤਰ੍ਹਾਂ ਉਸ ਨੇ ਦਸ ਪਹੀਏਦਾਰ ਗੱਡੀਆਂ ਬਣਾਈਆਂ;+ ਉਹ ਸਾਰੀਆਂ ਇੱਕੋ ਤਰੀਕੇ ਨਾਲ ਢਾਲ਼ ਕੇ ਬਣਾਈਆਂ ਗਈਆਂ ਸਨ+ ਅਤੇ ਸਾਰੀਆਂ ਦਾ ਨਾਪ ਤੇ ਆਕਾਰ ਇੱਕੋ ਜਿਹਾ ਸੀ।
38 ਉਸ ਨੇ ਤਾਂਬੇ ਦੇ ਦਸ ਛੋਟੇ ਹੌਦ ਬਣਾਏ;+ ਹਰੇਕ ਵਿਚ 40 ਬਥ ਪਾਣੀ ਭਰਿਆ ਜਾ ਸਕਦਾ ਸੀ। ਹਰ ਛੋਟਾ ਹੌਦ ਚਾਰ ਹੱਥ* ਦਾ ਸੀ। ਦਸਾਂ ਪਹੀਏਦਾਰ ਗੱਡੀਆਂ ਵਿੱਚੋਂ ਹਰੇਕ ਲਈ ਇਕ-ਇਕ ਛੋਟਾ ਹੌਦ ਸੀ।
39 ਫਿਰ ਉਸ ਨੇ ਪੰਜ ਪਹੀਏਦਾਰ ਗੱਡੀਆਂ ਭਵਨ ਦੇ ਸੱਜੇ ਪਾਸੇ ਰੱਖੀਆਂ ਅਤੇ ਪੰਜ ਪਹੀਏਦਾਰ ਗੱਡੀਆਂ ਭਵਨ ਦੇ ਖੱਬੇ ਪਾਸੇ ਅਤੇ ਉਸ ਨੇ ਵੱਡਾ ਹੌਦ ਭਵਨ ਦੇ ਸੱਜੇ ਪਾਸੇ ਦੱਖਣ-ਪੂਰਬ ਵੱਲ ਰੱਖਿਆ।+
40 ਹੀਰਾਮ+ ਨੇ ਛੋਟੇ ਹੌਦ, ਬੇਲਚੇ+ ਅਤੇ ਕਟੋਰੇ+ ਵੀ ਬਣਾਏ। ਹੀਰਾਮ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਦਾ ਸਾਰਾ ਕੰਮ ਪੂਰਾ ਕੀਤਾ।+ ਉਸ ਨੇ ਇਹ ਸਭ ਬਣਾਇਆ:
41 ਦੋ ਥੰਮ੍ਹ+ ਅਤੇ ਦੋਹਾਂ ਥੰਮ੍ਹਾਂ ਦੇ ਸਿਰਿਆਂ ’ਤੇ ਕਟੋਰਿਆਂ ਵਰਗੇ ਕੰਗੂਰੇ; ਥੰਮ੍ਹਾਂ ਦੇ ਸਿਰਿਆਂ ’ਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਤੇ ਦੋ ਜਾਲ਼ੀਆਂ;+
42 ਦੋਹਾਂ ਥੰਮ੍ਹਾਂ ਦੇ ਸਿਰਿਆਂ ’ਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਪਰ ਬਣਾਈਆਂ ਦੋ ਜਾਲ਼ੀਆਂ ਲਈ 400 ਅਨਾਰ,+ ਯਾਨੀ ਹਰ ਜਾਲ਼ੀ ਲਈ ਅਨਾਰਾਂ ਦੀਆਂ ਦੋ ਕਤਾਰਾਂ;
43 ਦਸ ਪਹੀਏਦਾਰ ਗੱਡੀਆਂ+ ਅਤੇ ਗੱਡੀਆਂ ’ਤੇ ਰੱਖਣ ਲਈ ਦਸ ਛੋਟੇ ਹੌਦ;+
44 ਵੱਡਾ ਹੌਦ+ ਅਤੇ ਹੌਦ ਦੇ ਹੇਠਾਂ 12 ਬਲਦ;
45 ਅਤੇ ਬਾਲਟੀਆਂ, ਬੇਲਚੇ, ਕਟੋਰੇ ਤੇ ਸਾਰਾ ਸਾਮਾਨ ਹੀਰਾਮ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਵਾਸਤੇ ਮਾਂਜੇ ਹੋਏ ਤਾਂਬੇ ਦਾ ਬਣਾਇਆ।
46 ਰਾਜੇ ਨੇ ਇਨ੍ਹਾਂ ਨੂੰ ਯਰਦਨ ਜ਼ਿਲ੍ਹੇ ਵਿਚ ਸੁੱਕੋਥ ਅਤੇ ਸਾਰਥਾਨ ਵਿਚਕਾਰ ਮਿੱਟੀ ਦੇ ਸਾਂਚਿਆਂ ਵਿਚ ਢਾਲ਼ਿਆ।
47 ਇੰਨਾ ਸਾਰਾ ਸਾਮਾਨ ਹੋਣ ਕਰਕੇ ਸੁਲੇਮਾਨ ਨੇ ਇਸ ਨੂੰ ਤੋਲਿਆ ਨਹੀਂ। ਤਾਂਬੇ ਦੇ ਭਾਰ ਦਾ ਪਤਾ ਨਹੀਂ ਲੱਗ ਸਕਿਆ।+
48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+
49 ਖਾਲਸ ਸੋਨੇ ਦੇ ਸ਼ਮਾਦਾਨ+ ਜੋ ਅੰਦਰਲੇ ਕਮਰੇ ਦੇ ਸਾਮ੍ਹਣੇ ਰੱਖੇ ਗਏ ਸਨ, ਪੰਜ ਸੱਜੇ ਪਾਸੇ ਅਤੇ ਪੰਜ ਖੱਬੇ ਪਾਸੇ; ਸੋਨੇ ਦੇ ਫੁੱਲ,+ ਦੀਵੇ ਅਤੇ ਚਿਮਟੀਆਂ;+
50 ਖਾਲਸ ਸੋਨੇ ਦੇ ਹੌਦ, ਬੱਤੀ ਨੂੰ ਕੱਟਣ ਲਈ ਕੈਂਚੀਆਂ,+ ਕਟੋਰੇ, ਪਿਆਲੇ+ ਅਤੇ ਅੱਗ ਚੁੱਕਣ ਵਾਲੇ ਕੜਛੇ;+ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਦੇ ਦਰਵਾਜ਼ਿਆਂ+ ਅਤੇ ਭਵਨ ਦੇ ਮੰਦਰ* ਦੇ ਦਰਵਾਜ਼ਿਆਂ+ ਲਈ ਸੋਨੇ ਦੇ ਕਬਜ਼ੇ।
51 ਇਸ ਤਰ੍ਹਾਂ ਰਾਜਾ ਸੁਲੇਮਾਨ ਨੇ ਉਹ ਸਾਰਾ ਕੰਮ ਪੂਰਾ ਕੀਤਾ ਜੋ ਉਸ ਨੇ ਯਹੋਵਾਹ ਦੇ ਭਵਨ ਲਈ ਕਰਨਾ ਸੀ। ਫਿਰ ਸੁਲੇਮਾਨ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜੋ ਉਸ ਦੇ ਪਿਤਾ ਦਾਊਦ ਨੇ ਪਵਿੱਤਰ ਕੀਤੀਆਂ ਸਨ+ ਅਤੇ ਉਸ ਨੇ ਚਾਂਦੀ, ਸੋਨਾ ਤੇ ਬਾਕੀ ਚੀਜ਼ਾਂ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਵਿਚ ਰੱਖ ਦਿੱਤੀਆਂ।+
ਫੁਟਨੋਟ
^ ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਆਇਤਾਕਾਰ।”
^ ਇਬ, “ਦਲਾਨ ਵਾਲਾ ਘਰ।”
^ ਜਾਂ, “ਕਾਂਸੀ,” ਇੱਥੇ ਅਤੇ ਇਸ ਅਧਿਆਇ ਵਿਚ ਬਾਕੀ ਥਾਵਾਂ ’ਤੇ।
^ ਜਾਂ, “ਹਰੇਕ ਥੰਮ੍ਹ ਦਾ ਘੇਰਾ ਨਾਪਣ ਲਈ 12 ਹੱਥ ਲੰਬੀ ਰੱਸੀ ਲੱਗਦੀ ਸੀ।”
^ ਥੰਮ੍ਹ ਦਾ ਸਜਾਵਟੀ ਸਿਰਾ।
^ ਮਤਲਬ “ਉਹ [ਯਾਨੀ ਯਹੋਵਾਹ] ਮਜ਼ਬੂਤੀ ਨਾਲ ਕਾਇਮ ਕਰੇ।”
^ ਸ਼ਾਇਦ ਇਸ ਦਾ ਮਤਲਬ ਹੈ “ਤਾਕਤ ਨਾਲ।”
^ ਜਾਂ, “ਉੱਤਰੀ।”
^ ਜਾਂ, “ਦੱਖਣੀ।”
^ ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।
^ ਇਬ, “ਸਾਗਰ।”
^ ਜਾਂ, “ਇਸ ਦਾ ਘੇਰਾ ਨਾਪਣ ਲਈ 30 ਹੱਥ ਲੰਬੀ ਰੱਸੀ ਲੱਗਦੀ ਸੀ।”
^ ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਪਾਣੀ ਲਿਜਾਣ ਵਾਲੀਆਂ ਗੱਡੀਆਂ।”
^ ਜਾਂ, “ਫਰੇਮਾਂ।”
^ ਜਾਂ, “ਦਾ ਵਿਆਸ 4 ਹੱਥ।”
^ ਲੱਗਦਾ ਹੈ ਕਿ ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।