ਪਹਿਲਾ ਰਾਜਿਆਂ 12:1-33
12 ਰਹਬੁਆਮ ਸ਼ਕਮ ਨੂੰ ਗਿਆ ਕਿਉਂਕਿ ਸਾਰਾ ਇਜ਼ਰਾਈਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਆਇਆ ਹੋਇਆ ਸੀ।+
2 ਜਿਉਂ ਹੀ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਸ ਬਾਰੇ ਸੁਣਿਆ (ਉਹ ਅਜੇ ਮਿਸਰ ਵਿਚ ਹੀ ਸੀ ਕਿਉਂਕਿ ਉਸ ਨੂੰ ਰਾਜਾ ਸੁਲੇਮਾਨ ਕਰਕੇ ਭੱਜਣਾ ਪਿਆ ਸੀ ਤੇ ਉਹ ਮਿਸਰ ਵਿਚ ਰਹਿ ਰਿਹਾ ਸੀ),+
3 ਤਾਂ ਉਨ੍ਹਾਂ ਨੇ ਉਸ ਨੂੰ ਬੁਲਵਾਇਆ। ਇਸ ਤੋਂ ਬਾਅਦ ਯਾਰਾਬੁਆਮ ਤੇ ਇਜ਼ਰਾਈਲ ਦੀ ਸਾਰੀ ਮੰਡਲੀ ਰਹਬੁਆਮ ਕੋਲ ਆਈ ਤੇ ਉਸ ਨੂੰ ਕਿਹਾ:
4 “ਤੇਰੇ ਪਿਤਾ ਨੇ ਸਾਡਾ ਜੂਲਾ ਸਖ਼ਤ ਕੀਤਾ ਸੀ।+ ਪਰ ਜੇ ਤੂੰ ਉਸ ਸਖ਼ਤ ਕੰਮ ਨੂੰ ਥੋੜ੍ਹਾ ਸੌਖਾ ਕਰ ਦੇਵੇਂ ਜੋ ਤੇਰਾ ਪਿਤਾ ਸਾਡੇ ਤੋਂ ਕਰਾਉਂਦਾ ਸੀ ਅਤੇ ਉਸ ਵੱਲੋਂ ਸਾਡੇ ਉੱਤੇ ਰੱਖੇ ਭਾਰੇ* ਜੂਲੇ ਨੂੰ ਹਲਕਾ ਕਰ ਦੇਵੇਂ, ਤਾਂ ਅਸੀਂ ਤੇਰੀ ਸੇਵਾ ਕਰਾਂਗੇ।”
5 ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤਿੰਨ ਦਿਨਾਂ ਲਈ ਚਲੇ ਜਾਓ; ਫਿਰ ਮੇਰੇ ਕੋਲ ਵਾਪਸ ਆਇਓ।” ਇਸ ਲਈ ਲੋਕ ਚਲੇ ਗਏ।+
6 ਫਿਰ ਰਾਜਾ ਰਹਬੁਆਮ ਨੇ ਉਨ੍ਹਾਂ ਬਜ਼ੁਰਗਾਂ ਤੋਂ ਸਲਾਹ ਮੰਗੀ ਜੋ ਉਸ ਦੇ ਪਿਤਾ ਸੁਲੇਮਾਨ ਦੇ ਜੀਉਂਦੇ-ਜੀ ਉਸ ਦੀ ਸੇਵਾ ਕਰਦੇ ਸਨ। ਉਸ ਨੇ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਇਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ?”
7 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਅੱਜ ਤੂੰ ਇਨ੍ਹਾਂ ਲੋਕਾਂ ਦਾ ਸੇਵਕ ਬਣੇਂ, ਇਨ੍ਹਾਂ ਦੀ ਬੇਨਤੀ ਸੁਣੇਂ ਤੇ ਇਨ੍ਹਾਂ ਦੇ ਮਨਭਾਉਂਦਾ ਜਵਾਬ ਦੇਵੇਂ, ਤਾਂ ਇਹ ਸਦਾ ਲਈ ਤੇਰੇ ਸੇਵਕ ਬਣੇ ਰਹਿਣਗੇ।”
8 ਪਰ ਉਸ ਨੇ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨੌਜਵਾਨਾਂ ਤੋਂ ਸਲਾਹ ਮੰਗੀ ਜੋ ਉਸ ਦੇ ਨਾਲ ਵੱਡੇ ਹੋਏ ਸਨ ਤੇ ਹੁਣ ਉਸ ਦੇ ਸੇਵਾਦਾਰ ਸਨ।+
9 ਉਸ ਨੇ ਉਨ੍ਹਾਂ ਤੋਂ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਕਿਹਾ ਹੈ, ‘ਆਪਣੇ ਪਿਤਾ ਵੱਲੋਂ ਸਾਡੇ ’ਤੇ ਰੱਖੇ ਜੂਲੇ ਨੂੰ ਹਲਕਾ ਕਰ ਦੇ’?”
10 ਉਸ ਨਾਲ ਵੱਡੇ ਹੋਏ ਨੌਜਵਾਨਾਂ ਨੇ ਉਸ ਨੂੰ ਕਿਹਾ: “ਤੂੰ ਉਨ੍ਹਾਂ ਲੋਕਾਂ ਨੂੰ ਇਹ ਕਹੀਂ ਜਿਨ੍ਹਾਂ ਨੇ ਤੈਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡਾ ਜੂਲਾ ਭਾਰਾ ਕੀਤਾ ਸੀ, ਪਰ ਤੂੰ ਇਸ ਨੂੰ ਹਲਕਾ ਕਰ ਦੇ’; ਤੂੰ ਉਨ੍ਹਾਂ ਨੂੰ ਕਹੀਂ, ‘ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਵੀ ਮੋਟੀ ਹੋਵੇਗੀ।
11 ਮੇਰੇ ਪਿਤਾ ਨੇ ਤੁਹਾਡੇ ’ਤੇ ਭਾਰਾ ਜੂਲਾ ਰੱਖਿਆ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।’”
12 ਯਾਰਾਬੁਆਮ ਅਤੇ ਸਾਰੇ ਲੋਕ ਤੀਸਰੇ ਦਿਨ ਰਹਬੁਆਮ ਕੋਲ ਆਏ ਜਿਵੇਂ ਰਾਜੇ ਨੇ ਕਿਹਾ ਸੀ: “ਤੀਸਰੇ ਦਿਨ ਮੇਰੇ ਕੋਲ ਵਾਪਸ ਆਇਓ।”+
13 ਪਰ ਰਾਜੇ ਨੇ ਬਜ਼ੁਰਗਾਂ ਦੀ ਦਿੱਤੀ ਸਲਾਹ ਨੂੰ ਠੁਕਰਾਉਂਦੇ ਹੋਏ ਲੋਕਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ।
14 ਉਸ ਨੇ ਨੌਜਵਾਨਾਂ ਦੀ ਸਲਾਹ ਮੁਤਾਬਕ ਉਨ੍ਹਾਂ ਨਾਲ ਗੱਲ ਕਰਦੇ ਹੋਏ ਕਿਹਾ: “ਮੇਰੇ ਪਿਤਾ ਨੇ ਤੁਹਾਡਾ ਜੂਲਾ ਭਾਰਾ ਕੀਤਾ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।”
15 ਇਸ ਤਰ੍ਹਾਂ ਰਾਜੇ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਇਹ ਸਭ ਕੁਝ ਯਹੋਵਾਹ ਵੱਲੋਂ ਹੋਇਆ ਸੀ+ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਕਿਹਾ ਸੀ।+
16 ਜਦੋਂ ਸਾਰੇ ਇਜ਼ਰਾਈਲ ਨੇ ਦੇਖਿਆ ਕਿ ਰਾਜੇ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਲੋਕਾਂ ਨੇ ਰਾਜੇ ਨੂੰ ਜਵਾਬ ਦਿੱਤਾ: “ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਅਤੇ ਯੱਸੀ ਦੇ ਪੁੱਤਰ ਦੀ ਵਿਰਾਸਤ ਵਿਚ ਸਾਡੀ ਕੋਈ ਸਾਂਝ ਨਹੀਂ। ਹੇ ਇਜ਼ਰਾਈਲ, ਹਰ ਕੋਈ ਆਪੋ-ਆਪਣੇ ਦੇਵਤਿਆਂ ਕੋਲ ਮੁੜ ਜਾਵੇ। ਹੇ ਦਾਊਦ, ਆਪਣੇ ਘਰਾਣੇ ਨੂੰ ਆਪ ਹੀ ਸਾਂਭ!” ਇਹ ਕਹਿ ਕੇ ਇਜ਼ਰਾਈਲੀ ਆਪੋ-ਆਪਣੇ ਘਰਾਂ* ਨੂੰ ਮੁੜ ਗਏ।+
17 ਪਰ ਰਹਬੁਆਮ ਯਹੂਦਾਹ ਦੇ ਸ਼ਹਿਰਾਂ ਵਿਚ ਰਹਿੰਦੇ ਇਜ਼ਰਾਈਲੀਆਂ ਉੱਤੇ ਰਾਜ ਕਰਦਾ ਰਿਹਾ।+
18 ਫਿਰ ਰਾਜਾ ਰਹਬੁਆਮ ਨੇ ਅਦੋਰਾਮ+ ਨੂੰ ਘੱਲਿਆ ਜੋ ਉਨ੍ਹਾਂ ਉੱਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ, ਪਰ ਸਾਰੇ ਇਜ਼ਰਾਈਲੀਆਂ ਨੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟਿਆ। ਰਾਜਾ ਰਹਬੁਆਮ ਕਿਸੇ ਤਰ੍ਹਾਂ ਆਪਣੇ ਰਥ ’ਤੇ ਚੜ੍ਹ ਕੇ ਯਰੂਸ਼ਲਮ ਨੂੰ ਭੱਜਣ ਵਿਚ ਕਾਮਯਾਬ ਹੋ ਗਿਆ।+
19 ਅਤੇ ਇਜ਼ਰਾਈਲੀ ਅੱਜ ਦੇ ਦਿਨ ਤਕ ਦਾਊਦ ਦੇ ਘਰਾਣੇ ਵਿਰੁੱਧ ਬਗਾਵਤ ਕਰਦੇ ਆਏ ਹਨ।+
20 ਯਾਰਾਬੁਆਮ ਦੇ ਮੁੜ ਆਉਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਜ਼ਰਾਈਲ ਨੇ ਉਸ ਨੂੰ ਮੰਡਲੀ ਦੇ ਕੋਲ ਬੁਲਵਾਇਆ ਅਤੇ ਉਸ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ।+ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੇ ਵੀ ਦਾਊਦ ਦੇ ਘਰਾਣੇ ਦਾ ਸਾਥ ਨਹੀਂ ਦਿੱਤਾ।+
21 ਜਦੋਂ ਰਹਬੁਆਮ ਯਰੂਸ਼ਲਮ ਪਹੁੰਚਿਆ, ਤਾਂ ਉਸ ਨੇ ਤੁਰੰਤ ਯਹੂਦਾਹ ਦੇ ਸਾਰੇ ਘਰਾਣੇ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ 1,80,000 ਸਿਖਲਾਈ-ਪ੍ਰਾਪਤ* ਯੋਧਿਆਂ ਨੂੰ ਇਜ਼ਰਾਈਲ ਦੇ ਘਰਾਣੇ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ਤਾਂਕਿ ਸੁਲੇਮਾਨ ਦੇ ਪੁੱਤਰ ਰਹਬੁਆਮ ਨੂੰ ਰਾਜ ਵਾਪਸ ਮਿਲ ਸਕੇ।+
22 ਫਿਰ ਸੱਚੇ ਪਰਮੇਸ਼ੁਰ ਦੇ ਬੰਦੇ ਸ਼ਮਾਯਾਹ ਕੋਲ ਸੱਚੇ ਪਰਮੇਸ਼ੁਰ ਦਾ ਇਹ ਬਚਨ ਆਇਆ:+
23 “ਯਹੂਦਾਹ ਦੇ ਰਾਜੇ ਸੁਲੇਮਾਨ ਦੇ ਪੁੱਤਰ ਰਹਬੁਆਮ ਅਤੇ ਯਹੂਦਾਹ ਦੇ ਸਾਰੇ ਘਰਾਣੇ, ਬਿਨਯਾਮੀਨ ਦੇ ਗੋਤ ਅਤੇ ਬਾਕੀ ਸਾਰੇ ਲੋਕਾਂ ਨੂੰ ਕਹਿ,
24 ‘ਯਹੋਵਾਹ ਇਹ ਕਹਿੰਦਾ ਹੈ: “ਤੁਸੀਂ ਉਤਾਂਹ ਜਾ ਕੇ ਆਪਣੇ ਇਜ਼ਰਾਈਲੀ ਭਰਾਵਾਂ ਨਾਲ ਨਾ ਲੜਿਓ। ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਮੁੜ ਜਾਵੇ ਕਿਉਂਕਿ ਇਹ ਸਭ ਕੁਝ ਮੈਂ ਕਰਾਇਆ ਹੈ।”’”+ ਇਸ ਲਈ ਉਨ੍ਹਾਂ ਨੇ ਯਹੋਵਾਹ ਦੀ ਗੱਲ ਮੰਨ ਲਈ ਅਤੇ ਆਪੋ-ਆਪਣੇ ਘਰਾਂ ਨੂੰ ਵਾਪਸ ਚਲੇ ਗਏ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ।
25 ਫਿਰ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਨੂੰ ਬਣਾਇਆ* ਅਤੇ ਉੱਥੇ ਰਹਿਣ ਲੱਗਾ। ਫਿਰ ਉੱਥੋਂ ਜਾ ਕੇ ਉਸ ਨੇ ਪਨੂਏਲ+ ਨੂੰ ਬਣਾਇਆ।*
26 ਯਾਰਾਬੁਆਮ ਨੇ ਮਨ ਹੀ ਮਨ ਕਿਹਾ: “ਹੁਣ ਦਾਊਦ ਦੇ ਘਰਾਣੇ ਨੂੰ ਰਾਜ ਵਾਪਸ ਮਿਲ ਜਾਵੇਗਾ।+
27 ਜੇ ਇਹ ਲੋਕ ਬਲ਼ੀਆਂ ਚੜ੍ਹਾਉਣ ਲਈ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਨੂੰ ਜਾਂਦੇ ਰਹੇ,+ ਤਾਂ ਇਨ੍ਹਾਂ ਲੋਕਾਂ ਦੇ ਦਿਲ ਵੀ ਇਨ੍ਹਾਂ ਦੇ ਮਾਲਕ ਯਹੂਦਾਹ ਦੇ ਰਾਜਾ ਰਹਬੁਆਮ ਵੱਲ ਮੁੜ ਜਾਣਗੇ। ਹਾਂ, ਇਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜੇ ਰਹਬੁਆਮ ਕੋਲ ਮੁੜ ਜਾਣਗੇ।”
28 ਰਾਜੇ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ+ ਅਤੇ ਲੋਕਾਂ ਨੂੰ ਕਿਹਾ: “ਤੁਹਾਨੂੰ ਉਤਾਹਾਂ ਯਰੂਸ਼ਲਮ ਜਾਣ ਲਈ ਕਿੰਨੀ ਖੇਚਲ਼ ਕਰਨੀ ਪੈਂਦੀ ਹੈ। ਹੇ ਇਜ਼ਰਾਈਲ, ਦੇਖੋ, ਇਹ ਹੈ ਤੁਹਾਡਾ ਪਰਮੇਸ਼ੁਰ ਜੋ ਤੁਹਾਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ।”+
29 ਫਿਰ ਉਸ ਨੇ ਇਕ ਵੱਛਾ ਬੈਤੇਲ+ ਵਿਚ ਤੇ ਦੂਜਾ ਦਾਨ+ ਵਿਚ ਰੱਖ ਦਿੱਤਾ।
30 ਇਸ ਕਰਕੇ ਲੋਕਾਂ ਨੇ ਪਾਪ ਕੀਤਾ+ ਅਤੇ ਉਹ ਵੱਛੇ ਦੀ ਪੂਜਾ ਕਰਨ ਲਈ ਦੂਰ ਦਾਨ ਤਕ ਜਾਣ ਲੱਗੇ।
31 ਅਤੇ ਉਸ ਨੇ ਉੱਚੀਆਂ ਥਾਵਾਂ ’ਤੇ ਪੂਜਾ-ਘਰ ਬਣਾਏ ਅਤੇ ਆਮ ਲੋਕਾਂ ਵਿੱਚੋਂ, ਜੋ ਲੇਵੀ ਨਹੀਂ ਸਨ, ਪੁਜਾਰੀ ਨਿਯੁਕਤ ਕੀਤੇ।+
32 ਇਸ ਤੋਂ ਇਲਾਵਾ, ਯਾਰਾਬੁਆਮ ਨੇ ਯਹੂਦਾਹ ਵਿਚ ਮਨਾਏ ਜਾਂਦੇ ਤਿਉਹਾਰ ਵਰਗਾ ਇਕ ਤਿਉਹਾਰ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ।+ ਉਸ ਨੇ ਬੈਤੇਲ+ ਵਿਚ ਆਪਣੇ ਵੱਲੋਂ ਬਣਾਈ ਵੇਦੀ ’ਤੇ ਉਨ੍ਹਾਂ ਵੱਛਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਨੇ ਬਣਾਏ ਸਨ ਅਤੇ ਉਸ ਨੇ ਬੈਤੇਲ ਦੀਆਂ ਉੱਚੀਆਂ ਥਾਵਾਂ ਲਈ, ਜੋ ਉਸ ਨੇ ਬਣਾਈਆਂ ਸਨ, ਪੁਜਾਰੀ ਨਿਯੁਕਤ ਕੀਤੇ।
33 ਉਸ ਨੇ ਬੈਤੇਲ ਵਿਚ ਜੋ ਵੇਦੀ ਬਣਾਈ ਸੀ, ਉਸ ਉੱਤੇ ਉਸ ਨੇ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਭੇਟਾਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ। ਇਹ ਮਹੀਨਾ ਉਸ ਨੇ ਆਪ ਚੁਣਿਆ ਸੀ; ਉਸ ਨੇ ਇਜ਼ਰਾਈਲ ਦੇ ਲੋਕਾਂ ਲਈ ਇਕ ਤਿਉਹਾਰ ਦੀ ਸ਼ੁਰੂਆਤ ਕੀਤੀ ਅਤੇ ਵੇਦੀ ’ਤੇ ਚੜ੍ਹ ਕੇ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
ਫੁਟਨੋਟ
^ ਜਾਂ, “ਕਸ਼ਟਦਾਇਕ।”
^ ਇਬ, “ਤੰਬੂਆਂ।”
^ ਇਬ, “ਚੁਣੇ ਹੋਏ।”
^ ਜਾਂ, “ਮਜ਼ਬੂਤ ਕੀਤਾ।”
^ ਜਾਂ, “ਮਜ਼ਬੂਤ ਕੀਤਾ।”