ਕੁਰਿੰਥੀਆਂ ਨੂੰ ਪਹਿਲੀ ਚਿੱਠੀ 12:1-31

  • ਪਵਿੱਤਰ ਸ਼ਕਤੀ ਦੀਆਂ ਦਾਤਾਂ (1-11)

  • ਇਕ ਸਰੀਰ, ਬਹੁਤ ਸਾਰੇ ਅੰਗ (12-31)

12  ਹੁਣ ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਪਵਿੱਤਰ ਸ਼ਕਤੀ ਰਾਹੀਂ ਮਿਲੀਆਂ ਦਾਤਾਂ+ ਸੰਬੰਧੀ ਅਣਜਾਣ ਨਾ ਰਹੋ।  ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਦੁਨੀਆਂ ਦੇ ਲੋਕ* ਸੀ, ਤਾਂ ਉਦੋਂ ਤੁਹਾਨੂੰ ਗੁਮਰਾਹ ਕੀਤਾ ਗਿਆ ਸੀ ਜਿਸ ਕਰਕੇ ਤੁਸੀਂ ਬੇਜ਼ਬਾਨ ਮੂਰਤੀਆਂ ਦੀ ਪੂਜਾ ਕਰਦੇ ਸੀ+ ਅਤੇ ਉਨ੍ਹਾਂ ਦੇ ਪਿੱਛੇ ਲੱਗੇ ਹੋਏ ਸੀ।  ਇਸ ਲਈ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਸਮਝ ਜਾਓ ਕਿ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਬੋਲਣ ਵਾਲਾ ਇਨਸਾਨ ਇਹ ਨਹੀਂ ਕਹਿੰਦਾ: “ਯਿਸੂ ਸਰਾਪਿਆ ਹੋਇਆ ਹੈ!” ਨਾਲੇ ਪਵਿੱਤਰ ਸ਼ਕਤੀ ਦੀ ਮਦਦ ਤੋਂ ਬਿਨਾਂ ਕੋਈ ਇਹ ਨਹੀਂ ਕਹਿ ਸਕਦਾ: “ਯਿਸੂ ਹੀ ਪ੍ਰਭੂ ਹੈ!”+  ਦਾਤਾਂ ਤਾਂ ਵੱਖੋ-ਵੱਖਰੀਆਂ ਹਨ, ਪਰ ਪਵਿੱਤਰ ਸ਼ਕਤੀ ਇੱਕੋ ਹੈ।+  ਸੇਵਾ ਵੱਖੋ-ਵੱਖਰੀ ਤਰ੍ਹਾਂ ਦੀ ਹੈ,+ ਪਰ ਪ੍ਰਭੂ ਇੱਕੋ ਹੈ।  ਕੰਮ ਵੱਖੋ-ਵੱਖਰੇ ਹੁੰਦੇ ਹਨ, ਪਰ ਇੱਕੋ ਪਰਮੇਸ਼ੁਰ ਹੈ ਜਿਹੜਾ ਹਰੇਕ ਨੂੰ ਇਹ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ।+  ਪਵਿੱਤਰ ਸ਼ਕਤੀ ਉਨ੍ਹਾਂ ਨੂੰ ਜੋ ਵੀ ਕਰਨ ਦੀ ਯੋਗਤਾ ਬਖ਼ਸ਼ਦੀ ਹੈ, ਉਸ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ ਪਰਮੇਸ਼ੁਰ ਦੂਸਰਿਆਂ ਦੇ ਫ਼ਾਇਦੇ ਲਈ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦਿੰਦਾ ਹੈ।+  ਮਿਸਾਲ ਲਈ, ਪਵਿੱਤਰ ਸ਼ਕਤੀ ਦੀ ਮਦਦ ਨਾਲ ਕੋਈ ਜਣਾ ਬੁੱਧੀਮਾਨੀ ਦੀਆਂ ਗੱਲਾਂ ਕਰਦਾ ਹੈ* ਅਤੇ ਇਸੇ ਸ਼ਕਤੀ ਦੀ ਮਦਦ ਨਾਲ ਕੋਈ ਹੋਰ ਗਿਆਨ ਦੀਆਂ ਗੱਲਾਂ ਦੱਸਦਾ ਹੈ  ਅਤੇ ਇਸੇ ਸ਼ਕਤੀ ਦੀ ਮਦਦ ਨਾਲ ਕੋਈ ਨਿਹਚਾ ਕਰਦਾ ਹੈ,+ ਕਿਸੇ ਨੂੰ ਬੀਮਾਰਾਂ ਨੂੰ ਚੰਗਾ ਕਰਨ ਦੀਆਂ ਦਾਤਾਂ ਮਿਲਦੀਆਂ ਹਨ,+ 10  ਕੋਈ ਕਰਾਮਾਤਾਂ ਕਰਦਾ ਹੈ,+ ਕੋਈ ਭਵਿੱਖਬਾਣੀਆਂ ਕਰਦਾ ਹੈ, ਕੋਈ ਇਹ ਸਮਝ ਸਕਦਾ ਹੈ ਕਿ ਕੋਈ ਸੰਦੇਸ਼ ਪਰਮੇਸ਼ੁਰ ਤੋਂ ਹੈ ਜਾਂ ਨਹੀਂ,+ ਕੋਈ ਵੱਖੋ-ਵੱਖਰੀਆਂ ਬੋਲੀਆਂ ਵਿਚ ਗੱਲ ਕਰਦਾ ਹੈ+ ਅਤੇ ਕੋਈ ਹੋਰ ਦੂਸਰੀ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਕਰਦਾ ਹੈ।+ 11  ਇਹੀ ਸ਼ਕਤੀ ਇਹ ਸਾਰੇ ਕੰਮ ਕਰਦੀ ਹੈ ਅਤੇ ਹਰ ਇਕ ਨੂੰ ਆਪਣੀ ਇੱਛਾ ਅਨੁਸਾਰ ਦਾਤਾਂ ਦਿੰਦੀ ਹੈ। 12  ਜਿਵੇਂ ਸਰੀਰ ਇਕ ਹੁੰਦਾ ਹੈ, ਪਰ ਇਸ ਦੇ ਕਈ ਅੰਗ ਹੁੰਦੇ ਹਨ ਅਤੇ ਬਹੁਤ ਹੁੰਦੇ ਹੋਏ ਵੀ ਸਾਰੇ ਅੰਗਾਂ ਨਾਲ ਇਕ ਸਰੀਰ ਬਣਦਾ ਹੈ,+ ਇਸੇ ਤਰ੍ਹਾਂ ਮਸੀਹ ਦਾ ਸਰੀਰ ਹੈ। 13  ਅਸੀਂ ਚਾਹੇ ਯਹੂਦੀ ਹਾਂ ਜਾਂ ਯੂਨਾਨੀ,* ਗ਼ੁਲਾਮ ਹਾਂ ਜਾਂ ਆਜ਼ਾਦ, ਅਸੀਂ ਸਾਰਿਆਂ ਨੇ ਇਕ ਸਰੀਰ ਬਣਨ ਲਈ ਇੱਕੋ ਸ਼ਕਤੀ ਰਾਹੀਂ ਬਪਤਿਸਮਾ ਲਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਸ਼ਕਤੀ ਮਿਲੀ ਹੈ। 14  ਸਰੀਰ ਸਿਰਫ਼ ਇੱਕੋ ਅੰਗ ਦਾ ਨਹੀਂ ਬਣਿਆ ਹੁੰਦਾ, ਸਗੋਂ ਕਈ ਅੰਗ ਨਾਲ ਮਿਲ ਕੇ ਬਣਿਆ ਹੁੰਦਾ ਹੈ।+ 15  ਜੇ ਪੈਰ ਕਹੇ: “ਮੈਂ ਹੱਥ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਦਾ ਹਿੱਸਾ ਨਹੀਂ ਹਾਂ,” ਤਾਂ ਕੀ ਇਹ ਸਰੀਰ ਦਾ ਅੰਗ ਨਹੀਂ ਹੁੰਦਾ? 16  ਅਤੇ ਜੇ ਕੰਨ ਕਹੇ: “ਮੈਂ ਅੱਖ ਨਹੀਂ ਹਾਂ, ਇਸ ਕਰਕੇ ਮੈਂ ਸਰੀਰ ਦਾ ਹਿੱਸਾ ਨਹੀਂ ਹਾਂ,” ਤਾਂ ਕੀ ਇਹ ਸਰੀਰ ਦਾ ਅੰਗ ਨਹੀਂ ਹੁੰਦਾ? 17  ਜੇ ਪੂਰਾ ਸਰੀਰ ਅੱਖ ਹੀ ਹੁੰਦਾ, ਤਾਂ ਫਿਰ ਸਾਨੂੰ ਸੁਣਾਈ ਕਿਵੇਂ ਦਿੰਦਾ? ਜੇ ਪੂਰਾ ਸਰੀਰ ਕੰਨ ਹੀ ਹੁੰਦਾ, ਤਾਂ ਫਿਰ ਅਸੀਂ ਸੁੰਘਦੇ ਕਿਵੇਂ? 18  ਪਰ ਪਰਮੇਸ਼ੁਰ ਨੂੰ ਜਿਵੇਂ ਚੰਗਾ ਲੱਗਿਆ, ਉਸ ਨੇ ਸਰੀਰ ਦੇ ਹਰ ਅੰਗ ਨੂੰ ਆਪੋ-ਆਪਣੀ ਜਗ੍ਹਾ ਲਾਇਆ ਹੈ। 19  ਜੇ ਇਹ ਸਾਰੇ ਇੱਕੋ ਅੰਗ ਹੁੰਦੇ, ਤਾਂ ਕੀ ਇਹ ਵਾਕਈ ਸਰੀਰ ਹੁੰਦਾ? 20  ਇਹ ਸਾਰੇ ਕਈ ਅੰਗ ਹਨ, ਪਰ ਸਰੀਰ ਇਕ ਹੈ। 21  ਅੱਖ ਹੱਥ ਨੂੰ ਨਹੀਂ ਕਹਿ ਸਕਦੀ: “ਮੈਨੂੰ ਤੇਰੀ ਲੋੜ ਨਹੀਂ ਹੈ,” ਜਾਂ ਸਿਰ ਪੈਰ ਨੂੰ ਨਹੀਂ ਕਹਿ ਸਕਦਾ: “ਮੈਨੂੰ ਤੇਰੀ ਲੋੜ ਨਹੀਂ ਹੈ।” 22  ਇਸ ਦੀ ਬਜਾਇ, ਸਰੀਰ ਦੇ ਜਿਹੜੇ ਅੰਗ ਕਮਜ਼ੋਰ ਲੱਗਦੇ ਹਨ, ਅਸਲ ਵਿਚ ਸਾਨੂੰ ਉਨ੍ਹਾਂ ਦੀ ਵੀ ਲੋੜ ਹੁੰਦੀ ਹੈ। 23  ਸਰੀਰ ਦੇ ਜਿਹੜੇ ਅੰਗ ਸਾਨੂੰ ਸੋਹਣੇ ਨਹੀਂ ਲੱਗਦੇ, ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਢਕ ਕੇ ਰੱਖਦੇ ਹਾਂ+ ਅਤੇ ਜਿਨ੍ਹਾਂ ਅੰਗਾਂ ਤੋਂ ਸਾਨੂੰ ਸ਼ਰਮ ਆਉਂਦੀ ਹੈ, ਉਨ੍ਹਾਂ ਦਾ ਅਸੀਂ ਜ਼ਿਆਦਾ ਧਿਆਨ ਰੱਖਦੇ ਹਾਂ, 24  ਜਦ ਕਿ ਸਾਨੂੰ ਸੋਹਣੇ ਅੰਗਾਂ ਦਾ ਇੰਨਾ ਧਿਆਨ ਰੱਖਣ ਦੀ ਲੋੜ ਨਹੀਂ ਪੈਂਦੀ। ਪਰਮੇਸ਼ੁਰ ਨੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਜਿਹੜੇ ਅੰਗ ਦੂਸਰੇ ਅੰਗਾਂ ਨਾਲੋਂ ਘੱਟ ਸੋਹਣੇ ਹਨ, ਉਨ੍ਹਾਂ ਅੰਗਾਂ ਨੂੰ ਜ਼ਿਆਦਾ ਆਦਰ ਦਿੱਤਾ ਜਾਂਦਾ ਹੈ 25  ਤਾਂਕਿ ਸਰੀਰ ਵਿਚ ਫੁੱਟ ਨਾ ਪਵੇ, ਸਗੋਂ ਸਾਰੇ ਅੰਗ ਮਿਲ ਕੇ ਇਕ-ਦੂਜੇ ਦਾ ਖ਼ਿਆਲ ਰੱਖਣ।+ 26  ਜੇ ਇਕ ਅੰਗ ਦੁੱਖ ਝੱਲਦਾ ਹੈ, ਤਾਂ ਬਾਕੀ ਅੰਗ ਵੀ ਉਸ ਨਾਲ ਦੁੱਖ ਝੱਲਦੇ ਹਨ;+ ਜਾਂ ਜੇ ਇਕ ਅੰਗ ਦੀ ਵਡਿਆਈ ਹੁੰਦੀ ਹੈ, ਤਾਂ ਦੂਸਰੇ ਅੰਗ ਵੀ ਉਸ ਨਾਲ ਖ਼ੁਸ਼ ਹੁੰਦੇ ਹਨ।+ 27  ਤੁਸੀਂ ਮਸੀਹ ਦਾ ਸਰੀਰ ਹੋ+ ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਉਸ ਦੇ ਸਰੀਰ ਦਾ ਅੰਗ ਹੈ।+ 28  ਪਰਮੇਸ਼ੁਰ ਨੇ ਮੰਡਲੀ ਵਿਚ ਹਰੇਕ ਨੂੰ ਨਿਯੁਕਤ ਕੀਤਾ ਹੈ: ਪਹਿਲਾ ਰਸੂਲ,+ ਦੂਸਰਾ ਨਬੀ,+ ਤੀਸਰਾ ਸਿੱਖਿਅਕ,+ ਫਿਰ ਕਰਾਮਾਤਾਂ ਕਰਨ ਦੀ ਯੋਗਤਾ,+ ਬੀਮਾਰਾਂ ਨੂੰ ਚੰਗਾ ਕਰਨ ਦੀ ਦਾਤ,+ ਦੂਸਰਿਆਂ ਦੀ ਮਦਦ ਕਰਨ ਦੀ ਯੋਗਤਾ, ਅਗਵਾਈ ਕਰਨ ਦੀ ਯੋਗਤਾ+ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਦੀ ਯੋਗਤਾ।+ 29  ਪਰ ਕੀ ਸਾਰੇ ਜਣੇ ਰਸੂਲ ਹਨ? ਕੀ ਸਾਰੇ ਜਣੇ ਨਬੀ ਹਨ? ਕੀ ਸਾਰੇ ਜਣੇ ਸਿੱਖਿਅਕ ਹਨ? ਕੀ ਸਾਰੇ ਜਣੇ ਕਰਾਮਾਤਾਂ ਕਰਦੇ ਹਨ? 30  ਕੀ ਸਾਰਿਆਂ ਕੋਲ ਬੀਮਾਰਾਂ ਨੂੰ ਚੰਗਾ ਕਰਨ ਦੀ ਦਾਤ ਹੈ? ਕੀ ਸਾਰੇ ਵੱਖੋ-ਵੱਖਰੀਆਂ ਬੋਲੀਆਂ ਬੋਲਦੇ ਹਨ?+ ਕੀ ਸਾਰੇ ਦੂਸਰੀਆਂ ਬੋਲੀਆਂ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਕਰਦੇ ਹਨ?+ 31  ਪਰ ਤੁਸੀਂ ਪਰਮੇਸ਼ੁਰ ਤੋਂ ਉੱਤਮ ਦਾਤਾਂ ਹਾਸਲ ਕਰਨ ਦਾ ਹਮੇਸ਼ਾ ਜਤਨ ਕਰਦੇ ਰਹੋ।+ ਹੁਣ ਮੈਂ ਤੁਹਾਨੂੰ ਇਕ ਰਾਹ ਦਿਖਾਉਂਦਾ ਹਾਂ ਜੋ ਇਨ੍ਹਾਂ ਤੋਂ ਕਿਤੇ ਵਧੀਆ ਹੈ।+

ਫੁਟਨੋਟ

ਯਾਨੀ, ਅਵਿਸ਼ਵਾਸੀ।
ਜਾਂ, “ਦਾ ਸੰਦੇਸ਼ ਦਿੰਦਾ ਹੈ।”
1 ਕੁਰਿੰ 1:​22, ਫੁਟਨੋਟ ਦੇਖੋ।