ਹੋਸ਼ੇਆ 7:1-16
7 “ਮੈਂ ਜਦੋਂ ਵੀ ਇਜ਼ਰਾਈਲ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹਾਂ,ਤਾਂ ਇਫ਼ਰਾਈਮ ਦਾ ਅਪਰਾਧ ਸਾਮ੍ਹਣੇ ਆ ਜਾਂਦਾ ਹੈ,+ਨਾਲੇ ਸਾਮਰਿਯਾ ਦੀ ਦੁਸ਼ਟਤਾ+ਕਿਉਂਕਿ ਉਹ ਧੋਖੇਬਾਜ਼ੀ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ;+ਉਹ ਸੰਨ੍ਹ ਲਾ ਕੇ ਚੋਰੀਆਂ ਕਰਦੇ ਹਨ ਅਤੇ ਟੋਲੀਆਂ ਬਣਾ ਕੇ ਬਾਹਰ ਲੁੱਟ-ਖੋਹ ਕਰਦੇ ਹਨ।+
2 ਪਰ ਉਹ ਆਪਣੇ ਦਿਲ ਵਿਚ ਨਹੀਂ ਸੋਚਦੇ ਕਿ ਮੈਂ ਉਨ੍ਹਾਂ ਦੀ ਸਾਰੀ ਬੁਰਾਈ ਨੂੰ ਚੇਤੇ ਰੱਖਾਂਗਾ।+
ਹੁਣ ਉਨ੍ਹਾਂ ਦੀਆਂ ਕਰਤੂਤਾਂ ਉਨ੍ਹਾਂ ਦੇ ਚਾਰੇ ਪਾਸੇ ਹਨ;ਉਹ ਮੇਰੀਆਂ ਨਜ਼ਰਾਂ ਸਾਮ੍ਹਣੇ ਹਨ।
3 ਉਹ ਆਪਣੀ ਬੁਰਾਈ ਨਾਲ ਰਾਜੇ ਨੂੰ ਖ਼ੁਸ਼ ਕਰਦੇ ਹਨਅਤੇ ਆਪਣੀ ਧੋਖੇਬਾਜ਼ੀ ਨਾਲ ਆਗੂਆਂ* ਨੂੰ।
4 ਉਹ ਸਾਰੇ ਹਰਾਮਕਾਰ ਹਨ,ਉਨ੍ਹਾਂ ਦੇ ਅੰਦਰ ਅੱਗ ਇਵੇਂ ਬਲ਼ਦੀ ਹੈ ਜਿਵੇਂ ਇਕ ਰਸੋਈਆ ਤੰਦੂਰ ਵਿਚ ਅੱਗ ਬਾਲ਼ਦਾ ਹੈ,ਜਿਸ ਨੂੰ ਉਹ ਆਟਾ ਗੁੰਨ੍ਹਣ ਤੋਂ ਲੈ ਕੇ ਇਸ ਦੇ ਖਮੀਰਾ ਹੋਣ ਤਕ ਨਹੀਂ ਹਿਲਾਉਂਦਾ।
5 ਰਾਜੇ ਦੇ ਜਸ਼ਨ ਦੇ ਦਿਨ ਅਧਿਕਾਰੀ ਬੀਮਾਰ ਪੈ ਗਏ ਹਨ—ਦਾਖਰਸ ਪੀਤਾ ਹੋਣ ਕਰਕੇ ਉਹ ਗੁੱਸੇ ਵਿਚ ਹਨ।+
ਰਾਜੇ ਨੇ ਮਜ਼ਾਕ ਉਡਾਉਣ ਵਾਲਿਆਂ ਵੱਲ ਦੋਸਤੀ ਦਾ ਹੱਥ ਵਧਾਇਆ ਹੈ।
6 ਉਹ ਤੰਦੂਰ ਵਾਂਗ ਬਲ਼ਦੇ ਦਿਲਾਂ ਨਾਲ ਆਉਂਦੇ ਹਨ।*
ਰਸੋਈਆ ਸਾਰੀ ਰਾਤ ਸੌਂਦਾ ਹੈ;ਸਵੇਰੇ ਤੰਦੂਰ ਵਿਚ ਅੱਗ ਪੂਰੇ ਜ਼ੋਰ ਨਾਲ ਬਲ਼ਦੀ ਹੈ।
7 ਉਹ ਸਾਰੇ ਜਣੇ ਤੰਦੂਰ ਵਾਂਗ ਭਖਦੇ ਹਨ,ਉਹ ਆਪਣੇ ਹਾਕਮਾਂ* ਨੂੰ ਨਿਗਲ਼ ਜਾਂਦੇ ਹਨ।
ਉਨ੍ਹਾਂ ਦੇ ਸਾਰੇ ਰਾਜੇ ਡਿਗ ਪਏ ਹਨ;+ਉਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਨਹੀਂ ਪੁਕਾਰਦਾ।+
8 ਇਫ਼ਰਾਈਮ ਹੋਰ ਕੌਮਾਂ ਨਾਲ ਰਲ਼ ਗਿਆ ਹੈ।+
ਇਫ਼ਰਾਈਮ ਇਕ ਰੋਟੀ ਵਰਗਾ ਹੈ ਜੋ ਥੱਲੀ ਨਹੀਂ ਗਈ।
9 ਅਜਨਬੀਆਂ ਨੇ ਉਸ ਦੀ ਤਾਕਤ ਖ਼ਤਮ ਕਰ ਦਿੱਤੀ ਹੈ,+ ਪਰ ਉਸ ਨੂੰ ਪਤਾ ਨਹੀਂ।
ਉਸ ਦੇ ਵਾਲ਼ ਚਿੱਟੇ ਹੋ ਗਏ ਹਨ, ਪਰ ਉਸ ਨੂੰ ਪਤਾ ਨਹੀਂ।
10 ਇਜ਼ਰਾਈਲ ਦੇ ਘਮੰਡ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਹੈ,+ਪਰ ਉਹ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਵਾਪਸ ਨਹੀਂ ਆਏ,+ਨਾ ਹੀ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਉਸ ਦੀ ਭਾਲ ਕੀਤੀ।
11 ਇਫ਼ਰਾਈਮ ਬੇਅਕਲ* ਹੈ,+ ਨਿਰਾ ਇਕ ਮੂਰਖ ਘੁੱਗੀ ਵਰਗਾ।
ਉਨ੍ਹਾਂ ਨੇ ਮਿਸਰ ਨੂੰ ਮਦਦ ਲਈ ਪੁਕਾਰਿਆ,+ ਨਾਲੇ ਉਹ ਅੱਸ਼ੂਰ ਨੂੰ ਗਏ।+
12 ਉਹ ਜਿੱਥੇ ਵੀ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ਼ ਪਾਵਾਂਗਾ।
ਮੈਂ ਉਨ੍ਹਾਂ ਨੂੰ ਆਕਾਸ਼ ਦੇ ਪੰਛੀਆਂ ਵਾਂਗ ਥੱਲੇ ਸੁੱਟਾਂਗਾ।
ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ, ਜਿਵੇਂ ਮੈਂ ਉਨ੍ਹਾਂ ਦੀ ਮੰਡਲੀ ਨੂੰ ਚੇਤਾਵਨੀ ਦਿੱਤੀ ਸੀ।+
13 ਲਾਹਨਤ ਹੈ ਉਨ੍ਹਾਂ ʼਤੇ! ਕਿਉਂਕਿ ਉਹ ਮੇਰੇ ਤੋਂ ਭੱਜ ਗਏ ਹਨ।
ਉਨ੍ਹਾਂ ਦਾ ਨਾਸ਼ ਹੋਵੇ ਕਿਉਂਕਿ ਉਨ੍ਹਾਂ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ!
ਮੈਂ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਸੀ, ਪਰ ਉਨ੍ਹਾਂ ਨੇ ਮੇਰੇ ਬਾਰੇ ਝੂਠ ਬੋਲੇ ਹਨ।+
14 ਭਾਵੇਂ ਉਹ ਆਪਣੇ ਪਲੰਘਾਂ ʼਤੇ ਲੰਮੇ ਪਏ ਰੋਂਦੇ-ਕੁਰਲਾਉਂਦੇ ਰਹੇ,ਪਰ ਉਨ੍ਹਾਂ ਨੇ ਮੈਨੂੰ ਦਿਲੋਂ ਮਦਦ ਲਈ ਨਹੀਂ ਪੁਕਾਰਿਆ।+
ਉਹ ਅਨਾਜ ਅਤੇ ਦਾਖਰਸ ਲਈ ਆਪਣੇ ਆਪ ਨੂੰ ਕੱਟਦੇ-ਵੱਢਦੇ ਹਨ;ਉਹ ਮੇਰੇ ਖ਼ਿਲਾਫ਼ ਬਗਾਵਤ ਕਰਦੇ ਹਨ।
15 ਭਾਵੇਂ ਮੈਂ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ ਅਤੇ ਉਨ੍ਹਾਂ ਦੀਆਂ ਬਾਹਾਂ ਮਜ਼ਬੂਤ ਕੀਤੀਆਂ,ਫਿਰ ਵੀ ਉਹ ਮੇਰੇ ਖ਼ਿਲਾਫ਼ ਹਨ ਅਤੇ ਬੁਰੇ ਕੰਮ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ।
16 ਉਨ੍ਹਾਂ ਨੇ ਰਾਹ ਤਾਂ ਬਦਲਿਆ, ਪਰ ਸੱਚੀ ਭਗਤੀ ਵੱਲ ਨਹੀਂ;ਇਕ ਢਿੱਲੀ ਕਮਾਨ ਵਾਂਗ ਉਹ ਭਰੋਸੇ ਦੇ ਲਾਇਕ ਨਹੀਂ ਸਨ।+
ਉਨ੍ਹਾਂ ਦੇ ਆਗੂ ਆਪਣੀ ਹੰਕਾਰ ਭਰੀ ਜ਼ਬਾਨ ਕਰਕੇ ਤਲਵਾਰ ਨਾਲ ਵੱਢੇ ਜਾਣਗੇ।
ਇਸ ਕਰਕੇ ਮਿਸਰ ਵਿਚ ਉਨ੍ਹਾਂ ਦਾ ਮਖੌਲ ਉਡਾਇਆ ਜਾਵੇਗਾ।”+
ਫੁਟਨੋਟ
^ ਜਾਂ, “ਰਾਜਕੁਮਾਰਾਂ।”
^ ਜਾਂ ਸੰਭਵ ਹੈ, “ਜਦੋਂ ਉਹ ਸਾਜ਼ਸ਼ਾਂ ਘੜ ਕੇ ਆਉਂਦੇ ਹਨ, ਤਾਂ ਉਨ੍ਹਾਂ ਦੇ ਦਿਲ ਤੰਦੂਰ ਵਾਂਗ ਬਲ਼ਦੇ ਹਨ।”
^ ਇਬ, “ਨਿਆਂਕਾਰਾਂ।”
^ ਇਬ, “ਜਿਸ ਦਾ ਦਿਲ ਨਹੀਂ ਹੈ।”