ਹਿਜ਼ਕੀਏਲ 20:1-49

  • ਇਜ਼ਰਾਈਲ ਦੀ ਬਗਾਵਤ ਦਾ ਇਤਿਹਾਸ (1-32)

  • ਇਜ਼ਰਾਈਲ ਨੂੰ ਵਾਪਸ ਲਿਆਉਣ ਦਾ ਵਾਅਦਾ (33-44)

  • ਦੱਖਣ ਦੇ ਖ਼ਿਲਾਫ਼ ਭਵਿੱਖਬਾਣੀ (45-49)

20  ਫਿਰ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਦੀ 10 ਤਾਰੀਖ਼ ਨੂੰ ਇਜ਼ਰਾਈਲ ਦੇ ਕੁਝ ਬਜ਼ੁਰਗ ਯਹੋਵਾਹ ਦੀ ਮਰਜ਼ੀ ਜਾਣਨ ਆਏ ਅਤੇ ਉਹ ਆ ਕੇ ਮੇਰੇ ਸਾਮ੍ਹਣੇ ਬੈਠ ਗਏ।  2  ਉਸ ਵੇਲੇ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:  3  “ਹੇ ਮਨੁੱਖ ਦੇ ਪੁੱਤਰ, ਤੂੰ ਇਜ਼ਰਾਈਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕੀ ਤੁਸੀਂ ਮੇਰੀ ਮਰਜ਼ੀ ਜਾਣਨ ਆਏ ਹੋ? ‘ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੁਹਾਨੂੰ ਕੁਝ ਨਹੀਂ ਦੱਸਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”’ 4  “ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਨ੍ਹਾਂ ਦਾ ਨਿਆਂ ਕਰਨ* ਲਈ ਤਿਆਰ ਹੈਂ? ਕੀ ਤੂੰ ਉਨ੍ਹਾਂ ਦਾ ਨਿਆਂ ਕਰਨ ਲਈ ਤਿਆਰ ਹੈਂ? ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਦੇ ਪਿਉ-ਦਾਦਿਆਂ ਨੇ ਕਿੰਨੇ ਘਿਣਾਉਣੇ ਕੰਮ ਕੀਤੇ ਸਨ।+ 5  ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਿਸ ਦਿਨ ਮੈਂ ਇਜ਼ਰਾਈਲ ਨੂੰ ਚੁਣਿਆ ਸੀ,+ ਉਸ ਦਿਨ ਮੈਂ ਯਾਕੂਬ ਦੇ ਘਰਾਣੇ ਦੀ ਸੰਤਾਨ* ਨਾਲ ਵੀ ਸਹੁੰ ਖਾਧੀ ਸੀ ਅਤੇ ਮੈਂ ਮਿਸਰ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ।+ ਹਾਂ, ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਕਿਹਾ ਸੀ, ‘ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’  6  ਉਸ ਦਿਨ ਮੈਂ ਸਹੁੰ ਖਾਧੀ ਸੀ ਕਿ ਮੈਂ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਉਸ ਦੇਸ਼ ਵਿਚ ਲੈ ਆਵਾਂਗਾ ਜੋ ਮੈਂ ਉਨ੍ਹਾਂ ਲਈ ਚੁਣਿਆ* ਸੀ ਅਤੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਇਹ ਦੇਸ਼ ਸਾਰੇ ਦੇਸ਼ਾਂ ਨਾਲੋਂ ਸੋਹਣਾ* ਸੀ।  7  ਫਿਰ ਮੈਂ ਉਨ੍ਹਾਂ ਨੂੰ ਕਿਹਾ: ‘ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਸਾਮ੍ਹਣਿਓਂ ਘਿਣਾਉਣੀਆਂ ਮੂਰਤਾਂ* ਸੁੱਟ ਦੇਵੇ; ਤੁਸੀਂ ਮਿਸਰ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਨਾ ਕਰੋ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’+ 8  “‘“ਪਰ ਉਨ੍ਹਾਂ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਹ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੇ ਸਾਮ੍ਹਣਿਓਂ ਘਿਣਾਉਣੀਆਂ ਮੂਰਤਾਂ ਨਹੀਂ ਸੁੱਟੀਆਂ ਅਤੇ ਨਾ ਹੀ ਮਿਸਰ ਦੀਆਂ ਘਿਣਾਉਣੀਆਂ ਮੂਰਤਾਂ ਨੂੰ ਛੱਡਿਆ।+ ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਮਿਸਰ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਉੱਤੇ ਆਪਣਾ ਸਾਰਾ ਗੁੱਸਾ ਕੱਢਾਂਗਾ।  9  ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਵਿਚਕਾਰ ਉਹ ਰਹਿ ਰਹੇ ਸਨ।+ ਜਦ ਮੈਂ ਉਨ੍ਹਾਂ* ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ, ਤਾਂ ਮੈਂ ਇਨ੍ਹਾਂ ਕੌਮਾਂ ਸਾਮ੍ਹਣੇ ਉਨ੍ਹਾਂ* ਅੱਗੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ।+ 10  ਇਸ ਲਈ ਮੈਂ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਫਿਰ ਉਜਾੜ ਵਿਚ ਲੈ ਗਿਆ।+ 11  “‘“ਫਿਰ ਮੈਂ ਉਨ੍ਹਾਂ ਨੂੰ ਆਪਣੇ ਨਿਯਮ ਅਤੇ ਕਾਨੂੰਨ ਦਿੱਤੇ+ ਤਾਂਕਿ ਜਿਹੜਾ ਵੀ ਉਨ੍ਹਾਂ ਮੁਤਾਬਕ ਚੱਲੇ, ਉਹ ਜੀਉਂਦਾ ਰਹੇ।+ 12  ਮੈਂ ਉਨ੍ਹਾਂ ਲਈ ਆਪਣੇ ਸਬਤ ਵੀ ਠਹਿਰਾਏ+ ਜੋ ਮੇਰੇ ਅਤੇ ਉਨ੍ਹਾਂ ਵਿਚਕਾਰ ਇਕ ਨਿਸ਼ਾਨੀ ਸਨ+ ਤਾਂਕਿ ਉਨ੍ਹਾਂ ਨੂੰ ਯਾਦ ਰਹੇ ਕਿ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਕਰ ਰਿਹਾ ਹਾਂ। 13  “‘“ਪਰ ਉਜਾੜ ਵਿਚ ਇਜ਼ਰਾਈਲ ਦੇ ਘਰਾਣੇ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ।+ ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ ਅਤੇ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਠੁਕਰਾ ਦਿੱਤਾ ਜਿਨ੍ਹਾਂ ਉੱਤੇ ਚੱਲ ਕੇ ਇਨਸਾਨ ਜੀਉਂਦਾ ਰਹਿੰਦਾ ਹੈ। ਉਨ੍ਹਾਂ ਨੇ ਮੇਰੇ ਸਬਤਾਂ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਕੀਤਾ। ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਉਜਾੜ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾ ਕੇ ਉਨ੍ਹਾਂ ਨੂੰ ਖ਼ਤਮ ਕਰ ਦਿਆਂਗਾ।+ 14  ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਉਨ੍ਹਾਂ* ਨੂੰ ਬਾਹਰ ਕੱਢ ਲਿਆਇਆ ਸੀ।+ 15  ਮੈਂ ਉਜਾੜ ਵਿਚ ਉਨ੍ਹਾਂ ਨਾਲ ਸਹੁੰ ਵੀ ਖਾਧੀ ਸੀ ਕਿ ਮੈਂ ਉਨ੍ਹਾਂ ਨੂੰ ਸਾਰੇ ਦੇਸ਼ਾਂ ਨਾਲੋਂ ਸੋਹਣੇ ਦੇਸ਼* ਵਿਚ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਨਹੀਂ ਲੈ ਕੇ ਜਾਵਾਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਸੀ+ 16  ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਠੁਕਰਾ ਦਿੱਤਾ, ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। ਉਨ੍ਹਾਂ ਦਾ ਦਿਲ ਆਪਣੀਆਂ ਘਿਣਾਉਣੀਆਂ ਮੂਰਤਾਂ ਵੱਲ ਲੱਗਾ ਹੋਇਆ ਸੀ।+ 17  “‘“ਪਰ ਮੈਨੂੰ* ਉਨ੍ਹਾਂ ʼਤੇ ਤਰਸ ਆਇਆ ਜਿਸ ਕਰਕੇ ਮੈਂ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ; ਮੈਂ ਉਜਾੜ ਵਿਚ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਇਆ।  18  ਮੈਂ ਉਜਾੜ ਵਿਚ ਉਨ੍ਹਾਂ ਦੇ ਪੁੱਤਰਾਂ ਨੂੰ ਕਿਹਾ:+ ‘ਆਪਣੇ ਪਿਉ-ਦਾਦਿਆਂ ਦੇ ਨਿਯਮਾਂ ਮੁਤਾਬਕ ਨਾ ਚੱਲੋ+ ਅਤੇ ਨਾ ਹੀ ਉਨ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਨਾ ਹੀ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕਰੋ।  19  ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। ਮੇਰੇ ਨਿਯਮਾਂ ʼਤੇ ਚੱਲੋ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੋ।+ 20  ਮੇਰੇ ਸਬਤਾਂ ਨੂੰ ਪਵਿੱਤਰ ਮੰਨਿਓ+ ਜੋ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨੀ ਹੋਵੇਗੀ ਤਾਂਕਿ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’+ 21  “‘“ਪਰ ਉਨ੍ਹਾਂ ਦੇ ਪੁੱਤਰਾਂ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ।+ ਉਹ ਮੇਰੇ ਨਿਯਮਾਂ ʼਤੇ ਨਹੀਂ ਚੱਲੇ ਅਤੇ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਠੁਕਰਾ ਦਿੱਤਾ ਜਿਨ੍ਹਾਂ ਉੱਤੇ ਚੱਲ ਕੇ ਇਨਸਾਨ ਜੀਉਂਦਾ ਰਹਿੰਦਾ ਹੈ। ਉਨ੍ਹਾਂ ਨੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਉਜਾੜ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਉੱਤੇ ਆਪਣਾ ਸਾਰਾ ਗੁੱਸਾ ਕੱਢਾਂਗਾ।+ 22  ਪਰ ਮੈਂ ਆਪਣੇ ਨਾਂ ਦੀ ਖ਼ਾਤਰ+ ਇੱਦਾਂ ਕਰਨ ਤੋਂ ਖ਼ੁਦ ਨੂੰ ਰੋਕਿਆ+ ਤਾਂਕਿ ਉਨ੍ਹਾਂ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਦੀਆਂ ਨਜ਼ਰਾਂ ਸਾਮ੍ਹਣੇ ਮੈਂ ਉਨ੍ਹਾਂ* ਨੂੰ ਬਾਹਰ ਕੱਢ ਲਿਆਇਆ ਸੀ।  23  ਨਾਲੇ ਮੈਂ ਉਨ੍ਹਾਂ ਨਾਲ ਉਜਾੜ ਵਿਚ ਸਹੁੰ ਖਾਧੀ ਕਿ ਮੈਂ ਉਨ੍ਹਾਂ ਨੂੰ ਕੌਮਾਂ ਵਿਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿਚ ਤਿੱਤਰ-ਬਿੱਤਰ ਕਰ ਦਿਆਂਗਾ+ 24  ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਨੇ ਮੇਰੇ ਨਿਯਮਾਂ ਨੂੰ ਠੁਕਰਾ ਦਿੱਤਾ+ ਅਤੇ ਮੇਰੇ ਸਬਤਾਂ ਨੂੰ ਭ੍ਰਿਸ਼ਟ ਕੀਤਾ। ਉਹ ਆਪਣੇ ਪਿਉ-ਦਾਦਿਆਂ ਦੀਆਂ ਘਿਣਾਉਣੀਆਂ ਮੂਰਤਾਂ ਦੇ ਪਿੱਛੇ-ਪਿੱਛੇ ਚੱਲੇ।+ 25  ਮੈਂ ਉਨ੍ਹਾਂ ਨੂੰ ਅਜਿਹੇ ਨਿਯਮਾਂ ʼਤੇ ਚੱਲਣ ਦਿੱਤਾ ਜੋ ਉਨ੍ਹਾਂ ਦੇ ਭਲੇ ਲਈ ਨਹੀਂ ਸਨ ਅਤੇ ਉਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨ ਦਿੱਤੀ ਜਿਨ੍ਹਾਂ ʼਤੇ ਚੱਲ ਕੇ ਉਹ ਜੀਉਂਦੇ ਨਹੀਂ ਰਹਿ ਸਕਦੇ ਸਨ।+ 26  ਜਦ ਉਨ੍ਹਾਂ ਨੇ ਅੱਗ ਵਿਚ ਆਪਣੇ ਹਰ ਜੇਠੇ ਬੱਚੇ ਦੀ ਬਲ਼ੀ ਦਿੱਤੀ,*+ ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੜ੍ਹਾਈਆਂ ਬਲ਼ੀਆਂ ਨਾਲ ਭ੍ਰਿਸ਼ਟ ਹੋਣ ਦਿੱਤਾ ਤਾਂਕਿ ਉਨ੍ਹਾਂ ਨੂੰ ਨਾਸ਼ ਕਰ ਸੁੱਟਾਂ ਅਤੇ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ।”’ 27  “ਇਸ ਲਈ ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਤੁਹਾਡੇ ਪਿਉ-ਦਾਦਿਆਂ ਨੇ ਇਹ ਸਭ ਕੁਝ ਕਰ ਕੇ ਵੀ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਮੇਰੀ ਬੇਅਦਬੀ ਕੀਤੀ।  28  ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ।+ ਜਦ ਉਨ੍ਹਾਂ ਨੇ ਸਾਰੀਆਂ ਉੱਚੀਆਂ ਪਹਾੜੀਆਂ ਅਤੇ ਹਰੇ-ਭਰੇ ਦਰਖ਼ਤਾਂ ਨੂੰ ਦੇਖਿਆ,+ ਤਾਂ ਉਹ ਬਲ਼ੀਆਂ ਅਤੇ ਘਿਣਾਉਣੇ ਚੜ੍ਹਾਵੇ ਚੜ੍ਹਾਉਣ ਲੱਗ ਪਏ। ਉਨ੍ਹਾਂ ਨੇ ਉੱਥੇ ਆਪਣੀਆਂ ਖ਼ੁਸ਼ਬੂਦਾਰ ਭੇਟਾਂ ਚੜ੍ਹਾਈਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹੀਆਂ।  29  ਇਸ ਲਈ ਮੈਂ ਉਨ੍ਹਾਂ ਨੂੰ ਪੁੱਛਿਆ, ‘ਤੁਸੀਂ ਇਸ ਉੱਚੀ ਥਾਂ ਉੱਤੇ ਕਿਉਂ ਜਾਂਦੇ ਹੋ? (ਅੱਜ ਵੀ ਇਸ ਨੂੰ ਉੱਚੀ ਥਾਂ ਕਿਹਾ ਜਾਂਦਾ ਹੈ।)’”’+ 30  “ਇਸ ਲਈ ਇਜ਼ਰਾਈਲ ਦੇ ਘਰਾਣੇ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਕੀ ਹੁਣ ਤੁਸੀਂ ਵੀ ਆਪਣੇ ਪਿਉ-ਦਾਦਿਆਂ ਵਾਂਗ ਘਿਣਾਉਣੀਆਂ ਮੂਰਤਾਂ ਪਿੱਛੇ ਜਾ ਕੇ ਹਰਾਮਕਾਰੀ* ਕਰ ਰਹੇ ਹੋ ਅਤੇ ਖ਼ੁਦ ਨੂੰ ਭ੍ਰਿਸ਼ਟ ਕਰ ਰਹੇ ਹੋ?+ 31  ਤੁਸੀਂ ਅੱਜ ਦੇ ਦਿਨ ਤਕ ਘਿਣਾਉਣੀਆਂ ਮੂਰਤਾਂ ਸਾਮ੍ਹਣੇ ਅੱਗ ਵਿਚ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਰਹੇ ਹੋ।+ ਤਾਂ ਫਿਰ, ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਕੀ ਤੁਸੀਂ ਉਮੀਦ ਰੱਖਦੇ ਹੋ ਕਿ ਮੈਂ ਤੁਹਾਨੂੰ ਆਪਣੀ ਮਰਜ਼ੀ ਦੱਸਾਂਗਾ?”’+ “‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਨੂੰ ਆਪਣੀ ਮਰਜ਼ੀ ਨਹੀਂ ਦੱਸਾਂਗਾ।+ 32  ਤੁਸੀਂ ਆਪਣੇ ਮਨ ਵਿਚ ਕਹਿੰਦੇ ਹੋ, “ਆਓ ਆਪਾਂ ਹੋਰ ਕੌਮਾਂ ਅਤੇ ਦੇਸ਼ਾਂ ਦੇ ਲੋਕਾਂ ਵਰਗੇ ਬਣੀਏ ਜੋ ਲੱਕੜ ਤੇ ਪੱਥਰਾਂ ਦੀ ਪੂਜਾ* ਕਰਦੇ ਹਨ।”+ ਪਰ ਤੁਹਾਡੀ ਇਹ ਇੱਛਾ ਕਦੇ ਪੂਰੀ ਨਹੀਂ ਹੋਵੇਗੀ।’” 33  “‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਡੇ ਉੱਤੇ ਰਾਜੇ ਵਜੋਂ ਰਾਜ ਕਰਾਂਗਾ ਅਤੇ ਤੁਹਾਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ* ਨਾਲ ਸਜ਼ਾ ਦਿਆਂਗਾ ਅਤੇ ਮੈਂ ਤੁਹਾਡੇ ਉੱਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ।+ 34  ਮੈਂ ਤੁਹਾਨੂੰ ਆਪਣੇ ਬਲਵੰਤ ਹੱਥ ਅਤੇ ਤਾਕਤਵਰ ਬਾਂਹ ਨਾਲ ਅਤੇ ਗੁੱਸੇ ਦੇ ਕਹਿਰ ਨਾਲ ਕੌਮਾਂ ਅਤੇ ਦੇਸ਼ਾਂ ਵਿੱਚੋਂ ਕੱਢ ਕੇ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਮੈਂ ਤੁਹਾਨੂੰ ਖਿੰਡਾਇਆ ਸੀ।+ 35  ਮੈਂ ਤੁਹਾਨੂੰ ਕੌਮਾਂ ਦੀ ਉਜਾੜ ਵਿਚ ਲਿਆਵਾਂਗਾ ਅਤੇ ਉੱਥੇ ਤੁਹਾਡੇ ਨਾਲ ਆਮ੍ਹੋ-ਸਾਮ੍ਹਣੇ ਮੁਕੱਦਮਾ ਲੜਾਂਗਾ।+ 36  “‘ਜਿੱਦਾਂ ਮੈਂ ਮਿਸਰ ਦੀ ਉਜਾੜ ਵਿਚ ਤੁਹਾਡੇ ਪਿਉ-ਦਾਦਿਆਂ ਨਾਲ ਮੁਕੱਦਮਾ ਲੜਿਆ ਸੀ, ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਮੁਕੱਦਮਾ ਲੜਾਂਗਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।  37  ‘ਮੈਂ ਤੁਹਾਨੂੰ ਚਰਵਾਹੇ ਦੇ ਡੰਡੇ ਥੱਲਿਓਂ ਲੰਘਾਵਾਂਗਾ+ ਅਤੇ ਤੁਹਾਨੂੰ ਇਕਰਾਰ ਦੇ ਬੰਧਨ ਵਿਚ ਬੰਨ੍ਹਾਂਗਾ।  38  ਪਰ ਮੈਂ ਤੁਹਾਡੇ ਵਿੱਚੋਂ ਬਾਗ਼ੀਆਂ ਨੂੰ ਅਤੇ ਮੇਰੇ ਖ਼ਿਲਾਫ਼ ਗੁਨਾਹ ਕਰਨ ਵਾਲਿਆਂ ਨੂੰ ਕੱਢ ਦਿਆਂਗਾ।+ ਮੈਂ ਉਨ੍ਹਾਂ ਨੂੰ ਪਰਾਏ ਦੇਸ਼ ਵਿੱਚੋਂ ਕੱਢ ਲਿਆਵਾਂਗਾ, ਪਰ ਉਹ ਇਜ਼ਰਾਈਲ ਦੇਸ਼ ਵਿਚ ਨਹੀਂ ਜਾਣਗੇ;+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।’ 39  “ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੁਸੀਂ ਜਾਓ ਅਤੇ ਆਪਣੀਆਂ ਘਿਣਾਉਣੀਆਂ ਮੂਰਤਾਂ ਦੀ ਭਗਤੀ ਕਰੋ।+ ਪਰ ਬਾਅਦ ਵਿਚ ਜੇ ਤੁਸੀਂ ਮੇਰੀ ਗੱਲ ਨਾ ਸੁਣੀ, ਤਾਂ ਤੁਹਾਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ ਅਤੇ ਤੁਸੀਂ ਅੱਗੇ ਤੋਂ ਆਪਣੀਆਂ ਬਲ਼ੀਆਂ ਅਤੇ ਘਿਣਾਉਣੀਆਂ ਮੂਰਤਾਂ ਨਾਲ ਮੇਰੇ ਪਵਿੱਤਰ ਨਾਂ ਨੂੰ ਪਲੀਤ ਨਹੀਂ ਕਰ ਸਕੋਗੇ।’+ 40  “‘ਇਜ਼ਰਾਈਲ ਦਾ ਸਾਰਾ ਘਰਾਣਾ ਦੇਸ਼ ਵਿਚ ਮੇਰੇ ਪਵਿੱਤਰ ਪਹਾੜ ʼਤੇ, ਹਾਂ, ਇਜ਼ਰਾਈਲ ਦੇ ਉੱਚੇ ਪਹਾੜ ʼਤੇ+ ਮੇਰੀ ਭਗਤੀ ਕਰੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਮੈਂ ਉੱਥੇ ਉਨ੍ਹਾਂ ਤੋਂ ਖ਼ੁਸ਼ ਹੋਵਾਂਗਾ ਅਤੇ ਮੈਂ ਤੁਹਾਡੇ ਤੋਂ ਉਮੀਦ ਰੱਖਾਂਗਾ ਕਿ ਤੁਸੀਂ ਆਪਣਾ ਦਾਨ ਅਤੇ ਆਪਣੀਆਂ ਭੇਟਾਂ ਦਾ ਪਹਿਲਾ ਫਲ, ਹਾਂ, ਆਪਣੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਕੇ ਆਓ।+ 41  ਮੈਂ ਤੁਹਾਡੇ ਖ਼ੁਸ਼ਬੂਦਾਰ ਚੜ੍ਹਾਵਿਆਂ ਕਰਕੇ ਤੁਹਾਡੇ ਤੋਂ ਖ਼ੁਸ਼ ਹੋਵਾਂਗਾ ਜਦ ਮੈਂ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਨ੍ਹਾਂ ਦੇਸ਼ਾਂ ਤੋਂ ਇਕੱਠਾ ਕਰਾਂਗਾ ਜਿਨ੍ਹਾਂ ਵਿਚ ਮੈਂ ਤੁਹਾਨੂੰ ਖਿੰਡਾਇਆ ਸੀ;+ ਅਤੇ ਮੈਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਵਿਚ ਆਪਣੀ ਪਵਿੱਤਰਤਾ ਜ਼ਾਹਰ ਕਰਾਂਗਾ।’+ 42  “‘ਅਤੇ ਜਦ ਮੈਂ ਤੁਹਾਨੂੰ ਇਜ਼ਰਾਈਲ ਦੇਸ਼ ਵਿਚ ਵਾਪਸ ਲਿਆਵਾਂਗਾ+ ਜਿਸ ਨੂੰ ਦੇਣ ਦੀ ਸਹੁੰ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ, ਤਾਂ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+ 43  ਉੱਥੇ ਤੁਸੀਂ ਆਪਣੇ ਚਾਲ-ਚਲਣ ਅਤੇ ਸਾਰੇ ਕੰਮਾਂ ਨੂੰ ਯਾਦ ਕਰੋਗੇ ਜਿਨ੍ਹਾਂ ਰਾਹੀਂ ਤੁਸੀਂ ਖ਼ੁਦ ਨੂੰ ਭ੍ਰਿਸ਼ਟ ਕੀਤਾ ਸੀ+ ਅਤੇ ਤੁਹਾਨੂੰ ਆਪਣੇ ਸਾਰੇ ਬੁਰੇ ਕੰਮਾਂ ਕਰਕੇ ਆਪਣੇ ਆਪ* ਤੋਂ ਘਿਣ ਆਵੇਗੀ।+ 44  ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਜਦ ਮੈਂ ਆਪਣੇ ਨਾਂ ਦੀ ਖ਼ਾਤਰ ਤੁਹਾਡੇ ਨਾਲ ਇਸ ਤਰ੍ਹਾਂ ਕਰਾਂਗਾ+ ਅਤੇ ਤੁਹਾਡੇ ਨਾਲ ਤੁਹਾਡੇ ਭ੍ਰਿਸ਼ਟ ਚਾਲ-ਚਲਣ ਅਤੇ ਦੁਸ਼ਟ ਕੰਮਾਂ ਮੁਤਾਬਕ ਸਲੂਕ ਨਹੀਂ ਕਰਾਂਗਾ, ਤਦ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।” 45  ਫਿਰ ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  46  “ਹੇ ਮਨੁੱਖ ਦੇ ਪੁੱਤਰ, ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਨੂੰ ਕਹਿ ਅਤੇ ਦੱਖਣ ਦੇ ਜੰਗਲੀ ਇਲਾਕੇ ਖ਼ਿਲਾਫ਼ ਭਵਿੱਖਬਾਣੀ ਕਰ।  47  ਦੱਖਣ ਦੇ ਜੰਗਲ ਨੂੰ ਕਹਿ, ‘ਯਹੋਵਾਹ ਦਾ ਸੰਦੇਸ਼ ਸੁਣ। ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖ! ਮੈਂ ਤੇਰੇ ਵਿਚ ਅੱਗ ਲਾਉਣ ਜਾ ਰਿਹਾ ਹਾਂ+ ਅਤੇ ਇਹ ਤੇਰੇ ਸਾਰੇ ਹਰੇ-ਭਰੇ ਅਤੇ ਸੁੱਕੇ ਦਰਖ਼ਤਾਂ ਨੂੰ ਸਾੜ ਸੁੱਟੇਗੀ। ਅੱਗ ਦਾ ਇਹ ਭਾਂਬੜ ਨਹੀਂ ਬੁਝੇਗਾ।+ ਇਸ ਨਾਲ ਦੱਖਣ ਤੋਂ ਲੈ ਕੇ ਉੱਤਰ ਤਕ ਸਾਰਿਆਂ ਦੇ ਮੂੰਹ ਝੁਲ਼ਸ ਜਾਣਗੇ  48  ਅਤੇ ਸਾਰੇ ਲੋਕ ਦੇਖਣਗੇ ਕਿ ਮੈਂ ਯਹੋਵਾਹ ਹਾਂ ਜਿਸ ਨੇ ਆਪ ਇਹ ਅੱਗ ਲਗਾਈ ਹੈ, ਇਸ ਕਰਕੇ ਇਹ ਬੁਝਾਈ ਨਹੀਂ ਜਾ ਸਕੇਗੀ।”’”+ 49  ਮੈਂ ਕਿਹਾ: “ਹਾਇ! ਸਾਰੇ ਜਹਾਨ ਦੇ ਮਾਲਕ ਯਹੋਵਾਹ। ਉਹ ਮੇਰੇ ਬਾਰੇ ਕਹਿ ਰਹੇ ਹਨ, ‘ਕੀ ਇਹ ਆਦਮੀ ਬੁਝਾਰਤਾਂ* ਨਹੀਂ ਪਾ ਰਿਹਾ?’”

ਫੁਟਨੋਟ

ਜਾਂ, “ਸਜ਼ਾ ਦਾ ਫ਼ੈਸਲਾ ਸੁਣਾਉਣ।”
ਇਬ, “ਬੀ।”
ਜਾਂ, “ਤਲਾਸ਼ ਕੀਤੀ।”
ਜਾਂ, “ਸਾਰੇ ਦੇਸ਼ਾਂ ਦੀ ਸਜਾਵਟ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਯਾਨੀ, ਇਜ਼ਰਾਈਲ।
ਯਾਨੀ, ਇਜ਼ਰਾਈਲ।
ਯਾਨੀ, ਇਜ਼ਰਾਈਲ।
ਜਾਂ, “ਸਾਰੇ ਦੇਸ਼ਾਂ ਦੀ ਸਜਾਵਟ।”
ਇਬ, “ਮੇਰੀਆਂ ਅੱਖਾਂ ਨੂੰ।”
ਯਾਨੀ, ਇਜ਼ਰਾਈਲ।
ਇਬ, “ਅੱਗ ਦੇ ਵਿੱਚੋਂ ਆਪਣੇ ਹਰ ਜੇਠੇ ਬੱਚੇ ਨੂੰ ਲੰਘਾਇਆ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਜਾਂ, “ਸੇਵਾ।”
ਇਬ, “ਪਸਾਰੀ ਹੋਈ ਬਾਂਹ।”
ਇਬ, “ਆਪਣੇ ਚਿਹਰਿਆਂ।”
ਜਾਂ, “ਕਹਾਵਤਾਂ।”