ਲੇਵੀਆਂ 7:1-38

  • ਚੜ੍ਹਾਵਿਆਂ ਸੰਬੰਧੀ ਹਿਦਾਇਤਾਂ (1-21)

    • ਦੋਸ਼-ਬਲ਼ੀ (1-10)

    • ਸ਼ਾਂਤੀ-ਬਲ਼ੀ (11-21)

  • ਚਰਬੀ ਜਾਂ ਖ਼ੂਨ ਖਾਣ ਦੀ ਮਨਾਹੀ (22-27)

  • ਪੁਜਾਰੀਆਂ ਦਾ ਹਿੱਸਾ (28-36)

  • ਚੜ੍ਹਾਵਿਆਂ ਸੰਬੰਧੀ ਨਿਯਮਾਂ ਦਾ ਸਾਰ (37, 38)

7  “‘ਦੋਸ਼-ਬਲ਼ੀ ਦੇ ਸੰਬੰਧ ਵਿਚ ਇਹ ਨਿਯਮ ਹੈ:+ ਇਹ ਅੱਤ ਪਵਿੱਤਰ ਬਲ਼ੀ ਹੈ।  2  ਉਹ ਦੋਸ਼-ਬਲ਼ੀ ਦੇ ਜਾਨਵਰ ਨੂੰ ਉਸੇ ਜਗ੍ਹਾ ਵੱਢਣਗੇ ਜਿੱਥੇ ਹੋਮ-ਬਲ਼ੀਆਂ ਦੇ ਜਾਨਵਰ ਵੱਢੇ ਜਾਂਦੇ ਹਨ ਅਤੇ ਇਸ ਦਾ ਖ਼ੂਨ+ ਵੇਦੀ ਦੇ ਚਾਰੇ ਪਾਸਿਆਂ ਉੱਪਰ ਛਿੜਕਿਆ ਜਾਵੇ।+ 3  ਉਹ ਇਸ ਦੀ ਸਾਰੀ ਚਰਬੀ ਚੜ੍ਹਾਵੇ+ ਯਾਨੀ ਚਰਬੀ ਵਾਲੀ ਮੋਟੀ ਪੂਛ, ਆਂਦਰਾਂ ਨੂੰ ਢਕਣ ਵਾਲੀ ਚਰਬੀ  4  ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+ 5  ਫਿਰ ਪੁਜਾਰੀ ਇਹ ਸਭ ਕੁਝ ਭੇਟ ਵਜੋਂ ਵੇਦੀ ਉੱਤੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਵੇ ਤਾਂਕਿ ਇਸ ਦਾ ਧੂੰਆਂ ਉੱਠੇ।+ ਇਹ ਦੋਸ਼-ਬਲ਼ੀ ਹੈ।  6  ਹਰ ਆਦਮੀ ਜੋ ਪੁਜਾਰੀ ਹੈ, ਬਲ਼ੀ ਦਾ ਮਾਸ ਖਾਵੇ।+ ਇਹ ਪਵਿੱਤਰ ਜਗ੍ਹਾ* ʼਤੇ ਹੀ ਖਾਧਾ ਜਾਣਾ ਚਾਹੀਦਾ ਹੈ। ਇਹ ਅੱਤ ਪਵਿੱਤਰ ਹੈ।+ 7  ਪਾਪ-ਬਲ਼ੀ ਦੇ ਸੰਬੰਧ ਵਿਚ ਦਿੱਤਾ ਨਿਯਮ ਦੋਸ਼-ਬਲ਼ੀ ʼਤੇ ਵੀ ਲਾਗੂ ਹੁੰਦਾ ਹੈ; ਇਸ ਬਲ਼ੀ ਦਾ ਮਾਸ ਉਸ ਪੁਜਾਰੀ ਦਾ ਹੋਵੇਗਾ ਜੋ ਪਾਪ ਮਿਟਾਉਣ ਲਈ ਇਸ ਨੂੰ ਵੇਦੀ ʼਤੇ ਚੜ੍ਹਾਉਂਦਾ ਹੈ।+ 8  “‘ਜਦੋਂ ਪੁਜਾਰੀ ਕਿਸੇ ਲਈ ਹੋਮ-ਬਲ਼ੀ ਚੜ੍ਹਾਉਂਦਾ ਹੈ, ਤਾਂ ਹੋਮ-ਬਲ਼ੀ ਦੇ ਜਾਨਵਰ ਦੀ ਖੱਲ+ ਉਸ ਪੁਜਾਰੀ ਦੀ ਹੋਵੇਗੀ। 9  “‘ਅਨਾਜ ਦਾ ਹਰ ਚੜ੍ਹਾਵਾ, ਚਾਹੇ ਉਹ ਤੰਦੂਰ ਵਿਚ ਜਾਂ ਕੜਾਹੀ ਵਿਚ ਜਾਂ ਤਵੇ ʼਤੇ ਪਕਾਇਆ ਹੋਵੇ,+ ਉਸ ਪੁਜਾਰੀ ਦਾ ਹੋਵੇਗਾ ਜੋ ਇਸ ਨੂੰ ਚੜ੍ਹਾਉਂਦਾ ਹੈ। ਇਹ ਉਸੇ ਦਾ ਹੋਵੇਗਾ।+ 10  ਪਰ ਅਨਾਜ ਦਾ ਹਰ ਚੜ੍ਹਾਵਾ ਜਿਸ ਵਿਚ ਤੇਲ ਮਿਲਾਇਆ ਗਿਆ ਹੈ+ ਜਾਂ ਸੁੱਕਾ ਹੈ,+ ਹਾਰੂਨ ਦੇ ਸਾਰੇ ਪੁੱਤਰਾਂ ਦਾ ਹੋਵੇਗਾ; ਸਾਰਿਆਂ ਨੂੰ ਬਰਾਬਰ ਹਿੱਸਾ ਮਿਲੇਗਾ। 11  “‘ਇਹ ਯਹੋਵਾਹ ਨੂੰ ਚੜ੍ਹਾਈ ਜਾਣ ਵਾਲੀ ਸ਼ਾਂਤੀ-ਬਲ਼ੀ ਦੇ ਸੰਬੰਧ ਵਿਚ ਨਿਯਮ ਹੈ:+ 12  ਜੇ ਕੋਈ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ,+ ਤਾਂ ਉਹ ਧੰਨਵਾਦ ਦੀ ਬਲ਼ੀ ਦੇ ਨਾਲ ਤੇਲ ਵਿਚ ਗੁੰਨ੍ਹੇ ਮੈਦੇ ਦੀਆਂ ਛੱਲੇ ਵਰਗੀਆਂ ਬੇਖਮੀਰੀਆਂ ਰੋਟੀਆਂ, ਤੇਲ ਨਾਲ ਚੋਪੜੀਆਂ ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ ਅਤੇ ਤੇਲ ਵਿਚ ਗੁੰਨੇ ਮੈਦੇ ਦੀਆਂ ਛੱਲੇ ਵਰਗੀਆਂ ਰੋਟੀਆਂ ਚੜ੍ਹਾਵੇ ਜੋ ਤੇਲ ਨਾਲ ਤਰ ਹੋਣ।  13  ਇਸ ਤੋਂ ਇਲਾਵਾ, ਉਹ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਦੇ ਨਾਲ ਛੱਲੇ ਵਰਗੀਆਂ ਖਮੀਰੀਆਂ ਰੋਟੀਆਂ ਵੀ ਚੜ੍ਹਾਵੇ।  14  ਉਹ ਹਰੇਕ ਭੇਟ ਵਿੱਚੋਂ ਇਕ ਰੋਟੀ ਯਹੋਵਾਹ ਨੂੰ ਪਵਿੱਤਰ ਹਿੱਸੇ ਵਜੋਂ ਚੜ੍ਹਾਵੇ। ਇਹ ਭੇਟ ਉਸ ਪੁਜਾਰੀ ਦੀ ਹੋਵੇਗੀ ਜੋ ਸ਼ਾਂਤੀ-ਬਲ਼ੀ ਦੇ ਜਾਨਵਰ ਦਾ ਖ਼ੂਨ ਵੇਦੀ ʼਤੇ ਛਿੜਕਦਾ ਹੈ।+ 15  ਜਿਸ ਦਿਨ ਉਹ ਧੰਨਵਾਦ ਕਰਨ ਲਈ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ, ਉਸੇ ਦਿਨ ਉਸ ਜਾਨਵਰ ਦਾ ਮਾਸ ਖਾਧਾ ਜਾਵੇ। ਉਸ ਨੂੰ ਅਗਲੇ ਦਿਨ ਸਵੇਰ ਤਕ ਨਾ ਰੱਖਿਆ ਜਾਵੇ।+ 16  “‘ਜੇ ਉਹ ਆਪਣੀ ਸੁੱਖਣਾ ਪੂਰੀ ਕਰਨ ਲਈ ਬਲ਼ੀ ਚੜ੍ਹਾਉਂਦਾ ਹੈ+ ਜਾਂ ਇੱਛਾ-ਬਲ਼ੀ ਚੜ੍ਹਾਉਂਦਾ ਹੈ,+ ਤਾਂ ਜਿਸ ਦਿਨ ਉਹ ਬਲ਼ੀ ਚੜ੍ਹਾਉਂਦਾ ਹੈ, ਉਸੇ ਦਿਨ ਉਹ ਉਸ ਦਾ ਮਾਸ ਖਾਵੇ। ਬਚਿਆ ਹੋਇਆ ਮਾਸ ਅਗਲੇ ਦਿਨ ਵੀ ਖਾਧਾ ਜਾ ਸਕਦਾ ਹੈ।  17  ਪਰ ਜੇ ਤੀਜੇ ਦਿਨ ਤਕ ਕੁਝ ਬਚ ਜਾਂਦਾ ਹੈ, ਤਾਂ ਉਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।+ 18  ਜੇ ਸ਼ਾਂਤੀ-ਬਲ਼ੀ ਦੇ ਜਾਨਵਰ ਦਾ ਮਾਸ ਤੀਜੇ ਦਿਨ ਖਾਧਾ ਜਾਂਦਾ ਹੈ, ਤਾਂ ਬਲ਼ੀ ਚੜ੍ਹਾਉਣ ਵਾਲੇ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਉਸ ਉੱਤੇ ਮਿਹਰ ਨਹੀਂ ਕੀਤੀ ਜਾਵੇਗੀ। ਇਹ ਘਿਣਾਉਣੀ ਹੋਵੇਗੀ ਅਤੇ ਜੋ ਇਨਸਾਨ ਇਸ ਦਾ ਮਾਸ ਖਾਂਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।+ 19  ਜਿਹੜਾ ਮਾਸ ਕਿਸੇ ਅਸ਼ੁੱਧ ਚੀਜ਼ ਨਾਲ ਛੂਹ ਜਾਂਦਾ ਹੈ, ਉਹ ਖਾਧਾ ਨਹੀਂ ਜਾਣਾ ਚਾਹੀਦਾ। ਉਸ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ। ਜਿਹੜਾ ਵੀ ਇਨਸਾਨ ਸ਼ੁੱਧ ਹੈ, ਉਹ ਸ਼ੁੱਧ ਮਾਸ ਖਾ ਸਕਦਾ ਹੈ। 20  “‘ਪਰ ਜੇ ਕੋਈ ਅਸ਼ੁੱਧ ਇਨਸਾਨ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ 21  ਜੇ ਕੋਈ ਇਨਸਾਨ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਭਾਵੇਂ ਉਹ ਇਨਸਾਨੀ ਅਸ਼ੁੱਧਤਾ+ ਹੋਵੇ ਜਾਂ ਅਸ਼ੁੱਧ ਜਾਨਵਰ+ ਜਾਂ ਕੋਈ ਵੀ ਅਸ਼ੁੱਧ ਤੇ ਘਿਣਾਉਣੀ ਚੀਜ਼+ ਹੋਵੇ ਅਤੇ ਉਹ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’” 22  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:  23  “ਇਜ਼ਰਾਈਲੀਆਂ ਨੂੰ ਕਹਿ, ‘ਤੂੰ ਕਿਸੇ ਬਲਦ ਜਾਂ ਭੇਡੂ ਜਾਂ ਬੱਕਰੇ ਦੀ ਚਰਬੀ ਨਾ ਖਾਈਂ।+ 24  ਜਿਹੜਾ ਜਾਨਵਰ ਮਰਿਆ ਹੋਇਆ ਪਾਇਆ ਜਾਂਦਾ ਹੈ ਜਾਂ ਜਿਸ ਨੂੰ ਕਿਸੇ ਹੋਰ ਜਾਨਵਰ ਨੇ ਮਾਰਿਆ ਹੈ, ਤੂੰ ਉਸ ਦੀ ਚਰਬੀ ਹਰਗਿਜ਼ ਨਾ ਖਾਈਂ। ਪਰ ਉਹ ਚਰਬੀ ਹੋਰ ਕਿਸੇ ਵੀ ਕੰਮ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।+ 25  ਜਿਹੜਾ ਇਨਸਾਨ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਉਣ ਲਈ ਲਿਆਂਦੇ ਜਾਨਵਰ ਦੀ ਚਰਬੀ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। 26  “‘ਤੂੰ ਜਿੱਥੇ ਕਿਤੇ ਵੀ ਰਹੇਂ, ਤੂੰ ਹਰਗਿਜ਼ ਖ਼ੂਨ ਨਾ ਖਾਈਂ,+ ਚਾਹੇ ਉਹ ਪੰਛੀਆਂ ਦਾ ਹੋਵੇ ਜਾਂ ਫਿਰ ਜਾਨਵਰਾਂ ਦਾ।  27  ਜਿਹੜਾ ਵੀ ਇਨਸਾਨ ਖ਼ੂਨ ਖਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’”+ 28  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:  29  “ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਵੀ ਯਹੋਵਾਹ ਨੂੰ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ, ਉਹ ਸ਼ਾਂਤੀ-ਬਲ਼ੀ ਦਾ ਕੁਝ ਹਿੱਸਾ ਯਹੋਵਾਹ ਕੋਲ ਲਿਆਵੇ।+ 30  ਉਹ ਆਪਣੇ ਹੱਥਾਂ ʼਤੇ ਜਾਨਵਰ ਦੀ ਚਰਬੀ+ ਅਤੇ ਸੀਨਾ ਰੱਖ ਕੇ ਯਹੋਵਾਹ ਅੱਗੇ ਅੱਗ ਵਿਚ ਸਾੜਨ ਲਈ ਲਿਆਵੇ ਅਤੇ ਇਸ ਨੂੰ ਹਿਲਾਉਣ ਦੀ ਭੇਟ+ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।  31  ਪੁਜਾਰੀ ਚਰਬੀ ਨੂੰ ਵੇਦੀ ਉੱਤੇ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ,+ ਪਰ ਸੀਨਾ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+ 32  “‘ਤੂੰ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਸੱਜੀ ਲੱਤ ਪਵਿੱਤਰ ਹਿੱਸੇ ਵਜੋਂ ਪੁਜਾਰੀ ਨੂੰ ਦੇਈਂ।+ 33  ਹਾਰੂਨ ਦਾ ਜਿਹੜਾ ਪੁੱਤਰ ਸ਼ਾਂਤੀ-ਬਲ਼ੀ ਦੇ ਜਾਨਵਰ ਦਾ ਖ਼ੂਨ ਅਤੇ ਚਰਬੀ ਚੜ੍ਹਾਵੇਗਾ, ਸੱਜੀ ਲੱਤ ਉਸ ਦੇ ਹਿੱਸੇ ਆਵੇਗੀ।+ 34  ਕਿਉਂਕਿ ਮੈਂ ਇਜ਼ਰਾਈਲੀਆਂ ਵੱਲੋਂ ਚੜ੍ਹਾਈਆਂ ਸ਼ਾਂਤੀ-ਬਲ਼ੀਆਂ ਵਿੱਚੋਂ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਸੀਨਾ ਅਤੇ ਪਵਿੱਤਰ ਹਿੱਸੇ ਵਜੋਂ ਚੜ੍ਹਾਈ ਸੱਜੀ ਲੱਤ ਪੁਜਾਰੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿੰਦਾ ਹਾਂ। ਇਜ਼ਰਾਈਲੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨ।+ 35  “‘ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਏ ਜਾਂਦੇ ਚੜ੍ਹਾਵਿਆਂ ਵਿੱਚੋਂ ਇਹ ਹਿੱਸਾ ਉਸੇ ਦਿਨ ਤੋਂ ਪੁਜਾਰੀਆਂ ਲਈ ਅਲੱਗ ਰੱਖਿਆ ਜਾਣ ਲੱਗਾ ਜਿਸ ਦਿਨ ਤੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਯਹੋਵਾਹ ਅੱਗੇ ਪੇਸ਼ ਕੀਤਾ ਗਿਆ।+ 36  ਜਿਸ ਦਿਨ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਗਿਆ,+ ਉਸੇ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਕਿ ਇਹ ਹਿੱਸਾ ਉਨ੍ਹਾਂ ਨੂੰ ਦਿੱਤਾ ਜਾਵੇ। ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨ।’” 37  ਇਹ ਨਿਯਮ ਇਨ੍ਹਾਂ ਬਲ਼ੀਆਂ ਦੇ ਸੰਬੰਧ ਵਿਚ ਹਨ: ਹੋਮ-ਬਲ਼ੀ,+ ਅਨਾਜ ਦੇ ਚੜ੍ਹਾਵੇ,+ ਪਾਪ-ਬਲ਼ੀ,+ ਦੋਸ਼-ਬਲ਼ੀ,+ ਨਿਯੁਕਤੀ ਵੇਲੇ ਚੜ੍ਹਾਈ ਜਾਂਦੀ ਬਲ਼ੀ+ ਅਤੇ ਸ਼ਾਂਤੀ-ਬਲ਼ੀ।+ 38  ਇਹ ਨਿਯਮ ਯਹੋਵਾਹ ਨੇ ਸੀਨਈ ਪਹਾੜ ਉੱਤੇ ਉਸ ਦਿਨ ਮੂਸਾ ਨੂੰ ਦਿੱਤੇ ਸਨ+ ਜਿਸ ਦਿਨ ਉਸ ਨੇ ਸੀਨਈ ਦੀ ਉਜਾੜ ਵਿਚ ਇਜ਼ਰਾਈਲੀਆਂ ਨੂੰ ਯਹੋਵਾਹ ਅੱਗੇ ਭੇਟਾਂ ਚੜ੍ਹਾਉਣ ਦਾ ਹੁਕਮ ਦਿੱਤਾ ਸੀ।+

ਫੁਟਨੋਟ

ਸ਼ਾਇਦ ਪਵਿੱਤਰ ਤੰਬੂ ਦੇ ਵਿਹੜੇ ਵਿਚ।