ਲੇਵੀਆਂ 20:1-27
20 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:
2 “ਤੂੰ ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਇਜ਼ਰਾਈਲੀ ਆਦਮੀ ਜਾਂ ਤੁਹਾਡੇ ਵਿਚ ਰਹਿੰਦਾ ਪਰਦੇਸੀ ਮੋਲਕ ਦੇਵਤੇ ਨੂੰ ਆਪਣਾ ਕੋਈ ਬੱਚਾ ਦਿੰਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਦੇਸ਼ ਦੇ ਲੋਕ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ।
3 ਮੈਂ ਉਸ ਆਦਮੀ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ ਕਿਉਂਕਿ ਉਸ ਨੇ ਮੋਲਕ ਦੇਵਤੇ ਨੂੰ ਆਪਣਾ ਬੱਚਾ ਦੇ ਕੇ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਹੈ+ ਅਤੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ ਹੈ।
4 ਜੇ ਦੇਸ਼ ਦੇ ਲੋਕ ਉਸ ਆਦਮੀ ਨੂੰ ਆਪਣਾ ਬੱਚਾ ਮੋਲਕ ਦੇਵਤੇ ਨੂੰ ਦਿੰਦੇ ਹੋਏ ਦੇਖਦੇ ਹਨ ਅਤੇ ਜਾਣ-ਬੁੱਝ ਕੇ ਆਪਣੀਆਂ ਅੱਖਾਂ ਮੀਟ ਲੈਂਦੇ ਹਨ ਅਤੇ ਉਸ ਨੂੰ ਜਾਨੋਂ ਨਹੀਂ ਮਾਰਦੇ,+
5 ਤਾਂ ਮੈਂ ਉਸ ਆਦਮੀ ਦਾ ਅਤੇ ਉਸ ਦੇ ਪਰਿਵਾਰ ਦਾ ਵਿਰੋਧੀ ਬਣਾਂਗਾ।+ ਮੈਂ ਉਸ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮੌਤ ਦੀ ਸਜ਼ਾ ਦਿਆਂਗਾ ਜੋ ਰਲ਼ ਕੇ ਮੋਲਕ ਨਾਲ ਹਰਾਮਕਾਰੀ* ਕਰਦੇ ਹਨ।
6 “‘ਜਿਹੜਾ ਇਨਸਾਨ ਚੇਲੇ-ਚਾਂਟਿਆਂ* ਕੋਲ+ ਜਾਂ ਭਵਿੱਖ ਦੱਸਣ ਵਾਲੇ ਕੋਲ ਜਾਂਦਾ ਹੈ,+ ਉਹ ਮੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।* ਮੈਂ ਜ਼ਰੂਰ ਉਸ ਆਦਮੀ ਦੇ ਖ਼ਿਲਾਫ਼ ਹੋ ਜਾਵਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।+
7 “‘ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਪਵਿੱਤਰ ਬਣੋ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
8 ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰੋ ਅਤੇ ਉਨ੍ਹਾਂ ਮੁਤਾਬਕ ਚੱਲੋ।+ ਮੈਂ ਯਹੋਵਾਹ ਹਾਂ ਅਤੇ ਤੁਹਾਨੂੰ ਪਵਿੱਤਰ ਕਰ ਰਿਹਾ ਹਾਂ।+
9 “‘ਜੇ ਕੋਈ ਆਦਮੀ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ-ਭਲਾ ਕਹਿੰਦਾ* ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਉਸ ਨੇ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ-ਭਲਾ ਕਿਹਾ* ਹੈ, ਇਸ ਲਈ ਉਸ ਦਾ ਖ਼ੂਨ ਉਸ ਦੇ ਹੀ ਸਿਰ ਹੋਵੇਗਾ।
10 “‘ਜਿਹੜਾ ਆਦਮੀ ਕਿਸੇ ਹੋਰ ਦੀ ਪਤਨੀ ਨਾਲ ਹਰਾਮਕਾਰੀ ਕਰਦਾ ਹੈ, ਉਸ ਨਾਲ ਇਸ ਤਰ੍ਹਾਂ ਕੀਤਾ ਜਾਵੇ: ਆਪਣੇ ਗੁਆਂਢੀ ਦੀ ਪਤਨੀ ਨਾਲ ਹਰਾਮਕਾਰੀ ਕਰਨ ਵਾਲੇ ਆਦਮੀ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ, ਹਾਂ, ਉਸ ਬਦਕਾਰ ਆਦਮੀ ਤੇ ਔਰਤ ਦੋਵਾਂ ਨੂੰ।+
11 ਜਿਹੜਾ ਆਦਮੀ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।*+ ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।
12 ਜੇ ਕੋਈ ਆਦਮੀ ਆਪਣੀ ਨੂੰਹ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਨੇ ਗ਼ੈਰ-ਕੁਦਰਤੀ ਕੰਮ ਕੀਤਾ ਹੈ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।+
13 “‘ਜੇ ਕੋਈ ਆਦਮੀ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਜਿਵੇਂ ਉਹ ਕਿਸੇ ਔਰਤ ਨਾਲ ਬਣਾਉਂਦਾ ਹੈ, ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ।+ ਉਨ੍ਹਾਂ ਦੋਵਾਂ ਆਦਮੀਆਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।
14 “‘ਜੇ ਕੋਈ ਆਦਮੀ ਆਪਣੀ ਪਤਨੀ ਤੋਂ ਇਲਾਵਾ ਆਪਣੀ ਸੱਸ ਨਾਲ ਵੀ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਇਹ ਸ਼ਰਮਨਾਕ ਕੰਮ* ਹੈ।+ ਉਸ ਨੂੰ ਅਤੇ ਦੋਵੇਂ ਔਰਤਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਾਂਕਿ ਤੁਹਾਡੇ ਵਿਚ ਇਹ ਸ਼ਰਮਨਾਕ ਕੰਮ ਨਾ ਹੁੰਦਾ ਰਹੇ।+
15 “‘ਜੇ ਕੋਈ ਆਦਮੀ ਕਿਸੇ ਜਾਨਵਰ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ ਅਤੇ ਉਸ ਜਾਨਵਰ ਨੂੰ ਵੀ ਮਾਰ ਦਿੱਤਾ ਜਾਵੇ।+
16 ਜੇ ਕੋਈ ਔਰਤ ਸਰੀਰਕ ਸੰਬੰਧ ਬਣਾਉਣ ਲਈ ਕਿਸੇ ਜਾਨਵਰ ਦੇ ਸਾਮ੍ਹਣੇ ਜਾਂਦੀ ਹੈ,+ ਤਾਂ ਉਸ ਔਰਤ ਤੇ ਜਾਨਵਰ ਨੂੰ ਮਾਰ ਦਿੱਤਾ ਜਾਵੇ। ਉਨ੍ਹਾਂ ਦੋਵਾਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।
17 “‘ਜੇ ਕੋਈ ਆਦਮੀ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ ਅਤੇ ਉਹ ਉਸ ਦਾ ਨੰਗੇਜ਼ ਦੇਖਦਾ ਹੈ ਅਤੇ ਉਹ ਉਸ ਦਾ ਨੰਗੇਜ਼ ਦੇਖਦੀ ਹੈ, ਤਾਂ ਇਹ ਸ਼ਰਮਨਾਕ ਗੱਲ ਹੈ।+ ਉਨ੍ਹਾਂ ਨੂੰ ਸ਼ਰੇਆਮ ਲੋਕਾਂ ਦੇ ਸਾਮ੍ਹਣੇ ਜਾਨੋਂ ਮਾਰ ਦਿੱਤਾ ਜਾਵੇ। ਉਸ ਨੇ ਆਪਣੀ ਭੈਣ ਨੂੰ ਬੇਇੱਜ਼ਤ ਕੀਤਾ ਹੈ।* ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।
18 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੌਰਾਨ ਲੰਮਾ ਪੈਂਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਦੋਵੇਂ ਖ਼ੂਨ ਦਾ ਨਿਰਾਦਰ ਕਰਦੇ ਹਨ।+ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
19 “‘ਤੂੰ ਆਪਣੀ ਮਾਸੀ ਜਾਂ ਭੂਆ ਨਾਲ ਸਰੀਰਕ ਸੰਬੰਧ ਨਾ ਬਣਾਈਂ ਕਿਉਂਕਿ ਤੂੰ ਇਸ ਤਰ੍ਹਾਂ ਕਰ ਕੇ ਉਸ ਨੂੰ ਬੇਇੱਜ਼ਤ ਕਰਦਾ ਹੈਂ ਜਿਸ ਨਾਲ ਤੇਰਾ ਖ਼ੂਨ ਦਾ ਰਿਸ਼ਤਾ ਹੈ।+ ਉਨ੍ਹਾਂ ਦੋਵਾਂ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।
20 ਜਿਹੜਾ ਆਦਮੀ ਆਪਣੀ ਚਾਚੀ ਜਾਂ ਤਾਈ ਨਾਲ ਲੰਮਾ ਪੈਂਦਾ ਹੈ, ਉਹ ਆਪਣੇ ਚਾਚੇ ਜਾਂ ਤਾਏ ਨੂੰ ਬੇਇੱਜ਼ਤ ਕਰਦਾ ਹੈ।*+ ਉਨ੍ਹਾਂ ਦੋਵਾਂ ਨੂੰ ਆਪਣੇ ਪਾਪ ਦਾ ਅੰਜਾਮ ਭੁਗਤਣਾ ਪਵੇਗਾ। ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਕੋਈ ਬੱਚਾ ਪੈਦਾ ਨਾ ਹੋਵੇ।
21 ਜੇ ਕੋਈ ਆਦਮੀ ਆਪਣੀ ਭਾਬੀ ਨਾਲ ਵਿਆਹ* ਕਰਾਉਂਦਾ ਹੈ, ਤਾਂ ਇਹ ਘਿਣਾਉਣਾ ਕੰਮ ਹੈ।+ ਉਸ ਨੇ ਆਪਣੇ ਭਰਾ ਨੂੰ ਬੇਇੱਜ਼ਤ ਕੀਤਾ ਹੈ।* ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਤਾਂਕਿ ਉਨ੍ਹਾਂ ਦੇ ਕੋਈ ਬੱਚਾ ਪੈਦਾ ਨਾ ਹੋਵੇ।
22 “‘ਤੁਸੀਂ ਮੇਰੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ+ ਅਤੇ ਉਨ੍ਹਾਂ ਮੁਤਾਬਕ ਚੱਲੋ+ ਤਾਂਕਿ ਤੁਹਾਨੂੰ ਉਸ ਦੇਸ਼ ਵਿੱਚੋਂ ਕੱਢਿਆ ਨਾ ਜਾਵੇ ਜਿੱਥੇ ਮੈਂ ਤੁਹਾਨੂੰ ਵਸਾਉਣ ਲਈ ਲਿਜਾ ਰਿਹਾ ਹਾਂ।+
23 ਤੁਸੀਂ ਉਨ੍ਹਾਂ ਕੌਮਾਂ ਦੇ ਰੀਤਾਂ-ਰਿਵਾਜਾਂ ਮੁਤਾਬਕ ਨਾ ਚੱਲਿਓ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢ ਰਿਹਾ ਹਾਂ+ ਕਿਉਂਕਿ ਉਨ੍ਹਾਂ ਨੇ ਇਹ ਸਾਰੇ ਕੰਮ ਕੀਤੇ ਹਨ ਅਤੇ ਮੈਂ ਉਨ੍ਹਾਂ ਨਾਲ ਨਫ਼ਰਤ ਕਰਦਾ ਹਾਂ।+
24 ਇਸੇ ਕਰਕੇ ਮੈਂ ਤੁਹਾਨੂੰ ਕਿਹਾ ਹੈ: “ਤੁਸੀਂ ਉਨ੍ਹਾਂ ਦੇ ਦੇਸ਼ ’ਤੇ ਕਬਜ਼ਾ ਕਰੋਗੇ ਅਤੇ ਮੈਂ ਤੁਹਾਨੂੰ ਉਸ ਦੇਸ਼ ਦਾ ਮਾਲਕ ਬਣਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ ਜਿਸ ਨੇ ਤੁਹਾਨੂੰ ਹੋਰ ਕੌਮਾਂ ਤੋਂ ਵੱਖਰਾ ਕੀਤਾ ਹੈ।”+
25 ਤੁਸੀਂ ਸ਼ੁੱਧ ਤੇ ਅਸ਼ੁੱਧ ਜਾਨਵਰ ਵਿਚ ਅਤੇ ਅਸ਼ੁੱਧ ਤੇ ਸ਼ੁੱਧ ਪੰਛੀ ਵਿਚ ਫ਼ਰਕ ਦੇਖੋ।+ ਤੁਸੀਂ ਉਹ ਜਾਨਵਰ ਜਾਂ ਪੰਛੀ ਜਾਂ ਜ਼ਮੀਨ ’ਤੇ ਰੀਂਗਣ ਵਾਲਾ ਕੋਈ ਵੀ ਜੀਵ ਖਾ ਕੇ ਆਪਣੇ ਆਪ ਨੂੰ ਘਿਣਾਉਣੇ ਨਾ ਬਣਾਓ ਜਿਨ੍ਹਾਂ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਕਰਾਰ ਦਿੱਤਾ ਹੈ।+
26 ਤੁਸੀਂ ਮੇਰੇ ਲਈ ਪਵਿੱਤਰ ਬਣੋ ਕਿਉਂਕਿ ਮੈਂ ਯਹੋਵਾਹ ਪਵਿੱਤਰ ਹਾਂ+ ਅਤੇ ਮੈਂ ਤੁਹਾਨੂੰ ਆਪਣਾ ਬਣਾਉਣ ਲਈ ਹੋਰ ਕੌਮਾਂ ਤੋਂ ਵੱਖਰਾ ਕੀਤਾ ਹੈ।+
27 “‘ਚੇਲੇ-ਚਾਂਟੇ ਜਾਂ ਭਵਿੱਖ ਦੱਸਣ ਵਾਲੇ ਆਦਮੀ ਜਾਂ ਔਰਤ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਲੋਕ ਉਨ੍ਹਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।’”
ਫੁਟਨੋਟ
^ ਯਾਨੀ, ਮੋਲਕ ਦੀ ਭਗਤੀ।
^ ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
^ ਇਬ, “ਉਹ ਉਨ੍ਹਾਂ ਨਾਲ ਹਰਾਮਕਾਰੀ ਕਰਦਾ ਹੈ।”
^ ਜਾਂ, “ਸਰਾਪ ਦਿੰਦਾ।”
^ ਜਾਂ, “ਸਰਾਪ ਦਿੱਤਾ।”
^ ਇਬ, “ਆਪਣੇ ਪਿਤਾ ਦਾ ਨੰਗੇਜ਼ ਉਘਾੜਦਾ ਹੈ।”
^ ਜਾਂ, “ਬੇਸ਼ਰਮੀ ਭਰਿਆ ਕੰਮ; ਅਸ਼ਲੀਲ ਕੰਮ।”
^ ਇਬ, “ਆਪਣੀ ਭੈਣ ਦਾ ਨੰਗੇਜ਼ ਉਘਾੜਿਆ ਹੈ।”
^ ਇਬ, “ਆਪਣੇ ਚਾਚੇ ਜਾਂ ਤਾਏ ਦਾ ਨੰਗੇਜ਼ ਉਘਾੜਦਾ ਹੈ।”
^ ਇਬ, “ਆਪਣੇ ਭਰਾ ਦਾ ਨੰਗੇਜ਼ ਉਘਾੜਿਆ ਹੈ।”
^ ਯਾਨੀ, ਆਪਣੇ ਭਰਾ ਦੇ ਜੀਉਂਦੇ-ਜੀ।