ਲੂਕਾ ਮੁਤਾਬਕ ਖ਼ੁਸ਼ ਖ਼ਬਰੀ 2:1-52

  • ਯਿਸੂ ਦਾ ਜਨਮ (1-7)

  • ਦੂਤ ਚਰਵਾਹਿਆਂ ਅੱਗੇ ਪ੍ਰਗਟ ਹੋਏ (8-20)

  • ਸੁੰਨਤ ਅਤੇ ਸ਼ੁੱਧ ਕਰਨਾ (21-24)

  • ਸ਼ਿਮਓਨ ਨੇ ਮਸੀਹ ਨੂੰ ਦੇਖਿਆ (25-35)

  • ਅੱਨਾ ਨੇ ਬੱਚੇ ਬਾਰੇ ਗੱਲਾਂ ਦੱਸੀਆਂ (36-38)

  • ਨਾਸਰਤ ਨੂੰ ਵਾਪਸੀ (39, 40)

  • 12 ਸਾਲ ਦਾ ਯਿਸੂ ਮੰਦਰ ਵਿਚ (41-52)

2  ਉਨ੍ਹਾਂ ਦਿਨਾਂ ਵਿਚ ਸਮਰਾਟ* ਅਗਸਤੁਸ ਨੇ ਫ਼ਰਮਾਨ ਜਾਰੀ ਕੀਤਾ ਕਿ ਸਾਮਰਾਜ ਦੇ ਸਾਰੇ ਲੋਕ ਆਪਣਾ-ਆਪਣਾ ਨਾਂ ਦਰਜ ਕਰਾਉਣ।  (ਕੁਰੇਨੀਅਸ ਦੇ ਸੀਰੀਆ ਦਾ ਰਾਜਪਾਲ ਹੁੰਦਿਆਂ ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੂੰ ਆਪਣੇ ਨਾਂ ਦਰਜ ਕਰਾਉਣ ਲਈ ਕਿਹਾ ਗਿਆ ਸੀ।)  ਸਭ ਲੋਕ ਆਪਣਾ ਨਾਂ ਦਰਜ ਕਰਾਉਣ ਲਈ ਆਪੋ-ਆਪਣੇ ਜੱਦੀ ਸ਼ਹਿਰਾਂ ਨੂੰ ਤੁਰ ਪਏ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ।  ਯੂਸੁਫ਼+ ਗਲੀਲ ਦੇ ਨਾਸਰਤ ਸ਼ਹਿਰ ਵਿਚ ਰਹਿੰਦਾ ਸੀ। ਪਰ ਦਾਊਦ ਦੇ ਘਰਾਣੇ ਅਤੇ ਪਰਿਵਾਰ ਵਿੱਚੋਂ ਹੋਣ ਕਰਕੇ ਉਹ ਉੱਥੋਂ ਯਹੂਦਿਯਾ ਵਿਚ ਬੈਤਲਹਮ+ ਸ਼ਹਿਰ ਨੂੰ ਗਿਆ ਜੋ ਦਾਊਦ ਦਾ ਸ਼ਹਿਰ ਸੀ  ਤਾਂਕਿ ਉਹ ਆਪਣਾ ਅਤੇ ਮਰੀਅਮ, ਜੋ ਉਸ ਦੀ ਪਤਨੀ ਬਣ ਚੁੱਕੀ ਸੀ,+ ਦਾ ਨਾਂ ਦਰਜ ਕਰਾਏ। ਉਸ ਵੇਲੇ ਮਰੀਅਮ ਦੇ ਜਣਨ ਦਾ ਸਮਾਂ ਨੇੜੇ ਸੀ+  ਅਤੇ ਬੈਤਲਹਮ ਵਿਚ ਹੁੰਦਿਆਂ ਬੱਚੇ ਨੂੰ ਜਨਮ ਦੇਣ ਦਾ ਸਮਾਂ ਆ ਗਿਆ।  ਉੱਥੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ+ ਅਤੇ ਉਸ ਨੂੰ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ+ ਕਿਉਂਕਿ ਉਨ੍ਹਾਂ ਨੂੰ ਮੁਸਾਫ਼ਰਖ਼ਾਨੇ ਵਿਚ ਰਹਿਣ ਲਈ ਜਗ੍ਹਾ ਨਹੀਂ ਮਿਲੀ ਸੀ।  ਉਸ ਇਲਾਕੇ ਵਿਚ ਕੁਝ ਚਰਵਾਹੇ ਘਰੋਂ ਬਾਹਰ ਰਹਿ ਰਹੇ ਸਨ ਅਤੇ ਰਾਤ ਨੂੰ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ।  ਅਚਾਨਕ ਯਹੋਵਾਹ* ਦਾ ਦੂਤ ਉਨ੍ਹਾਂ ਸਾਮ੍ਹਣੇ ਆ ਖੜ੍ਹਾ ਹੋਇਆ ਅਤੇ ਯਹੋਵਾਹ* ਦੀ ਮਹਿਮਾ ਦੇ ਨੂਰ ਨਾਲ ਉਨ੍ਹਾਂ ਦਾ ਆਲਾ-ਦੁਆਲਾ ਚਮਕ ਉੱਠਿਆ। ਇਸ ਕਰਕੇ ਚਰਵਾਹੇ ਬਹੁਤ ਡਰ ਗਏ। 10  ਪਰ ਦੂਤ ਨੇ ਉਨ੍ਹਾਂ ਨੂੰ ਕਿਹਾ: “ਡਰੋ ਨਾ, ਸੁਣੋ! ਮੈਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਆਇਆ ਹਾਂ ਜਿਸ ਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜੀ ਖ਼ੁਸ਼ੀ ਹੋਵੇਗੀ 11  ਕਿਉਂਕਿ ਅੱਜ ਦਾਊਦ ਦੇ ਸ਼ਹਿਰ+ ਵਿਚ ਤੁਹਾਡੇ ਲਈ ਇਕ ਮੁਕਤੀਦਾਤਾ ਪੈਦਾ ਹੋਇਆ ਹੈ,+ ਉਹੀ ਮਸੀਹ ਤੇ ਪ੍ਰਭੂ ਹੈ।+ 12  ਉਸ ਨੂੰ ਪਛਾਣਨ ਦੀ ਨਿਸ਼ਾਨੀ ਇਹ ਹੈ: ਤੁਸੀਂ ਬੱਚੇ ਨੂੰ ਕੱਪੜੇ ਵਿਚ ਲਪੇਟਿਆ ਹੋਇਆ ਤੇ ਖੁਰਲੀ ਵਿਚ ਪਿਆ ਦੇਖੋਗੇ।” 13  ਫਿਰ ਅਚਾਨਕ ਸਵਰਗੀ ਦੂਤਾਂ ਦੀ ਫ਼ੌਜ ਉਸ ਦੂਤ ਨਾਲ ਆ ਰਲ਼ੀ+ ਅਤੇ ਉਹ ਸਾਰੇ ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ: 14  “ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈ ਕਾਰ ਹੋਵੇ ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਮਿਲੇ ਜਿਨ੍ਹਾਂ ਤੋਂ ਉਹ ਖ਼ੁਸ਼ ਹੈ।” 15  ਫਿਰ ਜਦੋਂ ਦੂਤ ਸਵਰਗ ਨੂੰ ਚਲੇ ਗਏ, ਤਾਂ ਚਰਵਾਹੇ ਇਕ-ਦੂਜੇ ਨੂੰ ਕਹਿਣ ਲੱਗੇ: “ਆਓ ਆਪਾਂ ਸਿੱਧੇ ਬੈਤਲਹਮ ਨੂੰ ਚੱਲੀਏ ਅਤੇ ਉੱਥੇ ਯਹੋਵਾਹ* ਦੇ ਕਹੇ ਮੁਤਾਬਕ ਜੋ ਹੋਇਆ ਹੈ, ਜਾ ਕੇ ਦੇਖੀਏ।” 16  ਉਹ ਫ਼ੌਰਨ ਗਏ ਅਤੇ ਮਰੀਅਮ ਤੇ ਯੂਸੁਫ਼ ਨੂੰ ਮਿਲ ਪਏ ਅਤੇ ਉਨ੍ਹਾਂ ਨੇ ਬੱਚੇ ਨੂੰ ਖੁਰਲੀ ਵਿਚ ਪਿਆ ਦੇਖਿਆ। 17  ਇਹ ਦੇਖਣ ਤੋਂ ਬਾਅਦ, ਉਨ੍ਹਾਂ ਨੇ ਸਾਰੀਆਂ ਗੱਲਾਂ ਲੋਕਾਂ ਨੂੰ ਦੱਸੀਆਂ ਜੋ ਦੂਤ ਨੇ ਉਨ੍ਹਾਂ ਨੂੰ ਬੱਚੇ ਬਾਰੇ ਕਹੀਆਂ ਸਨ। 18  ਜਿਨ੍ਹਾਂ ਨੇ ਵੀ ਚਰਵਾਹਿਆਂ ਦੀਆਂ ਗੱਲਾਂ ਸੁਣੀਆਂ, ਉਹ ਸਭ ਹੈਰਾਨ ਹੋਏ। 19  ਪਰ ਮਰੀਅਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿਚ ਸਾਂਭ ਰੱਖੀਆਂ ਅਤੇ ਇਨ੍ਹਾਂ ਦੇ ਮਤਲਬ ਬਾਰੇ ਸੋਚਣ ਲੱਗੀ।+ 20  ਫਿਰ ਚਰਵਾਹੇ ਵਾਪਸ ਚਲੇ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਕਿਉਂਕਿ ਉਨ੍ਹਾਂ ਨੇ ਉਹੀ ਸੁਣਿਆ ਤੇ ਦੇਖਿਆ ਜੋ ਉਨ੍ਹਾਂ ਨੂੰ ਦੱਸਿਆ ਗਿਆ ਸੀ। 21  ਅੱਠਵੇਂ ਦਿਨ ਜਦੋਂ ਬੱਚੇ ਦੀ ਸੁੰਨਤ ਕਰਨ ਦਾ ਸਮਾਂ ਆਇਆ,+ ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਹ ਨਾਂ ਦੂਤ ਨੇ ਮਰੀਅਮ ਦੇ ਗਰਭਵਤੀ ਹੋਣ ਤੋਂ ਪਹਿਲਾਂ ਉਸ ਨੂੰ ਦੱਸਿਆ ਸੀ।+ 22  ਫਿਰ ਮੂਸਾ ਦੇ ਕਾਨੂੰਨ ਅਨੁਸਾਰ ਜਦੋਂ ਉਨ੍ਹਾਂ ਦੇ ਸ਼ੁੱਧ ਹੋਣ ਦਾ ਸਮਾਂ ਆਇਆ,+ ਤਾਂ ਉਹ ਬੱਚੇ ਨੂੰ ਯਹੋਵਾਹ* ਅੱਗੇ ਪੇਸ਼ ਕਰਨ ਲਈ ਯਰੂਸ਼ਲਮ ਆਏ 23  ਕਿਉਂਕਿ ਯਹੋਵਾਹ* ਦੇ ਕਾਨੂੰਨ ਵਿਚ ਲਿਖਿਆ ਹੈ: “ਹਰ ਜੇਠਾ ਪੁੱਤਰ ਯਹੋਵਾਹ* ਨੂੰ ਅਰਪਿਤ ਕੀਤਾ ਜਾਵੇ।”+ 24  ਨਾਲੇ ਉਨ੍ਹਾਂ ਨੇ ਬਲ਼ੀ ਚੜ੍ਹਾਈ ਜਿਸ ਬਾਰੇ ਯਹੋਵਾਹ* ਦੇ ਕਾਨੂੰਨ ਵਿਚ ਲਿਖਿਆ ਹੈ: “ਘੁੱਗੀਆਂ ਦਾ ਇਕ ਜੋੜਾ ਜਾਂ ਕਬੂਤਰ ਦੇ ਦੋ ਬੱਚੇ।”+ 25  ਦੇਖੋ! ਯਰੂਸ਼ਲਮ ਵਿਚ ਸ਼ਿਮਓਨ ਨਾਂ ਦਾ ਆਦਮੀ ਸੀ ਜੋ ਧਰਮੀ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਬੰਦਾ ਸੀ। ਉਹ ਇਜ਼ਰਾਈਲ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਿਹਾ ਸੀ+ ਅਤੇ ਪਵਿੱਤਰ ਸ਼ਕਤੀ ਉਸ ਉੱਤੇ ਸੀ। 26  ਨਾਲੇ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਯਹੋਵਾਹ* ਦੇ ਭੇਜੇ ਹੋਏ ਮਸੀਹ ਨੂੰ ਦੇਖੇ ਬਿਨਾਂ ਨਹੀਂ ਮਰੇਗਾ। 27  ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਉਹ ਮੰਦਰ ਵਿਚ ਗਿਆ, ਉਸ ਵੇਲੇ ਮੂਸਾ ਦੇ ਕਾਨੂੰਨ ਮੁਤਾਬਕ ਰੀਤ ਪੂਰੀ ਕਰਨ ਲਈ ਬਾਲਕ ਯਿਸੂ ਨੂੰ ਉਸ ਦੇ ਮਾਤਾ-ਪਿਤਾ ਮੰਦਰ ਵਿਚ ਲੈ ਕੇ ਆਏ ਹੋਏ ਸਨ।+ 28  ਸ਼ਿਮਓਨ ਨੇ ਬੱਚੇ ਨੂੰ ਬਾਹਾਂ ਵਿਚ ਚੁੱਕਿਆ ਅਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗਾ: 29  “ਹੇ ਸਾਰੇ ਜਹਾਨ ਦੇ ਮਾਲਕ, ਤੇਰੀ ਗੱਲ ਪੂਰੀ ਹੋ ਗਈ ਹੈ। ਹੁਣ ਤੇਰਾ ਦਾਸ ਸ਼ਾਂਤੀ ਨਾਲ ਮਰ ਸਕਦਾ ਹੈ+ 30  ਕਿਉਂਕਿ ਮੇਰੀਆਂ ਅੱਖਾਂ ਨੇ ਤੇਰੇ ਮੁਕਤੀ ਦੇ ਜ਼ਰੀਏ ਨੂੰ ਦੇਖ ਲਿਆ ਹੈ+ 31  ਜਿਸ ਨੂੰ ਤੂੰ ਸਾਰੇ ਲੋਕਾਂ ਸਾਮ੍ਹਣੇ ਜ਼ਾਹਰ ਕੀਤਾ ਹੈ।+ 32  ਇਹ ਕੌਮਾਂ ਉੱਤੇ ਛਾਏ ਹਨੇਰੇ ਨੂੰ ਦੂਰ ਕਰਨ ਵਾਲਾ+ ਚਾਨਣ+ ਅਤੇ ਤੇਰੀ ਪਰਜਾ ਇਜ਼ਰਾਈਲ ਦੀ ਸ਼ਾਨ ਹੈ।” 33  ਬੱਚੇ ਬਾਰੇ ਇਹ ਸਭ ਗੱਲਾਂ ਸੁਣ ਕੇ ਉਸ ਦੇ ਮਾਤਾ-ਪਿਤਾ ਨੂੰ ਹੈਰਾਨੀ ਹੋ ਰਹੀ ਸੀ। 34  ਸ਼ਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਬੱਚੇ ਦੀ ਮਾਂ ਮਰੀਅਮ ਨੂੰ ਕਿਹਾ: “ਸੁਣ! ਇਸ ਬੱਚੇ ਕਰਕੇ ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਡਿਗਣਗੇ+ ਅਤੇ ਬਹੁਤ ਸਾਰੇ ਲੋਕ ਉੱਠਣਗੇ।+ ਲੋਕ ਉਸ ਖ਼ਿਲਾਫ਼ ਗੱਲਾਂ ਕਰਨਗੇ,+ 35  ਇਸ ਤਰ੍ਹਾਂ, ਲੋਕਾਂ ਦੇ ਮਨਾਂ ਦੀਆਂ ਸੋਚਾਂ ਪ੍ਰਗਟ ਹੋਣਗੀਆਂ। ਪਰ ਮਰੀਅਮ, ਇਕ ਲੰਬੀ ਤਲਵਾਰ ਤੇਰੇ ਕਲੇਜੇ ਨੂੰ ਵਿੰਨ੍ਹੇਗੀ।”+ 36  ਆਸ਼ੇਰ ਦੇ ਗੋਤ ਵਿੱਚੋਂ ਫ਼ਨੂਏਲ ਦੀ ਧੀ ਅੱਨਾ ਨਬੀਆ ਸੀ। ਉਹ ਸਿਆਣੀ ਉਮਰ ਦੀ ਸੀ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਸੱਤ ਸਾਲ ਰਹਿਣ ਪਿੱਛੋਂ 37  ਵਿਧਵਾ ਹੋ ਗਈ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਹ ਹਮੇਸ਼ਾ ਮੰਦਰ ਵਿਚ ਆਉਂਦੀ ਸੀ ਅਤੇ ਦਿਨ-ਰਾਤ ਭਗਤੀ ਵਿਚ ਲੀਨ ਰਹਿੰਦੀ ਸੀ, ਨਾਲੇ ਵਰਤ ਰੱਖਦੀ ਅਤੇ ਫ਼ਰਿਆਦ ਕਰਦੀ ਹੁੰਦੀ ਸੀ। 38  ਉਸ ਵੇਲੇ ਉਹ ਵੀ ਉਨ੍ਹਾਂ ਕੋਲ ਆਈ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਨ ਲੱਗੀ ਅਤੇ ਯਰੂਸ਼ਲਮ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਲੋਕਾਂ+ ਨੂੰ ਬੱਚੇ ਬਾਰੇ ਦੱਸਣ ਲੱਗੀ। 39  ਫਿਰ ਯੂਸੁਫ਼ ਤੇ ਮਰੀਅਮ ਯਹੋਵਾਹ* ਦੇ ਕਾਨੂੰਨ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰ ਕੇ+ ਗਲੀਲ ਵਿਚ ਆਪਣੇ ਸ਼ਹਿਰ ਨਾਸਰਤ ਵਾਪਸ ਚਲੇ ਗਏ।+ 40  ਉਹ ਬੱਚਾ ਵੱਡਾ ਤੇ ਤਕੜਾ ਹੁੰਦਾ ਗਿਆ। ਉਹ ਸਮਝਦਾਰ ਹੁੰਦਾ ਗਿਆ ਤੇ ਪਰਮੇਸ਼ੁਰ ਦੀ ਮਿਹਰ ਉਸ ਉੱਤੇ ਰਹੀ।+ 41  ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ।+ 42  ਜਦ ਉਹ 12 ਸਾਲਾਂ ਦਾ ਸੀ, ਤਾਂ ਹਰ ਸਾਲ ਦੀ ਤਰ੍ਹਾਂ ਉਹ ਸਾਰੇ ਜਣੇ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਗਏ।+ 43  ਤਿਉਹਾਰ ਖ਼ਤਮ ਹੋਣ ਤੋਂ ਬਾਅਦ ਜਦ ਉਹ ਵਾਪਸ ਆ ਰਹੇ ਸਨ, ਤਾਂ ਬਾਲਕ ਯਿਸੂ ਪਿੱਛੇ ਯਰੂਸ਼ਲਮ ਵਿਚ ਰਹਿ ਗਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਦਾ ਪਤਾ ਨਾ ਲੱਗਾ। 44  ਉਨ੍ਹਾਂ ਨੂੰ ਲੱਗਾ ਕਿ ਉਹ ਕਾਫ਼ਲੇ ਦੇ ਨਾਲ ਹੀ ਸੀ। ਪੂਰੇ ਦਿਨ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਵਿਚ ਉਸ ਨੂੰ ਲੱਭਣ ਲੱਗੇ। 45  ਪਰ ਜਦ ਉਹ ਨਾ ਲੱਭਾ, ਤਾਂ ਉਹ ਯਰੂਸ਼ਲਮ ਵਾਪਸ ਆ ਕੇ ਸਾਰੇ ਪਾਸੇ ਉਸ ਦੀ ਤਲਾਸ਼ ਕਰਨ ਲੱਗੇ। 46  ਤਿੰਨਾਂ ਦਿਨਾਂ ਬਾਅਦ ਉਹ ਉਨ੍ਹਾਂ ਨੂੰ ਮੰਦਰ ਵਿਚ ਲੱਭਾ ਜਿੱਥੇ ਉਹ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। 47  ਸਾਰੇ ਲੋਕਾਂ ਨੂੰ ਉਸ ਦੀ ਸਮਝ ਦੇਖ ਕੇ ਅਤੇ ਉਸ ਦੇ ਜਵਾਬ ਸੁਣ ਕੇ ਅਚੰਭਾ ਹੋ ਰਿਹਾ ਸੀ।+ 48  ਜਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਹ ਬਹੁਤ ਹੈਰਾਨ ਹੋਏ ਅਤੇ ਉਸ ਦੀ ਮਾਂ ਨੇ ਉਸ ਨੂੰ ਕਿਹਾ: “ਪੁੱਤ, ਤੂੰ ਇਹ ਸਾਡੇ ਨਾਲ ਕਿਉਂ ਕੀਤਾ? ਤੈਨੂੰ ਪਤਾ, ਮੈਂ ਤੇ ਤੇਰਾ ਪਿਤਾ ਤੈਨੂੰ ਪਾਗਲਾਂ ਵਾਂਗ ਲੱਭਦੇ ਫਿਰ ਰਹੇ ਸੀ!” 49  ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਤਾ ਦੇ ਘਰ ਹੀ ਹੋਵਾਂਗਾ?”+ 50  ਪਰ ਉਹ ਉਸ ਦੀ ਗੱਲ ਨਾ ਸਮਝੇ। 51  ਫਿਰ ਉਹ ਉਨ੍ਹਾਂ ਨਾਲ ਚਲਾ ਗਿਆ ਅਤੇ ਨਾਸਰਤ ਵਾਪਸ ਆ ਗਿਆ ਤੇ ਉਨ੍ਹਾਂ ਦੇ ਅਧੀਨ ਰਿਹਾ।*+ ਉਸ ਦੀ ਮਾਂ ਨੇ ਉਹ ਸਭ ਗੱਲਾਂ ਆਪਣੇ ਦਿਲ ਵਿਚ ਸਾਂਭ ਕੇ ਰੱਖੀਆਂ।+ 52  ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।