ਰੋਮੀਆਂ ਨੂੰ ਚਿੱਠੀ 15:1-33

  • ਮਸੀਹ ਵਾਂਗ ਇਕ-ਦੂਜੇ ਨੂੰ ਕਬੂਲ ਕਰੋ (1-13)

  • ਪੌਲੁਸ ਹੋਰ ਕੌਮਾਂ ਨੂੰ ਪ੍ਰਚਾਰ ਕਰਨ ਲਈ ਘੱਲਿਆ ਗਿਆ (14-21)

  • ਪੌਲੁਸ ਦੇ ਸਫ਼ਰ ਦੀ ਯੋਜਨਾ (22-33)

15  ਪਰ ਨਿਹਚਾ ਵਿਚ ਪੱਕੇ ਹੋਣ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੈ+ ਅਤੇ ਆਪਣੇ ਬਾਰੇ ਹੀ ਨਾ ਸੋਚੀਏ।+ 2  ਆਓ ਆਪਾਂ ਦੂਸਰਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰੀਏ+ 3  ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖ਼ੁਸ਼ ਨਹੀਂ ਕੀਤਾ,+ ਪਰ ਜਿਵੇਂ ਲਿਖਿਆ ਹੈ: “ਮੈਂ ਤੇਰੀ ਬੇਇੱਜ਼ਤੀ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸਹਾਰੀਆਂ।”+ 4  ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ।+ ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।+ 5  ਮੇਰੀ ਇਹੀ ਦੁਆ ਹੈ ਕਿ ਧੀਰਜ ਅਤੇ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਤੁਹਾਡੀ ਮਦਦ ਕਰੇ ਕਿ ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ  6  ਤਾਂਕਿ ਤੁਸੀਂ ਮਿਲ ਕੇ+ ਇੱਕੋ ਆਵਾਜ਼ ਵਿਚ* ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਮਹਿਮਾ ਕਰੋ। 7  ਇਸ ਲਈ ਇਕ-ਦੂਜੇ ਨੂੰ ਕਬੂਲ* ਕਰੋ+ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਹੈ+ ਤਾਂਕਿ ਪਰਮੇਸ਼ੁਰ ਦੀ ਮਹਿਮਾ ਹੋਵੇ।  8  ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਇਹ ਗੱਲ ਜ਼ਾਹਰ ਕਰਨ ਲਈ ਯਹੂਦੀਆਂ ਦਾ ਸੇਵਕ ਬਣਿਆ*+ ਕਿ ਪਰਮੇਸ਼ੁਰ ਹਮੇਸ਼ਾ ਸੱਚ ਬੋਲਦਾ ਹੈ ਅਤੇ ਸਾਡੇ ਪਿਉ-ਦਾਦਿਆਂ ਨਾਲ ਕੀਤੇ ਉਸ ਦੇ ਵਾਅਦੇ ਸੱਚੇ ਹਨ+ 9  ਅਤੇ ਇਸ ਲਈ ਵੀ ਕਿ ਗ਼ੈਰ-ਯਹੂਦੀ ਲੋਕ ਪਰਮੇਸ਼ੁਰ ਦੀ ਦਇਆ ਕਰਕੇ ਉਸ ਦੀ ਮਹਿਮਾ ਕਰਨ।+ ਠੀਕ ਜਿਵੇਂ ਲਿਖਿਆ ਹੈ: “ਇਸੇ ਕਰਕੇ ਮੈਂ ਕੌਮਾਂ ਵਿਚ ਸਾਰਿਆਂ ਸਾਮ੍ਹਣੇ ਤੈਨੂੰ ਕਬੂਲ ਕਰਾਂਗਾ ਅਤੇ ਤੇਰੇ ਨਾਂ ਦਾ ਗੁਣਗਾਨ ਕਰਾਂਗਾ।”+ 10  ਇਹ ਵੀ ਕਿਹਾ ਗਿਆ ਹੈ: “ਹੇ ਕੌਮੋਂ, ਪਰਮੇਸ਼ੁਰ ਦੇ ਲੋਕਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਓ।”+ 11  ਇਕ ਹੋਰ ਆਇਤ ਵਿਚ ਕਿਹਾ ਗਿਆ ਹੈ: “ਹੇ ਕੌਮ-ਕੌਮ ਦੇ ਲੋਕੋ, ਯਹੋਵਾਹ* ਦੀ ਮਹਿਮਾ ਕਰੋ। ਦੇਸ਼-ਦੇਸ਼ ਦੇ ਲੋਕ ਉਸ ਦਾ ਗੁਣਗਾਨ ਕਰਨ।”+ 12  ਯਸਾਯਾਹ ਨਬੀ ਕਹਿੰਦਾ ਹੈ: “ਯੱਸੀ ਦੀ ਜੜ੍ਹ ਨਿਕਲੇਗੀ+ ਯਾਨੀ ਕੌਮਾਂ ਉੱਤੇ ਰਾਜ ਕਰਨ ਵਾਲਾ ਖੜ੍ਹਾ ਹੋਵੇਗਾ+ ਅਤੇ ਕੌਮਾਂ ਉਸ ਉੱਤੇ ਉਮੀਦ ਰੱਖਣਗੀਆਂ।”+ 13  ਇਸ ਲਈ ਮੇਰੀ ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ ਤੁਹਾਨੂੰ ਭਰਪੂਰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ ਕਿਉਂਕਿ ਤੁਸੀਂ ਉਸ ਉੱਤੇ ਨਿਹਚਾ ਕਰਦੇ ਹੋ ਅਤੇ ਪਵਿੱਤਰ ਸ਼ਕਤੀ ਰਾਹੀਂ ਤੁਹਾਡੀ ਉਮੀਦ ਹੋਰ ਪੱਕੀ ਹੋਵੇ।+ 14  ਮੇਰੇ ਭਰਾਵੋ, ਮੈਨੂੰ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਚੰਗੇ ਕੰਮ ਕਰਨ ਵਿਚ ਲੱਗੇ ਰਹਿੰਦੇ ਹੋ ਅਤੇ ਤੁਸੀਂ ਗਿਆਨ ਨਾਲ ਭਰੇ ਹੋਏ ਹੋ ਅਤੇ ਤੁਸੀਂ ਇਕ-ਦੂਜੇ ਨੂੰ ਸਲਾਹ* ਦੇਣ ਦੇ ਯੋਗ ਹੋ।  15  ਪਰ ਮੈਂ ਤੁਹਾਨੂੰ ਕੁਝ ਗੱਲਾਂ ਦੁਬਾਰਾ ਯਾਦ ਕਰਾਉਣ ਲਈ ਸਾਫ਼-ਸਾਫ਼ ਲਿਖ ਰਿਹਾ ਹਾਂ ਕਿਉਂਕਿ ਪਰਮੇਸ਼ੁਰ ਨੇ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਹੈ  16  ਤਾਂਕਿ ਮੈਂ ਯਿਸੂ ਮਸੀਹ ਦੇ ਸੇਵਕ ਦੇ ਤੌਰ ਤੇ ਹੋਰ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ।+ ਮੈਂ ਇਸ ਪਵਿੱਤਰ ਕੰਮ ਵਿਚ ਇਸ ਕਰਕੇ ਲੱਗਾ ਹੋਇਆ ਹਾਂ ਤਾਂਕਿ ਹੋਰ ਕੌਮਾਂ ਪਰਮੇਸ਼ੁਰ ਅੱਗੇ ਮਨਜ਼ੂਰਯੋਗ ਭੇਟ ਵਜੋਂ ਹੋਣ ਜਿਸ ਨੂੰ ਪਵਿੱਤਰ ਸ਼ਕਤੀ ਪਵਿੱਤਰ ਕਰਦੀ ਹੈ। 17  ਇਸ ਲਈ ਮਸੀਹ ਯਿਸੂ ਦਾ ਚੇਲਾ ਹੋਣ ਕਰਕੇ ਮੈਨੂੰ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ।  18  ਹੋਰ ਕੌਮਾਂ ਦੇ ਲੋਕਾਂ ਨੂੰ ਆਗਿਆਕਾਰ ਬਣਾਉਣ ਲਈ ਮਸੀਹ ਨੇ ਮੇਰੇ ਰਾਹੀਂ ਜੋ ਵੀ ਕੀਤਾ ਹੈ, ਉਸ ਨੂੰ ਛੱਡ ਮੈਂ ਹੋਰ ਕਿਸੇ ਵੀ ਚੀਜ਼ ਬਾਰੇ ਗੱਲ ਕਰਨ ਦਾ ਹੀਆ ਨਹੀਂ ਕਰਾਂਗਾ। ਉਸ ਨੇ ਇਹ ਸਭ ਕੁਝ ਮੇਰੀ ਸਿੱਖਿਆ ਤੇ ਕੰਮਾਂ ਰਾਹੀਂ,  19  ਨਿਸ਼ਾਨੀਆਂ ਤੇ ਚਮਤਕਾਰਾਂ ਰਾਹੀਂ+ ਅਤੇ ਪਵਿੱਤਰ ਸ਼ਕਤੀ ਰਾਹੀਂ ਕੀਤਾ ਹੈ, ਇਸ ਲਈ ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਮ ਤਕ ਚੰਗੀ ਤਰ੍ਹਾਂ ਮਸੀਹ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ।+ 20  ਅਸਲ ਵਿਚ, ਮੈਂ ਉੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਾ ਕਰਨ ਦਾ ਇਰਾਦਾ ਕੀਤਾ ਸੀ ਜਿੱਥੇ ਲੋਕ ਪਹਿਲਾਂ ਹੀ ਮਸੀਹ ਦੇ ਨਾਂ ਬਾਰੇ ਸੁਣ ਚੁੱਕੇ ਹਨ ਤਾਂਕਿ ਮੈਂ ਕਿਸੇ ਹੋਰ ਆਦਮੀ ਦੁਆਰਾ ਧਰੀ ਨੀਂਹ ਉੱਤੇ ਉਸਾਰੀ ਨਾ ਕਰਾਂ;  21  ਮੈਂ ਧਰਮ-ਗ੍ਰੰਥ ਵਿਚ ਲਿਖੀ ਇਸ ਗੱਲ ਅਨੁਸਾਰ ਚੱਲਦਾ ਹਾਂ: “ਜਿਨ੍ਹਾਂ ਲੋਕਾਂ ਨੂੰ ਉਸ ਬਾਰੇ ਦੱਸਿਆ ਨਹੀਂ ਗਿਆ, ਉਹ ਉਸ ਨੂੰ ਦੇਖਣਗੇ ਅਤੇ ਜਿਨ੍ਹਾਂ ਲੋਕਾਂ ਨੇ ਉਸ ਬਾਰੇ ਨਹੀਂ ਸੁਣਿਆ, ਉਹ ਸਮਝਣਗੇ।”+ 22  ਇਸੇ ਕਰਕੇ ਮੈਂ ਕਈ ਵਾਰ ਚਾਹੁੰਦੇ ਹੋਏ ਵੀ ਤੁਹਾਡੇ ਕੋਲ ਆ ਨਹੀਂ ਸਕਿਆ।  23  ਪਰ ਹੁਣ ਇਨ੍ਹਾਂ ਇਲਾਕਿਆਂ ਵਿਚ ਮੇਰੇ ਕੋਲ ਅਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਮੈਂ ਪ੍ਰਚਾਰ ਨਹੀਂ ਕੀਤਾ ਹੈ ਅਤੇ ਮੈਂ ਕਈ* ਸਾਲਾਂ ਤੋਂ ਤੁਹਾਨੂੰ ਮਿਲਣ ਲਈ ਤਰਸ ਰਿਹਾ ਹਾਂ।  24  ਇਸ ਲਈ ਮੈਨੂੰ ਉਮੀਦ ਹੈ ਕਿ ਸਪੇਨ ਨੂੰ ਜਾਂਦੇ ਹੋਏ ਰਾਹ ਵਿਚ ਮੈਂ ਤੁਹਾਡੇ ਕੋਲ ਵੀ ਆਵਾਂਗਾ ਅਤੇ ਕੁਝ ਸਮਾਂ ਤੁਹਾਡਾ ਸਾਥ ਮਾਣਾਂਗਾ। ਫਿਰ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਤਕ ਮੇਰੇ ਨਾਲ ਆ ਜਾਇਓ।  25  ਪਰ ਹੁਣ ਮੈਂ ਪਵਿੱਤਰ ਸੇਵਕਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਣ ਵਾਲਾ ਹਾਂ।+ 26  ਯਰੂਸ਼ਲਮ ਦੇ ਕੁਝ ਗ਼ਰੀਬ ਪਵਿੱਤਰ ਸੇਵਕਾਂ ਵਾਸਤੇ ਮਕਦੂਨੀਆ ਅਤੇ ਅਖਾਯਾ ਦੇ ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਦਾਨ ਦਿੱਤਾ ਹੈ।+ 27  ਇਹ ਸੱਚ ਹੈ ਕਿ ਭਰਾਵਾਂ ਨੇ ਦਿਲੋਂ ਇਸ ਤਰ੍ਹਾਂ ਕੀਤਾ ਹੈ। ਪਰ ਉਹ ਯਰੂਸ਼ਲਮ ਵਿਚ ਪਵਿੱਤਰ ਸੇਵਕਾਂ ਦੇ ਕਰਜ਼ਦਾਰ ਹਨ ਕਿਉਂਕਿ ਪਵਿੱਤਰ ਸੇਵਕਾਂ ਨੇ ਪਰਮੇਸ਼ੁਰ ਤੋਂ ਮਿਲੀਆਂ ਚੀਜ਼ਾਂ ਹੋਰ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।+ 28  ਇਸ ਕਰਕੇ ਇਹ ਦਾਨ ਪਵਿੱਤਰ ਸੇਵਕਾਂ ਤਕ ਪਹੁੰਚਾਉਣ ਤੋਂ ਬਾਅਦ ਮੈਂ ਸਪੇਨ ਨੂੰ ਜਾਂਦੇ ਹੋਏ ਰਾਹ ਵਿਚ ਤੁਹਾਡੇ ਕੋਲ ਆਵਾਂਗਾ।  29  ਇਸ ਤੋਂ ਇਲਾਵਾ, ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ, ਤਾਂ ਮੈਂ ਮਸੀਹ ਤੋਂ ਤੁਹਾਡੇ ਲਈ ਬਹੁਤ ਸਾਰੀਆਂ ਬਰਕਤਾਂ ਲੈ ਕੇ ਆਵਾਂਗਾ। 30  ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਨਿਹਚਾ ਕਰਕੇ ਅਤੇ ਪਵਿੱਤਰ ਸ਼ਕਤੀ ਰਾਹੀਂ ਤੁਹਾਡੇ ਵਿਚ ਜੋ ਪਿਆਰ ਹੈ, ਉਸ ਕਰਕੇ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਵੀ ਮੇਰੇ ਨਾਲ ਰਲ਼ ਕੇ ਮੇਰੇ ਲਈ ਪਰਮੇਸ਼ੁਰ ਨੂੰ ਤਨੋਂ-ਮਨੋਂ ਪ੍ਰਾਰਥਨਾਵਾਂ ਕਰੋ+  31  ਕਿ ਮੈਂ ਯਹੂਦਿਯਾ ਵਿਚ ਅਵਿਸ਼ਵਾਸੀਆਂ ਦੇ ਹੱਥੋਂ ਬਚਾਇਆ ਜਾਵਾਂ ਅਤੇ ਯਰੂਸ਼ਲਮ ਵਿਚ ਪਵਿੱਤਰ ਸੇਵਕ ਮੇਰੀ ਮਦਦ ਕਬੂਲ ਕਰਨ।+ 32  ਫਿਰ ਜੇ ਪਰਮੇਸ਼ੁਰ ਨੇ ਚਾਹਿਆ, ਤਾਂ ਮੈਂ ਤੁਹਾਡੇ ਕੋਲ ਖ਼ੁਸ਼ੀ-ਖ਼ੁਸ਼ੀ ਆਵਾਂਗਾ ਅਤੇ ਇਕ-ਦੂਜੇ ਨੂੰ ਮਿਲ ਕੇ ਸਾਡਾ ਸਾਰਿਆਂ ਦਾ ਹੌਸਲਾ ਵਧੇਗਾ।  33  ਮੇਰੀ ਦੁਆ ਹੈ ਕਿ ਸ਼ਾਂਤੀ ਦੇਣ ਵਾਲਾ ਪਰਮੇਸ਼ੁਰ ਤੁਹਾਡੇ ਸਾਰਿਆਂ ਦੇ ਅੰਗ-ਸੰਗ ਹੋਵੇ।+ ਆਮੀਨ।

ਫੁਟਨੋਟ

ਯੂਨਾ, “ਮੂੰਹ ਨਾਲ।”
ਜਾਂ, “ਦਾ ਸੁਆਗਤ।”
ਯੂਨਾ, “ਉਨ੍ਹਾਂ ਦਾ ਸੇਵਕ ਬਣਿਆ ਜਿਨ੍ਹਾਂ ਦੀ ਸੁੰਨਤ ਹੋਈ ਸੀ।”
ਜਾਂ, “ਸਿੱਖਿਆ।”
ਜਾਂ ਸੰਭਵ ਹੈ, “ਕੁਝ।”