ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 15:1-27
15 “ਮੈਂ ਅਸਲੀ ਅੰਗੂਰੀ ਵੇਲ ਹਾਂ ਅਤੇ ਮੇਰਾ ਪਿਤਾ ਮਾਲੀ ਹੈ।
2 ਮੇਰੇ ਨਾਲ ਲੱਗੀ ਜਿਹੜੀ ਟਾਹਣੀ ਫਲ ਨਹੀਂ ਦਿੰਦੀ, ਪਿਤਾ ਉਸ ਨੂੰ ਕੱਟ ਦਿੰਦਾ ਹੈ ਅਤੇ ਫਲ ਦੇਣ ਵਾਲੀ ਹਰ ਟਾਹਣੀ ਨੂੰ ਛਾਂਗ ਕੇ ਸਾਫ਼ ਕਰਦਾ ਹੈ ਤਾਂਕਿ ਇਸ ਨੂੰ ਹੋਰ ਫਲ ਲੱਗੇ।+
3 ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ, ਉਨ੍ਹਾਂ ਕਰਕੇ ਤੁਸੀਂ ਪਹਿਲਾਂ ਹੀ ਸ਼ੁੱਧ ਹੋ।+
4 ਮੇਰੇ ਨਾਲ ਏਕਤਾ ਵਿਚ ਬੱਝੇ ਰਹੋ ਅਤੇ ਮੈਂ ਤੁਹਾਡੇ ਨਾਲ ਏਕਤਾ ਵਿਚ ਬੱਝਾ ਰਹਾਂਗਾ। ਜੇ ਟਾਹਣੀ ਅੰਗੂਰੀ ਵੇਲ ਨਾਲ ਲੱਗੀ ਨਾ ਹੋਵੇ, ਤਾਂ ਇਹ ਫਲ ਨਹੀਂ ਦੇ ਸਕਦੀ, ਇਸੇ ਤਰ੍ਹਾਂ ਤੁਸੀਂ ਵੀ ਫਲ ਨਹੀਂ ਦੇ ਸਕਦੇ ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਨਹੀਂ ਰਹਿੰਦੇ।+
5 ਮੈਂ ਅੰਗੂਰੀ ਵੇਲ ਹਾਂ; ਤੁਸੀਂ ਟਾਹਣੀਆਂ ਹੋ। ਜਿਹੜਾ ਇਨਸਾਨ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ, ਉਹ ਇਨਸਾਨ ਬਹੁਤ ਫਲ ਦਿੰਦਾ ਹੈ;+ ਕਿਉਂਕਿ ਮੇਰੇ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ।
6 ਜਿਹੜਾ ਮੇਰੇ ਨਾਲ ਏਕਤਾ ਵਿਚ ਬੱਝਾ ਨਹੀਂ ਰਹਿੰਦਾ, ਉਸ ਨੂੰ ਸੁੱਕੀ ਟਾਹਣੀ ਵਾਂਗ ਕੱਟ ਦਿੱਤਾ ਜਾਂਦਾ ਹੈ। ਲੋਕ ਉਨ੍ਹਾਂ ਸੁੱਕੀਆਂ ਟਾਹਣੀਆਂ ਨੂੰ ਇਕੱਠਾ ਕਰ ਕੇ ਅੱਗ ਵਿਚ ਸਾੜ ਦਿੰਦੇ ਹਨ।
7 ਜੇ ਤੁਸੀਂ ਮੇਰੇ ਨਾਲ ਏਕਤਾ ਵਿਚ ਬੱਝੇ ਰਹਿੰਦੇ ਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਦਿਲਾਂ ਵਿਚ ਰਹਿੰਦੀਆਂ ਹਨ, ਤਾਂ ਤੁਸੀਂ ਜੋ ਵੀ ਮੰਗੋਗੇ, ਤੁਹਾਨੂੰ ਦਿੱਤਾ ਜਾਵੇਗਾ।+
8 ਮੇਰੇ ਪਿਤਾ ਦੀ ਮਹਿਮਾ ਇਸ ਵਿਚ ਹੈ ਕਿ ਤੁਸੀਂ ਬਹੁਤਾ ਫਲ ਦਿੰਦੇ ਰਹੋ ਅਤੇ ਆਪਣੇ ਆਪ ਨੂੰ ਮੇਰੇ ਚੇਲੇ ਸਾਬਤ ਕਰੋ।+
9 ਜਿਵੇਂ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ,+ ਉਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ; ਤੁਸੀਂ ਆਪਣੇ ਆਪ ਨੂੰ ਮੇਰੇ ਪਿਆਰ ਦੇ ਲਾਇਕ ਬਣਾਈ ਰੱਖੋ।
10 ਜੇ ਤੁਸੀਂ ਮੇਰੇ ਹੁਕਮ ਮੰਨੋਗੇ, ਤਾਂ ਤੁਸੀਂ ਮੇਰੇ ਪਿਆਰ ਦੇ ਲਾਇਕ ਬਣੇ ਰਹੋਗੇ, ਠੀਕ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮ ਮੰਨ ਕੇ ਆਪਣੇ ਆਪ ਨੂੰ ਉਸ ਦੇ ਪਿਆਰ ਦੇ ਲਾਇਕ ਬਣਾਈ ਰੱਖਦਾ ਹਾਂ।
11 “ਇਹ ਗੱਲਾਂ ਮੈਂ ਤੁਹਾਨੂੰ ਇਸ ਕਰਕੇ ਕਹੀਆਂ ਹਨ ਤਾਂਕਿ ਤੁਹਾਨੂੰ ਵੀ ਉਹੀ ਖ਼ੁਸ਼ੀ ਮਿਲੇ ਜੋ ਮੈਨੂੰ ਮਿਲੀ ਹੈ ਅਤੇ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।+
12 ਮੇਰਾ ਹੁਕਮ ਹੈ ਕਿ ਤੁਸੀਂ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ।+
13 ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।+
14 ਤੁਸੀਂ ਤਾਂ ਹੀ ਮੇਰੇ ਦੋਸਤ ਹੋ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨਦੇ ਹੋ।+
15 ਮੈਂ ਹੁਣ ਤੁਹਾਨੂੰ ਗ਼ੁਲਾਮ ਨਹੀਂ ਕਹਿੰਦਾ ਕਿਉਂਕਿ ਗ਼ੁਲਾਮ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਪਰ ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ ਕਿਉਂਕਿ ਜਿਹੜੀਆਂ ਗੱਲਾਂ ਮੈਂ ਆਪਣੇ ਪਿਤਾ ਤੋਂ ਸੁਣੀਆਂ ਹਨ, ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ।
16 ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਇਸ ਲਈ ਠਹਿਰਾਇਆ ਹੈ ਕਿ ਤੁਸੀਂ ਵਧਦੇ ਜਾਓ ਅਤੇ ਫਲ ਦਿੰਦੇ ਰਹੋ ਅਤੇ ਤੁਹਾਡਾ ਫਲ ਹਮੇਸ਼ਾ ਰਹੇ ਤਾਂਕਿ ਤੁਸੀਂ ਮੇਰੇ ਨਾਂ ʼਤੇ ਪਿਤਾ ਤੋਂ ਜੋ ਵੀ ਮੰਗੋ, ਉਹ ਤੁਹਾਨੂੰ ਦੇਵੇਗਾ।+
17 “ਮੈਂ ਇਸ ਕਰਕੇ ਤੁਹਾਨੂੰ ਇਨ੍ਹਾਂ ਗੱਲਾਂ ਦਾ ਹੁਕਮ ਦਿੱਤਾ ਹੈ ਤਾਂਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ।+
18 ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ, ਤਾਂ ਯਾਦ ਰੱਖੋ ਕਿ ਤੁਹਾਡੇ ਤੋਂ ਪਹਿਲਾਂ ਇਸ ਨੇ ਮੇਰੇ ਨਾਲ ਨਫ਼ਰਤ ਕੀਤੀ ਹੈ।+
19 ਜੇ ਤੁਸੀਂ ਦੁਨੀਆਂ ਦੇ ਹੁੰਦੇ, ਤਾਂ ਦੁਨੀਆਂ ਤੁਹਾਡੇ ਨਾਲ ਆਪਣਿਆਂ ਵਾਂਗ ਪਿਆਰ ਕਰਦੀ। ਪਰ ਕਿਉਂਕਿ ਤੁਸੀਂ ਦੁਨੀਆਂ ਦੇ ਨਹੀਂ ਹੋ,+ ਸਗੋਂ ਮੈਂ ਤੁਹਾਨੂੰ ਦੁਨੀਆਂ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਦੁਨੀਆਂ ਤੁਹਾਡੇ ਨਾਲ ਨਫ਼ਰਤ ਕਰਦੀ ਹੈ।+
20 ਮੇਰੀ ਇਹ ਗੱਲ ਯਾਦ ਰੱਖੋ: ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ;+ ਜੇ ਉਨ੍ਹਾਂ ਨੇ ਮੇਰੀ ਗੱਲ ਮੰਨੀ ਹੈ, ਤਾਂ ਉਹ ਤੁਹਾਡੀ ਗੱਲ ਵੀ ਮੰਨਣਗੇ।
21 ਮੇਰੇ ਚੇਲੇ ਹੋਣ ਕਰਕੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਗੇ ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ।+
22 ਜੇ ਮੈਂ ਆ ਕੇ ਉਨ੍ਹਾਂ ਨੂੰ ਨਾ ਦੱਸਿਆ ਹੁੰਦਾ, ਤਾਂ ਉਨ੍ਹਾਂ ਦਾ ਕੋਈ ਪਾਪ ਨਾ ਹੁੰਦਾ।+ ਪਰ ਹੁਣ ਉਨ੍ਹਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ।+
23 ਜਿਹੜਾ ਮੇਰੇ ਨਾਲ ਨਫ਼ਰਤ ਕਰਦਾ ਹੈ, ਉਹ ਮੇਰੇ ਪਿਤਾ ਨਾਲ ਵੀ ਨਫ਼ਰਤ ਕਰਦਾ ਹੈ।+
24 ਜੇ ਮੈਂ ਉਨ੍ਹਾਂ ਸਾਮ੍ਹਣੇ ਉਹ ਕੰਮ ਨਾ ਕੀਤੇ ਹੁੰਦੇ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ, ਤਾਂ ਉਨ੍ਹਾਂ ਦਾ ਪਾਪ ਨਾ ਹੁੰਦਾ;+ ਪਰ ਹੁਣ ਉਨ੍ਹਾਂ ਨੇ ਮੇਰੇ ਕੰਮ ਦੇਖ ਲਏ ਹਨ ਅਤੇ ਉਹ ਮੈਨੂੰ ਤੇ ਮੇਰੇ ਪਿਤਾ ਨੂੰ ਨਫ਼ਰਤ ਕਰਦੇ ਹਨ।
25 ਪਰ ਇਹ ਇਸ ਕਰਕੇ ਹੋਇਆ ਤਾਂਕਿ ਉਨ੍ਹਾਂ ਦੇ ਕਾਨੂੰਨ ਵਿਚ ਲਿਖੀ ਇਹ ਗੱਲ ਪੂਰੀ ਹੋਵੇ: ‘ਉਨ੍ਹਾਂ ਨੇ ਮੇਰੇ ਨਾਲ ਬੇਵਜ੍ਹਾ ਨਫ਼ਰਤ ਕੀਤੀ।’+
26 ਜਦੋਂ ਉਹ ਮਦਦਗਾਰ ਆ ਜਾਵੇਗਾ ਜਿਹੜਾ ਮੈਂ ਆਪਣੇ ਪਿਤਾ ਕੋਲੋਂ ਤੁਹਾਨੂੰ ਘੱਲਾਂਗਾ ਯਾਨੀ ਸੱਚਾਈ ਦੀ ਪਵਿੱਤਰ ਸ਼ਕਤੀ+ ਜਿਹੜੀ ਮੇਰੇ ਪਿਤਾ ਤੋਂ ਆਉਂਦੀ ਹੈ, ਉਹ ਸ਼ਕਤੀ ਮੇਰੇ ਬਾਰੇ ਗਵਾਹੀ ਦੇਵੇਗੀ;+
27 ਤੁਸੀਂ ਵੀ ਮੇਰੇ ਬਾਰੇ ਗਵਾਹੀ ਦੇਣੀ ਹੈ+ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।