ਯਿਰਮਿਯਾਹ 8:1-22
8 ਯਹੋਵਾਹ ਕਹਿੰਦਾ ਹੈ: “ਉਸ ਵੇਲੇ ਯਹੂਦਾਹ ਦੇ ਰਾਜਿਆਂ, ਇਸ ਦੇ ਹਾਕਮਾਂ, ਪੁਜਾਰੀਆਂ, ਨਬੀਆਂ ਅਤੇ ਯਰੂਸ਼ਲਮ ਦੇ ਵਾਸੀਆਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਕਬਰਾਂ ਵਿੱਚੋਂ ਬਾਹਰ ਕੱਢੀਆਂ ਜਾਣਗੀਆਂ।
2 ਉਨ੍ਹਾਂ ਦੀਆਂ ਹੱਡੀਆਂ ਸੂਰਜ, ਚੰਦ ਅਤੇ ਆਕਾਸ਼ ਦੀ ਸਾਰੀ ਸੈਨਾ ਅੱਗੇ ਖਿਲਾਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ, ਜਿਨ੍ਹਾਂ ਦੀ ਭਗਤੀ ਕਰਦੇ ਸਨ, ਜਿਨ੍ਹਾਂ ਦੇ ਪਿੱਛੇ ਚੱਲਦੇ ਸਨ, ਜਿਨ੍ਹਾਂ ਤੋਂ ਸਲਾਹ ਲੈਂਦੇ ਸਨ ਅਤੇ ਜਿਨ੍ਹਾਂ ਅੱਗੇ ਮੱਥਾ ਟੇਕਦੇ ਸਨ।+ ਉਨ੍ਹਾਂ ਦੀਆਂ ਹੱਡੀਆਂ ਨਾ ਤਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਦਫ਼ਨਾਈਆਂ ਜਾਣਗੀਆਂ। ਉਹ ਜ਼ਮੀਨ ਉੱਤੇ ਰੂੜੀ ਵਾਂਗ ਪਈਆਂ ਰਹਿਣਗੀਆਂ।”+
3 “ਮੈਂ ਇਸ ਦੁਸ਼ਟ ਘਰਾਣੇ ਦੇ ਬਚੇ ਹੋਏ ਲੋਕਾਂ ਨੂੰ ਜਿਨ੍ਹਾਂ-ਜਿਨ੍ਹਾਂ ਥਾਵਾਂ ʼਤੇ ਖਿੰਡਾਵਾਂਗਾ, ਉਹ ਉੱਥੇ ਜ਼ਿੰਦਗੀ ਨਹੀਂ, ਸਗੋਂ ਮੌਤ ਮੰਗਣਗੇ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
4 “ਤੂੰ ਉਨ੍ਹਾਂ ਨੂੰ ਇਹ ਕਹੀਂ, ‘ਯਹੋਵਾਹ ਕਹਿੰਦਾ ਹੈ:
“ਕੀ ਉਹ ਡਿਗਣਗੇ ਅਤੇ ਫਿਰ ਕਦੇ ਨਹੀਂ ਉੱਠਣਗੇ?
ਜੇ ਇਕ ਜਣਾ ਪਿੱਛੇ ਮੁੜੇਗਾ, ਤਾਂ ਕੀ ਦੂਜਾ ਵੀ ਪਿੱਛੇ ਨਹੀਂ ਮੁੜੇਗਾ?
5 ਯਰੂਸ਼ਲਮ ਦੇ ਲੋਕ ਵਾਰ-ਵਾਰ ਮੇਰੇ ਨਾਲ ਵਿਸ਼ਵਾਸਘਾਤ ਕਿਉਂ ਕਰਦੇ ਹਨ?
ਉਨ੍ਹਾਂ ਨੇ ਛਲ-ਕਪਟ ਦਾ ਰਾਹ ਫੜਿਆ ਹੋਇਆ ਹੈ;ਉਹ ਵਾਪਸ ਆਉਣ ਤੋਂ ਇਨਕਾਰ ਕਰਦੇ ਹਨ।+
6 ਮੈਂ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ, ਪਰ ਉਹ ਸੱਚ ਨਹੀਂ ਬੋਲਦੇ ਸਨ।
ਇਕ ਵੀ ਜਣੇ ਨੇ ਆਪਣੇ ਬੁਰੇ ਕੰਮਾਂ ʼਤੇ ਪਛਤਾਵਾ ਨਹੀਂ ਕੀਤਾ ਜਾਂ ਇਹ ਨਹੀਂ ਕਿਹਾ: ‘ਮੈਂ ਇਹ ਕੀ ਕੀਤਾ?’+
ਹਰ ਕੋਈ ਉਸ ਰਾਹ ʼਤੇ ਤੁਰਦਾ ਹੈ ਜਿਸ ʼਤੇ ਦੂਜੇ ਤੁਰਦੇ ਹਨ,ਜਿਵੇਂ ਘੋੜਾ ਅੰਨ੍ਹੇਵਾਹ ਲੜਾਈ ਦੇ ਮੈਦਾਨ ਵੱਲ ਦੌੜਦਾ ਹੈ।
7 ਆਕਾਸ਼ ਵਿਚ ਉੱਡਣ ਵਾਲਾ ਸਾਰਸ ਆਪਣੀਆਂ ਰੁੱਤਾਂ* ਜਾਣਦਾ ਹੈ;ਘੁੱਗੀਆਂ ਤੇ ਹੋਰ ਪੰਛੀ ਆਪਣੇ ਵਾਪਸ ਆਉਣ ਦਾ ਸਮਾਂ ਜਾਣਦੇ ਹਨ।
ਪਰ ਮੇਰੇ ਆਪਣੇ ਲੋਕ ਨਹੀਂ ਜਾਣਦੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਨਿਆਂ ਕਦੋਂ ਕਰਾਂਗਾ।”’+
8 ‘ਤੁਸੀਂ ਕਿਵੇਂ ਕਹਿ ਸਕਦੇ ਹੋ: “ਅਸੀਂ ਬੁੱਧੀਮਾਨ ਹਾਂ ਅਤੇ ਸਾਡੇ ਕੋਲ ਯਹੋਵਾਹ ਦਾ ਕਾਨੂੰਨ* ਹੈ”?
ਸੱਚ ਤਾਂ ਇਹ ਹੈ ਕਿ ਗ੍ਰੰਥੀਆਂ* ਨੇ ਆਪਣੀ ਕਲਮ+ ਨਾਲ ਸਿਰਫ਼ ਝੂਠੀਆਂ ਗੱਲਾਂ ਹੀ ਲਿਖੀਆਂ ਹਨ।
9 ਬੁੱਧੀਮਾਨਾਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
ਉਹ ਡਰ ਨਾਲ ਸਹਿਮ ਗਏ ਹਨ, ਉਹ ਫੜੇ ਜਾਣਗੇ।
ਦੇਖ, ਉਨ੍ਹਾਂ ਨੇ ਯਹੋਵਾਹ ਦੇ ਬਚਨ ਨੂੰ ਠੁਕਰਾ ਦਿੱਤਾ ਹੈ,ਤਾਂ ਫਿਰ, ਉਨ੍ਹਾਂ ਨੂੰ ਬੁੱਧ ਕਿੱਥੋਂ ਮਿਲੇਗੀ?
10 ਇਸ ਲਈ ਮੈਂ ਉਨ੍ਹਾਂ ਦੀਆਂ ਪਤਨੀਆਂ ਨੂੰ ਦੂਜੇ ਆਦਮੀਆਂ ਦੇ ਹਵਾਲੇ ਕਰ ਦਿਆਂਗਾ,ਦੂਜਿਆਂ ਨੂੰ ਉਨ੍ਹਾਂ ਦੇ ਖੇਤਾਂ ਦੇ ਮਾਲਕ ਬਣਾਵਾਂਗਾ;+ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+
11 ਉਹ ਇਹ ਕਹਿ ਕੇ ਮੇਰੇ ਲੋਕਾਂ ਦੀ ਧੀ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ:
“ਸ਼ਾਂਤੀ ਹੈ ਬਈ ਸ਼ਾਂਤੀ!”
ਜਦ ਕਿ ਸ਼ਾਂਤੀ ਹੈ ਨਹੀਂ।+
12 ਕੀ ਉਨ੍ਹਾਂ ਨੂੰ ਆਪਣੇ ਘਿਣਾਉਣੇ ਕੰਮਾਂ ʼਤੇ ਸ਼ਰਮ ਹੈ?
ਉਨ੍ਹਾਂ ਨੂੰ ਜ਼ਰਾ ਵੀ ਸ਼ਰਮ ਨਹੀਂ।
ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਰਮ ਹੁੰਦੀ ਕੀ ਹੈ।+
ਇਸ ਲਈ ਹੋਰ ਲੋਕਾਂ ਵਾਂਗ ਉਹ ਵੀ ਡਿਗਣਗੇ।
ਜਦ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ, ਤਾਂ ਉਹ ਠੋਕਰ ਖਾਣਗੇ,’+ ਯਹੋਵਾਹ ਕਹਿੰਦਾ ਹੈ।
13 ਯਹੋਵਾਹ ਕਹਿੰਦਾ ਹੈ: ‘ਜਦ ਮੈਂ ਉਨ੍ਹਾਂ ਨੂੰ ਇਕੱਠਾ ਕਰਾਂਗਾ, ਤਾਂ ਮੈਂ ਉਨ੍ਹਾਂ ਦਾ ਨਾਸ਼ ਕਰ ਦਿਆਂਗਾ,’‘ਅੰਗੂਰੀ ਵੇਲਾਂ ʼਤੇ ਕੋਈ ਅੰਗੂਰ ਨਹੀਂ ਬਚੇਗਾ, ਅੰਜੀਰ ਦੇ ਦਰਖ਼ਤਾਂ ʼਤੇ ਕੋਈ ਅੰਜੀਰ ਨਹੀਂ ਬਚੇਗੀ ਅਤੇ ਸਾਰੇ ਪੱਤੇ ਝੜ ਜਾਣਗੇ।
ਮੈਂ ਉਨ੍ਹਾਂ ਨੂੰ ਜੋ ਵੀ ਦਿੱਤਾ ਸੀ, ਉਹ ਸਭ ਕੁਝ ਗੁਆ ਬੈਠਣਗੇ।’”
14 “ਆਪਾਂ ਇੱਥੇ ਕਿਉਂ ਬੈਠੇ ਹਾਂ?
ਆਓ ਆਪਾਂ ਇਕੱਠੇ ਹੋ ਕੇ ਕਿਲੇਬੰਦ ਸ਼ਹਿਰਾਂ ਵਿਚ ਜਾਈਏ+ ਤੇ ਉੱਥੇ ਮਰ-ਮੁੱਕ ਜਾਈਏਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਖ਼ਤਮ ਕਰ ਦੇਵੇਗਾਉਹ ਸਾਨੂੰ ਜ਼ਹਿਰੀਲਾ ਪਾਣੀ ਪੀਣ ਲਈ ਦਿੰਦਾ ਹੈ+ਕਿਉਂਕਿ ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।
15 ਅਸੀਂ ਸ਼ਾਂਤੀ ਦੀ ਆਸ ਲਾਈ ਸੀ, ਪਰ ਕੁਝ ਵੀ ਚੰਗਾ ਨਹੀਂ ਹੋਇਆ,ਸਾਨੂੰ ਠੀਕ ਹੋਣ ਦੀ ਉਮੀਦ ਸੀ, ਪਰ ਅਸੀਂ ਖ਼ੌਫ਼ ਨਾਲ ਸਹਿਮੇ ਹੋਏ ਹਾਂ।+
16 ਦਾਨ ਤੋਂ ਦੁਸ਼ਮਣ ਦੇ ਘੋੜਿਆਂ ਦੀ ਫੁੰਕਾਰ ਸੁਣਾਈ ਦਿੰਦੀ ਹੈ।
ਉਸ ਦੇ ਘੋੜਿਆਂ ਦੇ ਹਿਣਕਣ ਦੀ ਆਵਾਜ਼ ਨਾਲ ਸਾਰਾ ਦੇਸ਼ ਕੰਬ ਉੱਠਿਆ ਹੈ।
ਉਹ ਆ ਕੇ ਸਾਰੇ ਦੇਸ਼ ਅਤੇ ਇਸ ਦੀ ਹਰੇਕ ਚੀਜ਼ ਨੂੰ ਚੱਟ ਕਰ ਜਾਂਦੇ ਹਨ,ਉਹ ਸ਼ਹਿਰ ਤੇ ਇਸ ਦੇ ਵਾਸੀਆਂ ਨੂੰ ਨਿਗਲ਼ ਜਾਂਦੇ ਹਨ।”
17 ਯਹੋਵਾਹ ਕਹਿੰਦਾ ਹੈ, “ਮੈਂ ਤੁਹਾਡੇ ਵਿਚ ਸੱਪਾਂ ਨੂੰ ਭੇਜ ਰਿਹਾ ਹਾਂ,ਅਜਿਹੇ ਜ਼ਹਿਰੀਲੇ ਸੱਪ ਜਿਨ੍ਹਾਂ ਨੂੰ ਜਾਦੂ-ਮੰਤਰ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ,ਉਹ ਜ਼ਰੂਰ ਤੁਹਾਨੂੰ ਡੰਗ ਮਾਰਨਗੇ।”
18 ਮੇਰੇ ਦਰਦ ਦੀ ਕੋਈ ਦਵਾ ਨਹੀਂ;ਮੇਰੇ ਦਿਲ ਵਿਚ ਪੀੜ ਹੈ।
19 ਦੂਰ ਦੇਸ਼ ਤੋਂ ਮਦਦ ਲਈ ਦੁਹਾਈ ਦੀ ਆਵਾਜ਼ ਆ ਰਹੀ ਹੈ,ਮੇਰੇ ਲੋਕਾਂ ਦੀ ਧੀ ਪੁਕਾਰ ਰਹੀ ਹੈ:
“ਕੀ ਯਹੋਵਾਹ ਸੀਓਨ ਵਿਚ ਨਹੀਂ ਹੈ?
ਜਾਂ ਕੀ ਸੀਓਨ ਦਾ ਰਾਜਾ ਉੱਥੇ ਨਹੀਂ ਹੈ?”
“ਉਨ੍ਹਾਂ ਨੇ ਘੜੀਆਂ ਹੋਈਆਂ ਮੂਰਤਾਂ ਅਤੇ ਨਿਕੰਮੇ ਤੇ ਪਰਾਏ ਦੇਵਤਿਆਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਕਿਉਂ ਚੜ੍ਹਾਇਆ?”
20 “ਵਾਢੀ ਦਾ ਸਮਾਂ ਬੀਤ ਚੁੱਕਾ ਹੈ ਅਤੇ ਗਰਮੀ ਦਾ ਮੌਸਮ ਲੰਘ ਗਿਆ ਹੈ,ਪਰ ਕਿਸੇ ਨੇ ਸਾਨੂੰ ਨਹੀਂ ਬਚਾਇਆ ਹੈ।”
21 ਮੈਂ ਆਪਣੇ ਲੋਕਾਂ ਦੀ ਧੀ ਦੇ ਜ਼ਖ਼ਮ ਦੇਖ ਕੇ ਬੇਹੱਦ ਦੁਖੀ ਹਾਂ;+ਮੈਂ ਉਦਾਸ ਹਾਂ।
ਡਰ ਨੇ ਮੈਨੂੰ ਜਕੜ ਲਿਆ ਹੈ।
22 ਕੀ ਗਿਲਆਦ ਵਿਚ ਬਲਸਾਨ* ਨਹੀਂ ਹੈ?+
ਜਾਂ ਕੀ ਉੱਥੇ ਕੋਈ ਇਲਾਜ ਕਰਨ ਵਾਲਾ ਨਹੀਂ ਹੈ?+
ਤਾਂ ਫਿਰ, ਮੇਰੇ ਲੋਕਾਂ ਦੀ ਧੀ ਦੀ ਸਿਹਤ ਠੀਕ ਕਿਉਂ ਨਹੀਂ ਹੋਈ?+
ਫੁਟਨੋਟ
^ ਜਾਂ, “ਆਪਣਾ ਮਿਥਿਆ ਸਮਾਂ।”
^ ਜਾਂ, “ਦੀ ਸਿੱਖਿਆ।”
^ ਜਾਂ, “ਸਕੱਤਰਾਂ।”
^ ਜਾਂ, “ਦੀ ਟੁੱਟੀ ਹੱਡੀ।”
^ ਜਾਂ, “ਗੁੱਗਲ; ਮਲ੍ਹਮ।”