ਯਿਰਮਿਯਾਹ 42:1-22
42 ਫਿਰ ਫ਼ੌਜ ਦੇ ਸਾਰੇ ਮੁਖੀ ਅਤੇ ਕਾਰੇਆਹ ਦਾ ਪੁੱਤਰ ਯੋਹਾਨਾਨ+ ਅਤੇ ਹੋਸ਼ਾਯਾਹ ਦਾ ਪੁੱਤਰ ਯਜ਼ਨਯਾਹ ਅਤੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਆਏ
2 ਅਤੇ ਉਨ੍ਹਾਂ ਨੇ ਯਿਰਮਿਯਾਹ ਨਬੀ ਨੂੰ ਕਿਹਾ: “ਕਿਰਪਾ ਕਰ ਕੇ ਸਾਡੀ ਫ਼ਰਿਆਦ ਸੁਣ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਸਾਡੇ ਲਈ ਅਤੇ ਇਨ੍ਹਾਂ ਬਾਕੀ ਬਚੇ ਲੋਕਾਂ ਲਈ ਪ੍ਰਾਰਥਨਾ ਕਰ ਜਿਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ,+ ਜਿਵੇਂ ਕਿ ਤੂੰ ਦੇਖ ਸਕਦਾ ਹੈਂ।
3 ਅਸੀਂ ਬੇਨਤੀ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਯਹੋਵਾਹ ਸਾਨੂੰ ਦੱਸੇ ਕਿ ਅਸੀਂ ਕਿਹੜੇ ਰਾਹ ਜਾਈਏ ਅਤੇ ਕੀ ਕਰੀਏ।”
4 ਯਿਰਮਿਯਾਹ ਨਬੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਠੀਕ ਹੈ, ਜਿਵੇਂ ਤੁਸੀਂ ਬੇਨਤੀ ਕੀਤੀ ਹੈ, ਮੈਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ। ਯਹੋਵਾਹ ਜੋ ਵੀ ਕਹੇਗਾ, ਮੈਂ ਤੁਹਾਨੂੰ ਦੱਸਾਂਗਾ। ਮੈਂ ਤੁਹਾਡੇ ਤੋਂ ਕੁਝ ਨਹੀਂ ਲੁਕਾਵਾਂਗਾ।”
5 ਉਨ੍ਹਾਂ ਨੇ ਯਿਰਮਿਯਾਹ ਨੂੰ ਕਿਹਾ: “ਜੇ ਅਸੀਂ ਉਨ੍ਹਾਂ ਸਾਰੀਆਂ ਹਿਦਾਇਤਾਂ ਮੁਤਾਬਕ ਨਾ ਚੱਲੀਏ ਜੋ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਜ਼ਰੀਏ ਸਾਨੂੰ ਦੇਵੇਗਾ, ਤਾਂ ਯਹੋਵਾਹ ਸਾਡੇ ਖ਼ਿਲਾਫ਼ ਸੱਚਾ ਤੇ ਵਫ਼ਾਦਾਰ ਗਵਾਹ ਠਹਿਰੇ ਤੇ ਸਾਨੂੰ ਸਜ਼ਾ ਦੇਵੇ।
6 ਚਾਹੇ ਇਹ ਹਿਦਾਇਤਾਂ ਸਾਨੂੰ ਚੰਗੀਆਂ ਲੱਗਣ ਜਾਂ ਨਾ, ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਜ਼ਰੂਰ ਮੰਨਾਂਗੇ ਜਿਸ ਕੋਲ ਅਸੀਂ ਤੈਨੂੰ ਘੱਲ ਰਹੇ ਹਾਂ। ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਮੰਨਣ ਕਰਕੇ ਸਾਡਾ ਭਲਾ ਹੋਵੇਗਾ।”
7 ਫਿਰ ਦਸ ਦਿਨਾਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ।
8 ਇਸ ਲਈ ਯਿਰਮਿਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਫ਼ੌਜ ਦੇ ਸਾਰੇ ਮੁਖੀਆਂ ਨੂੰ ਅਤੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ।+
9 ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਕੋਲ ਤੁਸੀਂ ਮੈਨੂੰ ਮਿਹਰ ਲਈ ਫ਼ਰਿਆਦ ਕਰਨ ਵਾਸਤੇ ਘੱਲਿਆ ਸੀ, ਕਹਿੰਦਾ ਹੈ:
10 ‘ਜੇ ਤੁਸੀਂ ਇਸ ਦੇਸ਼ ਵਿਚ ਹੀ ਰਹੋਗੇ, ਤਾਂ ਮੈਂ ਤੁਹਾਨੂੰ ਬਣਾਵਾਂਗਾ ਅਤੇ ਢਾਹਾਂਗਾ ਨਹੀਂ; ਮੈਂ ਤੁਹਾਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ ਕਿਉਂਕਿ ਤੁਹਾਡੇ ਉੱਤੇ ਲਿਆਂਦੀ ਬਿਪਤਾ ਕਰਕੇ ਮੈਂ ਦੁਖੀ ਹੋਵਾਂਗਾ।*+
11 ਤੁਹਾਡੇ ਅੰਦਰ ਬਾਬਲ ਦੇ ਰਾਜੇ ਦਾ ਡਰ ਹੈ, ਪਰ ਤੁਸੀਂ ਇਸ ਡਰ ਨੂੰ ਆਪਣੇ ਅੰਦਰੋਂ ਕੱਢ ਦਿਓ।’+
“ਯਹੋਵਾਹ ਕਹਿੰਦਾ ਹੈ, ‘ਤੁਸੀਂ ਉਸ ਤੋਂ ਨਾ ਡਰੋ ਕਿਉਂਕਿ ਮੈਂ ਤੁਹਾਨੂੰ ਬਚਾਉਣ ਲਈ ਅਤੇ ਉਸ ਦੇ ਹੱਥੋਂ ਛੁਡਾਉਣ ਲਈ ਤੁਹਾਡੇ ਨਾਲ ਹਾਂ।
12 ਮੈਂ ਤੁਹਾਡੇ ’ਤੇ ਦਇਆ ਕਰਾਂਗਾ+ ਅਤੇ ਉਹ ਵੀ ਤੁਹਾਡੇ ’ਤੇ ਦਇਆ ਕਰੇਗਾ ਅਤੇ ਤੁਹਾਨੂੰ ਤੁਹਾਡੇ ਦੇਸ਼ ਵਿਚ ਵਾਪਸ ਭੇਜ ਦੇਵੇਗਾ।
13 “‘ਪਰ ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਗੱਲ ਨਹੀਂ ਮੰਨੋਗੇ ਅਤੇ ਕਹੋਗੇ, “ਅਸੀਂ ਇਸ ਦੇਸ਼ ਵਿਚ ਨਹੀਂ ਰਹਾਂਗੇ!
14 ਅਸੀਂ ਮਿਸਰ ਨੂੰ ਜਾਵਾਂਗੇ+ ਜਿੱਥੇ ਅਸੀਂ ਨਾ ਲੜਾਈ ਦੇਖਾਂਗੇ, ਨਾ ਨਰਸਿੰਗੇ ਦੀ ਆਵਾਜ਼ ਸੁਣਾਂਗੇ ਅਤੇ ਨਾ ਹੀ ਰੋਟੀ ਤੋਂ ਬਿਨਾਂ ਭੁੱਖੇ ਮਰਾਂਗੇ; ਹਾਂ, ਅਸੀਂ ਉਸ ਦੇਸ਼ ਵਿਚ ਹੀ ਵੱਸਾਂਗੇ,”
15 ਤਾਂ ਹੇ ਯਹੂਦਾਹ ਦੇ ਬਾਕੀ ਬਚੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣ ਲਓ। ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਜੇ ਤੁਸੀਂ ਮਿਸਰ ਜਾਣ ਦਾ ਪੱਕਾ ਮਨ ਬਣਾ ਲਿਆ ਹੈ ਅਤੇ ਉੱਥੇ ਜਾ ਕੇ ਵੱਸਣਾ* ਚਾਹੁੰਦੇ ਹੋ,
16 ਤਾਂ ਜਿਸ ਤਲਵਾਰ ਤੋਂ ਤੁਸੀਂ ਡਰਦੇ ਹੋ, ਉਹ ਤੁਹਾਡੇ ਪਿੱਛੇ-ਪਿੱਛੇ ਮਿਸਰ ਆਵੇਗੀ ਤੇ ਜਿਸ ਕਾਲ਼ ਤੋਂ ਤੁਸੀਂ ਡਰਦੇ ਹੋ, ਉਹ ਮਿਸਰ ਤਕ ਤੁਹਾਡਾ ਪਿੱਛਾ ਨਹੀਂ ਛੱਡੇਗਾ। ਤੁਸੀਂ ਉੱਥੇ ਮਰ ਜਾਓਗੇ।+
17 ਜਿਹੜੇ ਲੋਕਾਂ ਨੇ ਮਿਸਰ ਜਾ ਕੇ ਵੱਸਣ ਦਾ ਪੱਕਾ ਮਨ ਬਣਾਇਆ ਹੋਇਆ ਹੈ, ਉਨ੍ਹਾਂ ਵਿੱਚੋਂ ਕੋਈ ਵੀ ਜੀਉਂਦਾ ਨਹੀਂ ਬਚੇਗਾ। ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਮਰਨਗੇ ਅਤੇ ਉਸ ਬਿਪਤਾ ਤੋਂ ਨਹੀਂ ਬਚਣਗੇ ਜੋ ਮੈਂ ਉਨ੍ਹਾਂ ’ਤੇ ਲਿਆਵਾਂਗਾ।’”
18 “ਕਿਉਂਕਿ ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਜਿਵੇਂ ਮੈਂ ਯਰੂਸ਼ਲਮ ਦੇ ਵਾਸੀਆਂ ’ਤੇ ਆਪਣਾ ਗੁੱਸਾ ਅਤੇ ਕ੍ਰੋਧ ਵਰ੍ਹਾਇਆ ਸੀ,+ ਉਸੇ ਤਰ੍ਹਾਂ ਜੇ ਤੁਸੀਂ ਮਿਸਰ ਜਾਓਗੇ, ਤਾਂ ਮੈਂ ਤੁਹਾਡੇ ਉੱਤੇ ਵੀ ਆਪਣਾ ਕ੍ਰੋਧ ਵਰ੍ਹਾਵਾਂਗਾ। ਤੁਹਾਨੂੰ ਸਰਾਪ ਦਿੱਤਾ ਜਾਵੇਗਾ, ਤੁਹਾਡਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣਗੇ, ਤੁਹਾਨੂੰ ਬਦ-ਦੁਆਵਾਂ ਦਿੱਤੀਆਂ ਜਾਣਗੀਆਂ ਅਤੇ ਤੁਹਾਨੂੰ ਬੇਇੱਜ਼ਤ ਕੀਤਾ ਜਾਵੇਗਾ।+ ਤੁਸੀਂ ਫਿਰ ਕਦੇ ਇਹ ਦੇਸ਼ ਨਹੀਂ ਦੇਖੋਗੇ।’
19 “ਹੇ ਯਹੂਦਾਹ ਦੇ ਬਾਕੀ ਬਚੇ ਲੋਕੋ, ਯਹੋਵਾਹ ਨੇ ਤੁਹਾਨੂੰ ਕਹਿ ਦਿੱਤਾ ਹੈ ਕਿ ਤੁਸੀਂ ਮਿਸਰ ਨਾ ਜਾਓ। ਯਾਦ ਰੱਖੋ ਕਿ ਮੈਂ ਅੱਜ ਤੁਹਾਨੂੰ ਇਹ ਚੇਤਾਵਨੀ ਦਿੱਤੀ ਹੈ
20 ਕਿ ਤੁਹਾਨੂੰ ਆਪਣੀ ਇਸ ਗ਼ਲਤੀ ਕਰਕੇ ਜਾਨ ਤੋਂ ਹੱਥ ਧੋਣੇ ਪੈਣਗੇ ਕਿਉਂਕਿ ਤੁਸੀਂ ਆਪ ਮੈਨੂੰ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਘੱਲਿਆ ਸੀ ਅਤੇ ਕਿਹਾ ਸੀ, ‘ਸਾਡੇ ਲਈ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰ ਅਤੇ ਸਾਡਾ ਪਰਮੇਸ਼ੁਰ ਯਹੋਵਾਹ ਜੋ ਵੀ ਕਹੇਗਾ, ਸਾਨੂੰ ਦੱਸੀਂ ਅਤੇ ਅਸੀਂ ਉਹੀ ਕਰਾਂਗੇ।’+
21 ਮੈਂ ਅੱਜ ਤੁਹਾਨੂੰ ਇਹ ਸਭ ਕੁਝ ਦੱਸਿਆ ਹੈ, ਪਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਨਹੀਂ ਮੰਨੋਗੇ ਅਤੇ ਨਾ ਹੀ ਉਸ ਤਰ੍ਹਾਂ ਕਰੋਗੇ ਜਿਸ ਤਰ੍ਹਾਂ ਉਸ ਨੇ ਮੇਰੇ ਜ਼ਰੀਏ ਤੁਹਾਨੂੰ ਕਿਹਾ ਹੈ।+
22 ਇਸ ਲਈ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਜਿੱਥੇ ਜਾ ਕੇ ਤੁਸੀਂ ਵੱਸਣਾ ਚਾਹੁੰਦੇ ਹੋ, ਉੱਥੇ ਤੁਸੀਂ ਤਲਵਾਰ, ਕਾਲ਼ ਅਤੇ ਮਹਾਂਮਾਰੀ ਨਾਲ ਮਰ ਜਾਓਗੇ।”+