ਯਿਰਮਿਯਾਹ 36:1-32
36 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਦੌਰਾਨ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:
2 “ਇਕ ਕਾਗਜ਼* ਲੈ ਅਤੇ ਉਸ ਉੱਤੇ ਉਹ ਸਾਰੀਆਂ ਗੱਲਾਂ ਲਿਖ ਜੋ ਮੈਂ ਤੈਨੂੰ ਇਜ਼ਰਾਈਲ, ਯਹੂਦਾਹ+ ਅਤੇ ਸਾਰੀਆਂ ਕੌਮਾਂ ਦੇ ਖ਼ਿਲਾਫ਼ ਦੱਸੀਆਂ ਹਨ।+ ਯੋਸੀਯਾਹ ਦੇ ਰਾਜ ਦੌਰਾਨ ਤੇਰੇ ਨਾਲ ਗੱਲ ਕਰਨ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤਕ ਮੈਂ ਤੈਨੂੰ ਜੋ ਵੀ ਦੱਸਿਆ ਹੈ, ਉਸ ਉੱਤੇ ਲਿਖ।+
3 ਮੈਂ ਯਹੂਦਾਹ ਦੇ ਘਰਾਣੇ ਉੱਤੇ ਜੋ ਬਿਪਤਾ ਲਿਆਉਣ ਦਾ ਇਰਾਦਾ ਕੀਤਾ ਹੈ, ਸ਼ਾਇਦ ਉਸ ਬਾਰੇ ਸੁਣ ਕੇ ਉਹ ਆਪਣੇ ਬੁਰੇ ਰਾਹਾਂ ਤੋਂ ਮੁੜ ਆਉਣ ਅਤੇ ਮੈਂ ਉਨ੍ਹਾਂ ਦੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ ਦਿਆਂ।”+
4 ਫਿਰ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਸੱਦਿਆ+ ਅਤੇ ਯਹੋਵਾਹ ਨੇ ਯਿਰਮਿਯਾਹ ਨੂੰ ਜੋ ਵੀ ਗੱਲਾਂ ਦੱਸੀਆਂ ਸਨ, ਉਹ ਸਾਰੀਆਂ ਉਸ ਨੇ ਬੋਲ ਕੇ ਬਾਰੂਕ ਨੂੰ ਲਿਖਵਾਈਆਂ ਅਤੇ ਬਾਰੂਕ ਨੇ ਉਹ ਗੱਲਾਂ ਇਕ ਕਾਗਜ਼* ਉੱਤੇ ਲਿਖ ਲਈਆਂ।+
5 ਫਿਰ ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦਿੱਤਾ: “ਮੇਰੇ ʼਤੇ ਪਾਬੰਦੀ ਲਾਈ ਗਈ ਹੈ ਜਿਸ ਕਰਕੇ ਮੈਂ ਯਹੋਵਾਹ ਦੇ ਘਰ ਵਿਚ ਨਹੀਂ ਜਾ ਸਕਦਾ।
6 ਇਸ ਲਈ ਤੂੰ ਉੱਥੇ ਜਾਈਂ ਅਤੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਈਂ ਜੋ ਮੈਂ ਤੈਨੂੰ ਬੋਲ ਕੇ ਲਿਖਵਾਈਆਂ ਹਨ। ਵਰਤ ਵਾਲੇ ਦਿਨ ਯਹੋਵਾਹ ਦੇ ਘਰ ਵਿਚ ਆਏ ਸਾਰੇ ਲੋਕਾਂ ਨੂੰ ਇਹ ਗੱਲਾਂ ਪੜ੍ਹ ਕੇ ਸੁਣਾਈਂ; ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਪੜ੍ਹ ਕੇ ਸੁਣਾਈਂ ਜੋ ਆਪਣੇ ਸ਼ਹਿਰਾਂ ਤੋਂ ਇੱਥੇ ਆਏ ਹਨ।
7 ਸ਼ਾਇਦ ਉਹ ਯਹੋਵਾਹ ਅੱਗੇ ਮਿਹਰ ਲਈ ਤਰਲੇ ਕਰਨ ਅਤੇ ਹਰ ਕੋਈ ਆਪਣੇ ਬੁਰੇ ਰਾਹ ਤੋਂ ਮੁੜ ਆਵੇ ਕਿਉਂਕਿ ਯਹੋਵਾਹ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਲੋਕਾਂ ਉੱਤੇ ਆਪਣਾ ਡਾਢਾ ਗੁੱਸਾ ਅਤੇ ਕ੍ਰੋਧ ਵਰ੍ਹਾਏਗਾ।”
8 ਇਸ ਲਈ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਉਹ ਸਭ ਕੁਝ ਕੀਤਾ ਜੋ ਯਿਰਮਿਯਾਹ ਨਬੀ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ; ਉਸ ਨੇ ਯਹੋਵਾਹ ਦੇ ਘਰ ਵਿਚ ਉਸ ਕਾਗਜ਼* ʼਤੇ ਲਿਖੀਆਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਉੱਚੀ ਆਵਾਜ਼ ਵਿਚ ਪੜ੍ਹੀਆਂ।+
9 ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ+ ਦੇ ਪੰਜਵੇਂ ਸਾਲ ਦੇ ਨੌਵੇਂ ਮਹੀਨੇ ਵਿਚ ਇਹ ਐਲਾਨ ਕੀਤਾ ਗਿਆ ਕਿ ਯਰੂਸ਼ਲਮ ਦੇ ਸਾਰੇ ਲੋਕ ਅਤੇ ਯਹੂਦਾਹ ਦੇ ਸ਼ਹਿਰਾਂ ਤੋਂ ਯਰੂਸ਼ਲਮ ਆਏ ਸਾਰੇ ਲੋਕ ਯਹੋਵਾਹ ਦੇ ਸਾਮ੍ਹਣੇ ਵਰਤ ਰੱਖਣ।+
10 ਫਿਰ ਬਾਰੂਕ ਨੇ ਯਹੋਵਾਹ ਦੇ ਘਰ ਵਿਚ ਸਾਰੇ ਲੋਕਾਂ ਨੂੰ ਉੱਚੀ ਆਵਾਜ਼ ਵਿਚ ਉਹ ਸਾਰੀਆਂ ਗੱਲਾਂ ਪੜ੍ਹ ਕੇ ਸੁਣਾਈਆਂ ਜੋ ਯਿਰਮਿਯਾਹ ਨੇ ਉਸ ਨੂੰ ਲਿਖਵਾਈਆਂ ਸਨ। ਉਸ ਨੇ ਇਹ ਗੱਲਾਂ ਨਕਲਨਵੀਸ* ਸ਼ਾਫਾਨ ਦੇ ਪੁੱਤਰ+ ਗਮਰਯਾਹ+ ਦੇ ਕਮਰੇ* ਵਿਚ ਪੜ੍ਹੀਆਂ ਸਨ ਜੋ ਯਹੋਵਾਹ ਦੇ ਘਰ ਦੇ ਨਵੇਂ ਦਰਵਾਜ਼ੇ ਕੋਲ ਉੱਪਰਲੇ ਵਿਹੜੇ ਵਿਚ ਸੀ।+
11 ਜਦੋਂ ਸ਼ਾਫਾਨ ਦੇ ਪੋਤੇ, ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ,
12 ਤਾਂ ਉਹ ਰਾਜੇ ਦੇ ਮਹਿਲ ਵਿਚ ਸਕੱਤਰ ਦੇ ਕਮਰੇ ਵਿਚ ਗਿਆ। ਉੱਥੇ ਸਾਰੇ ਹਾਕਮ* ਬੈਠੇ ਹੋਏ ਸਨ: ਸਕੱਤਰ ਅਲੀਸ਼ਾਮਾ,+ ਸ਼ਮਾਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ+ ਅਲਨਾਥਾਨ,+ ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਹਾਕਮ।
13 ਮੀਕਾਯਾਹ ਨੇ ਉਨ੍ਹਾਂ ਨੂੰ ਕਾਗਜ਼* ʼਤੇ ਲਿਖੀਆਂ ਸਾਰੀਆਂ ਗੱਲਾਂ ਦੱਸੀਆਂ ਜੋ ਬਾਰੂਕ ਨੇ ਲੋਕਾਂ ਨੂੰ ਪੜ੍ਹ ਕੇ ਸੁਣਾਈਆਂ ਸਨ।
14 ਫਿਰ ਸਾਰੇ ਹਾਕਮਾਂ ਨੇ ਕੂਸ਼ੀ ਦੇ ਪੜਪੋਤੇ, ਸ਼ਲਮਯਾਹ ਦੇ ਪੋਤੇ, ਨਥਨਯਾਹ ਦੇ ਪੁੱਤਰ ਯਹੂਦੀ ਦੇ ਹੱਥ ਬਾਰੂਕ ਨੂੰ ਇਹ ਸੁਨੇਹਾ ਘੱਲਿਆ: “ਇੱਥੇ ਆ ਅਤੇ ਆਪਣੇ ਨਾਲ ਉਹ ਕਾਗਜ਼ ਵੀ ਲੈਂਦਾ ਆਈਂ ਜੋ ਤੂੰ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਸੀ।” ਨੇਰੀਯਾਹ ਦਾ ਪੁੱਤਰ ਬਾਰੂਕ ਆਪਣੇ ਹੱਥ ਵਿਚ ਉਹ ਕਾਗਜ਼ ਲੈ ਕੇ ਉਨ੍ਹਾਂ ਕੋਲ ਚਲਾ ਗਿਆ।
15 ਉਨ੍ਹਾਂ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਬੈਠ ਜਾਹ ਅਤੇ ਸਾਨੂੰ ਇਸ ਕਾਗਜ਼ ʼਤੇ ਲਿਖੀਆਂ ਗੱਲਾਂ ਪੜ੍ਹ ਕੇ ਸੁਣਾ।” ਇਸ ਲਈ ਬਾਰੂਕ ਨੇ ਉਨ੍ਹਾਂ ਨੂੰ ਉਹ ਗੱਲਾਂ ਪੜ੍ਹ ਕੇ ਸੁਣਾਈਆਂ।
16 ਜਦੋਂ ਉਨ੍ਹਾਂ ਨੇ ਉਹ ਸਾਰੀਆਂ ਗੱਲਾਂ ਸੁਣੀਆਂ, ਤਾਂ ਉਨ੍ਹਾਂ ਨੇ ਡਰ ਦੇ ਮਾਰੇ ਇਕ-ਦੂਜੇ ਵੱਲ ਦੇਖਿਆ ਅਤੇ ਬਾਰੂਕ ਨੂੰ ਕਿਹਾ: “ਸਾਨੂੰ ਇਹ ਸਾਰੀਆਂ ਗੱਲਾਂ ਰਾਜੇ ਨੂੰ ਦੱਸਣੀਆਂ ਚਾਹੀਦੀਆਂ ਹਨ।”
17 ਫਿਰ ਉਨ੍ਹਾਂ ਨੇ ਬਾਰੂਕ ਨੂੰ ਪੁੱਛਿਆ: “ਕਿਰਪਾ ਕਰ ਕੇ ਸਾਨੂੰ ਦੱਸ ਕਿ ਤੂੰ ਇਹ ਗੱਲਾਂ ਕਿੱਥੋਂ ਲਿਖੀਆਂ। ਕੀ ਯਿਰਮਿਯਾਹ ਨੇ ਤੈਨੂੰ ਇਹ ਗੱਲਾਂ ਲਿਖਵਾਈਆਂ?”
18 ਬਾਰੂਕ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਾਂ, ਉਸ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਉੱਚੀ ਬੋਲ ਕੇ ਦੱਸੀਆਂ ਅਤੇ ਮੈਂ ਸਿਆਹੀ ਨਾਲ ਇਸ ਕਾਗਜ਼ ਉੱਤੇ ਲਿਖ ਦਿੱਤੀਆਂ।”
19 ਫਿਰ ਹਾਕਮਾਂ ਨੇ ਬਾਰੂਕ ਨੂੰ ਕਿਹਾ: “ਜਾਹ, ਤੂੰ ਤੇ ਯਿਰਮਿਯਾਹ ਲੁਕ ਜਾਓ। ਕਿਸੇ ਨੂੰ ਪਤਾ ਨਾ ਲੱਗੇ ਕਿ ਤੁਸੀਂ ਕਿੱਥੇ ਹੋ।”+
20 ਫਿਰ ਉਨ੍ਹਾਂ ਨੇ ਉਹ ਕਾਗਜ਼ ਸਕੱਤਰ ਅਲੀਸ਼ਾਮਾ ਦੇ ਕਮਰੇ ਵਿਚ ਰੱਖ ਦਿੱਤਾ ਅਤੇ ਵਿਹੜੇ ਵਿਚ ਰਾਜੇ ਕੋਲ ਚਲੇ ਗਏ। ਉਨ੍ਹਾਂ ਨੇ ਰਾਜੇ ਨੂੰ ਸਾਰੀਆਂ ਗੱਲਾਂ ਦੱਸੀਆਂ ਜੋ ਉਨ੍ਹਾਂ ਨੇ ਸੁਣੀਆਂ ਸਨ।
21 ਫਿਰ ਰਾਜੇ ਨੇ ਯਹੂਦੀ ਨੂੰ ਉਹ ਕਾਗਜ਼ ਲਿਆਉਣ ਲਈ ਭੇਜਿਆ।+ ਯਹੂਦੀ ਜਾ ਕੇ ਸਕੱਤਰ ਅਲੀਸ਼ਾਮਾ ਦੇ ਕਮਰੇ ਵਿੱਚੋਂ ਉਹ ਕਾਗਜ਼ ਲੈ ਆਇਆ ਅਤੇ ਉਸ ਨੇ ਰਾਜੇ ਅਤੇ ਉਸ ਦੇ ਕੋਲ ਖੜ੍ਹੇ ਸਾਰੇ ਹਾਕਮਾਂ ਨੂੰ ਪੜ੍ਹ ਕੇ ਸੁਣਾਉਣਾ ਸ਼ੁਰੂ ਕੀਤਾ।
22 ਨੌਵੇਂ ਮਹੀਨੇ* ਦੌਰਾਨ ਰਾਜਾ ਸਰਦੀਆਂ ਲਈ ਬਣਾਏ ਮਹਿਲ ਵਿਚ ਬੈਠਾ ਹੋਇਆ ਸੀ ਅਤੇ ਉਸ ਦੇ ਸਾਮ੍ਹਣੇ ਅੰਗੀਠੀ ਬਲ਼ ਰਹੀ ਸੀ।
23 ਜਦੋਂ ਯਹੂਦੀ ਉਸ ਕਾਗਜ਼ ਉੱਤੋਂ ਤਿੰਨ ਜਾਂ ਚਾਰ ਹਿੱਸੇ ਪੜ੍ਹ ਕੇ ਖ਼ਤਮ ਕਰਦਾ ਸੀ, ਤਾਂ ਰਾਜਾ ਉਨ੍ਹਾਂ ਹਿੱਸਿਆਂ ਨੂੰ ਸਕੱਤਰ ਦੇ ਚਾਕੂ ਨਾਲ ਪਾੜ ਕੇ ਅੰਗੀਠੀ ਵਿਚ ਸੁੱਟ ਦਿੰਦਾ ਸੀ। ਉਹ ਉਦੋਂ ਤਕ ਇਸ ਤਰ੍ਹਾਂ ਕਰਦਾ ਰਿਹਾ ਜਦ ਤਕ ਉਸ ਨੇ ਅੰਗੀਠੀ ਵਿਚ ਪੂਰਾ ਕਾਗਜ਼ ਸਾੜ ਨਹੀਂ ਦਿੱਤਾ।
24 ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਾ; ਇਹ ਸਾਰੀਆਂ ਗੱਲਾਂ ਸੁਣ ਕੇ ਨਾ ਰਾਜੇ ਨੇ ਤੇ ਨਾ ਹੀ ਉਸ ਦੇ ਸਾਰੇ ਨੌਕਰਾਂ ਨੇ ਆਪਣੇ ਕੱਪੜੇ ਪਾੜੇ।
25 ਅਲਨਾਥਾਨ,+ ਦਲਾਯਾਹ+ ਅਤੇ ਗਮਰਯਾਹ+ ਨੇ ਰਾਜੇ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਕਾਗਜ਼ ਨਾ ਸਾੜੇ, ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
26 ਫਿਰ ਰਾਜੇ ਨੇ ਯਰਹਮਏਲ ਨੂੰ ਜੋ ਰਾਜੇ ਦਾ ਪੁੱਤਰ ਸੀ ਅਤੇ ਅਜ਼ਰੀਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸ਼ਲਮਯਾਹ ਨੂੰ ਹੁਕਮ ਦਿੱਤਾ ਕਿ ਉਹ ਸਕੱਤਰ ਬਾਰੂਕ ਅਤੇ ਯਿਰਮਿਯਾਹ ਨਬੀ ਨੂੰ ਫੜ ਲੈਣ, ਪਰ ਯਹੋਵਾਹ ਨੇ ਉਨ੍ਹਾਂ ਨੂੰ ਲੁਕਾਈ ਰੱਖਿਆ।+
27 ਜਿਸ ਕਾਗਜ਼ ਉੱਤੇ ਯਿਰਮਿਯਾਹ ਨੇ ਬੋਲ ਕੇ ਬਾਰੂਕ ਤੋਂ ਗੱਲਾਂ ਲਿਖਵਾਈਆਂ ਸਨ, ਉਸ ਕਾਗਜ਼ ਨੂੰ ਰਾਜੇ ਵੱਲੋਂ ਸਾੜੇ ਜਾਣ ਤੋਂ ਬਾਅਦ ਯਿਰਮਿਯਾਹ ਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:+
28 “ਇਕ ਹੋਰ ਕਾਗਜ਼ ਲੈ ਅਤੇ ਉਸ ਉੱਤੇ ਉਹ ਸਾਰੀਆਂ ਗੱਲਾਂ ਲਿਖ ਜੋ ਪਹਿਲੇ ਕਾਗਜ਼ ਉੱਤੇ ਲਿਖੀਆਂ ਸਨ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।+
29 ਤੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਵਿਰੁੱਧ ਕਹੀਂ, ‘ਯਹੋਵਾਹ ਕਹਿੰਦਾ ਹੈ: “ਤੂੰ ਉਹ ਕਾਗਜ਼ ਸਾੜ ਦਿੱਤਾ ਸੀ ਅਤੇ ਕਿਹਾ ਸੀ, ‘ਤੂੰ ਇਸ ਉੱਤੇ ਇਹ ਕਿਉਂ ਲਿਖਿਆ ਹੈ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ਼ ਨੂੰ ਤਬਾਹ ਕਰ ਦੇਵੇਗਾ ਅਤੇ ਦੇਸ਼ ਵਿੱਚੋਂ ਇਨਸਾਨ ਅਤੇ ਜਾਨਵਰ ਖ਼ਤਮ ਕਰ ਦੇਵੇਗਾ?’+
30 ਇਸ ਲਈ ਯਹੋਵਾਹ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਖ਼ਿਲਾਫ਼ ਇਹ ਕਹਿੰਦਾ ਹੈ, ‘ਉਸ ਦੀ ਔਲਾਦ ਵਿੱਚੋਂ ਕੋਈ ਵੀ ਦਾਊਦ ਦੇ ਸਿੰਘਾਸਣ ਉੱਤੇ ਨਹੀਂ ਬੈਠੇਗਾ।+ ਉਸ ਦੀ ਲਾਸ਼ ਦਿਨੇ ਧੁੱਪ ਵਿਚ ਅਤੇ ਰਾਤ ਨੂੰ ਠੰਢ ਵਿਚ ਪਈ ਰਹੇਗੀ।+
31 ਮੈਂ ਉਸ ਤੋਂ, ਉਸ ਦੀ ਔਲਾਦ* ਤੋਂ ਅਤੇ ਉਸ ਦੇ ਨੌਕਰਾਂ ਤੋਂ ਉਨ੍ਹਾਂ ਦੀਆਂ ਗ਼ਲਤੀਆਂ ਦਾ ਲੇਖਾ ਲਵਾਂਗਾ ਅਤੇ ਉਨ੍ਹਾਂ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਸਾਰੇ ਲੋਕਾਂ ਉੱਤੇ ਬਿਪਤਾ ਲਿਆਵਾਂਗਾ ਜੋ ਮੈਂ ਉਨ੍ਹਾਂ ਉੱਤੇ ਲਿਆਉਣ ਬਾਰੇ ਕਿਹਾ ਸੀ,+ ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।’”’”+
32 ਫਿਰ ਯਿਰਮਿਯਾਹ ਨੇ ਇਕ ਹੋਰ ਕਾਗਜ਼ ਲੈ ਕੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤਾ+ ਅਤੇ ਯਿਰਮਿਯਾਹ ਨੇ ਬੋਲ ਕੇ ਉਹ ਸਾਰੀਆਂ ਗੱਲਾਂ ਸਕੱਤਰ ਬਾਰੂਕ ਨੂੰ ਲਿਖਵਾਈਆਂ ਜੋ ਉਸ ਕਾਗਜ਼* ਉੱਤੇ ਸਨ ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।+ ਉਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜੋੜੀਆਂ ਗਈਆਂ।
ਫੁਟਨੋਟ
^ ਇਬ, “ਕਿਤਾਬ ਦੀ ਲਪੇਟਵੀਂ ਪੱਤਰੀ।”
^ ਜਾਂ, “ਕਿਤਾਬ।”
^ ਜਾਂ, “ਗ੍ਰੰਥੀ।”
^ ਜਾਂ, “ਰੋਟੀ ਖਾਣ ਵਾਲੇ ਕਮਰੇ।”
^ ਜਾਂ, “ਦਰਬਾਰੀ।”
^ ਜਾਂ, “ਕਿਤਾਬ।”
^ ਨਵੰਬਰ ਦੇ ਅੱਧ ਤੋਂ ਲੈ ਕੇ ਦਸੰਬਰ ਦੇ ਅੱਧ ਤਕ। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਬੀ।”
^ ਜਾਂ, “ਕਿਤਾਬ।”