ਯਿਰਮਿਯਾਹ 30:1-24
-
ਮੁੜ ਬਹਾਲ ਕਰਨ ਅਤੇ ਚੰਗਾ ਕਰਨ ਦੇ ਵਾਅਦੇ (1-24)
30 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:
2 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਮੈਂ ਜੋ ਗੱਲਾਂ ਤੈਨੂੰ ਕਹੀਆਂ ਹਨ, ਉਹ ਸਾਰੀਆਂ ਗੱਲਾਂ ਇਕ ਕਿਤਾਬ ਵਿਚ ਲਿਖ ਲੈ
3 ਕਿਉਂਕਿ “ਦੇਖ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਮੈਂ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕਰਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ,”+ ਯਹੋਵਾਹ ਕਹਿੰਦਾ ਹੈ, “ਅਤੇ ਮੈਂ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਵਾਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ। ਉਹ ਇਕ ਵਾਰ ਫਿਰ ਇਸ ਉੱਤੇ ਕਬਜ਼ਾ ਕਰਨਗੇ।”’”+
4 ਯਹੋਵਾਹ ਨੇ ਇਜ਼ਰਾਈਲ ਤੇ ਯਹੂਦਾਹ ਨੂੰ ਇਹ ਸੰਦੇਸ਼ ਦਿੱਤਾ।
5 ਯਹੋਵਾਹ ਇਹ ਕਹਿੰਦਾ ਹੈ:
“ਅਸੀਂ ਲੋਕਾਂ ਨੂੰ ਡਰ ਨਾਲ ਚੀਕਦਿਆਂ ਸੁਣਿਆ ਹੈ;ਚਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ, ਕਿਤੇ ਵੀ ਸ਼ਾਂਤੀ ਨਹੀਂ।
6 ਕਿਰਪਾ ਕਰ ਕੇ ਪੁੱਛੋ: ਕੀ ਕੋਈ ਆਦਮੀ ਬੱਚੇ ਨੂੰ ਜਨਮ ਦੇ ਸਕਦਾ?
ਤਾਂ ਫਿਰ, ਮੈਂ ਹਰੇਕ ਤਾਕਤਵਰ ਆਦਮੀ ਨੂੰ ਆਪਣਾ ਢਿੱਡ* ਫੜੀ ਕਿਉਂ ਦੇਖਦਾ ਹਾਂ,ਜਿਵੇਂ ਇਕ ਔਰਤ ਬੱਚੇ ਨੂੰ ਜਨਮ ਦੇਣ ਵੇਲੇ ਆਪਣਾ ਢਿੱਡ ਫੜਦੀ ਹੈ?+
ਹਰ ਕਿਸੇ ਦਾ ਚਿਹਰਾ ਪੀਲ਼ਾ ਕਿਉਂ ਪੈ ਗਿਆ ਹੈ?
7 ਹਾਇ! ਉਹ ਦਿਨ ਕਿੰਨਾ ਹੀ ਭਿਆਨਕ* ਹੈ।+
ਅਜਿਹਾ ਦਿਨ ਅੱਜ ਤਕ ਨਹੀਂ ਆਇਆ।
ਯਾਕੂਬ ਲਈ ਇਹ ਬਿਪਤਾ ਦਾ ਸਮਾਂ ਹੈ।
ਪਰ ਉਸ ਨੂੰ ਬਚਾ ਲਿਆ ਜਾਵੇਗਾ।”
8 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਸ ਦਿਨ ਮੈਂ ਤੇਰੀ ਧੌਣ ਤੋਂ ਜੂਲਾ ਭੰਨ ਸੁੱਟਾਂਗਾ ਅਤੇ ਤੇਰੇ ਪਟੇ* ਦੇ ਦੋ ਟੋਟੇ ਕਰ ਦਿਆਂਗਾ; ਫਿਰ ਅਜਨਬੀ* ਲੋਕ ਉਸ* ਨੂੰ ਕਦੇ ਆਪਣਾ ਗ਼ੁਲਾਮ ਨਹੀਂ ਬਣਾਉਣਗੇ।
9 ਉਹ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ ਜਿਸ ਨੂੰ ਮੈਂ ਉਨ੍ਹਾਂ ਲਈ ਨਿਯੁਕਤ ਕਰਾਂਗਾ।”+
10 “ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,” ਯਹੋਵਾਹ ਕਹਿੰਦਾ ਹੈ,“ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ+ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾਅਤੇ ਤੇਰੀ ਸੰਤਾਨ ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”+
11 ਯਹੋਵਾਹ ਕਹਿੰਦਾ ਹੈ, “ਕਿਉਂਕਿ ਮੈਂ ਤੈਨੂੰ ਬਚਾਉਣ ਲਈ ਤੇਰੇ ਨਾਲ ਹਾਂ।
ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਖ਼ਤਮ ਕਰ ਦਿਆਂਗਾ ਜਿਨ੍ਹਾਂ ਵਿਚ ਮੈਂ ਤੈਨੂੰ ਖਿੰਡਾ ਦਿੱਤਾ ਹੈ,+ਪਰ ਮੈਂ ਤੈਨੂੰ ਖ਼ਤਮ ਨਹੀਂ ਕਰਾਂਗਾ।+
ਮੈਂ ਤੈਨੂੰ ਜਾਇਜ਼ ਹੱਦ ਤਕ ਅਨੁਸ਼ਾਸਨ ਦਿਆਂਗਾ*ਅਤੇ ਤੈਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਾਂਗਾ।”+
12 ਯਹੋਵਾਹ ਕਹਿੰਦਾ ਹੈ:
“ਤੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।+
ਇਹ ਲਾਇਲਾਜ ਹੈ।
13 ਤੇਰੇ ਮੁਕੱਦਮੇ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ,ਤੇਰੇ ਫੋੜੇ ਦਾ ਕਿਸੇ ਵੀ ਤਰ੍ਹਾਂ ਇਲਾਜ ਨਹੀਂ ਹੋ ਸਕਦਾ।
ਤੂੰ ਠੀਕ ਨਹੀਂ ਹੋ ਸਕਦਾ।
14 ਤੇਰੇ ਸਾਰੇ ਯਾਰ ਤੈਨੂੰ ਭੁੱਲ ਗਏ ਹਨ।+
ਉਹ ਹੁਣ ਤੇਰੀ ਤਲਾਸ਼ ਨਹੀਂ ਕਰਦੇ।
ਮੈਂ ਇਕ ਦੁਸ਼ਮਣ ਵਾਂਗ ਤੈਨੂੰ ਮਾਰਿਆ+ਅਤੇ ਇਕ ਜ਼ਾਲਮ ਵਾਂਗ ਤੈਨੂੰ ਸਜ਼ਾ ਦਿੱਤੀਕਿਉਂਕਿ ਤੇਰਾ ਅਪਰਾਧ ਵੱਡਾ ਹੈ ਅਤੇ ਤੇਰੇ ਪਾਪ ਬਹੁਤ ਸਾਰੇ ਹਨ।+
15 ਤੂੰ ਆਪਣੇ ਜ਼ਖ਼ਮ ਕਾਰਨ ਕਿਉਂ ਚੀਕਾਂ ਮਾਰਦੀ ਹੈਂ?
ਤੇਰੇ ਦਰਦ ਦਾ ਕੋਈ ਇਲਾਜ ਨਹੀਂ ਹੈ!
ਕਿਉਂਕਿ ਤੇਰਾ ਅਪਰਾਧ ਵੱਡਾ ਹੈ ਅਤੇ ਤੇਰੇ ਪਾਪ ਬਹੁਤ ਸਾਰੇ ਹਨ+ਇਸੇ ਕਰਕੇ ਮੈਂ ਤੇਰਾ ਇਹ ਹਾਲ ਕੀਤਾ ਹੈ।
16 ਜਿਹੜੇ ਤੈਨੂੰ ਨਿਗਲ਼ਦੇ ਹਨ, ਉਹ ਸਾਰੇ ਆਪ ਨਿਗਲ਼ੇ ਜਾਣਗੇ+ਅਤੇ ਤੇਰੇ ਸਾਰੇ ਦੁਸ਼ਮਣ ਬੰਦੀ ਬਣਾ ਕੇ ਲਿਜਾਏ ਜਾਣਗੇ।+
ਤੈਨੂੰ ਲੁੱਟਣ ਵਾਲੇ ਆਪ ਲੁੱਟੇ ਜਾਣਗੇਅਤੇ ਜਿਹੜੇ ਤੇਰਾ ਮਾਲ ਲੁੱਟਦੇ ਹਨ, ਮੈਂ ਉਨ੍ਹਾਂ ਸਾਰਿਆਂ ਦਾ ਮਾਲ ਦੂਜਿਆਂ ਦੇ ਹਵਾਲੇ ਕਰ ਦਿਆਂਗਾ।”+
17 “ਭਾਵੇਂ ਉਹ ਕਹਿੰਦੇ ਹਨ ਕਿ ਤੈਨੂੰ ਠੁਕਰਾਇਆ ਗਿਆ ਹੈਅਤੇ ‘ਸੀਓਨ ਦੀ ਕੋਈ ਪਰਵਾਹ ਨਹੀਂ ਕਰਦਾ,’”+ਯਹੋਵਾਹ ਕਹਿੰਦਾ ਹੈ, “ਪਰ ਮੈਂ ਤੇਰੀ ਸਿਹਤ ਠੀਕ ਕਰਾਂਗਾ ਅਤੇ ਤੇਰੇ ਜ਼ਖ਼ਮ ਭਰਾਂਗਾ।”+
18 ਯਹੋਵਾਹ ਕਹਿੰਦਾ ਹੈ:
“ਮੈਂ ਯਾਕੂਬ ਦੇ ਤੰਬੂਆਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+ਅਤੇ ਮੈਂ ਉਨ੍ਹਾਂ ਦੇ ਡੇਰਿਆਂ ʼਤੇ ਤਰਸ ਖਾਵਾਂਗਾ।
ਇਹ ਸ਼ਹਿਰ ਆਪਣੇ ਟਿੱਲੇ ʼਤੇ ਦੁਬਾਰਾ ਉਸਾਰਿਆ ਜਾਵੇਗਾ+ਅਤੇ ਇਸ ਦੇ ਮਜ਼ਬੂਤ ਬੁਰਜ ਦੁਬਾਰਾ ਆਪਣੀ ਜਗ੍ਹਾ ʼਤੇ ਖੜ੍ਹੇ ਕੀਤੇ ਜਾਣਗੇ।
19 ਉੱਥੋਂ ਧੰਨਵਾਦ ਦੇ ਗੀਤਾਂ ਅਤੇ ਹਾਸਿਆਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ।+
ਮੈਂ ਉਨ੍ਹਾਂ ਦੀ ਗਿਣਤੀ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ,+ਹਾਂ, ਮੈਂ ਉਨ੍ਹਾਂ ਦੀ ਗਿਣਤੀ ਵਧਾਵਾਂਗਾ*ਅਤੇ ਉਹ ਮੁੱਠੀ ਭਰ ਨਹੀਂ ਹੋਣਗੇ।+
20 ਉਸ ਦੇ ਪੁੱਤਰ ਪਹਿਲੇ ਸਮਿਆਂ ਵਾਂਗ ਖ਼ੁਸ਼ਹਾਲ ਹੋਣਗੇਅਤੇ ਉਸ ਦੀ ਮੰਡਲੀ ਮੇਰੇ ਸਾਮ੍ਹਣੇ ਮਜ਼ਬੂਤੀ ਨਾਲ ਕਾਇਮ ਹੋਵੇਗੀ।+
ਮੈਂ ਉਸ ʼਤੇ ਅਤਿਆਚਾਰ ਕਰਨ ਵਾਲੇ ਸਾਰੇ ਲੋਕਾਂ ਨਾਲ ਨਜਿੱਠਾਂਗਾ।+
21 ਉਸ ਦੇ ਲੋਕਾਂ ਵਿੱਚੋਂ ਹੀ ਉਸ ਦਾ ਆਗੂ ਨਿਕਲੇਗਾਅਤੇ ਉਨ੍ਹਾਂ ਵਿੱਚੋਂ ਹੀ ਉਸ ਦਾ ਹਾਕਮ ਖੜ੍ਹਾ ਹੋਵੇਗਾ।
ਮੈਂ ਉਸ ਨੂੰ ਆਪਣੇ ਨੇੜੇ ਆਉਣ ਦਿਆਂਗਾ ਅਤੇ ਉਹ ਮੇਰੇ ਕੋਲ ਆਵੇਗਾ।”
“ਵਰਨਾ ਮੇਰੇ ਨੇੜੇ ਆਉਣ ਦੀ ਹਿੰਮਤ ਕੌਣ ਕਰ ਸਕਦਾ ਹੈ?” ਯਹੋਵਾਹ ਕਹਿੰਦਾ ਹੈ।
22 “ਤੁਸੀਂ ਮੇਰੇ ਲੋਕ ਹੋਵੋਗੇ+ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”+
23 ਦੇਖੋ, ਯਹੋਵਾਹ ਦੇ ਗੁੱਸੇ ਦੀ ਹਨੇਰੀ ਵਗੇਗੀ,+ਉਸ ਦੇ ਗੁੱਸੇ ਦਾ ਤੂਫ਼ਾਨੀ ਵਾਵਰੋਲਾ ਦੁਸ਼ਟਾਂ ਦੇ ਸਿਰ ʼਤੇ ਆ ਪਵੇਗਾ।
24 ਯਹੋਵਾਹ ਦਾ ਗੁੱਸਾ ਤਦ ਤਕ ਸ਼ਾਂਤ ਨਹੀਂ ਹੋਵੇਗਾਜਦ ਤਕ ਉਹ ਆਪਣੇ ਮਨ ਦੇ ਇਰਾਦੇ ਮੁਤਾਬਕਆਪਣਾ ਕੰਮ ਪੂਰਾ ਨਹੀਂ ਕਰ ਲੈਂਦਾ ਅਤੇ ਉਸ ਨੂੰ ਸਿਰੇ ਨਹੀਂ ਚਾੜ੍ਹ ਦਿੰਦਾ।+
ਤੂੰ ਆਖ਼ਰੀ ਦਿਨਾਂ ਵਿਚ ਇਸ ਗੱਲ ਨੂੰ ਸਮਝ ਜਾਵੇਂਗਾ।+
ਫੁਟਨੋਟ
^ ਜਾਂ, “ਲੱਕ।”
^ ਇਬ, “ਮਹਾਨ।”
^ ਇਬ, “ਤੇਰੀ ਜੰਜ਼ੀਰ।”
^ ਜਾਂ, “ਵਿਦੇਸ਼ੀ।”
^ ਜਾਂ, “ਉਨ੍ਹਾਂ।”
^ ਜਾਂ, “ਸੁਧਾਰਾਂਗਾ।”
^ ਜਾਂ ਸੰਭਵ ਹੈ, “ਨੂੰ ਇੱਜ਼ਤ ਬਖ਼ਸ਼ਾਂਗਾ।”