ਯਸਾਯਾਹ 26:1-21
26 ਉਸ ਦਿਨ ਯਹੂਦਾਹ ਦੇਸ਼ ਵਿਚ ਇਹ ਗੀਤ ਗਾਇਆ ਜਾਵੇਗਾ:+
“ਸਾਡਾ ਸ਼ਹਿਰ ਮਜ਼ਬੂਤ ਹੈ।+
ਉਹ ਮੁਕਤੀ ਨੂੰ ਇਸ ਦੀਆਂ ਕੰਧਾਂ ਅਤੇ ਸੁਰੱਖਿਆ ਦੀ ਢਲਾਣ ਬਣਾਉਂਦਾ ਹੈ।+
2 ਦਰਵਾਜ਼ੇ ਖੋਲ੍ਹੋ+ ਤਾਂਕਿ ਧਰਮੀ ਕੌਮ ਅੰਦਰ ਆ ਸਕੇ,ਹਾਂ, ਉਹ ਕੌਮ ਜੋ ਵਫ਼ਾਦਾਰੀ ਨਾਲ ਕੰਮ ਕਰਦੀ ਹੈ।
3 ਤੂੰ ਉਨ੍ਹਾਂ ਦੀ ਰਾਖੀ ਕਰੇਂਗਾ ਜੋ ਪੂਰੀ ਤਰ੍ਹਾਂ ਤੇਰੇ ʼਤੇ ਨਿਰਭਰ ਰਹਿੰਦੇ ਹਨ;*ਤੂੰ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਂਗਾ+ਕਿਉਂਕਿ ਉਹ ਤੇਰੇ ʼਤੇ ਭਰੋਸਾ ਰੱਖਦੇ ਹਨ।+
4 ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖੋ+ਕਿਉਂਕਿ ਯਾਹ* ਯਹੋਵਾਹ ਹਮੇਸ਼ਾ ਰਹਿਣ ਵਾਲੀ ਚਟਾਨ ਹੈ।+
5 ਉਹ ਉਚਾਈ ʼਤੇ ਰਹਿਣ ਵਾਲਿਆਂ ਨੂੰ, ਉੱਚੇ ਸ਼ਹਿਰ ਨੂੰ ਹੇਠਾਂ ਲੈ ਆਇਆ।
ਉਹ ਉਸ ਨੂੰ ਥੱਲੇ ਲੈ ਆਉਂਦਾ ਹੈ,ਉਹ ਉਸ ਨੂੰ ਧਰਤੀ ʼਤੇ ਲੈ ਆਉਂਦਾ ਹੈ;ਉਹ ਉਸ ਨੂੰ ਖ਼ਾਕ ਵਿਚ ਡੇਗ ਦਿੰਦਾ ਹੈ।
6 ਪੈਰ ਉਸ ਨੂੰ ਮਿੱਧਣਗੇ,ਹਾਂ, ਸਤਾਏ ਹੋਇਆਂ ਦੇ ਪੈਰ, ਦੁਖੀਆਂ ਦੇ ਪੈਰ।”
7 ਧਰਮੀ ਦਾ ਰਾਹ ਸਿੱਧਾ* ਹੈ।
ਕਿਉਂਕਿ ਤੂੰ ਨੇਕਦਿਲ ਹੈਂ,ਇਸ ਲਈ ਤੂੰ ਧਰਮੀ ਦਾ ਰਾਹ ਪੱਧਰਾ ਕਰੇਂਗਾ।
8 ਹੇ ਯਹੋਵਾਹ, ਤੇਰੇ ਨਿਆਵਾਂ ਦੇ ਰਾਹ ʼਤੇ ਚੱਲਦੇ ਹੋਏਅਸੀਂ ਤੇਰੇ ʼਤੇ ਆਸ ਰੱਖਦੇ ਹਾਂ।
ਅਸੀਂ ਤੇਰੇ ਨਾਂ ਅਤੇ ਤੇਰੀ ਯਾਦਗਾਰ ਲਈ ਤਰਸਦੇ ਹਾਂ।*
9 ਰਾਤ ਨੂੰ ਮੇਰਾ ਰੋਮ-ਰੋਮ ਤੇਰੇ ਲਈ ਤਰਸਦਾ ਹੈ,ਹਾਂ, ਮੇਰਾ ਮਨ ਤੈਨੂੰ ਭਾਲਦਾ ਫਿਰਦਾ ਹੈ;+ਜਦੋਂ ਤੂੰ ਧਰਤੀ ਲਈ ਆਪਣੇ ਫ਼ੈਸਲੇ ਸੁਣਾਉਂਦਾ ਹੈਂ,ਉਦੋਂ ਧਰਤੀ ਦੇ ਵਾਸੀ ਸਿੱਖਦੇ ਹਨ ਕਿ ਸਹੀ ਕੀ ਹੈ।+
10 ਭਾਵੇਂ ਦੁਸ਼ਟ ʼਤੇ ਮਿਹਰ ਕੀਤੀ ਜਾਵੇ,ਫਿਰ ਵੀ ਉਹ ਨਹੀਂ ਸਿੱਖੇਗਾ ਕਿ ਸਹੀ ਕੀ ਹੈ।+
ਸੱਚਾਈ ਦੇ* ਦੇਸ਼ ਵਿਚ ਵੀ ਉਹ ਦੁਸ਼ਟਤਾ ਕਰੇਗਾ+ਅਤੇ ਉਹ ਯਹੋਵਾਹ ਦੇ ਤੇਜ ਨੂੰ ਨਹੀਂ ਦੇਖੇਗਾ।+
11 ਹੇ ਯਹੋਵਾਹ, ਤੇਰਾ ਹੱਥ ਉੱਠਿਆ ਹੋਇਆ ਹੈ, ਪਰ ਉਹ ਇਸ ਨੂੰ ਦੇਖਦੇ ਨਹੀਂ।+
ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਦੇਖਣਗੇ ਤੇ ਸ਼ਰਮਿੰਦਾ ਹੋਣਗੇ।
ਹਾਂ, ਤੇਰੀ ਇਹੀ ਅੱਗ ਤੇਰੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।
12 ਹੇ ਯਹੋਵਾਹ, ਤੂੰ ਸਾਨੂੰ ਸ਼ਾਂਤੀ ਬਖ਼ਸ਼ੇਂਗਾ+ਕਿਉਂਕਿ ਅਸੀਂ ਜੋ ਕੁਝ ਵੀ ਕੀਤਾ ਹੈ,ਉਹ ਤੇਰੇ ਕਰਕੇ ਹੀ ਹੋ ਪਾਇਆ।
13 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੇਰੇ ਤੋਂ ਇਲਾਵਾ ਹੋਰ ਮਾਲਕਾਂ ਨੇ ਵੀ ਸਾਡੇ ʼਤੇ ਰਾਜ ਕੀਤਾ,+ਪਰ ਅਸੀਂ ਸਿਰਫ਼ ਤੇਰਾ ਹੀ ਨਾਂ ਲੈਂਦੇ ਹਾਂ।+
14 ਉਹ ਮਰ ਚੁੱਕੇ ਹਨ; ਉਹ ਜੀਉਂਦੇ ਨਹੀਂ ਹੋਣਗੇ।
ਮੌਤ ਦੇ ਹੱਥਾਂ ਵਿਚ ਬੇਬੱਸ ਉਹ ਲੋਕ ਨਹੀਂ ਉੱਠਣਗੇ।+
ਕਿਉਂਕਿ ਉਨ੍ਹਾਂ ਨੂੰ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈਤੂੰ ਉਨ੍ਹਾਂ ਵੱਲ ਧਿਆਨ ਦਿੱਤਾ ਹੈ।
15 ਤੂੰ ਕੌਮ ਨੂੰ ਵਧਾਇਆ ਹੈ, ਹੇ ਯਹੋਵਾਹ,ਤੂੰ ਕੌਮ ਨੂੰ ਵਧਾਇਆ ਹੈ;ਤੂੰ ਖ਼ੁਦ ਨੂੰ ਵਡਿਆਇਆ ਹੈ।+
ਤੂੰ ਦੇਸ਼ ਦੀਆਂ ਸਾਰੀਆਂ ਹੱਦਾਂ ਨੂੰ ਦੂਰ-ਦੂਰ ਤਕ ਫੈਲਾਇਆ ਹੈ।+
16 ਹੇ ਯਹੋਵਾਹ, ਦੁੱਖ ਦੀ ਘੜੀ ਵਿਚ ਉਹ ਤੇਰੇ ਵੱਲ ਮੁੜੇ;ਜਦ ਤੂੰ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ, ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਪ੍ਰਾਰਥਨਾ ਕਰ ਕੇ ਆਪਣਾ ਦਿਲ ਖੋਲ੍ਹਿਆ।+
17 ਜਿਵੇਂ ਜਨਮ ਦੇਣ ਲੱਗਿਆਂ ਗਰਭਵਤੀ ਔਰਤ ਨੂੰਜਣਨ-ਪੀੜਾਂ ਲੱਗਦੀਆਂ ਹਨ ਤੇ ਉਹ ਦਰਦ ਨਾਲ ਚੀਕਦੀ ਹੈ,ਤੇਰੇ ਕਰਕੇ ਸਾਡੀ ਵੀ ਉਹੀ ਹਾਲਤ ਹੈ, ਹੇ ਯਹੋਵਾਹ।
18 ਅਸੀਂ ਗਰਭਵਤੀ ਹੋਏ, ਸਾਨੂੰ ਜਣਨ-ਪੀੜਾਂ ਲੱਗੀਆਂ,ਪਰ ਮਾਨੋ ਅਸੀਂ ਹਵਾ ਨੂੰ ਜਨਮ ਦਿੱਤਾ।
ਅਸੀਂ ਦੇਸ਼ ਨੂੰ ਮੁਕਤੀ ਨਹੀਂ ਦਿਵਾਈਅਤੇ ਕੋਈ ਵੀ ਇਸ ਦੇਸ਼ ਵਿਚ ਰਹਿਣ ਲਈ ਨਹੀਂ ਜੰਮਿਆ।
19 “ਤੇਰੇ ਮੁਰਦੇ ਜੀਉਂਦੇ ਹੋਣਗੇ।
ਮੇਰੀਆਂ ਲੋਥਾਂ* ਉੱਠ ਖੜ੍ਹੀਆਂ ਹੋਣਗੀਆਂ।+
ਹੇ ਖ਼ਾਕ ਦੇ ਵਾਸੀਓ!+
ਜਾਗੋ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਓਕਿਉਂਕਿ ਤੇਰੀ ਤ੍ਰੇਲ ਸਵੇਰ ਦੀ ਤ੍ਰੇਲ* ਵਰਗੀ ਹੈਅਤੇ ਧਰਤੀ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਲੋਕਾਂ ਨੂੰ ਮੋੜ ਦੇਵੇਗੀ ਕਿ ਉਨ੍ਹਾਂ ਨੂੰ ਜ਼ਿੰਦਗੀ ਮਿਲੇ।*
20 ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓਅਤੇ ਆਪਣੇ ਬੂਹੇ ਬੰਦ ਕਰ ਲਓ।+
ਆਪਣੇ ਆਪ ਨੂੰ ਥੋੜ੍ਹੇ ਸਮੇਂ ਲਈ ਲੁਕਾ ਲਓਜਦ ਤਕ ਕ੍ਰੋਧ* ਟਲ ਨਹੀਂ ਜਾਂਦਾ।+
21 ਦੇਖੋ! ਯਹੋਵਾਹ ਆਪਣੀ ਜਗ੍ਹਾ ਤੋਂ ਆ ਰਿਹਾ ਹੈਤਾਂਕਿ ਦੇਸ਼ ਦੇ ਵਾਸੀਆਂ ਤੋਂ ਉਨ੍ਹਾਂ ਦੇ ਗੁਨਾਹ ਦਾ ਲੇਖਾ ਲਵੇ,ਦੇਸ਼ ਆਪਣੇ ਵਿਚ ਵਹਾਏ ਗਏ ਖ਼ੂਨ ਨੂੰ ਪ੍ਰਗਟ ਕਰੇਗਾਅਤੇ ਇਹ ਕਤਲ ਕੀਤੇ ਹੋਇਆਂ ਨੂੰ ਹੋਰ ਨਹੀਂ ਲੁਕਾਵੇਗਾ।”
ਫੁਟਨੋਟ
^ ਜਾਂ ਸੰਭਵ ਹੈ, “ਜਿਨ੍ਹਾਂ ਦਾ ਮਨ ਹਿਲਾਇਆ ਨਹੀਂ ਜਾ ਸਕਦਾ।”
^ “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
^ ਜਾਂ, “ਪੱਧਰਾ।”
^ ਯਾਨੀ, ਪਰਮੇਸ਼ੁਰ ਅਤੇ ਉਸ ਦੇ ਨਾਂ ਨੂੰ ਯਾਦ ਕੀਤਾ ਜਾਵੇ, ਉਸ ਬਾਰੇ ਦੱਸਿਆ ਜਾਵੇ।
^ ਜਾਂ, “ਸਿੱਧੇ।”
^ ਇਬ, “ਮੇਰੀ ਲਾਸ਼।”
^ ਜਾਂ ਸੰਭਵ ਹੈ, “ਜੜ੍ਹੀ-ਬੂਟੀਆਂ (ਗੁਲਖੈਰਾ) ਦੀ ਤ੍ਰੇਲ।”
^ ਜਾਂ, “ਮੌਤ ਦੇ ਹੱਥਾਂ ਵਿਚ ਬੇਬੱਸ ਲੋਕਾਂ ਨੂੰ ਜਨਮ ਦੇਵੇਗੀ।”
^ ਜਾਂ, “ਕਹਿਰ।”