ਬਿਵਸਥਾ ਸਾਰ 14:1-29
14 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪੁੱਤਰ ਹੋ। ਤੁਸੀਂ ਕਿਸੇ ਮਰੇ ਬੰਦੇ ਕਰਕੇ ਆਪਣੇ ਸਰੀਰ ਨੂੰ ਨਾ ਕੱਟੋ-ਵੱਢੋ+ ਅਤੇ ਨਾ ਹੀ ਆਪਣੇ ਭਰਵੱਟੇ ਮੁੰਨੋ*+
2 ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਪਵਿੱਤਰ ਪਰਜਾ ਹੋ।+ ਯਹੋਵਾਹ ਨੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਤੁਹਾਨੂੰ ਆਪਣੇ ਲੋਕਾਂ, ਹਾਂ, ਆਪਣੇ ਖ਼ਾਸ ਲੋਕਾਂ* ਵਜੋਂ ਚੁਣਿਆ ਹੈ।+
3 “ਤੁਸੀਂ ਕਿਸੇ ਵੀ ਤਰ੍ਹਾਂ ਦੀ ਘਿਣਾਉਣੀ ਚੀਜ਼ ਨਹੀਂ ਖਾਣੀ।+
4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ,
5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ।
6 ਤੁਸੀਂ ਹਰ ਉਹ ਜਾਨਵਰ ਖਾ ਸਕਦੇ ਹੋ ਜਿਸ ਦੇ ਖੁਰ ਪਾਟੇ ਹੋਣ ਅਤੇ ਦੋ ਹਿੱਸਿਆਂ ਵਿਚ ਵੰਡੇ ਹੋਣ ਅਤੇ ਉਹ ਜੁਗਾਲੀ ਕਰਦਾ ਹੋਵੇ।
7 ਪਰ ਤੁਸੀਂ ਇਹ ਜਾਨਵਰ ਨਹੀਂ ਖਾਣੇ ਜਿਹੜੇ ਸਿਰਫ਼ ਜੁਗਾਲੀ ਕਰਦੇ ਹਨ ਜਾਂ ਜਿਨ੍ਹਾਂ ਦੇ ਸਿਰਫ਼ ਖੁਰ ਪਾਟੇ ਹੁੰਦੇ ਹਨ: ਊਠ, ਖ਼ਰਗੋਸ਼, ਪਹਾੜੀ ਬਿੱਜੂ।* ਇਹ ਜੁਗਾਲੀ ਤਾਂ ਕਰਦੇ ਹਨ, ਪਰ ਇਨ੍ਹਾਂ ਦੇ ਖੁਰ ਨਹੀਂ ਪਾਟੇ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹਨ।+
8 ਤੁਸੀਂ ਸੂਰ ਦਾ ਮਾਸ ਵੀ ਨਹੀਂ ਖਾਣਾ ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੁੰਦੇ ਹਨ, ਪਰ ਇਹ ਜੁਗਾਲੀ ਨਹੀਂ ਕਰਦਾ। ਇਹ ਤੁਹਾਡੇ ਲਈ ਅਸ਼ੁੱਧ ਹੈ। ਤੁਸੀਂ ਨਾ ਤਾਂ ਇਨ੍ਹਾਂ ਜਾਨਵਰਾਂ ਦਾ ਮਾਸ ਖਾਣਾ ਤੇ ਨਾ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹਣਾ।
9 “ਤੁਸੀਂ ਪਾਣੀ ਵਿਚ ਰਹਿਣ ਵਾਲਾ ਹਰ ਉਹ ਜੀਵ ਖਾ ਸਕਦੇ ਹੋ ਜਿਸ ਦੇ ਖੰਭ ਤੇ ਚਾਨੇ ਹੁੰਦੇ ਹਨ।+
10 ਪਰ ਤੁਸੀਂ ਉਹ ਜੀਵ ਨਹੀਂ ਖਾ ਸਕਦੇ ਜਿਸ ਦੇ ਖੰਭ ਤੇ ਚਾਨੇ ਨਹੀਂ ਹੁੰਦੇ। ਉਹ ਤੁਹਾਡੇ ਲਈ ਅਸ਼ੁੱਧ ਹਨ।
11 “ਤੁਸੀਂ ਕੋਈ ਵੀ ਸ਼ੁੱਧ ਪੰਛੀ ਖਾ ਸਕਦੇ ਹੋ।
12 ਪਰ ਤੁਸੀਂ ਇਹ ਪੰਛੀ ਨਹੀਂ ਖਾਣੇ: ਉਕਾਬ, ਸਮੁੰਦਰੀ ਬਾਜ਼, ਕਾਲੀ ਗਿੱਧ,+
13 ਲਾਲ ਇੱਲ, ਕਾਲੀ ਇੱਲ ਅਤੇ ਹੋਰ ਕਿਸਮਾਂ ਦੀਆਂ ਇੱਲਾਂ,
14 ਹਰ ਕਿਸਮ ਦੇ ਪਹਾੜੀ ਕਾਂ,
15 ਸ਼ੁਤਰਮੁਰਗ, ਉੱਲੂ, ਜਲਮੁਰਗੀ, ਹਰ ਕਿਸਮ ਦੇ ਬਾਜ਼,
16 ਛੋਟਾ ਉੱਲੂ, ਲੰਬੇ ਕੰਨਾਂ ਵਾਲਾ ਉੱਲੂ, ਹੰਸ,
17 ਪੇਇਣ, ਗਿੱਧ, ਜਲ ਕਾਂ,
18 ਸਾਰਸ, ਹਰ ਕਿਸਮ ਦੇ ਬਗਲੇ, ਚੱਕੀਰਾਹਾ ਅਤੇ ਚਾਮਚੜਿੱਕ।
19 ਹਰ ਤਰ੍ਹਾਂ ਦੇ ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜੋ ਝੁੰਡਾਂ ਵਿਚ ਰਹਿੰਦੇ ਹਨ, ਤੁਹਾਡੇ ਲਈ ਅਸ਼ੁੱਧ ਹਨ। ਤੁਸੀਂ ਇਹ ਨਹੀਂ ਖਾ ਸਕਦੇ।
20 ਤੁਸੀਂ ਹਰ ਕਿਸਮ ਦੇ ਉੱਡਣ ਵਾਲੇ ਸ਼ੁੱਧ ਜੀਵ ਖਾ ਸਕਦੇ ਹੋ।
21 “ਤੁਸੀਂ ਉਸ ਜਾਨਵਰ ਦਾ ਮਾਸ ਨਹੀਂ ਖਾਣਾ ਜੋ ਮਰਿਆ ਪਿਆ ਹੋਵੇ।+ ਤੁਸੀਂ ਉਸ ਦਾ ਮਾਸ ਆਪਣੇ ਸ਼ਹਿਰਾਂ* ਵਿਚ ਰਹਿੰਦੇ ਕਿਸੇ ਪਰਦੇਸੀ ਨੂੰ ਦੇ ਸਕਦੇ ਹੋ ਅਤੇ ਉਹ ਇਸ ਨੂੰ ਖਾ ਸਕਦਾ ਹੈ ਜਾਂ ਤੁਸੀਂ ਇਹ ਮਾਸ ਕਿਸੇ ਪਰਦੇਸੀ ਨੂੰ ਵੇਚ ਸਕਦੇ ਹੋ। ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਲੋਕ ਹੋ।
“ਤੁਸੀਂ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲਿਓ।+
22 “ਤੁਸੀਂ ਹਰ ਸਾਲ ਆਪਣੇ ਖੇਤ ਦੀ ਪੈਦਾਵਾਰ ਦਾ ਦਸਵਾਂ ਹਿੱਸਾ ਜ਼ਰੂਰ ਦਿਓ।+
23 ਤੁਹਾਡਾ ਪਰਮੇਸ਼ੁਰ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ, ਤੁਸੀਂ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਅਨਾਜ, ਨਵੇਂ ਦਾਖਰਸ ਤੇ ਤੇਲ ਦਾ ਦਸਵਾਂ ਹਿੱਸਾ ਅਤੇ ਗਾਂਵਾਂ-ਬਲਦਾਂ ਤੇ ਭੇਡਾਂ-ਬੱਕਰੀਆਂ ਦੇ ਜੇਠਿਆਂ ਦਾ ਮਾਸ ਖਾਇਓ+ ਤਾਂਕਿ ਤੁਸੀਂ ਹਮੇਸ਼ਾ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੋ।+
24 “ਪਰ ਜੇ ਉਹ ਜਗ੍ਹਾ ਤੁਹਾਡੇ ਘਰ ਤੋਂ ਬਹੁਤ ਦੂਰ ਹੈ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਤੁਸੀਂ ਯਹੋਵਾਹ ਦੀ ਬਰਕਤ ਨਾਲ ਹੋਈ ਭਰਪੂਰ ਪੈਦਾਵਾਰ ਦਾ ਦਸਵਾਂ ਹਿੱਸਾ ਇੰਨੀ ਦੂਰ ਨਹੀਂ ਲਿਜਾ ਸਕਦੇ,+
25 ਤਾਂ ਤੁਸੀਂ ਉਹ ਦਸਵਾਂ ਹਿੱਸਾ ਵੇਚ ਦਿਓ ਅਤੇ ਉਹ ਪੈਸਾ ਆਪਣੇ ਹੱਥ ਵਿਚ ਲੈ ਕੇ ਉਸ ਜਗ੍ਹਾ ਜਾਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।
26 ਉੱਥੇ ਤੁਸੀਂ ਉਸ ਪੈਸੇ ਨਾਲ ਜੋ ਚਾਹੋ ਖ਼ਰੀਦ ਸਕਦੇ ਹੋ: ਗਾਂਵਾਂ-ਬਲਦ, ਭੇਡਾਂ, ਬੱਕਰੀਆਂ, ਦਾਖਰਸ ਜਾਂ ਪੀਣ ਵਾਲੀਆਂ ਹੋਰ ਨਸ਼ੀਲੀਆਂ ਚੀਜ਼ਾਂ ਜਾਂ ਜੋ ਵੀ ਤੁਹਾਡਾ ਜੀਅ ਚਾਹੁੰਦਾ ਹੈ; ਤੁਸੀਂ ਤੇ ਤੁਹਾਡਾ ਘਰਾਣਾ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਭੋਜਨ ਖਾਇਓ ਅਤੇ ਖ਼ੁਸ਼ੀਆਂ ਮਨਾਇਓ।+
27 ਤੁਸੀਂ ਆਪਣੇ ਸ਼ਹਿਰਾਂ ਵਿਚ ਰਹਿੰਦੇ ਲੇਵੀਆਂ ਨੂੰ ਅਣਗੌਲਿਆਂ ਨਾ ਕਰਿਓ+ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ।+
28 “ਹਰ ਤੀਸਰੇ ਸਾਲ ਦੇ ਅਖ਼ੀਰ ਵਿਚ ਤੁਸੀਂ ਉਸ ਸਾਲ ਦੀ ਪੈਦਾਵਾਰ ਦਾ ਪੂਰਾ ਦਸਵਾਂ ਹਿੱਸਾ ਆਪਣੇ ਸ਼ਹਿਰਾਂ ਵਿਚ ਜਮ੍ਹਾ ਕਰ ਕੇ ਰੱਖਿਓ।+
29 ਫਿਰ ਤੁਹਾਡੇ ਸ਼ਹਿਰਾਂ ਵਿਚ ਰਹਿਣ ਵਾਲੇ ਲੇਵੀ, ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ, ਨਾਲੇ ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਉਸ ਵਿੱਚੋਂ ਲੈ ਕੇ ਖਾ ਸਕਦੇ ਹਨ ਅਤੇ ਆਪਣਾ ਢਿੱਡ ਭਰ ਸਕਦੇ ਹਨ।+ ਇਹ ਦੇਖ ਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+
ਫੁਟਨੋਟ
^ ਇਬ, “ਆਪਣੀਆਂ ਅੱਖਾਂ ਦੇ ਵਿਚਕਾਰ ਗੰਜ ਨਾ ਕਰਾਓ।”
^ ਜਾਂ, “ਕੀਮਤੀ ਜਾਇਦਾਦ।”
^ ਹਿਰਨ ਦੀ ਇਕ ਕਿਸਮ।
^ ਖਰਗੋਸ਼ ਵਰਗਾ ਇਕ ਜਾਨਵਰ।
^ ਜਾਂ, “ਕੀਟ-ਪਤੰਗੇ।”
^ ਇਬ, “ਦਰਵਾਜ਼ਿਆਂ।”
^ ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”