ਬਿਵਸਥਾ ਸਾਰ 1:1-46

  • ਹੋਰੇਬ ਪਹਾੜ ਤੋਂ ਰਵਾਨਾ ਹੋਣਾ (1-8)

  • ਮੁਖੀਆਂ ਤੇ ਨਿਆਂਕਾਰਾਂ ਦੀ ਨਿਯੁਕਤੀ (9-18)

  • ਕਾਦੇਸ਼-ਬਰਨੇਆ ਵਿਚ ਅਣਆਗਿਆਕਾਰੀ (19-46)

    • ਇਜ਼ਰਾਈਲੀਆਂ ਨੇ ਦੇਸ਼ ਵਿਚ ਜਾਣ ਤੋਂ ਇਨਕਾਰ ਕੀਤਾ (26-33)

    • ਕਨਾਨ ʼਤੇ ਜਿੱਤ ਹਾਸਲ ਕਰਨ ਵਿਚ ਅਸਫ਼ਲਤਾ (41-46)

1  ਮੂਸਾ ਨੇ ਇਹ ਗੱਲਾਂ ਇਜ਼ਰਾਈਲ ਨੂੰ ਯਰਦਨ ਦੇ ਨੇੜੇ ਉਜਾੜ ਵਿਚ ਕਹੀਆਂ ਸਨ। ਇਹ ਉਜਾੜ ਸੂਫ ਦੇ ਸਾਮ੍ਹਣੇ ਅਤੇ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ।  2  ਸੇਈਰ ਪਹਾੜ ਦੇ ਰਸਤਿਓਂ ਹੋਰੇਬ ਤੋਂ ਕਾਦੇਸ਼-ਬਰਨੇਆ+ ਜਾਣ ਲਈ 11 ਦਿਨ ਲੱਗਦੇ ਹਨ।  3  ਅਤੇ 40ਵੇਂ ਸਾਲ+ ਦੇ 11ਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੂਸਾ ਨੇ ਇਜ਼ਰਾਈਲੀਆਂ* ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਯਹੋਵਾਹ ਨੇ ਮੂਸਾ ਨੂੰ ਉਨ੍ਹਾਂ ਨੂੰ ਦੱਸਣ ਲਈ ਕਹੀਆਂ ਸਨ।  4  ਇਸ ਤੋਂ ਪਹਿਲਾਂ ਮੂਸਾ ਨੇ ਅਮੋਰੀਆਂ ਦੇ ਰਾਜੇ ਸੀਹੋਨ+ ਨੂੰ ਅਤੇ ਅਦਰਈ ਵਿਚ ਬਾਸ਼ਾਨ ਦੇ ਰਾਜੇ ਓਗ+ ਨੂੰ ਹਰਾਇਆ ਸੀ। ਸੀਹੋਨ ਹਸ਼ਬੋਨ ਵਿਚ ਰਹਿੰਦਾ ਸੀ ਅਤੇ ਓਗ ਅਸ਼ਤਾਰਾਥ ਵਿਚ ਰਹਿੰਦਾ ਸੀ।+ 5  ਮੋਆਬ ਵਿਚ ਯਰਦਨ ਦੇ ਇਲਾਕੇ ਵਿਚ ਮੂਸਾ ਨੇ ਇਸ ਕਾਨੂੰਨ ਨੂੰ ਸਮਝਾਉਣਾ ਸ਼ੁਰੂ ਕੀਤਾ।+ ਉਸ ਨੇ ਕਿਹਾ: 6  “ਸਾਡੇ ਪਰਮੇਸ਼ੁਰ ਯਹੋਵਾਹ ਨੇ ਹੋਰੇਬ ਵਿਚ ਸਾਨੂੰ ਕਿਹਾ ਸੀ, ‘ਤੁਸੀਂ ਇਸ ਪਹਾੜੀ ਇਲਾਕੇ ਵਿਚ ਲੰਬੇ ਸਮੇਂ ਤੋਂ ਰੁਕੇ ਹੋਏ ਹੋ।+ 7  ਹੁਣ ਤੁਸੀਂ ਉੱਠੋ ਅਤੇ ਅਮੋਰੀਆਂ+ ਦੇ ਪਹਾੜੀ ਇਲਾਕੇ ਅਤੇ ਇਸ ਦੇ ਨੇੜਲੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਜਾਓ: ਅਰਾਬਾਹ,+ ਪਹਾੜੀ ਇਲਾਕਾ, ਸ਼ੇਫਲਾਹ, ਨੇਗੇਬ, ਸਮੁੰਦਰੀ ਤਟ+ ਅਤੇ ਕਨਾਨੀਆਂ ਦਾ ਦੇਸ਼। ਤੁਸੀਂ ਲਬਾਨੋਨ*+ ਅਤੇ ਵੱਡੇ ਦਰਿਆ ਫ਼ਰਾਤ+ ਤਕ ਜਾਓ।  8  ਸਾਰਾ ਦੇਸ਼ ਤੁਹਾਡੇ ਸਾਮ੍ਹਣੇ ਹੈ। ਜਾਓ ਅਤੇ ਉਸ ਦੇਸ਼ ʼਤੇ ਕਬਜ਼ਾ ਕਰੋ ਜਿਸ ਬਾਰੇ ਯਹੋਵਾਹ ਨੇ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ+ ਅਤੇ ਯਾਕੂਬ+ ਨਾਲ ਸਹੁੰ ਖਾਧੀ ਸੀ ਕਿ ਉਹ ਇਹ ਦੇਸ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਤਾਨ* ਨੂੰ ਦੇਵੇਗਾ।’+ 9  “ਅਤੇ ਮੈਂ ਉਸ ਵੇਲੇ ਤੁਹਾਨੂੰ ਕਿਹਾ ਸੀ, ‘ਮੈਂ ਇਕੱਲਾ ਤੁਹਾਨੂੰ ਸਾਂਭ ਨਹੀਂ ਸਕਦਾ।+ 10  ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇੰਨਾ ਵਧਾਇਆ ਹੈ ਕਿ ਅੱਜ ਤੁਹਾਡੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਹੈ।+ 11  ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਹੋਰ ਵੀ ਹਜ਼ਾਰ ਗੁਣਾ ਵਧਾਵੇ+ ਅਤੇ ਆਪਣੇ ਵਾਅਦੇ ਅਨੁਸਾਰ ਤੁਹਾਨੂੰ ਬਰਕਤ ਦੇਵੇ।+ 12  ਮੈਂ ਇਕੱਲਾ ਕਿਸ ਤਰ੍ਹਾਂ ਤੁਹਾਡਾ ਬੋਝ ਚੁੱਕ ਸਕਦਾਂ ਅਤੇ ਤੁਹਾਡੀਆਂ ਸਮੱਸਿਆਵਾਂ ਤੇ ਝਗੜੇ ਨਜਿੱਠ ਸਕਦਾਂ?+ 13  ਇਸ ਲਈ ਤੁਸੀਂ ਆਪਣੇ ਗੋਤਾਂ ਵਿੱਚੋਂ ਬੁੱਧੀਮਾਨ, ਸਮਝਦਾਰ ਅਤੇ ਤਜਰਬੇਕਾਰ ਆਦਮੀ ਚੁਣੋ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ʼਤੇ ਮੁਖੀਆਂ ਵਜੋਂ ਨਿਯੁਕਤ ਕਰਾਂਗਾ।’+ 14  ਤੁਸੀਂ ਮੈਨੂੰ ਜਵਾਬ ਵਿਚ ਕਿਹਾ ਸੀ, ‘ਹਾਂ, ਇਸ ਤਰ੍ਹਾਂ ਕਰਨਾ ਵਧੀਆ ਹੋਵੇਗਾ।’  15  ਇਸ ਲਈ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਵਿੱਚੋਂ ਬੁੱਧੀਮਾਨ ਅਤੇ ਤਜਰਬੇਕਾਰ ਆਦਮੀਆਂ ਨੂੰ ਚੁਣ ਕੇ ਤੁਹਾਡੇ ʼਤੇ ਮੁਖੀਆਂ ਵਜੋਂ ਨਿਯੁਕਤ ਕੀਤਾ। ਮੈਂ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਅਤੇ ਤੁਹਾਡੇ ਗੋਤਾਂ ਦੇ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ।+ 16  “ਉਸ ਸਮੇਂ ਮੈਂ ਤੁਹਾਡੇ ਨਿਆਂਕਾਰਾਂ ਨੂੰ ਇਹ ਹਿਦਾਇਤ ਦਿੱਤੀ, ‘ਤੁਸੀਂ ਸੱਚਾਈ ਨਾਲ ਹਰ ਮਸਲੇ ਦਾ ਫ਼ੈਸਲਾ ਕਰੋ,+ ਚਾਹੇ ਇਹ ਮਸਲਾ ਦੋ ਇਜ਼ਰਾਈਲੀਆਂ ਜਾਂ ਫਿਰ ਕਿਸੇ ਇਜ਼ਰਾਈਲੀ ਤੇ ਪਰਦੇਸੀ ਵਿਚ ਹੋਵੇ।+ 17  ਤੁਸੀਂ ਫ਼ੈਸਲਾ ਕਰਦੇ ਵੇਲੇ ਪੱਖਪਾਤ ਨਾ ਕਰੋ।+ ਤੁਸੀਂ ਕਮਜ਼ੋਰ ਤੇ ਤਾਕਤਵਰ ਦੋਵਾਂ ਦੀ ਗੱਲ ਸੁਣੋ।+ ਤੁਸੀਂ ਇਨਸਾਨਾਂ ਤੋਂ ਨਾ ਡਰੋ+ ਕਿਉਂਕਿ ਨਿਆਂ ਕਰਨ ਵਾਲਾ ਪਰਮੇਸ਼ੁਰ ਹੀ ਹੈ।+ ਜੇ ਤੁਹਾਡੇ ਲਈ ਕਿਸੇ ਮਸਲੇ ਨੂੰ ਸੁਲਝਾਉਣਾ ਬਹੁਤ ਔਖਾ ਹੈ, ਤਾਂ ਉਹ ਮਸਲਾ ਮੇਰੇ ਕੋਲ ਲੈ ਕੇ ਆਓ ਅਤੇ ਮੈਂ ਇਸ ਦੀ ਸੁਣਵਾਈ ਕਰਾਂਗਾ।’+ 18  ਮੈਂ ਤੁਹਾਨੂੰ ਉਸ ਵੇਲੇ ਹੀ ਦੱਸ ਦਿੱਤਾ ਸੀ ਕਿ ਤੁਸੀਂ ਕੀ ਕਰਨਾ ਹੈ। 19  “ਫਿਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਹੋਰੇਬ ਤੋਂ ਤੁਰ ਪਏ ਅਤੇ ਵੱਡੀ ਅਤੇ ਖ਼ਤਰਨਾਕ ਉਜਾੜ ਵਿੱਚੋਂ ਦੀ ਲੰਘੇ।+ ਇਹ ਉਜਾੜ ਤੁਸੀਂ ਅਮੋਰੀਆਂ ਦੇ ਪਹਾੜੀ ਇਲਾਕੇ+ ਨੂੰ ਜਾਂਦੇ ਹੋਏ ਰਾਹ ਵਿਚ ਦੇਖੀ ਸੀ। ਫਿਰ ਅਸੀਂ ਤੁਰਦੇ ਹੋਏ ਕਾਦੇਸ਼-ਬਰਨੇਆ ਪਹੁੰਚੇ।+ 20  ਫਿਰ ਮੈਂ ਤੁਹਾਨੂੰ ਕਿਹਾ ਸੀ, ‘ਤੁਸੀਂ ਅਮੋਰੀਆਂ ਦੇ ਪਹਾੜੀ ਇਲਾਕੇ ਵਿਚ ਆ ਗਏ ਹੋ ਜੋ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਦੇਵੇਗਾ।  21  ਦੇਖੋ, ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਇਹ ਦੇਸ਼ ਤੁਹਾਡੇ ਹਵਾਲੇ ਕਰ ਦਿੱਤਾ ਹੈ। ਜਾਓ ਅਤੇ ਇਸ ਉੱਤੇ ਕਬਜ਼ਾ ਕਰੋ, ਠੀਕ ਜਿਵੇਂ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਕਿਹਾ ਸੀ।+ ਤੁਸੀਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ।’ 22  “ਪਰ ਤੁਸੀਂ ਸਾਰਿਆਂ ਨੇ ਮੇਰੇ ਕੋਲ ਆ ਕੇ ਕਿਹਾ, ‘ਕਿਉਂ ਨਾ ਆਪਾਂ ਪਹਿਲਾਂ ਉਸ ਦੇਸ਼ ਦੀ ਜਾਸੂਸੀ ਕਰਨ ਲਈ ਕੁਝ ਆਦਮੀ ਘੱਲੀਏ ਜੋ ਵਾਪਸ ਆ ਕੇ ਸਾਨੂੰ ਦੱਸਣਗੇ ਕਿ ਸਾਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ ਅਤੇ ਉੱਥੇ ਸਾਨੂੰ ਕਿਹੋ ਜਿਹੇ ਸ਼ਹਿਰਾਂ ਨਾਲ ਲੜਨਾ ਪਵੇਗਾ।’+ 23  ਮੈਨੂੰ ਤੁਹਾਡੀ ਸਲਾਹ ਚੰਗੀ ਲੱਗੀ, ਇਸ ਲਈ ਮੈਂ ਇਸ ਕੰਮ ਲਈ 12 ਆਦਮੀ ਯਾਨੀ ਸਾਰੇ ਗੋਤਾਂ ਵਿੱਚੋਂ ਇਕ-ਇਕ ਆਦਮੀ ਚੁਣਿਆ।+ 24  ਉਹ ਉੱਥੋਂ ਤੁਰ ਕੇ ਪਹਾੜੀ ਇਲਾਕੇ+ ਵਿਚ ਗਏ ਅਤੇ ਉਨ੍ਹਾਂ ਨੇ ਅਸ਼ਕੋਲ ਘਾਟੀ ਵਿਚ ਪਹੁੰਚ ਕੇ ਉਸ ਦੇਸ਼ ਦੀ ਜਾਸੂਸੀ ਕੀਤੀ।  25  ਉਹ ਸਾਡੇ ਲਈ ਉਸ ਦੇਸ਼ ਦੇ ਕੁਝ ਫਲ ਲੈ ਕੇ ਆਏ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ, ‘ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਜੋ ਦੇਸ਼ ਦੇਵੇਗਾ, ਉਹ ਬਹੁਤ ਹੀ ਵਧੀਆ ਹੈ।’+ 26  ਪਰ ਤੁਸੀਂ ਉੱਥੇ ਜਾਣ ਤੋਂ ਇਨਕਾਰ ਕੀਤਾ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ।+ 27  ਤੁਸੀਂ ਆਪਣੇ ਤੰਬੂਆਂ ਵਿਚ ਬੁੜਬੁੜਾਉਂਦੇ ਹੋਏ ਕਹਿੰਦੇ ਰਹੇ, ‘ਯਹੋਵਾਹ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਹੀ ਉਹ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਮੋਰੀਆਂ ਦੇ ਹਵਾਲੇ ਕਰ ਰਿਹਾ ਹੈ ਤਾਂਕਿ ਅਸੀਂ ਨਾਸ਼ ਹੋ ਜਾਈਏ।  28  ਪਤਾ ਨਹੀਂ ਉਹ ਜਗ੍ਹਾ ਕਿੱਦਾਂ ਦੀ ਹੈ ਜਿੱਥੇ ਅਸੀਂ ਜਾ ਰਹੇ ਹਾਂ? ਅਸੀਂ ਆਪਣੇ ਭਰਾਵਾਂ ਦੀ ਇਸ ਗੱਲ ਕਰਕੇ ਦਿਲ ਹਾਰ ਗਏ,*+ “ਉਹ ਲੋਕ ਸਾਡੇ ਨਾਲੋਂ ਤਾਕਤਵਰ ਅਤੇ ਉੱਚੇ-ਲੰਬੇ ਹਨ। ਉਨ੍ਹਾਂ ਦੇ ਸ਼ਹਿਰ ਵੱਡੇ-ਵੱਡੇ ਹਨ ਅਤੇ ਸ਼ਹਿਰਾਂ ਦੀਆਂ ਮਜ਼ਬੂਤ ਕੰਧਾਂ ਆਕਾਸ਼ ਤਕ ਉੱਚੀਆਂ ਹਨ।+ ਅਸੀਂ ਉੱਥੇ ਅਨਾਕੀ ਲੋਕ+ ਦੇਖੇ।”’ 29  “ਇਸ ਲਈ ਮੈਂ ਤੁਹਾਨੂੰ ਕਿਹਾ, ‘ਤੁਸੀਂ ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਅਤੇ ਨਾ ਹੀ ਉਨ੍ਹਾਂ ਤੋਂ ਡਰੋ।+ 30  ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਤੁਹਾਡੇ ਲਈ ਲੜੇਗਾ,+ ਜਿਵੇਂ ਉਹ ਤੁਹਾਡੇ ਸਾਮ੍ਹਣੇ ਮਿਸਰ ਵਿਚ ਲੜਿਆ ਸੀ।+ 31  ਉਜਾੜ ਵਿਚ ਤੁਸੀਂ ਦੇਖਿਆ ਕਿ ਤੁਸੀਂ ਜਿੱਥੇ ਕਿਤੇ ਵੀ ਗਏ, ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਆਪਣੀਆਂ ਬਾਹਾਂ ਵਿਚ ਚੁੱਕਿਆ, ਜਿਵੇਂ ਇਕ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਹੈ, ਜਦ ਤਕ ਤੁਸੀਂ ਇੱਥੇ ਨਹੀਂ ਪਹੁੰਚ ਗਏ।’  32  ਪਰ ਇਸ ਦੇ ਬਾਵਜੂਦ ਵੀ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਨਿਹਚਾ ਨਹੀਂ ਕੀਤੀ।+ 33  ਉਹ ਤੁਹਾਡੇ ਅੱਗੇ-ਅੱਗੇ ਜਾ ਕੇ ਤੁਹਾਡੇ ਵਾਸਤੇ ਤੰਬੂ ਲਾਉਣ ਦੀ ਜਗ੍ਹਾ ਲੱਭਦਾ ਸੀ। ਉਹ ਤੁਹਾਨੂੰ ਰਾਹ ਦਿਖਾਉਣ ਲਈ ਰਾਤ ਨੂੰ ਅੱਗ ਦੇ ਥੰਮ੍ਹ ਵਿਚ ਅਤੇ ਦਿਨੇ ਬੱਦਲ ਦੇ ਥੰਮ੍ਹ ਵਿਚ ਪ੍ਰਗਟ ਹੁੰਦਾ ਸੀ।+ 34  “ਉਦੋਂ ਯਹੋਵਾਹ ਤੁਹਾਡੀ ਬੁੜ-ਬੁੜ ਸੁਣਦਾ ਰਿਹਾ ਅਤੇ ਕ੍ਰੋਧ ਨਾਲ ਭਰ ਗਿਆ ਅਤੇ ਉਸ ਨੇ ਸਹੁੰ ਖਾਧੀ,+ 35  ‘ਇਸ ਦੁਸ਼ਟ ਪੀੜ੍ਹੀ ਦਾ ਇਕ ਵੀ ਆਦਮੀ ਉਹ ਵਧੀਆ ਦੇਸ਼ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 36  ਸਿਰਫ਼ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਹ ਦੇਸ਼ ਦੇਖੇਗਾ ਅਤੇ ਮੈਂ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਉਹ ਜ਼ਮੀਨ ਦਿਆਂਗਾ ਜਿਸ ਉੱਤੇ ਉਸ ਨੇ ਪੈਰ ਰੱਖਿਆ ਸੀ ਕਿਉਂਕਿ ਉਹ ਪੂਰੇ ਦਿਲ ਨਾਲ* ਯਹੋਵਾਹ ਦੇ ਪਿੱਛੇ-ਪਿੱਛੇ ਤੁਰਿਆ।+ 37  (ਤੁਹਾਡੇ ਕਰਕੇ ਯਹੋਵਾਹ ਮੇਰੇ ਨਾਲ ਵੀ ਗੁੱਸੇ ਹੋ ਗਿਆ ਅਤੇ ਉਸ ਨੇ ਕਿਹਾ, “ਤੂੰ ਵੀ ਉਸ ਦੇਸ਼ ਵਿਚ ਨਹੀਂ ਜਾਵੇਂਗਾ।+ 38  ਨੂਨ ਦਾ ਪੁੱਤਰ ਯਹੋਸ਼ੁਆ ਜੋ ਤੇਰਾ ਸੇਵਾਦਾਰ ਹੈ,*+ ਉਸ ਦੇਸ਼ ਵਿਚ ਜਾਵੇਗਾ।+ ਉਸ ਨੂੰ ਤਕੜਾ ਕਰ*+ ਕਿਉਂਕਿ ਉਹ ਉਸ ਦੇਸ਼ ਉੱਤੇ ਕਬਜ਼ਾ ਕਰਨ ਵਿਚ ਇਜ਼ਰਾਈਲ ਦੀ ਅਗਵਾਈ ਕਰੇਗਾ।”)  39  ਇਸ ਤੋਂ ਇਲਾਵਾ ਤੁਹਾਡੇ ਬੱਚੇ ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ ਕਿ ਉਨ੍ਹਾਂ ਨੂੰ ਤੁਹਾਡੇ ਤੋਂ ਖੋਹ ਲਿਆ ਜਾਵੇਗਾ+ ਅਤੇ ਤੁਹਾਡੇ ਪੁੱਤਰ ਜਿਨ੍ਹਾਂ ਨੂੰ ਅਜੇ ਸਹੀ-ਗ਼ਲਤ ਬਾਰੇ ਪਤਾ ਨਹੀਂ ਹੈ, ਉਸ ਦੇਸ਼ ਵਿਚ ਜਾਣਗੇ ਅਤੇ ਮੈਂ ਉਹ ਦੇਸ਼ ਉਨ੍ਹਾਂ ਦੇ ਕਬਜ਼ੇ ਹੇਠ ਕਰਾਂਗਾ।+ 40  ਪਰ ਜਿੱਥੋਂ ਤਕ ਤੁਹਾਡੀ ਗੱਲ ਹੈ, ਤੁਸੀਂ ਵਾਪਸ ਮੁੜ ਜਾਓ ਅਤੇ ਲਾਲ ਸਮੁੰਦਰ ਦੇ ਰਸਤੇ ਥਾਣੀਂ ਉਜਾੜ ਵਿਚ ਚਲੇ ਜਾਓ।’+ 41  “ਇਹ ਸੁਣ ਕੇ ਤੁਸੀਂ ਮੈਨੂੰ ਕਿਹਾ, ‘ਅਸੀਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ। ਪਰ ਹੁਣ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨਦੇ ਹੋਏ ਉੱਥੇ ਜਾ ਕੇ ਲੜਾਂਗੇ!’ ਇਸ ਲਈ ਤੁਸੀਂ ਸਾਰਿਆਂ ਨੇ ਆਪਣੇ ਹਥਿਆਰ ਚੁੱਕ ਲਏ ਅਤੇ ਤੁਸੀਂ ਸੋਚਿਆ ਕਿ ਉਸ ਪਹਾੜ ʼਤੇ ਜਾ ਕੇ ਪੂਰੇ ਇਲਾਕੇ ਨੂੰ ਜਿੱਤਣਾ ਸੌਖਾ ਹੋਵੇਗਾ।+ 42  ਪਰ ਯਹੋਵਾਹ ਨੇ ਮੈਨੂੰ ਕਿਹਾ, ‘ਉਨ੍ਹਾਂ ਨੂੰ ਕਹਿ: “ਤੁਸੀਂ ਪਹਾੜ ʼਤੇ ਲੜਨ ਨਾ ਜਾਓ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹੋਵਾਂਗਾ।+ ਜੇ ਤੁਸੀਂ ਗਏ, ਤਾਂ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਓਗੇ।”’  43  ਇਸ ਲਈ ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਤੁਸੀਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਸ ਪਹਾੜ ʼਤੇ ਜਾਣ ਦੀ ਗੁਸਤਾਖ਼ੀ ਕੀਤੀ।  44  ਫਿਰ ਪਹਾੜ ʼਤੇ ਰਹਿੰਦੇ ਅਮੋਰੀਆਂ ਨੇ ਤੁਹਾਡੇ ʼਤੇ ਹਮਲਾ ਕਰ ਦਿੱਤਾ ਅਤੇ ਮਧੂ-ਮੱਖੀਆਂ ਵਾਂਗ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਭਜਾ ਦਿੱਤਾ ਅਤੇ ਤੁਹਾਨੂੰ ਸੇਈਰ ਤੋਂ ਲੈ ਕੇ ਹਾਰਮਾਹ ਤਕ ਖਿੰਡਾ ਦਿੱਤਾ।  45  ਇਸ ਲਈ ਤੁਸੀਂ ਵਾਪਸ ਆ ਗਏ ਅਤੇ ਯਹੋਵਾਹ ਅੱਗੇ ਰੋਣ ਲੱਗੇ, ਪਰ ਯਹੋਵਾਹ ਨੇ ਤੁਹਾਡੀ ਇਕ ਨਾ ਸੁਣੀ ਅਤੇ ਨਾ ਹੀ ਤੁਹਾਡੇ ਵੱਲ ਧਿਆਨ ਦਿੱਤਾ।  46  ਇਸੇ ਕਰਕੇ ਤੁਸੀਂ ਇੰਨਾ ਲੰਬਾ ਸਮਾਂ ਕਾਦੇਸ਼ ਵਿਚ ਹੀ ਰਹੇ।

ਫੁਟਨੋਟ

ਇਬ, “ਇਜ਼ਰਾਈਲ ਦੇ ਪੁੱਤਰਾਂ।”
ਜ਼ਾਹਰ ਹੈ ਕਿ ਇੱਥੇ ਲਬਾਨੋਨ ਦੇ ਪਹਾੜਾਂ ਦੀ ਗੱਲ ਕੀਤੀ ਗਈ ਹੈ।
ਇਬ, “ਬੀ।”
ਇਬ, “ਸਾਡੇ ਦਿਲ ਪਿਘਲ ਗਏ।”
ਇਬ, “ਪੂਰੀ ਤਰ੍ਹਾਂ।”
ਇਬ, “ਜੋ ਤੇਰੇ ਸਾਮ੍ਹਣੇ ਖੜ੍ਹਦਾ ਹੈ।”
ਜਾਂ ਸੰਭਵ ਹੈ, “ਪਰਮੇਸ਼ੁਰ ਨੇ ਉਸ ਨੂੰ ਤਕੜਾ ਕੀਤਾ ਹੈ।”