ਫ਼ਿਲਿੱਪੀਆਂ ਨੂੰ ਚਿੱਠੀ 2:1-30
2 ਜੇ ਤੁਸੀਂ ਮਸੀਹ ਨਾਲ ਏਕਤਾ ਵਿਚ ਹੋਣ ਕਰਕੇ ਦੂਸਰਿਆਂ ਨੂੰ ਹੌਸਲਾ ਅਤੇ ਪਿਆਰ ਨਾਲ ਦਿਲਾਸਾ ਦੇ ਸਕਦੇ ਹੋ, ਉਨ੍ਹਾਂ ਨਾਲ ਸੰਗਤ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਮੋਹ ਤੇ ਹਮਦਰਦੀ ਰੱਖ ਸਕਦੇ ਹੋ,
2 ਤਾਂ ਤੁਸੀਂ ਇਸ ਤਰ੍ਹਾਂ ਕਰ ਕੇ ਮੇਰੀ ਖ਼ੁਸ਼ੀ ਨੂੰ ਹੋਰ ਵਧਾਓ। ਤੁਸੀਂ ਸਾਰੇ ਇਕ ਮਨ ਹੋਵੋ ਅਤੇ ਇਕ-ਦੂਜੇ ਨਾਲ ਇੱਕੋ ਜਿਹਾ ਪਿਆਰ ਕਰੋ ਅਤੇ ਆਪਸ ਵਿਚ ਏਕਾ ਅਤੇ ਇੱਕੋ ਜਿਹੀ ਸੋਚ ਰੱਖੋ।+
3 ਲੜਾਈ-ਝਗੜੇ ਦੀ ਭਾਵਨਾ ਨਾਲ+ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ,+ ਸਗੋਂ ਨਿਮਰ* ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।+
4 ਤੁਸੀਂ ਆਪਣੇ ਬਾਰੇ ਹੀ ਨਾ ਸੋਚੋ,+ ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।+
5 ਤੁਹਾਡੇ ਮਨ ਦਾ ਸੁਭਾਅ ਮਸੀਹ ਯਿਸੂ ਵਰਗਾ ਹੋਵੇ।+
6 ਭਾਵੇਂ ਉਹ ਪਰਮੇਸ਼ੁਰ ਵਰਗਾ ਸੀ,+ ਫਿਰ ਵੀ ਉਸ ਨੇ ਪਰਮੇਸ਼ੁਰ ਦੇ ਬਰਾਬਰ ਬਣਨ ਦੀ ਕੋਸ਼ਿਸ਼ ਕਰਨ ਬਾਰੇ ਸੋਚਿਆ ਤਕ ਵੀ ਨਹੀਂ।+
7 ਇਸ ਦੀ ਬਜਾਇ, ਉਹ ਆਪਣਾ ਸਭ ਕੁਝ ਤਿਆਗ ਕੇ ਗ਼ੁਲਾਮ ਬਣ ਗਿਆ+ ਅਤੇ ਇਨਸਾਨ ਬਣ ਗਿਆ।*+
8 ਇਸ ਤੋਂ ਇਲਾਵਾ, ਜਦੋਂ ਉਹ ਇਨਸਾਨ ਬਣ ਕੇ ਆਇਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ,+ ਹਾਂ, ਤਸੀਹੇ ਦੀ ਸੂਲ਼ੀ*+ ਉੱਤੇ ਮਰਨ ਤਕ ਆਗਿਆਕਾਰ ਰਿਹਾ।
9 ਇਸੇ ਕਰਕੇ ਪਰਮੇਸ਼ੁਰ ਨੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ+ ਅਤੇ ਮਿਹਰਬਾਨ ਹੋ ਕੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ+
10 ਤਾਂਕਿ ਸਵਰਗ ਵਿਚ, ਧਰਤੀ ਉੱਤੇ ਅਤੇ ਜ਼ਮੀਨ ਵਿਚ ਸਾਰੇ ਜਣੇ ਯਿਸੂ ਦੇ ਨਾਂ ʼਤੇ ਆਪਣੇ ਗੋਡੇ ਟੇਕਣ+
11 ਅਤੇ ਹਰ ਜ਼ਬਾਨ ਸਾਰਿਆਂ ਦੇ ਸਾਮ੍ਹਣੇ ਕਬੂਲ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ+ ਤਾਂਕਿ ਪਿਤਾ ਪਰਮੇਸ਼ੁਰ ਦੀ ਵਡਿਆਈ ਹੋਵੇ।
12 ਇਸ ਕਰਕੇ, ਮੇਰੇ ਪਿਆਰੇ ਭਰਾਵੋ, ਜਿਵੇਂ ਤੁਸੀਂ ਹਮੇਸ਼ਾ ਆਗਿਆਕਾਰੀ ਕਰਦੇ ਹੋ, ਨਾ ਸਿਰਫ਼ ਮੇਰੀ ਮੌਜੂਦਗੀ ਵਿਚ ਹੀ, ਸਗੋਂ ਮੇਰੀ ਗ਼ੈਰ-ਮੌਜੂਦਗੀ ਵਿਚ ਹੋਰ ਵੀ ਖ਼ੁਸ਼ੀ ਨਾਲ, ਉਸੇ ਤਰ੍ਹਾਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ।
13 ਕਿਉਂਕਿ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ਦਾ ਹੈ ਅਤੇ ਇਸ ਤਰ੍ਹਾਂ ਕਰ ਕੇ ਉਸ ਨੂੰ ਖ਼ੁਸ਼ੀ ਮਿਲਦੀ ਹੈ।
14 ਤੁਸੀਂ ਸਾਰੇ ਕੰਮ ਬੁੜ-ਬੁੜ+ ਜਾਂ ਬਹਿਸ ਕੀਤੇ+ ਬਿਨਾਂ ਕਰਦੇ ਰਹੋ
15 ਤਾਂਕਿ ਤੁਸੀਂ ਧੋਖੇਬਾਜ਼ ਅਤੇ ਵਿਗੜੀ ਹੋਈ ਪੀੜ੍ਹੀ ਵਿਚ ਨਿਰਦੋਸ਼, ਮਾਸੂਮ ਅਤੇ ਪਰਮੇਸ਼ੁਰ ਦੇ ਬੱਚੇ ਸਾਬਤ ਹੋ ਸਕੋ।+ ਇਸ ਪੀੜ੍ਹੀ ਵਿਚ ਬੇਦਾਗ਼ ਰਹਿੰਦੇ ਹੋਏ+ ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ।+
16 ਤੁਸੀਂ ਜ਼ਿੰਦਗੀ ਦੇ ਬਚਨ ਨੂੰ ਘੁੱਟ ਕੇ ਫੜੀ ਰੱਖੋ+ ਤਾਂਕਿ ਮਸੀਹ ਦੇ ਦਿਨ ਵਿਚ ਮੇਰੇ ਕੋਲ ਖ਼ੁਸ਼ ਹੋਣ ਦਾ ਕਾਰਨ ਹੋਵੇ ਕਿ ਮੇਰੀ ਦੌੜ ਜਾਂ ਸਖ਼ਤ ਮਿਹਨਤ ਵਿਅਰਥ ਨਹੀਂ ਗਈ।
17 ਪਰ ਜੇ ਮੈਨੂੰ ਪੀਣ ਦੀ ਭੇਟ ਵਾਂਗ ਤੁਹਾਡੀ ਪਵਿੱਤਰ ਸੇਵਾ ਦੇ ਬਲੀਦਾਨ+ ਉੱਤੇ ਡੋਲ੍ਹਿਆ ਵੀ ਜਾ ਰਿਹਾ ਹੈ+ ਜੋ ਸੇਵਾ ਤੁਸੀਂ ਆਪਣੀ ਨਿਹਚਾ ਕਰਕੇ ਕਰਦੇ ਹੋ, ਤਾਂ ਵੀ ਮੈਂ ਤੁਹਾਡੇ ਸਾਰਿਆਂ ਨਾਲ ਖ਼ੁਸ਼ੀਆਂ ਮਨਾਉਂਦਾ ਹਾਂ।
18 ਇਸੇ ਤਰ੍ਹਾਂ ਤੁਹਾਨੂੰ ਵੀ ਮੇਰੇ ਨਾਲ ਖ਼ੁਸ਼ੀ ਮਨਾਉਣੀ ਚਾਹੀਦੀ ਹੈ।
19 ਜੇ ਪ੍ਰਭੂ ਯਿਸੂ ਨੇ ਚਾਹਿਆ, ਤਾਂ ਮੈਂ ਜਲਦੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਾਂਗਾ+ ਤਾਂਕਿ ਤੁਹਾਡੀ ਖ਼ਬਰ-ਸਾਰ ਜਾਣ ਕੇ ਮੈਨੂੰ ਹੌਸਲਾ ਮਿਲੇ।
20 ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੋਵੇ
21 ਕਿਉਂਕਿ ਬਾਕੀ ਸਾਰੇ ਆਪਣੇ ਬਾਰੇ ਹੀ ਸੋਚਦੇ ਹਨ, ਨਾ ਕਿ ਯਿਸੂ ਮਸੀਹ ਦੇ ਕੰਮ ਬਾਰੇ।
22 ਪਰ ਤੁਸੀਂ ਉਸ ਦੀ ਚੰਗੀ ਮਿਸਾਲ ਬਾਰੇ ਜਾਣਦੇ ਹੋ ਕਿ ਜਿਵੇਂ ਇਕ ਬੱਚਾ+ ਆਪਣੇ ਪਿਤਾ ਦੀ ਮਦਦ ਕਰਦਾ ਹੈ, ਉਸੇ ਤਰ੍ਹਾਂ ਉਸ ਨੇ ਮੇਰੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮਿਹਨਤ ਕੀਤੀ ਹੈ।
23 ਇਸ ਲਈ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਨਾਲ ਕੀ ਹੋਵੇਗਾ, ਤਾਂ ਮੈਂ ਤਿਮੋਥਿਉਸ ਨੂੰ ਹੀ ਤੁਹਾਡੇ ਕੋਲ ਘੱਲਣ ਦੀ ਕੋਸ਼ਿਸ਼ ਕਰਾਂਗਾ।
24 ਅਸਲ ਵਿਚ, ਮੈਨੂੰ ਪ੍ਰਭੂ ʼਤੇ ਭਰੋਸਾ ਹੈ ਕਿ ਮੈਂ ਵੀ ਤੁਹਾਨੂੰ ਛੇਤੀ ਮਿਲਣ ਆਵਾਂਗਾ।+
25 ਫਿਲਹਾਲ ਮੈਂ ਸੋਚਦਾ ਹਾਂ ਕਿ ਇਪਾਫ੍ਰੋਦੀਤੁਸ ਨੂੰ ਤੁਹਾਡੇ ਕੋਲ ਵਾਪਸ ਘੱਲਣਾ ਜ਼ਰੂਰੀ ਹੈ ਜਿਹੜਾ ਮੇਰਾ ਭਰਾ, ਸਹਿਕਰਮੀ, ਮੇਰੇ ਨਾਲ ਮਸੀਹ ਦਾ ਫ਼ੌਜੀ ਹੈ ਅਤੇ ਜਿਸ ਨੂੰ ਤੁਸੀਂ ਮੇਰੀ ਸੇਵਾ ਕਰਨ ਲਈ ਘੱਲਿਆ ਹੈ।+
26 ਉਹ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ ਤਰਸ ਰਿਹਾ ਹੈ ਅਤੇ ਇਸ ਗੱਲੋਂ ਨਿਰਾਸ਼ ਹੈ ਕਿ ਤੁਹਾਨੂੰ ਉਸ ਦੇ ਬੀਮਾਰ ਹੋਣ ਦੀ ਖ਼ਬਰ ਮਿਲੀ ਸੀ।
27 ਉਹ ਇੰਨਾ ਬੀਮਾਰ ਹੋ ਗਿਆ ਸੀ ਕਿ ਮਰਨ ਕਿਨਾਰੇ ਪਹੁੰਚ ਗਿਆ ਸੀ, ਪਰ ਪਰਮੇਸ਼ੁਰ ਨੇ ਉਸ ਉੱਤੇ ਦਇਆ ਕੀਤੀ। ਅਸਲ ਵਿਚ, ਇਕੱਲੇ ਉਸ ਉੱਤੇ ਹੀ ਨਹੀਂ, ਸਗੋਂ ਮੇਰੇ ਉੱਤੇ ਵੀ ਦਇਆ ਕੀਤੀ ਤਾਂਕਿ ਮੇਰੇ ਦੁੱਖਾਂ ਵਿਚ ਵਾਧਾ ਨਾ ਹੋਵੇ।
28 ਇਸ ਲਈ ਮੈਂ ਉਸ ਨੂੰ ਛੇਤੀ ਤੋਂ ਛੇਤੀ ਘੱਲ ਰਿਹਾ ਹਾਂ ਤਾਂਕਿ ਉਸ ਨੂੰ ਮਿਲ ਕੇ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ ਅਤੇ ਮੇਰੀ ਵੀ ਚਿੰਤਾ ਘਟੇ।
29 ਇਸ ਲਈ ਉਸ ਦਾ ਖਿੜੇ ਮੱਥੇ ਸੁਆਗਤ ਕਰੋ ਜਿਵੇਂ ਤੁਸੀਂ ਪ੍ਰਭੂ ਦੇ ਚੇਲਿਆਂ ਦਾ ਕਰਦੇ ਹੋ ਅਤੇ ਉਸ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ+
30 ਕਿਉਂਕਿ ਮਸੀਹ* ਦੇ ਕੰਮ ਦੀ ਖ਼ਾਤਰ ਉਹ ਮਰਨ ਕਿਨਾਰੇ ਪਹੁੰਚ ਗਿਆ ਸੀ ਅਤੇ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ ਸੀ ਤਾਂਕਿ ਉਹ ਇੱਥੇ ਤੁਹਾਡੀ ਕਮੀ ਪੂਰੀ ਕਰੇ ਅਤੇ ਤੁਹਾਡੇ ਬਦਲੇ ਮੇਰੀ ਸੇਵਾ ਕਰੇ।+