ਦਾਨੀਏਲ 4:1-37
4 “ਪੂਰੀ ਧਰਤੀ ਉੱਤੇ ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਰਾਜਾ ਨਬੂਕਦਨੱਸਰ ਦਾ ਇਹ ਸੰਦੇਸ਼ ਹੈ: ਤੁਸੀਂ ਸ਼ਾਂਤੀ ਨਾਲ ਵੱਸੋ!
2 ਮੈਨੂੰ ਉਨ੍ਹਾਂ ਨਿਸ਼ਾਨੀਆਂ ਅਤੇ ਕਰਾਮਾਤਾਂ ਬਾਰੇ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਜੋ ਅੱਤ ਮਹਾਨ ਪਰਮੇਸ਼ੁਰ ਨੇ ਮੇਰੇ ਲਈ ਕੀਤੀਆਂ ਹਨ।
3 ਕਿੰਨੀਆਂ ਵੱਡੀਆਂ ਹਨ ਉਸ ਦੀਆਂ ਨਿਸ਼ਾਨੀਆਂ ਅਤੇ ਕਿੰਨੀਆਂ ਅਨੋਖੀਆਂ ਹਨ ਉਸ ਦੀਆਂ ਕਰਾਮਾਤਾਂ! ਉਸ ਦਾ ਰਾਜ ਸਦਾ ਲਈ ਕਾਇਮ ਰਹਿੰਦਾ ਹੈ ਅਤੇ ਉਸ ਦੀ ਹਕੂਮਤ ਪੀੜ੍ਹੀਓ-ਪੀੜ੍ਹੀ ਬਣੀ ਰਹਿੰਦੀ ਹੈ।+
4 “ਮੈਂ, ਨਬੂਕਦਨੱਸਰ ਆਪਣੇ ਮਹਿਲ ਵਿਚ ਸੁੱਖ-ਚੈਨ ਦੀ ਜ਼ਿੰਦਗੀ ਜੀ ਰਿਹਾ ਸੀ।
5 ਮੈਂ ਇਕ ਸੁਪਨਾ ਦੇਖਿਆ ਜਿਸ ਕਾਰਨ ਮੈਂ ਬਹੁਤ ਡਰ ਗਿਆ। ਜਦੋਂ ਮੈਂ ਆਪਣੇ ਬਿਸਤਰੇ ʼਤੇ ਸੁੱਤਾ ਪਿਆ ਸੀ, ਤਾਂ ਮੈਂ ਅਜਿਹੀਆਂ ਚੀਜ਼ਾਂ ਅਤੇ ਦਰਸ਼ਣ ਦੇਖੇ ਜਿਨ੍ਹਾਂ ਕਾਰਨ ਮੈਂ ਬਹੁਤ ਘਬਰਾ ਗਿਆ।+
6 ਇਸ ਲਈ ਮੈਂ ਫ਼ਰਮਾਨ ਜਾਰੀ ਕੀਤਾ ਕਿ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮੇਰੇ ਸਾਮ੍ਹਣੇ ਪੇਸ਼ ਕੀਤਾ ਜਾਵੇ ਤਾਂਕਿ ਉਹ ਮੈਨੂੰ ਸੁਪਨੇ ਦਾ ਮਤਲਬ ਦੱਸਣ।+
7 “ਉਸ ਸਮੇਂ ਜਾਦੂਗਰੀ ਕਰਨ ਵਾਲੇ ਪੁਜਾਰੀ, ਤਾਂਤ੍ਰਿਕ, ਕਸਦੀ* ਅਤੇ ਜੋਤਸ਼ੀ+ ਮੇਰੇ ਕੋਲ ਆਏ। ਜਦ ਮੈਂ ਉਨ੍ਹਾਂ ਨੂੰ ਆਪਣਾ ਸੁਪਨਾ ਦੱਸਿਆ, ਤਾਂ ਉਹ ਮੈਨੂੰ ਇਸ ਦਾ ਮਤਲਬ ਨਹੀਂ ਦੱਸ ਸਕੇ।+
8 ਅਖ਼ੀਰ ਵਿਚ ਦਾਨੀਏਲ ਮੇਰੇ ਸਾਮ੍ਹਣੇ ਪੇਸ਼ ਹੋਇਆ ਜਿਸ ਦਾ ਨਾਂ ਮੇਰੇ ਦੇਵਤੇ ਦੇ ਨਾਂ ʼਤੇ ਬੇਲਟਸ਼ੱਸਰ ਹੈ+ ਅਤੇ ਉਸ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ।+ ਮੈਂ ਉਸ ਨੂੰ ਆਪਣਾ ਸੁਪਨਾ ਦੱਸਿਆ:
9 “‘ਹੇ ਬੇਲਟਸ਼ੱਸਰ, ਜਾਦੂਗਰੀ ਕਰਨ ਵਾਲੇ ਪੁਜਾਰੀਆਂ ਦੇ ਪ੍ਰਧਾਨ,+ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਹੈ+ ਅਤੇ ਤੇਰੇ ਲਈ ਕੋਈ ਵੀ ਭੇਤ ਜ਼ਾਹਰ ਕਰਨਾ ਔਖਾ ਨਹੀਂ ਹੈ।+ ਇਸ ਲਈ ਮੈਨੂੰ ਸੁਪਨੇ ਵਿਚ ਦੇਖੇ ਦਰਸ਼ਣਾਂ ਦਾ ਮਤਲਬ ਸਮਝਾ।
10 “‘ਆਪਣੇ ਬਿਸਤਰੇ ʼਤੇ ਸੁੱਤੇ ਪਿਆਂ ਮੈਂ ਦਰਸ਼ਣ ਵਿਚ ਧਰਤੀ ਦੇ ਵਿਚਕਾਰ ਇਕ ਦਰਖ਼ਤ ਦੇਖਿਆ+ ਜੋ ਬਹੁਤ ਹੀ ਉੱਚਾ ਸੀ।+
11 ਉਹ ਦਰਖ਼ਤ ਵਧਿਆ ਅਤੇ ਮਜ਼ਬੂਤ ਹੋ ਗਿਆ ਅਤੇ ਉਸ ਦਾ ਸਿਰਾ ਆਕਾਸ਼ ਨੂੰ ਛੋਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ।
12 ਉਹ ਦਰਖ਼ਤ ਹਰਿਆ-ਭਰਿਆ ਅਤੇ ਫਲਾਂ ਨਾਲ ਲੱਦਿਆ ਹੋਇਆ ਸੀ ਅਤੇ ਉਸ ਤੋਂ ਸਾਰਿਆਂ ਨੂੰ ਭੋਜਨ ਮਿਲਦਾ ਸੀ। ਜਾਨਵਰ ਉਸ ਦੀ ਛਾਂ ਹੇਠਾਂ ਬੈਠਦੇ ਸਨ ਅਤੇ ਪੰਛੀ ਉਸ ਦੀਆਂ ਟਾਹਣੀਆਂ ʼਤੇ ਬਸੇਰਾ ਕਰਦੇ ਸਨ ਅਤੇ ਸਾਰੇ ਜੀਵ-ਜੰਤੂਆਂ ਨੂੰ ਉਸ ਤੋਂ ਭੋਜਨ ਮਿਲਦਾ ਸੀ।
13 “‘ਬਿਸਤਰੇ ʼਤੇ ਪਿਆਂ ਮੈਂ ਦਰਸ਼ਣ ਵਿਚ ਅੱਗੇ ਦੇਖਿਆ ਕਿ ਇਕ ਪਹਿਰੇਦਾਰ, ਹਾਂ, ਇਕ ਪਵਿੱਤਰ ਦੂਤ ਆਕਾਸ਼ੋਂ ਹੇਠਾਂ ਉੱਤਰ ਰਿਹਾ ਸੀ।+
14 ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਦਰਖ਼ਤ ਨੂੰ ਵੱਢ ਦਿਓ,+ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ, ਇਸ ਦੇ ਪੱਤੇ ਝਾੜ ਦਿਓ ਅਤੇ ਇਸ ਦੇ ਫਲਾਂ ਨੂੰ ਖਿਲਾਰ ਦਿਓ! ਇਸ ਦੇ ਥੱਲਿਓਂ ਜਾਨਵਰ ਭੱਜ ਜਾਣ ਅਤੇ ਇਸ ਦੀਆਂ ਟਾਹਣੀਆਂ ਤੋਂ ਪੰਛੀ ਉੱਡ ਜਾਣ।
15 ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਇਸ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਰਹਿਣ ਦਿਓ। ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ। ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।+
16 ਇਸ ਦਾ ਦਿਲ ਇਨਸਾਨ ਦਾ ਨਾ ਰਹੇ, ਸਗੋਂ ਬਦਲ ਕੇ ਜਾਨਵਰ ਦੇ ਦਿਲ ਵਰਗਾ ਹੋ ਜਾਵੇ ਅਤੇ ਇਸ ʼਤੇ ਸੱਤ ਸਮੇਂ+ ਬੀਤਣ।+
17 ਪਹਿਰੇਦਾਰਾਂ+ ਨੇ ਇਸ ਫ਼ਰਮਾਨ ਦਾ ਐਲਾਨ ਕੀਤਾ ਹੈ ਅਤੇ ਪਵਿੱਤਰ ਦੂਤਾਂ ਨੇ ਇਸ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ ਤਾਂਕਿ ਧਰਤੀ ʼਤੇ ਜੀਉਣ ਵਾਲੇ ਲੋਕ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ।+ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ ਅਤੇ ਉਹ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਵੀ ਰਾਜ-ਗੱਦੀ ʼਤੇ ਬਿਠਾਉਂਦਾ ਹੈ।”
18 “‘ਮੈਂ, ਰਾਜਾ ਨਬੂਕਦਨੱਸਰ ਨੇ ਇਹ ਸੁਪਨਾ ਦੇਖਿਆ। ਹੁਣ ਹੇ ਬੇਲਟਸ਼ੱਸਰ, ਮੈਨੂੰ ਇਸ ਸੁਪਨੇ ਦਾ ਮਤਲਬ ਦੱਸ ਕਿਉਂਕਿ ਮੇਰੇ ਰਾਜ ਦੇ ਹੋਰ ਸਾਰੇ ਬੁੱਧੀਮਾਨ ਆਦਮੀ ਮੈਨੂੰ ਇਸ ਦਾ ਮਤਲਬ ਨਹੀਂ ਦੱਸ ਸਕੇ।+ ਪਰ ਤੂੰ ਦੱਸ ਸਕਦਾ ਹੈਂ ਕਿਉਂਕਿ ਤੇਰੇ ਵਿਚ ਪਵਿੱਤਰ ਦੇਵਤਿਆਂ ਦੀ ਸ਼ਕਤੀ ਕੰਮ ਕਰਦੀ ਹੈ।’
19 “ਉਸ ਵੇਲੇ ਦਾਨੀਏਲ, ਜਿਸ ਦਾ ਨਾਂ ਬੇਲਟਸ਼ੱਸਰ ਸੀ,+ ਬਹੁਤ ਡਰ ਗਿਆ ਅਤੇ ਇਕ ਪਲ ਲਈ ਸੁੰਨ ਹੋ ਗਿਆ।
“ਰਾਜੇ ਨੇ ਕਿਹਾ, ‘ਹੇ ਬੇਲਟਸ਼ੱਸਰ, ਤੂੰ ਸੁਪਨੇ ਅਤੇ ਇਸ ਦੇ ਮਤਲਬ ਬਾਰੇ ਸੋਚ ਕੇ ਨਾ ਘਬਰਾ।’
“ਬੇਲਟਸ਼ੱਸਰ ਨੇ ਜਵਾਬ ਦਿੱਤਾ: ‘ਹੇ ਮੇਰੇ ਪ੍ਰਭੂ, ਇਹ ਸੁਪਨਾ ਉਨ੍ਹਾਂ ʼਤੇ ਪੂਰਾ ਹੋਵੇ ਜੋ ਤੈਨੂੰ ਨਫ਼ਰਤ ਕਰਦੇ ਹਨ ਅਤੇ ਇਸ ਸੁਪਨੇ ਦਾ ਜੋ ਵੀ ਮਤਲਬ ਹੈ, ਉਹ ਤੇਰੇ ਦੁਸ਼ਮਣਾਂ ʼਤੇ ਪੂਰਾ ਹੋਵੇ।
20 “‘ਜੋ ਦਰਖ਼ਤ ਤੂੰ ਦੇਖਿਆ, ਉਹ ਬਹੁਤ ਵੱਡਾ ਤੇ ਮਜ਼ਬੂਤ ਹੋ ਗਿਆ। ਉਸ ਦਾ ਸਿਰਾ ਆਕਾਸ਼ ਨੂੰ ਛੋਹਣ ਲੱਗ ਪਿਆ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ।+
21 ਉਹ ਦਰਖ਼ਤ ਹਰਿਆ-ਭਰਿਆ ਅਤੇ ਫਲਾਂ ਨਾਲ ਲੱਦਿਆ ਹੋਇਆ ਸੀ ਅਤੇ ਉਸ ਤੋਂ ਸਾਰਿਆਂ ਨੂੰ ਭੋਜਨ ਮਿਲਦਾ ਸੀ। ਜਾਨਵਰ ਉਸ ਦੇ ਹੇਠਾਂ ਰਹਿੰਦੇ ਸਨ ਅਤੇ ਪੰਛੀ ਉਸ ਦੀਆਂ ਟਾਹਣੀਆਂ ʼਤੇ ਬਸੇਰਾ ਕਰਦੇ ਸਨ।+
22 ਹੇ ਮਹਾਰਾਜ, ਤੂੰ ਹੀ ਉਹ ਦਰਖ਼ਤ ਹੈਂ ਕਿਉਂਕਿ ਤੂੰ ਬਹੁਤ ਮਹਾਨ ਅਤੇ ਤਾਕਤਵਰ ਹੋ ਗਿਆ ਹੈਂ ਅਤੇ ਤੇਰੀ ਸ਼ਾਨੋ-ਸ਼ੌਕਤ ਆਸਮਾਨ ਤਕ ਪਹੁੰਚ ਗਈ ਹੈ+ ਅਤੇ ਤੇਰੀ ਹਕੂਮਤ ਧਰਤੀ ਦੇ ਕੋਨੇ-ਕੋਨੇ ਵਿਚ ਫੈਲ ਗਈ ਹੈ।+
23 “‘ਨਾਲੇ ਰਾਜੇ ਨੇ ਇਕ ਪਹਿਰੇਦਾਰ ਨੂੰ, ਹਾਂ, ਇਕ ਪਵਿੱਤਰ ਦੂਤ+ ਨੂੰ ਆਕਾਸ਼ੋਂ ਹੇਠਾਂ ਆਉਂਦਿਆਂ ਦੇਖਿਆ ਜੋ ਇਹ ਕਹਿ ਰਿਹਾ ਸੀ: “ਦਰਖ਼ਤ ਨੂੰ ਵੱਢ ਕੇ ਨਾਸ਼ ਕਰ ਦਿਓ, ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਮੁੱਢ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਛੱਡ ਦਿਓ। ਨਾਲੇ ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ ਅਤੇ ਇਸ ʼਤੇ ਸੱਤ ਸਮੇਂ ਬੀਤਣ ਤਕ ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।”+
24 ਹੇ ਮਹਾਰਾਜ, ਇਸ ਦਾ ਮਤਲਬ ਸੁਣ। ਮੇਰੇ ਪ੍ਰਭੂ ਅਤੇ ਮਹਾਰਾਜ, ਤੈਨੂੰ ਅੱਤ ਮਹਾਨ ਦੇ ਇਸ ਫ਼ੈਸਲੇ ਦਾ ਅੰਜਾਮ ਭੁਗਤਣਾ ਪਵੇਗਾ।
25 ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਂਗਾ ਅਤੇ ਤੂੰ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜੇਗਾ+ ਅਤੇ ਤੇਰੇ ਉੱਤੇ ਸੱਤ ਸਮੇਂ+ ਬੀਤਣਗੇ+ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।+
26 “‘ਪਰ ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ।+ ਇਸ ਦਾ ਮਤਲਬ ਹੈ ਕਿ ਤੇਰਾ ਰਾਜ ਤੈਨੂੰ ਵਾਪਸ ਦੇ ਦਿੱਤਾ ਜਾਵੇਗਾ ਜਦ ਤੂੰ ਇਹ ਜਾਣ ਲਵੇਂਗਾ ਕਿ ਪਰਮੇਸ਼ੁਰ ਸਵਰਗ ਵਿਚ ਰਾਜ ਕਰ ਰਿਹਾ ਹੈ।
27 ਇਸ ਲਈ ਹੇ ਮਹਾਰਾਜ, ਮੇਰੀ ਸਲਾਹ ਮੰਨ। ਆਪਣੇ ਪਾਪਾਂ ਤੋਂ ਤੋਬਾ ਕਰ ਕੇ ਸਹੀ ਕੰਮ ਕਰ ਅਤੇ ਦੁਸ਼ਟ ਕੰਮ ਛੱਡ ਕੇ ਗ਼ਰੀਬਾਂ ʼਤੇ ਦਇਆ ਕਰ। ਹੋ ਸਕਦਾ ਹੈ ਕਿ ਤੇਰੀ ਖ਼ੁਸ਼ਹਾਲੀ ਬਰਕਰਾਰ ਰਹੇ।’”+
28 ਰਾਜਾ ਨਬੂਕਦਨੱਸਰ ਨਾਲ ਇਹ ਸਾਰੀਆਂ ਗੱਲਾਂ ਵਾਪਰੀਆਂ।
29 ਇਹ ਸੁਪਨਾ ਦੇਖਣ ਤੋਂ 12 ਮਹੀਨੇ ਬਾਅਦ ਇਕ ਦਿਨ ਰਾਜਾ ਬਾਬਲ ਵਿਚ ਆਪਣੇ ਸ਼ਾਹੀ ਮਹਿਲ ਦੀ ਛੱਤ ʼਤੇ ਟਹਿਲ ਰਿਹਾ ਸੀ।
30 ਰਾਜੇ ਨੇ ਕਿਹਾ: “ਕੀ ਇਹ ਮਹਾਂ ਬਾਬਲ ਨਹੀਂ ਜਿਸ ਨੂੰ ਮੈਂ ਆਪਣੇ ਬਲ ਅਤੇ ਤਾਕਤ ਦੇ ਦਮ ʼਤੇ ਸ਼ਾਹੀ ਘਰਾਣੇ ਦੇ ਰਹਿਣ ਲਈ ਬਣਾਇਆ ਹੈ ਅਤੇ ਕੀ ਇਹ ਸ਼ਹਿਰ ਮੇਰੀ ਤਾਕਤ ਅਤੇ ਮੇਰੀ ਸ਼ਾਨੋ-ਸ਼ੌਕਤ ਦਾ ਸਬੂਤ ਨਹੀਂ ਹੈ?”
31 ਇਹ ਗੱਲ ਅਜੇ ਰਾਜੇ ਦੇ ਮੂੰਹ ਵਿਚ ਹੀ ਸੀ ਕਿ ਸਵਰਗੋਂ ਇਕ ਆਵਾਜ਼ ਆਈ: “ਹੇ ਰਾਜਾ ਨਬੂਕਦਨੱਸਰ, ਇਹ ਸੰਦੇਸ਼ ਤੇਰੇ ਲਈ ਹੈ, ‘ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ ਹੈ+
32 ਅਤੇ ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾ ਰਿਹਾ ਹੈ। ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਂਗਾ ਅਤੇ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰੇ ਉੱਤੇ ਸੱਤ ਸਮੇਂ ਬੀਤਣਗੇ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।’”+
33 ਉਸੇ ਵੇਲੇ ਇਹ ਗੱਲ ਨਬੂਕਦਨੱਸਰ ਉੱਤੇ ਪੂਰੀ ਹੋਈ। ਉਸ ਨੂੰ ਇਨਸਾਨਾਂ ਵਿੱਚੋਂ ਕੱਢਿਆ ਗਿਆ ਅਤੇ ਉਹ ਬਲਦਾਂ ਵਾਂਗ ਘਾਹ ਖਾਣ ਲੱਗਾ ਅਤੇ ਉਸ ਦਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜਣ ਲੱਗਾ। ਉਸ ਦੇ ਵਾਲ਼ ਉਕਾਬਾਂ ਦੇ ਖੰਭਾਂ ਵਾਂਗ ਲੰਬੇ ਹੋ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੀਆਂ ਨਹੁੰਦਰਾਂ ਵਾਂਗ ਹੋ ਗਏ।+
34 “ਉਸ ਸਮੇਂ ਦੇ ਖ਼ਤਮ ਹੋਣ ਤੇ+ ਮੈਂ ਨਬੂਕਦਨੱਸਰ ਨੇ ਸਵਰਗ ਵੱਲ ਦੇਖਿਆ ਅਤੇ ਮੈਨੂੰ ਹੋਸ਼ ਆ ਗਈ ਅਤੇ ਮੈਂ ਅੱਤ ਮਹਾਨ ਦੀ ਮਹਿਮਾ ਅਤੇ ਵਡਿਆਈ ਕੀਤੀ ਜੋ ਸਦਾ ਜੀਉਂਦਾ ਰਹਿੰਦਾ ਹੈ ਕਿਉਂਕਿ ਉਸ ਦੀ ਹਕੂਮਤ ਹਮੇਸ਼ਾ-ਹਮੇਸ਼ਾ ਕਾਇਮ ਰਹਿੰਦੀ ਹੈ ਅਤੇ ਉਸ ਦਾ ਰਾਜ ਪੀੜ੍ਹੀਓ-ਪੀੜ੍ਹੀ ਬਣਿਆ ਰਹਿੰਦਾ ਹੈ।+
35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+
36 “ਉਸ ਵੇਲੇ ਮੈਨੂੰ ਹੋਸ਼ ਆ ਗਈ ਅਤੇ ਮੇਰੇ ਰਾਜ ਦੀ ਮਹਿਮਾ, ਮੇਰੀ ਇੱਜ਼ਤ ਅਤੇ ਮੇਰੀ ਸ਼ਾਨ ਮੈਨੂੰ ਵਾਪਸ ਦੇ ਦਿੱਤੀ ਗਈ।+ ਮੇਰੇ ਮੰਤਰੀ ਅਤੇ ਉੱਚ ਅਧਿਕਾਰੀ ਦੁਬਾਰਾ ਮੇਰੇ ਤੋਂ ਸਲਾਹ ਲੈਣ ਲੱਗ ਪਏ ਅਤੇ ਮੈਨੂੰ ਮੇਰਾ ਰਾਜ ਵਾਪਸ ਦੇ ਦਿੱਤਾ ਗਿਆ, ਇੱਥੋਂ ਤਕ ਕਿ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਆਦਰ ਦਿੱਤਾ ਗਿਆ।
37 “ਹੁਣ ਮੈਂ, ਨਬੂਕਦਨੱਸਰ ਸਵਰਗ ਦੇ ਰਾਜੇ ਦਾ ਗੁਣਗਾਨ, ਵਡਿਆਈ ਅਤੇ ਮਹਿਮਾ ਕਰਦਾ ਹਾਂ+ ਕਿਉਂਕਿ ਉਹ ਸਾਰੇ ਕੰਮ ਸੱਚਾਈ ਮੁਤਾਬਕ ਕਰਦਾ ਹੈ ਅਤੇ ਉਸ ਦੇ ਸਾਰੇ ਰਾਹ ਨਿਆਂ ਦੇ ਹਨ।+ ਨਾਲੇ ਉਹ ਘਮੰਡੀਆਂ ਦਾ ਸਿਰ ਨੀਵਾਂ ਕਰਦਾ ਹੈ।”+
ਫੁਟਨੋਟ
^ ਇਹ ਕੁਝ ਲੋਕਾਂ ਦਾ ਸਮੂਹ ਹੁੰਦਾ ਸੀ ਜੋ ਫਾਲ ਪਾ ਕੇ ਭਵਿੱਖ ਦੱਸਣ ਅਤੇ ਜੋਤਸ਼-ਵਿਦਿਆ ਵਿਚ ਮਾਹਰ ਹੁੰਦਾ ਸੀ।
^ ਜਾਂ, “ਉਸ ਦਾ ਹੱਥ ਕੋਈ ਰੋਕ ਨਹੀਂ ਸਕਦਾ।”