ਜ਼ਬੂਰ 22:1-31
ਨਿਰਦੇਸ਼ਕ ਲਈ ਹਿਦਾਇਤ; “ਸਵੇਰ ਦੀ ਹਿਰਨੀ”* ਮੁਤਾਬਕ। ਦਾਊਦ ਦਾ ਜ਼ਬੂਰ।
22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+
ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ?
ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+
2 ਮੇਰੇ ਪਰਮੇਸ਼ੁਰ, ਮੈਂ ਤੈਨੂੰ ਸਾਰਾ-ਸਾਰਾ ਦਿਨ ਪੁਕਾਰਦਾ ਹਾਂ,ਮੈਂ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ।+
3 ਪਰ ਤੂੰ ਪਵਿੱਤਰ ਹੈਂ,+ਸਾਰਾ ਇਜ਼ਰਾਈਲ ਤੇਰੇ ਆਲੇ-ਦੁਆਲੇ ਖੜ੍ਹਾ ਤੇਰੀ ਮਹਿਮਾ ਕਰਦਾ ਹੈ।
4 ਸਾਡੇ ਪਿਉ-ਦਾਦਿਆਂ ਨੇ ਤੇਰੇ ’ਤੇ ਭਰੋਸਾ ਕੀਤਾ;+ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਨੂੰ ਬਚਾਉਂਦਾ ਰਿਹਾ।+
5 ਉਨ੍ਹਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਉਹ ਬਚਾਏ ਗਏ;ਉਨ੍ਹਾਂ ਨੇ ਤੇਰੇ ’ਤੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਦਾ ਭਰੋਸਾ ਨਹੀਂ ਤੋੜਿਆ।*+
6 ਮੈਂ ਇਨਸਾਨ ਨਹੀਂ, ਕੀੜਾ ਹਾਂ,ਆਦਮੀ ਮੇਰਾ ਮਖੌਲ ਉਡਾਉਂਦੇ ਹਨ* ਅਤੇ ਲੋਕ ਮੈਨੂੰ ਤੁੱਛ ਸਮਝਦੇ ਹਨ।+
7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ:
8 “ਉਸ ਨੇ ਖ਼ੁਦ ਨੂੰ ਯਹੋਵਾਹ ਦੇ ਹਵਾਲੇ ਕੀਤਾ ਸੀ। ਹੁਣ ਉਹੀ ਉਸ ਨੂੰ ਬਚਾਵੇ!
ਜੇ ਉਹ ਉਸ ਨੂੰ ਇੰਨਾ ਹੀ ਪਿਆਰਾ ਹੈ, ਤਾਂ ਉਹੀ ਉਸ ਦੀ ਰੱਖਿਆ ਕਰੇ!”+
9 ਤੂੰ ਹੀ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ ਸੀ,+ਤੇਰੇ ਕਰਕੇ ਹੀ ਮੈਂ ਆਪਣੀ ਮਾਂ ਦੀ ਗੋਦ ਵਿਚ ਸੁਰੱਖਿਅਤ ਮਹਿਸੂਸ ਕੀਤਾ।
10 ਮੈਨੂੰ ਜਨਮ ਤੋਂ ਹੀ ਤੇਰੀ ਛਤਰ-ਛਾਇਆ ਹੇਠ ਕੀਤਾ ਗਿਆ;*ਜਦੋਂ ਮੈਂ ਆਪਣੀ ਮਾਂ ਦੀ ਕੁੱਖ ਵਿਚ ਸੀ, ਤੂੰ ਉਦੋਂ ਤੋਂ ਹੀ ਮੇਰਾ ਪਰਮੇਸ਼ੁਰ ਹੈਂ।
11 ਮੇਰੇ ਤੋਂ ਦੂਰ ਨਾ ਰਹਿ ਕਿਉਂਕਿ ਬਿਪਤਾ ਨੇੜੇ ਹੈ+ਅਤੇ ਮੇਰਾ ਹੋਰ ਕੋਈ ਮਦਦਗਾਰ ਨਹੀਂ ਹੈ।+
12 ਬਹੁਤ ਸਾਰੇ ਜਵਾਨ ਬਲਦਾਂ ਨੇ,ਹਾਂ, ਬਾਸ਼ਾਨ ਦੇ ਤਾਕਤਵਰ ਬਲਦਾਂ ਨੇ ਮੈਨੂੰ ਘੇਰਿਆ ਹੋਇਆ ਹੈ।+
13 ਮੇਰੇ ਦੁਸ਼ਮਣ ਇਕ ਗਰਜਦੇ ਸ਼ੇਰ ਵਾਂਗ ਮੈਨੂੰ ਆਪਣੇ ਦੰਦ ਦਿਖਾਉਂਦੇ ਹਨਜੋ ਆਪਣੇ ਸ਼ਿਕਾਰ ਦੀ ਬੋਟੀ-ਬੋਟੀ ਕਰ ਦਿੰਦਾ ਹੈ।+
14 ਮੈਨੂੰ ਪਾਣੀ ਵਾਂਗ ਡੋਲ੍ਹਿਆ ਜਾਂਦਾ ਹੈ;ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਹਿਲ ਗਈਆਂ ਹਨ।
ਮੇਰਾ ਦਿਲ ਮੋਮ ਵਾਂਗ ਬਣ ਗਿਆ ਹੈ;+ਇਹ ਅੰਦਰ ਹੀ ਅੰਦਰ ਪਿਘਲੀ ਜਾਂਦਾ ਹੈ।+
15 ਮੇਰੀ ਤਾਕਤ ਇਕ ਠੀਕਰੇ ਵਾਂਗ ਸੁੱਕ ਗਈ ਹੈ;+ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ;+ਤੂੰ ਮੈਨੂੰ ਮੌਤ ਦੇ ਟੋਏ ਕੋਲ ਲੈ ਕੇ ਆਇਆ ਹੈਂ।+
16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ’ਤੇ ਚੱਕ ਵੱਢਦੇ ਹਨ।+
17 ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ।+
ਉਹ ਮੈਨੂੰ ਅੱਖਾਂ ਦਿਖਾਉਂਦੇ ਹਨ ਅਤੇ ਮੈਨੂੰ ਘੂਰਦੇ ਹਨ।
18 ਉਹ ਮੇਰੇ ਕੱਪੜੇ ਆਪਸ ਵਿਚ ਵੰਡ ਲੈਂਦੇ ਹਨਅਤੇ ਮੇਰੇ ਕੱਪੜਿਆਂ ’ਤੇ ਗੁਣੇ ਪਾਉਂਦੇ ਹਨ।+
19 ਪਰ ਹੇ ਯਹੋਵਾਹ, ਤੂੰ ਮੇਰੇ ਤੋਂ ਦੂਰ ਨਾ ਰਹਿ।+
ਤੂੰ ਮੇਰੀ ਤਾਕਤ ਹੈਂ, ਮੇਰੀ ਮਦਦ ਕਰਨ ਲਈ ਛੇਤੀ ਕਰ।+
20 ਮੈਨੂੰ ਤਲਵਾਰ ਤੋਂ ਬਚਾ,ਮੇਰੀ ਅਨਮੋਲ ਜਾਨ ਨੂੰ ਕੁੱਤਿਆਂ ਦੇ ਪੰਜਿਆਂ ਤੋਂ* ਬਚਾ।+
21 ਮੈਨੂੰ ਸ਼ੇਰ ਦੇ ਮੂੰਹੋਂ ਅਤੇ ਜੰਗਲੀ ਸਾਨ੍ਹਾਂ ਦੇ ਸਿੰਗਾਂ ਤੋਂ ਬਚਾ;+ਮੈਨੂੰ ਜਵਾਬ ਦੇ ਅਤੇ ਮੈਨੂੰ ਬਚਾ।
22 ਮੈਂ ਆਪਣੇ ਭਰਾਵਾਂ ਨੂੰ ਤੇਰੇ ਨਾਂ ਬਾਰੇ ਦੱਸਾਂਗਾ;+ਮੈਂ ਮੰਡਲੀ ਵਿਚ ਤੇਰੀ ਮਹਿਮਾ ਕਰਾਂਗਾ।+
23 ਯਹੋਵਾਹ ਤੋਂ ਡਰਨ ਵਾਲਿਓ, ਉਸ ਦੀ ਮਹਿਮਾ ਕਰੋ!
ਯਾਕੂਬ ਦੀ ਸਾਰੀ ਸੰਤਾਨ* ਉਸ ਦੀ ਵਡਿਆਈ ਕਰੇ!+
ਇਜ਼ਰਾਈਲ ਦੀ ਸਾਰੀ ਸੰਤਾਨ* ਉਸ ਲਈ ਸ਼ਰਧਾ ਰੱਖੇ
24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+
ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+
25 ਮੈਂ ਵੱਡੀ ਮੰਡਲੀ ਵਿਚ ਤੇਰੀ ਵਡਿਆਈ ਕਰਾਂਗਾ;+ਤੇਰਾ ਡਰ ਮੰਨਣ ਵਾਲਿਆਂ ਦੇ ਸਾਮ੍ਹਣੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ।
26 ਹਲੀਮ* ਲੋਕ ਖਾਣਗੇ ਅਤੇ ਰੱਜ ਜਾਣਗੇ;+ਯਹੋਵਾਹ ਦੀ ਭਾਲ ਕਰਨ ਵਾਲੇ ਉਸ ਦੀ ਮਹਿਮਾ ਕਰਨਗੇ।+
ਉਹ ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਨ।*
27 ਧਰਤੀ ਦਾ ਕੋਨਾ-ਕੋਨਾ ਯਹੋਵਾਹ ਨੂੰ ਯਾਦ ਕਰੇਗਾ ਅਤੇ ਉਸ ਵੱਲ ਮੁੜੇਗਾ।
ਕੌਮਾਂ ਦੇ ਸਾਰੇ ਪਰਿਵਾਰ ਉਸ ਅੱਗੇ ਗੋਡੇ ਟੇਕਣਗੇ।+
28 ਕਿਉਂਕਿ ਰਾਜ ਯਹੋਵਾਹ ਦਾ ਹੈ;+ਉਹ ਕੌਮਾਂ ਉੱਤੇ ਹਕੂਮਤ ਕਰਦਾ ਹੈ।
29 ਧਰਤੀ ਦੇ ਸਾਰੇ ਅਮੀਰ* ਲੋਕ ਖਾਣਗੇ ਅਤੇ ਸਿਰ ਨਿਵਾਉਣਗੇ;ਉਹ ਸਾਰੇ ਜਿਹੜੇ ਮਿੱਟੀ ਵਿਚ ਮਿਲ ਜਾਂਦੇ ਹਨ, ਉਸ ਦੇ ਸਾਮ੍ਹਣੇ ਗੋਡੇ ਟੇਕਣਗੇ;ਉਨ੍ਹਾਂ ਵਿੱਚੋਂ ਕੋਈ ਵੀ ਆਪਣੀ ਜਾਨ ਨਹੀਂ ਬਚਾ ਸਕਦਾ।
30 ਉਨ੍ਹਾਂ ਦੀ ਸੰਤਾਨ* ਉਸ ਦੀ ਸੇਵਾ ਕਰੇਗੀਅਤੇ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਬਾਰੇ ਦੱਸਿਆ ਜਾਵੇਗਾ।
31 ਉਹ ਆਉਣਗੇ ਅਤੇ ਦੱਸਣਗੇ ਕਿ ਉਹ ਨਿਆਂ-ਪਸੰਦ ਹੈ।
ਉਹ ਪੈਦਾ ਹੋਣ ਵਾਲੀ ਪੀੜ੍ਹੀ ਨੂੰ ਉਸ ਦੇ ਕੰਮਾਂ ਬਾਰੇ ਦੱਸਣਗੇ।
ਫੁਟਨੋਟ
^ ਸ਼ਾਇਦ ਇਹ ਕੋਈ ਧੁਨ ਜਾਂ ਸੰਗੀਤ ਦੀ ਸ਼ੈਲੀ ਸੀ।
^ ਜਾਂ, “ਸ਼ਰਮਿੰਦਾ ਨਹੀਂ ਕੀਤਾ।”
^ ਜਾਂ, “ਮੈਂ ਆਦਮੀਆਂ ਲਈ ਕਲੰਕ ਹਾਂ।”
^ ਇਬ, “ਤੇਰੇ ’ਤੇ ਸੁੱਟਿਆ ਗਿਆ।”
^ ਇਬ, “ਹੱਥੋਂ।”
^ ਇਬ, “ਬੀ।”
^ ਇਬ, “ਬੀ।”
^ ਜਾਂ, “ਸ਼ਾਂਤ ਸੁਭਾਅ ਦੇ।”
^ ਇਬ, “ਤੇਰਾ ਦਿਲ ਹਮੇਸ਼ਾ ਧੜਕਦਾ ਰਹੇ।”
^ ਇਬ, “ਮੋਟੇ।”
^ ਇਬ, “ਬੀ।”