ਜ਼ਬੂਰ 147:1-20

  • ਪਰਮੇਸ਼ੁਰ ਦੇ ਪਿਆਰ ਭਰੇ ਅਤੇ ਸ਼ਕਤੀਸ਼ਾਲੀ ਕੰਮਾਂ ਦੀ ਵਡਿਆਈ ਕਰਨੀ

    • ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ (3)

    • ਉਹ ਸਾਰੇ ਤਾਰਿਆਂ ਨੂੰ ਨਾਂ ਕੇ ਬੁਲਾਉਂਦਾ ਹੈ (4)

    • ਉਹ ਉੱਨ ਦੀ ਚਿੱਟੀ ਚਾਦਰ ਵਾਂਗ ਜ਼ਮੀਨ ਨੂੰ ਬਰਫ਼ ਨਾਲ ਢਕਦਾ ਹੈ (16)

147  ਯਾਹ ਦੀ ਮਹਿਮਾ ਕਰੋ!* ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਨਾ* ਚੰਗਾ ਹੈ;ਉਸ ਦੀ ਮਹਿਮਾ ਕਰ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ! ਉਸ ਦੀ ਮਹਿਮਾ ਕਰਨੀ ਸਹੀ ਹੈ!+  2  ਯਹੋਵਾਹ ਯਰੂਸ਼ਲਮ ਨੂੰ ਬਣਾ ਰਿਹਾ ਹੈ;+ਉਹ ਇਜ਼ਰਾਈਲ ਦੇ ਖਿੰਡੇ ਹੋਏ ਲੋਕਾਂ ਨੂੰ ਇਕੱਠਾ ਕਰਦਾ ਹੈ।+  3  ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ;ਉਹ ਉਨ੍ਹਾਂ ਦੇ ਜ਼ਖ਼ਮਾਂ ʼਤੇ ਪੱਟੀਆਂ ਬੰਨ੍ਹਦਾ ਹੈ।  4  ਉਹ ਤਾਰਿਆਂ ਦੀ ਗਿਣਤੀ ਕਰਦਾ ਹੈਅਤੇ ਉਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਬੁਲਾਉਂਦਾ ਹੈ।+  5  ਸਾਡਾ ਪ੍ਰਭੂ ਮਹਾਨ ਹੈ ਅਤੇ ਬਹੁਤ ਸ਼ਕਤੀਸ਼ਾਲੀ ਹੈ;+ਉਸ ਦੀ ਸਮਝ ਅਥਾਹ ਹੈ।+  6  ਯਹੋਵਾਹ ਹਲੀਮ* ਲੋਕਾਂ ਨੂੰ ਚੁੱਕਦਾ ਹੈ,+ਪਰ ਦੁਸ਼ਟਾਂ ਨੂੰ ਪਟਕਾ ਕੇ ਜ਼ਮੀਨ ʼਤੇ ਸੁੱਟਦਾ ਹੈ।  7  ਗੀਤ ਗਾ ਕੇ ਯਹੋਵਾਹ ਦਾ ਧੰਨਵਾਦ ਕਰੋ;ਰਬਾਬ ਵਜਾ ਕੇ ਸਾਡੇ ਪਰਮੇਸ਼ੁਰ ਦਾ ਗੁਣਗਾਨ ਕਰੋ,  8  ਜਿਹੜਾ ਆਕਾਸ਼ ਨੂੰ ਬੱਦਲਾਂ ਨਾਲ ਕੱਜਦਾ ਹੈ,ਜਿਹੜਾ ਧਰਤੀ ʼਤੇ ਮੀਂਹ ਵਰ੍ਹਾਉਂਦਾ ਹੈ,+ਜਿਹੜਾ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।+  9  ਉਹ ਜਾਨਵਰਾਂ ਨੂੰ ਭੋਜਨ ਦਿੰਦਾ ਹੈ,+ਨਾਲੇ ਕਾਂਵਾਂ ਦੇ ਬੱਚਿਆਂ ਨੂੰ ਵੀ ਜਦ ਉਹ ਮੰਗਦੇ ਹਨ।+ 10  ਉਸ ਨੂੰ ਘੋੜੇ ਦੀ ਤਾਕਤ ਤੋਂ ਖ਼ੁਸ਼ੀ ਨਹੀਂ ਹੁੰਦੀ;+ਨਾ ਹੀ ਉਹ ਆਦਮੀ ਦੀਆਂ ਮਜ਼ਬੂਤ ਲੱਤਾਂ ਤੋਂ ਪ੍ਰਭਾਵਿਤ ਹੁੰਦਾ ਹੈ।+ 11  ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ,+ਜਿਹੜੇ ਉਸ ਦੇ ਅਟੱਲ ਪਿਆਰ ʼਤੇ ਉਮੀਦ ਲਾਉਂਦੇ ਹਨ।+ 12  ਹੇ ਯਰੂਸ਼ਲਮ, ਯਹੋਵਾਹ ਦੀ ਵਡਿਆਈ ਕਰ,ਹੇ ਸੀਓਨ, ਆਪਣੇ ਪਰਮੇਸ਼ੁਰ ਦੀ ਮਹਿਮਾ ਕਰ। 13  ਉਹ ਤੇਰੇ ਸ਼ਹਿਰ ਦੇ ਦਰਵਾਜ਼ਿਆਂ ਦੇ ਕੁੰਡੇ ਮਜ਼ਬੂਤ ਬਣਾਉਂਦਾ ਹੈ;ਉਹ ਤੇਰੇ ਪੁੱਤਰਾਂ ਨੂੰ ਬਰਕਤਾਂ ਦਿੰਦਾ ਹੈ। 14  ਉਹ ਤੇਰੇ ਇਲਾਕੇ ਵਿਚ ਸ਼ਾਂਤੀ ਕਾਇਮ ਕਰਦਾ ਹੈ;+ਉਹ ਤੈਨੂੰ ਉੱਤਮ ਕਣਕ* ਨਾਲ ਰਜਾਉਂਦਾ ਹੈ।+ 15  ਉਹ ਧਰਤੀ ʼਤੇ ਆਪਣਾ ਹੁਕਮ ਘੱਲਦਾ ਹੈ;ਉਸ ਦਾ ਬਚਨ ਫੁਰਤੀ ਨਾਲ ਜਾਂਦਾ ਹੈ। 16  ਉਹ ਉੱਨ ਦੀ ਚਿੱਟੀ ਚਾਦਰ ਵਾਂਗ ਜ਼ਮੀਨ ਨੂੰ ਬਰਫ਼ ਨਾਲ ਢਕਦਾ ਹੈ;+ਉਹ ਸੁਆਹ ਵਾਂਗ ਕੋਰੇ ਨੂੰ ਖਿਲਾਰਦਾ ਹੈ।+ 17  ਉਹ ਰੋਟੀ ਦੇ ਟੁਕੜਿਆਂ ਵਾਂਗ ਗੜੇ* ਵਰ੍ਹਾਉਂਦਾ ਹੈ।+ ਕੌਣ ਉਸ ਦੀ ਠੰਢ ਨੂੰ ਬਰਦਾਸ਼ਤ ਕਰ ਸਕਦਾ ਹੈ?+ 18  ਉਹ ਆਪਣਾ ਬਚਨ ਘੱਲਦਾ ਹੈ ਜਿਸ ਕਰਕੇ ਬਰਫ਼ ਪਿਘਲ ਜਾਂਦੀ ਹੈ। ਉਹ ਹਵਾ ਵਗਾਉਂਦਾ ਹੈ+ ਜਿਸ ਕਰਕੇ ਪਾਣੀ ਵਹਿੰਦੇ ਹਨ। 19  ਉਹ ਯਾਕੂਬ ਨੂੰ ਆਪਣਾ ਬਚਨ ਦੱਸਦਾ ਹੈਅਤੇ ਇਜ਼ਰਾਈਲ ਨੂੰ ਆਪਣੇ ਨਿਯਮ ਅਤੇ ਕਾਨੂੰਨ ਦੱਸਦਾ ਹੈ।+ 20  ਉਸ ਨੇ ਕਿਸੇ ਵੀ ਹੋਰ ਕੌਮ ਨੂੰ ਇਹ ਸਭ ਕੁਝ ਨਹੀਂ ਦੱਸਿਆ;+ਉਹ ਉਸ ਦੇ ਕਾਨੂੰਨਾਂ ਬਾਰੇ ਕੁਝ ਵੀ ਨਹੀਂ ਜਾਣਦੇ। ਯਾਹ ਦੀ ਮਹਿਮਾ ਕਰੋ!*+

ਫੁਟਨੋਟ

ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਨਾ।”
ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਕਣਕ ਦੀ ਚਰਬੀ।”
ਜਾਂ, “ਬਰਫ਼।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।