ਗਿਣਤੀ 25:1-18

  • ਇਜ਼ਰਾਈਲੀਆਂ ਨੇ ਮੋਆਬੀ ਕੁੜੀਆਂ ਨਾਲ ਪਾਪ ਕੀਤਾ (1-5)

  • ਫ਼ੀਨਹਾਸ ਨੇ ਕਦਮ ਚੁੱਕਿਆ (6-18)

25  ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+ 2  ਮੋਆਬੀ ਕੁੜੀਆਂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾਈਆਂ ਜਾਣ,+ ਤਾਂ ਉਹ ਵੀ ਉੱਥੇ ਆਉਣ। ਉਹ ਉੱਥੇ ਗਏ ਅਤੇ ਚੜ੍ਹਾਈਆਂ ਚੀਜ਼ਾਂ ਖਾਣ ਲੱਗੇ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਟੇਕਣ ਲੱਗੇ।+ 3  ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਨਾਲ ਮਿਲ ਕੇ ਪਿਓਰ ਦੇ ਬਆਲ ਦੀ ਭਗਤੀ ਕਰਨ ਲੱਗੇ,*+ ਇਸ ਲਈ ਯਹੋਵਾਹ ਦਾ ਗੁੱਸਾ ਇਜ਼ਰਾਈਲੀਆਂ ਉੱਤੇ ਭੜਕ ਉੱਠਿਆ।  4  ਯਹੋਵਾਹ ਨੇ ਮੂਸਾ ਨੂੰ ਕਿਹਾ: “ਇਨ੍ਹਾਂ ਲੋਕਾਂ ਦੇ ਸਾਰੇ ਮੋਹਰੀਆਂ* ਨੂੰ ਫੜ ਕੇ ਮਾਰ ਦੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਧੁੱਪੇ* ਯਹੋਵਾਹ ਸਾਮ੍ਹਣੇ ਟੰਗ ਦੇ ਤਾਂਕਿ ਇਜ਼ਰਾਈਲੀਆਂ ਖ਼ਿਲਾਫ਼ ਯਹੋਵਾਹ ਦੇ ਗੁੱਸੇ ਦੀ ਅੱਗ ਬੁੱਝ ਜਾਵੇ।”  5  ਫਿਰ ਮੂਸਾ ਨੇ ਇਜ਼ਰਾਈਲੀਆਂ ਦੇ ਨਿਆਂਕਾਰਾਂ ਨੂੰ ਕਿਹਾ:+ “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਆਦਮੀਆਂ ਨੂੰ ਮਾਰ ਸੁੱਟੇ ਜਿਨ੍ਹਾਂ ਨੇ ਪਿਓਰ ਦੇ ਬਆਲ ਦੀ ਭਗਤੀ ਕੀਤੀ ਸੀ।”*+ 6  ਪਰ ਉਸੇ ਵੇਲੇ ਇਕ ਇਜ਼ਰਾਈਲੀ ਆਦਮੀ ਇਕ ਮਿਦਿਆਨੀ ਕੁੜੀ ਨੂੰ ਮੂਸਾ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਦੀਆਂ ਨਜ਼ਰਾਂ ਸਾਮ੍ਹਣੇ ਛਾਉਣੀ ਵਿਚ ਲੈ ਆਇਆ+ ਜਦੋਂ ਉਹ ਸਾਰੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ।  7  ਜਦੋਂ ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਹ ਦੇਖਿਆ, ਤਾਂ ਉਹ ਤੁਰੰਤ ਮੰਡਲੀ ਵਿੱਚੋਂ ਉੱਠਿਆ ਅਤੇ ਉਸ ਨੇ ਆਪਣੇ ਹੱਥ ਵਿਚ ਬਰਛਾ ਲਿਆ।  8  ਫਿਰ ਉਹ ਉਸ ਇਜ਼ਰਾਈਲੀ ਆਦਮੀ ਦੇ ਪਿੱਛੇ-ਪਿੱਛੇ ਤੰਬੂ ਵਿਚ ਗਿਆ ਅਤੇ ਬਰਛੇ ਨਾਲ ਉਸ ਆਦਮੀ ਅਤੇ ਉਸ ਕੁੜੀ ਦੇ ਢਿੱਡ* ਨੂੰ ਵਿੰਨ੍ਹ ਸੁੱਟਿਆ। ਇਸ ਤੋਂ ਬਾਅਦ ਇਜ਼ਰਾਈਲੀਆਂ ʼਤੇ ਆਇਆ ਕਹਿਰ ਰੁਕ ਗਿਆ।+ 9  ਇਸ ਕਹਿਰ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 24,000 ਸੀ।+ 10  ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ:  11  “ਪੁਜਾਰੀ ਹਾਰੂਨ ਦੇ ਪੋਤੇ ਅਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ+ ਨੇ ਇਜ਼ਰਾਈਲੀਆਂ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਨੂੰ ਬੁਝਾਇਆ ਹੈ ਕਿਉਂਕਿ ਉਸ ਨੇ ਮੇਰੇ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ।+ ਇਸੇ ਕਰਕੇ ਮੈਂ ਇਜ਼ਰਾਈਲੀਆਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾਇਆ, ਚਾਹੇ ਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ 12  ਇਸ ਕਰਕੇ ਉਸ ਨੂੰ ਦੱਸ, ‘ਮੈਂ ਉਸ ਨਾਲ ਸ਼ਾਂਤੀ ਦਾ ਇਕਰਾਰ ਕਰਦਾ ਹਾਂ।  13  ਇਸ ਇਕਰਾਰ ਕਰਕੇ ਉਹ ਅਤੇ ਉਸ ਦੀ ਔਲਾਦ ਹਮੇਸ਼ਾ ਲਈ ਪੁਜਾਰੀਆਂ ਵਜੋਂ ਸੇਵਾ ਕਰੇਗੀ+ ਕਿਉਂਕਿ ਉਸ ਨੇ ਆਪਣੇ ਪਰਮੇਸ਼ੁਰ ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਬਰਦਾਸ਼ਤ ਨਹੀਂ ਕੀਤੀ+ ਅਤੇ ਇਜ਼ਰਾਈਲ ਦੇ ਲੋਕਾਂ ਦੇ ਪਾਪ ਮਿਟਾਉਣ ਲਈ ਕਦਮ ਚੁੱਕਿਆ।’” 14  ਉਸ ਇਜ਼ਰਾਈਲੀ ਆਦਮੀ ਦਾ ਨਾਂ ਜ਼ਿਮਰੀ ਸੀ ਜਿਹੜਾ ਮਿਦਿਆਨੀ ਕੁੜੀ ਨਾਲ ਮਾਰਿਆ ਗਿਆ ਸੀ। ਉਹ ਸ਼ਿਮਓਨੀਆਂ ਦੇ ਘਰਾਣੇ ਦੇ ਮੁਖੀ ਸਾਲੂ ਦਾ ਪੁੱਤਰ ਸੀ।  15  ਜਿਹੜੀ ਮਿਦਿਆਨੀ ਕੁੜੀ ਮਾਰੀ ਗਈ ਸੀ, ਉਸ ਦਾ ਨਾਂ ਕਾਜ਼ਬੀ ਸੀ। ਉਹ ਸੂਰ+ ਦੀ ਧੀ ਸੀ ਜਿਹੜਾ ਮਿਦਿਆਨ ਵਿਚ ਆਪਣੇ ਪਿਤਾ ਦੇ ਘਰਾਣੇ+ ਦਾ ਮੁਖੀ ਸੀ। 16  ਬਾਅਦ ਵਿਚ ਯਹੋਵਾਹ ਨੇ ਮੂਸਾ ਨੂੰ ਕਿਹਾ:  17  “ਮਿਦਿਆਨੀਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰ ਦਿਓ+ 18  ਕਿਉਂਕਿ ਉਨ੍ਹਾਂ ਨੇ ਚਲਾਕੀ ਨਾਲ ਪਿਓਰ ਦੇ ਸੰਬੰਧ ਵਿਚ ਤੁਹਾਡੇ ਤੋਂ ਪਾਪ ਕਰਾ ਕੇ ਤੁਹਾਡੇ ਉੱਤੇ ਕਹਿਰ ਲਿਆਂਦਾ+ ਅਤੇ ਮਿਦਿਆਨ ਦੇ ਇਕ ਮੁਖੀ ਦੀ ਧੀ ਕਾਜ਼ਬੀ ਨੂੰ ਇਸਤੇਮਾਲ ਕਰ ਕੇ ਤੁਹਾਨੂੰ ਪਾਪ ਵਿਚ ਫਸਾਇਆ। ਉਸ ਕੁੜੀ ਨੂੰ ਉਸ ਦਿਨ ਜਾਨੋਂ ਮਾਰ ਦਿੱਤਾ ਗਿਆ ਸੀ+ ਜਦੋਂ ਪਿਓਰ ਦੇ ਸੰਬੰਧ ਵਿਚ ਤੁਹਾਡੇ ਉੱਤੇ ਕਹਿਰ ਵਰ੍ਹਿਆ ਸੀ।”+

ਫੁਟਨੋਟ

ਜਾਂ, “ਬਆਲ ਨਾਲ ਜੁੜ ਗਏ।”
ਇਬ, “ਆਗੂਆਂ।”
ਇਬ, “ਸੂਰਜ ਦੇ ਸਾਮ੍ਹਣੇ।”
ਇਬ, “ਬਆਲ ਨਾਲ ਜੁੜ ਗਏ ਸਨ।”
ਇਬ, “ਗੁਪਤ ਅੰਗਾਂ।”