ਗਿਣਤੀ 22:1-41
22 ਫਿਰ ਇਜ਼ਰਾਈਲੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਮੋਆਬ ਦੀ ਉਜਾੜ ਵਿਚ ਯਰਦਨ ਦਰਿਆ ਕੋਲ ਤੰਬੂ ਲਾਏ ਅਤੇ ਦਰਿਆ ਦੇ ਦੂਸਰੇ ਪਾਸੇ ਯਰੀਹੋ ਸ਼ਹਿਰ ਸੀ।+
2 ਸਿੱਪੋਰ ਦੇ ਪੁੱਤਰ ਬਾਲਾਕ+ ਨੇ ਉਹ ਸਭ ਕੁਝ ਦੇਖਿਆ ਜੋ ਇਜ਼ਰਾਈਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ।
3 ਇਸ ਕਰਕੇ ਮੋਆਬ ਇਜ਼ਰਾਈਲੀਆਂ ਤੋਂ ਬਹੁਤ ਡਰ ਗਿਆ ਕਿਉਂਕਿ ਉਹ ਬਹੁਤ ਸਾਰੇ ਸਨ; ਮੋਆਬ ਵਾਕਈ ਇਜ਼ਰਾਈਲੀਆਂ ਤੋਂ ਖ਼ੌਫ਼ ਖਾਣ ਲੱਗ ਪਿਆ ਸੀ।+
4 ਇਸ ਲਈ ਮੋਆਬ ਨੇ ਮਿਦਿਆਨ ਦੇ ਬਜ਼ੁਰਗਾਂ+ ਨੂੰ ਕਿਹਾ: “ਇਸ ਮੰਡਲੀ ਨੇ ਸਾਡੇ ਸਾਰੇ ਇਲਾਕੇ ਨੂੰ ਚੱਟ ਕਰ ਜਾਣਾ, ਜਿਵੇਂ ਇਕ ਬਲਦ ਖੇਤ ਵਿਚ ਘਾਹ ਚੱਟ ਕਰ ਜਾਂਦਾ ਹੈ।”
ਉਸ ਵੇਲੇ ਸਿੱਪੋਰ ਦਾ ਪੁੱਤਰ ਬਾਲਾਕ ਮੋਆਬ ਦਾ ਰਾਜਾ ਸੀ।
5 ਉਸ ਨੇ ਬਿਓਰ ਦੇ ਪੁੱਤਰ ਬਿਲਾਮ ਨੂੰ ਸੰਦੇਸ਼ ਦੇਣ ਲਈ ਬੰਦੇ ਘੱਲੇ। ਬਿਲਾਮ ਆਪਣੇ ਦੇਸ਼ ਵਿਚ ਪਥੋਰ ਵਿਚ ਰਹਿੰਦਾ ਸੀ+ ਜੋ ਦਰਿਆ* ਦੇ ਕੰਢੇ ਸੀ। ਉਸ ਨੇ ਬਿਲਾਮ ਨੂੰ ਇਹ ਸੰਦੇਸ਼ ਘੱਲਿਆ: “ਦੇਖ! ਮਿਸਰ ਤੋਂ ਇਕ ਕੌਮ ਆਈ ਹੈ ਜਿਸ ਨੇ ਧਰਤੀ* ਨੂੰ ਢਕ ਲਿਆ ਹੈ+ ਅਤੇ ਮੇਰੇ ਇਲਾਕੇ ਦੇ ਨੇੜੇ ਡੇਰਾ ਲਾ ਲਿਆ ਹੈ।
6 ਇਸ ਲਈ ਕਿਰਪਾ ਕਰ ਕੇ ਇੱਥੇ ਆ ਅਤੇ ਮੇਰੀ ਖ਼ਾਤਰ ਇਸ ਕੌਮ ਦੇ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨੂੰ ਹਰਾ ਕੇ ਆਪਣੇ ਦੇਸ਼ ਵਿੱਚੋਂ ਭਜਾ ਦਿਆਂ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜਿਸ ਨੂੰ ਵੀ ਬਰਕਤ ਦਿੰਦਾ ਹੈਂ, ਉਸ ਨੂੰ ਬਰਕਤ ਮਿਲਦੀ ਹੈ ਅਤੇ ਜਿਸ ਨੂੰ ਤੂੰ ਸਰਾਪ ਦਿੰਦਾ ਹੈਂ, ਉਸ ਨੂੰ ਸਰਾਪ ਲੱਗਦਾ ਹੈ।”
7 ਇਸ ਲਈ ਮੋਆਬ ਅਤੇ ਮਿਦਿਆਨ ਦੇ ਬਜ਼ੁਰਗ ਫਾਲ* ਪਾਉਣ ਦੀ ਕੀਮਤ ਲੈ ਕੇ ਬਿਲਾਮ+ ਨੂੰ ਮਿਲਣ ਚਲੇ ਗਏ। ਉਨ੍ਹਾਂ ਨੇ ਉਸ ਨੂੰ ਬਾਲਾਕ ਦਾ ਸੰਦੇਸ਼ ਦਿੱਤਾ।
8 ਬਿਲਾਮ ਨੇ ਉਨ੍ਹਾਂ ਨੂੰ ਕਿਹਾ: “ਅੱਜ ਰਾਤ ਇੱਥੇ ਠਹਿਰੋ। ਯਹੋਵਾਹ ਮੈਨੂੰ ਜੋ ਵੀ ਕਹੇਗਾ, ਮੈਂ ਤੁਹਾਨੂੰ ਦੱਸਾਂਗਾ।” ਇਸ ਲਈ ਮੋਆਬ ਦੇ ਅਧਿਕਾਰੀ ਬਿਲਾਮ ਕੋਲ ਰੁਕ ਗਏ।
9 ਫਿਰ ਪਰਮੇਸ਼ੁਰ ਨੇ ਆ ਕੇ ਬਿਲਾਮ ਨੂੰ ਪੁੱਛਿਆ:+ “ਇਹ ਆਦਮੀ ਕੌਣ ਹਨ ਜੋ ਤੇਰੇ ਕੋਲ ਠਹਿਰੇ ਹਨ?”
10 ਬਿਲਾਮ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਸਿੱਪੋਰ ਦੇ ਪੁੱਤਰ ਬਾਲਾਕ ਨੇ ਜਿਹੜਾ ਮੋਆਬ ਦਾ ਰਾਜਾ ਹੈ, ਮੈਨੂੰ ਇਹ ਸੰਦੇਸ਼ ਘੱਲਿਆ ਹੈ:
11 ‘ਦੇਖ! ਜਿਹੜੇ ਲੋਕ ਮਿਸਰ ਤੋਂ ਆਏ ਹਨ, ਉਨ੍ਹਾਂ ਨੇ ਧਰਤੀ* ਨੂੰ ਢਕ ਲਿਆ ਹੈ। ਇਸ ਲਈ ਇੱਥੇ ਆ ਅਤੇ ਮੇਰੀ ਖ਼ਾਤਰ ਇਨ੍ਹਾਂ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨਾਲ ਲੜ ਕੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਭਜਾ ਦਿਆਂ।’”
12 ਪਰ ਪਰਮੇਸ਼ੁਰ ਨੇ ਬਿਲਾਮ ਨੂੰ ਕਿਹਾ: “ਤੂੰ ਉਨ੍ਹਾਂ ਆਦਮੀਆਂ ਨਾਲ ਹਰਗਿਜ਼ ਨਾ ਜਾਈਂ ਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਸਰਾਪ ਦੇਈਂ ਕਿਉਂਕਿ ਮੈਂ ਉਨ੍ਹਾਂ ਲੋਕਾਂ ਨੂੰ ਬਰਕਤ ਦਿੱਤੀ ਹੈ।”+
13 ਬਿਲਾਮ ਸਵੇਰੇ ਉੱਠਿਆ ਅਤੇ ਉਸ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਕਿਹਾ: “ਆਪਣੇ ਦੇਸ਼ ਵਾਪਸ ਮੁੜ ਜਾਓ ਕਿਉਂਕਿ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ।”
14 ਇਸ ਲਈ ਮੋਆਬ ਦੇ ਅਧਿਕਾਰੀ ਉੱਥੋਂ ਚਲੇ ਗਏ ਅਤੇ ਉਨ੍ਹਾਂ ਨੇ ਵਾਪਸ ਆ ਕੇ ਬਾਲਾਕ ਨੂੰ ਕਿਹਾ: “ਬਿਲਾਮ ਨੇ ਸਾਡੇ ਨਾਲ ਆਉਣ ਤੋਂ ਮਨ੍ਹਾ ਕਰ ਦਿੱਤਾ।”
15 ਪਰ ਬਾਲਾਕ ਨੇ ਦੁਬਾਰਾ ਹੋਰ ਜ਼ਿਆਦਾ ਅਧਿਕਾਰੀ ਬਿਲਾਮ ਕੋਲ ਘੱਲੇ ਜੋ ਪਹਿਲੇ ਅਧਿਕਾਰੀਆਂ ਨਾਲੋਂ ਉੱਚੇ ਰੁਤਬੇ ਵਾਲੇ ਸਨ।
16 ਉਨ੍ਹਾਂ ਨੇ ਆ ਕੇ ਬਿਲਾਮ ਨੂੰ ਕਿਹਾ: “ਸਿੱਪੋਰ ਦੇ ਪੁੱਤਰ ਬਾਲਾਕ ਨੇ ਕਿਹਾ ਹੈ, ‘ਚਾਹੇ ਜੋ ਮਰਜ਼ੀ ਹੋ ਜਾਵੇ, ਕਿਰਪਾ ਕਰ ਕੇ ਤੂੰ ਮੇਰੇ ਕੋਲ ਜ਼ਰੂਰ ਆਈਂ।
17 ਮੈਂ ਤੈਨੂੰ ਬਹੁਤ ਆਦਰ-ਮਾਣ ਬਖ਼ਸ਼ਾਂਗਾ ਅਤੇ ਤੂੰ ਜੋ ਵੀ ਕਹੇਂਗਾ, ਮੈਂ ਕਰਾਂਗਾ। ਇਸ ਲਈ ਮਿਹਰਬਾਨੀ ਕਰ ਕੇ ਇੱਥੇ ਆ ਤੇ ਇਨ੍ਹਾਂ ਲੋਕਾਂ ਨੂੰ ਮੇਰੀ ਖ਼ਾਤਰ ਸਰਾਪ ਦੇ।’”
18 ਪਰ ਬਿਲਾਮ ਨੇ ਬਾਲਾਕ ਦੇ ਅਧਿਕਾਰੀਆਂ ਨੂੰ ਜਵਾਬ ਦਿੱਤਾ: “ਜੇ ਬਾਲਾਕ ਸੋਨੇ-ਚਾਂਦੀ ਨਾਲ ਭਰਿਆ ਆਪਣਾ ਘਰ ਵੀ ਮੈਨੂੰ ਦੇ ਦੇਵੇ, ਤਾਂ ਵੀ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਕੁਝ ਨਹੀਂ ਕਰਾਂਗਾ, ਚਾਹੇ ਉਹ ਛੋਟਾ ਜਿਹਾ ਕੰਮ ਹੋਵੇ ਜਾਂ ਵੱਡਾ।+
19 ਫਿਰ ਵੀ ਕਿਰਪਾ ਕਰ ਕੇ ਤੁਸੀਂ ਅੱਜ ਰਾਤ ਇੱਥੇ ਠਹਿਰੋ। ਯਹੋਵਾਹ ਮੈਨੂੰ ਦੱਸੇਗਾ ਕਿ ਮੈਂ ਕੀ ਕਰਨਾ ਹੈ।”+
20 ਫਿਰ ਪਰਮੇਸ਼ੁਰ ਰਾਤ ਨੂੰ ਬਿਲਾਮ ਕੋਲ ਆਇਆ ਅਤੇ ਉਸ ਨੂੰ ਕਿਹਾ: “ਜੇ ਇਹ ਆਦਮੀ ਤੈਨੂੰ ਲੈਣ ਆਏ ਹਨ, ਤਾਂ ਇਨ੍ਹਾਂ ਨਾਲ ਚਲਾ ਜਾਹ। ਪਰ ਤੂੰ ਉਹੀ ਕਹੀਂ ਜੋ ਮੈਂ ਤੈਨੂੰ ਬੋਲਣ ਲਈ ਕਹਾਂਗਾ।”+
21 ਇਸ ਲਈ ਬਿਲਾਮ ਨੇ ਸਵੇਰੇ ਉੱਠ ਕੇ ਆਪਣੀ ਗਧੀ ʼਤੇ ਕਾਠੀ ਪਾਈ ਅਤੇ ਮੋਆਬ ਦੇ ਅਧਿਕਾਰੀਆਂ ਨਾਲ ਚਲਾ ਗਿਆ।+
22 ਪਰ ਪਰਮੇਸ਼ੁਰ ਦਾ ਗੁੱਸਾ ਭੜਕ ਉੱਠਿਆ ਕਿਉਂਕਿ ਬਿਲਾਮ ਉਨ੍ਹਾਂ ਨਾਲ ਜਾ ਰਿਹਾ ਸੀ। ਇਸ ਲਈ ਯਹੋਵਾਹ ਦਾ ਦੂਤ ਉਸ ਨੂੰ ਰੋਕਣ ਲਈ ਰਾਹ ਵਿਚ ਖੜ੍ਹ ਗਿਆ। ਬਿਲਾਮ ਆਪਣੀ ਗਧੀ ʼਤੇ ਜਾ ਰਿਹਾ ਸੀ ਅਤੇ ਉਸ ਦੇ ਦੋ ਸੇਵਾਦਾਰ ਵੀ ਉਸ ਦੇ ਨਾਲ ਸਨ।
23 ਜਦੋਂ ਗਧੀ ਨੇ ਦੇਖਿਆ ਕਿ ਯਹੋਵਾਹ ਦਾ ਦੂਤ ਆਪਣੇ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਸੀ, ਤਾਂ ਉਹ ਰਾਹ ਤੋਂ ਹਟ ਕੇ ਖੇਤ ਵੱਲ ਜਾਣ ਲੱਗ ਪਈ। ਪਰ ਬਿਲਾਮ ਗਧੀ ਨੂੰ ਕੁੱਟਣ ਲੱਗ ਪਿਆ ਤਾਂਕਿ ਉਹ ਰਾਹ ʼਤੇ ਵਾਪਸ ਮੁੜ ਜਾਵੇ।
24 ਫਿਰ ਯਹੋਵਾਹ ਦਾ ਦੂਤ ਅੰਗੂਰਾਂ ਦੇ ਦੋ ਬਾਗ਼ਾਂ ਵਿਚਕਾਰ ਤੰਗ ਰਾਹ ਵਿਚ ਖੜ੍ਹ ਗਿਆ ਅਤੇ ਰਾਹ ਦੇ ਦੋਵੇਂ ਪਾਸੇ ਪੱਥਰਾਂ ਦੀਆਂ ਕੰਧਾਂ ਸਨ।
25 ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ, ਤਾਂ ਗਧੀ ਕੰਧ ਨਾਲ ਲੱਗ ਗਈ ਜਿਸ ਕਰਕੇ ਬਿਲਾਮ ਦਾ ਪੈਰ ਦੱਬ ਹੋ ਗਿਆ। ਉਸ ਨੇ ਗਧੀ ਨੂੰ ਦੁਬਾਰਾ ਕੁੱਟਣਾ ਸ਼ੁਰੂ ਕਰ ਦਿੱਤਾ।
26 ਫਿਰ ਯਹੋਵਾਹ ਦਾ ਦੂਤ ਅੱਗੇ ਵਧਿਆ ਅਤੇ ਇਕ ਤੰਗ ਜਗ੍ਹਾ ਖੜ੍ਹਾ ਹੋ ਗਿਆ ਜਿੱਥੋਂ ਸੱਜੇ-ਖੱਬੇ ਮੁੜਨ ਲਈ ਜਗ੍ਹਾ ਨਹੀਂ ਸੀ।
27 ਯਹੋਵਾਹ ਦੇ ਦੂਤ ਨੂੰ ਦੇਖ ਕੇ ਗਧੀ ਬੈਠ ਗਈ ਜਿਸ ਕਰਕੇ ਬਿਲਾਮ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਹ ਡੰਡੇ ਨਾਲ ਗਧੀ ਨੂੰ ਕੁੱਟਣ ਲੱਗ ਪਿਆ।
28 ਆਖ਼ਰਕਾਰ ਯਹੋਵਾਹ ਨੇ ਗਧੀ ਨੂੰ ਬੋਲਣ ਲਾ ਦਿੱਤਾ*+ ਅਤੇ ਗਧੀ ਨੇ ਬਿਲਾਮ ਨੂੰ ਕਿਹਾ: “ਮੈਂ ਤੇਰਾ ਕੀ ਵਿਗਾੜਿਆ ਜੋ ਤੂੰ ਮੈਨੂੰ ਤਿੰਨ ਵਾਰ ਕੁੱਟਿਆ?”+
29 ਬਿਲਾਮ ਨੇ ਗਧੀ ਨੂੰ ਕਿਹਾ: “ਕਿਉਂਕਿ ਤੂੰ ਮੈਨੂੰ ਮੂਰਖ ਬਣਾਇਆ। ਜੇ ਮੇਰੇ ਹੱਥ ਵਿਚ ਤਲਵਾਰ ਹੁੰਦੀ, ਤਾਂ ਮੈਂ ਤੈਨੂੰ ਵੱਢ ਦੇਣਾ ਸੀ!”
30 ਫਿਰ ਗਧੀ ਨੇ ਬਿਲਾਮ ਨੂੰ ਕਿਹਾ: “ਕੀ ਮੈਂ ਤੇਰੀ ਗਧੀ ਨਹੀਂ ਜਿਸ ʼਤੇ ਤੂੰ ਸਾਰੀ ਉਮਰ ਅੱਜ ਤਕ ਸਵਾਰੀ ਕੀਤੀ ਹੈ? ਕੀ ਮੈਂ ਪਹਿਲਾਂ ਕਦੀ ਤੇਰੇ ਨਾਲ ਇੱਦਾਂ ਕੀਤਾ?” ਉਸ ਨੇ ਜਵਾਬ ਦਿੱਤਾ: “ਨਹੀਂ!”
31 ਫਿਰ ਯਹੋਵਾਹ ਨੇ ਬਿਲਾਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ+ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਦੇਖਿਆ। ਉਸ ਨੇ ਇਕਦਮ ਜ਼ਮੀਨ ʼਤੇ ਗੋਡੇ ਟੇਕ ਕੇ ਆਪਣਾ ਸਿਰ ਨਿਵਾਇਆ।
32 ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਤੂੰ ਗਧੀ ਨੂੰ ਤਿੰਨ ਵਾਰ ਕਿਉਂ ਕੁੱਟਿਆ? ਦੇਖ! ਮੈਂ ਆਪ ਤੈਨੂੰ ਰੋਕਣ ਆਇਆ ਹਾਂ ਕਿਉਂਕਿ ਤੂੰ ਮੇਰੀ ਇੱਛਾ ਤੋਂ ਉਲਟ ਚੱਲ ਰਿਹਾ ਹੈਂ।+
33 ਮੈਨੂੰ ਦੇਖ ਕੇ ਗਧੀ ਨੇ ਤਿੰਨ ਵਾਰ ਮੇਰੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ।+ ਜੇ ਇਹ ਮੈਨੂੰ ਦੇਖ ਕੇ ਨਾ ਮੁੜੀ ਹੁੰਦੀ, ਤਾਂ ਮੈਂ ਹੁਣ ਤਕ ਤੈਨੂੰ ਜਾਨੋਂ ਮਾਰ ਦਿੱਤਾ ਹੁੰਦਾ ਅਤੇ ਗਧੀ ਨੂੰ ਜੀਉਂਦਾ ਛੱਡ ਦਿੱਤਾ ਹੁੰਦਾ।”
34 ਬਿਲਾਮ ਨੇ ਯਹੋਵਾਹ ਦੇ ਦੂਤ ਨੂੰ ਕਿਹਾ: “ਮੈਂ ਪਾਪ ਕੀਤਾ ਹੈ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਤੂੰ ਮੈਨੂੰ ਮਿਲਣ ਲਈ ਰਾਹ ਵਿਚ ਖੜ੍ਹਾ ਸੀ। ਜੇ ਤੇਰੀਆਂ ਨਜ਼ਰਾਂ ਵਿਚ ਮੇਰਾ ਉੱਥੇ ਜਾਣਾ ਗ਼ਲਤ ਹੈ, ਤਾਂ ਮੈਂ ਵਾਪਸ ਮੁੜ ਜਾਂਦਾ ਹਾਂ।”
35 ਪਰ ਯਹੋਵਾਹ ਦੇ ਦੂਤ ਨੇ ਬਿਲਾਮ ਨੂੰ ਕਿਹਾ: “ਇਨ੍ਹਾਂ ਆਦਮੀਆਂ ਨਾਲ ਚਲਾ ਜਾਹ, ਪਰ ਤੂੰ ਉਹੀ ਕਹੀਂ ਜੋ ਮੈਂ ਤੈਨੂੰ ਬੋਲਣ ਲਈ ਕਹਾਂਗਾ।” ਇਸ ਲਈ ਬਿਲਾਮ ਬਾਲਾਕ ਦੇ ਅਧਿਕਾਰੀਆਂ ਨਾਲ ਚਲਾ ਗਿਆ।
36 ਜਦੋਂ ਬਾਲਾਕ ਨੇ ਬਿਲਾਮ ਦੇ ਆਉਣ ਦੀ ਖ਼ਬਰ ਸੁਣੀ, ਤਾਂ ਉਹ ਉਸੇ ਵੇਲੇ ਉਸ ਨੂੰ ਮਿਲਣ ਮੋਆਬ ਦੇ ਉਸ ਸ਼ਹਿਰ ਗਿਆ ਜੋ ਮੋਆਬ ਦੇ ਇਲਾਕੇ ਦੀ ਸਰਹੱਦ ਉੱਤੇ ਅਰਨੋਨ ਘਾਟੀ ਦੇ ਸਿਰੇ ʼਤੇ ਹੈ।
37 ਬਾਲਾਕ ਨੇ ਬਿਲਾਮ ਨੂੰ ਕਿਹਾ: “ਤੂੰ ਮੇਰੇ ਬੁਲਾਉਣ ʼਤੇ ਪਹਿਲਾਂ ਆਇਆ ਕਿਉਂ ਨਹੀਂ? ਕੀ ਤੈਨੂੰ ਲੱਗਦਾ ਸੀ ਕਿ ਮੈਂ ਤੈਨੂੰ ਆਦਰ-ਮਾਣ ਨਹੀਂ ਦੇ ਸਕਦਾ?”+
38 ਬਿਲਾਮ ਨੇ ਬਾਲਾਕ ਨੂੰ ਜਵਾਬ ਦਿੱਤਾ: “ਮੈਂ ਤੇਰੇ ਕੋਲ ਆ ਤਾਂ ਗਿਆ ਹਾਂ, ਪਰ ਤੈਨੂੰ ਕੀ ਲੱਗਦਾ ਕਿ ਮੈਨੂੰ ਆਪਣੀ ਮਰਜ਼ੀ ਨਾਲ ਕੁਝ ਬੋਲਣ ਦੀ ਇਜਾਜ਼ਤ ਹੋਵੇਗੀ? ਮੈਂ ਉਹੀ ਕਹਿ ਸਕਦਾ ਹਾਂ ਜੋ ਪਰਮੇਸ਼ੁਰ ਮੈਨੂੰ ਕਹੇਗਾ।”+
39 ਫਿਰ ਬਿਲਾਮ ਬਾਲਾਕ ਨਾਲ ਚਲਾ ਗਿਆ ਅਤੇ ਉਹ ਦੋਵੇਂ ਕਿਰਯਥ-ਹੁਸੋਥ ਆ ਗਏ।
40 ਉੱਥੇ ਬਾਲਾਕ ਨੇ ਬਲਦਾਂ ਅਤੇ ਭੇਡਾਂ ਦੀ ਬਲ਼ੀ ਦਿੱਤੀ ਅਤੇ ਇਨ੍ਹਾਂ ਦਾ ਕੁਝ ਮਾਸ ਬਿਲਾਮ ਤੇ ਅਧਿਕਾਰੀਆਂ ਨੂੰ ਦਿੱਤਾ ਜਿਹੜੇ ਉਸ ਨਾਲ ਸਨ।
41 ਸਵੇਰੇ ਬਾਲਾਕ ਬਿਲਾਮ ਨੂੰ ਬਾਮੋਥ-ਬਆਲ ਲੈ ਗਿਆ ਜਿੱਥੋਂ ਉਹ ਸਾਰੇ ਇਜ਼ਰਾਈਲੀਆਂ ਨੂੰ ਦੇਖ ਸਕਦਾ ਸੀ।+
ਫੁਟਨੋਟ
^ ਜ਼ਾਹਰ ਹੈ ਕਿ ਇਹ ਫ਼ਰਾਤ ਦਰਿਆ ਸੀ।
^ ਜਾਂ, “ਦੇਸ਼।”
^ ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
^ ਜਾਂ, “ਦੇਸ਼।”
^ ਇਬ, “ਗਧੀ ਦਾ ਮੂੰਹ ਖੋਲ੍ਹਿਆ।”