ਕੂਚ 11:1-10
11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਫ਼ਿਰਊਨ ਅਤੇ ਮਿਸਰ ਉੱਤੇ ਇਕ ਹੋਰ ਆਫ਼ਤ ਲਿਆਉਣ ਵਾਲਾ ਹਾਂ। ਇਸ ਤੋਂ ਬਾਅਦ ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ।+ ਉਹ ਤੁਹਾਨੂੰ ਨਾ ਸਿਰਫ਼ ਜਾਣ ਦੇਵੇਗਾ, ਸਗੋਂ ਧੱਕੇ ਮਾਰ ਕੇ ਕੱਢ ਦੇਵੇਗਾ।+
2 ਹੁਣ ਜਾ ਕੇ ਆਪਣੇ ਲੋਕਾਂ ਨੂੰ ਕਹਿ ਕਿ ਸਾਰੇ ਆਦਮੀ ਅਤੇ ਔਰਤਾਂ ਆਪਣੇ ਗੁਆਂਢੀਆਂ ਤੋਂ ਸੋਨੇ-ਚਾਂਦੀ ਦੀਆਂ ਚੀਜ਼ਾਂ ਮੰਗਣ।”+
3 ਅਤੇ ਯਹੋਵਾਹ ਨੇ ਮਿਸਰੀਆਂ ਨੂੰ ਆਪਣੇ ਲੋਕਾਂ ’ਤੇ ਮਿਹਰਬਾਨ ਕੀਤਾ। ਇਸ ਤੋਂ ਇਲਾਵਾ, ਫ਼ਿਰਊਨ ਦੇ ਨੌਕਰ ਅਤੇ ਮਿਸਰੀ ਲੋਕ ਮੂਸਾ ਦਾ ਬਹੁਤ ਆਦਰ-ਮਾਣ ਕਰਨ ਲੱਗੇ।
4 ਫਿਰ ਮੂਸਾ ਨੇ ਫ਼ਿਰਊਨ ਨੂੰ ਕਿਹਾ: “ਯਹੋਵਾਹ ਨੇ ਕਿਹਾ ਹੈ, ‘ਮੈਂ ਅੱਧੀ ਕੁ ਰਾਤ ਨੂੰ ਮਿਸਰ ਵਿੱਚੋਂ ਦੀ ਲੰਘਣ ਵਾਲਾ ਹਾਂ।+
5 ਮਿਸਰ ਦੇ ਸਾਰੇ ਜੇਠੇ ਮਰ ਜਾਣਗੇ,+ ਰਾਜ-ਗੱਦੀ ’ਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਚੱਕੀ ਪੀਹਣ ਵਾਲੀ ਦਾਸੀ ਦੇ ਜੇਠੇ ਤਕ। ਨਾਲੇ ਪਾਲਤੂ ਪਸ਼ੂਆਂ ਦੇ ਜੇਠੇ ਵੀ ਮਰ ਜਾਣਗੇ।+
6 ਪੂਰੇ ਮਿਸਰ ਵਿਚ ਇੰਨਾ ਰੋਣਾ-ਕੁਰਲਾਉਣਾ ਹੋਵੇਗਾ ਜਿੰਨਾ ਪਹਿਲਾਂ ਨਾ ਕਦੇ ਹੋਇਆ ਅਤੇ ਨਾ ਹੀ ਕਦੇ ਦੁਬਾਰਾ ਹੋਵੇਗਾ।+
7 ਪਰ ਇਜ਼ਰਾਈਲੀਆਂ ਅਤੇ ਉਨ੍ਹਾਂ ਦੇ ਪਸ਼ੂਆਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਇੱਥੋਂ ਤਕ ਕਿ ਉਨ੍ਹਾਂ ਨੂੰ ਡਰਾਉਣ ਲਈ ਕੋਈ ਕੁੱਤਾ ਵੀ ਨਹੀਂ ਭੌਂਕੇਗਾ। ਇਸ ਤੋਂ ਤੂੰ ਜਾਣੇਂਗਾ ਕਿ ਯਹੋਵਾਹ ਮਿਸਰੀਆਂ ਅਤੇ ਇਜ਼ਰਾਈਲੀਆਂ ਵਿਚ ਫ਼ਰਕ ਦਿਖਾ ਸਕਦਾ ਹੈ।’+
8 ਫਿਰ ਤੇਰੇ ਸਾਰੇ ਨੌਕਰ ਮੇਰੇ ਕੋਲ ਆਉਣਗੇ ਅਤੇ ਮੇਰੇ ਸਾਮ੍ਹਣੇ ਗੋਡੇ ਟੇਕ ਕੇ ਕਹਿਣਗੇ, ‘ਤੂੰ ਅਤੇ ਤੇਰੇ ਲੋਕ ਦੇਸ਼ ਛੱਡ ਕੇ ਚਲੇ ਜਾਓ।’+ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।” ਇਹ ਕਹਿ ਕੇ ਮੂਸਾ ਗੁੱਸੇ ਵਿਚ ਫ਼ਿਰਊਨ ਦੇ ਸਾਮ੍ਹਣਿਓਂ ਚਲਾ ਗਿਆ।
9 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਤੇਰੀ ਗੱਲ ਨਹੀਂ ਸੁਣੇਗਾ+ ਕਿਉਂਕਿ ਮੈਂ ਮਿਸਰ ਵਿਚ ਅਜੇ ਹੋਰ ਚਮਤਕਾਰ ਕਰਨੇ ਹਨ।”+
10 ਮੂਸਾ ਤੇ ਹਾਰੂਨ ਨੇ ਇਹ ਸਾਰੇ ਚਮਤਕਾਰ ਫ਼ਿਰਊਨ ਦੀਆਂ ਨਜ਼ਰਾਂ ਸਾਮ੍ਹਣੇ ਕੀਤੇ,+ ਪਰ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਜਿਸ ਕਰਕੇ ਉਸ ਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਨਹੀਂ ਜਾਣ ਦਿੱਤਾ।+