ਕਹਾਉਤਾਂ 17:1-28
17 ਚੈਨ ਨਾਲ ਰੁੱਖੀ-ਮਿੱਸੀ,ਉਸ ਘਰ ਵਿਚ ਵੱਡੀ ਦਾਅਵਤ* ਨਾਲੋਂ ਚੰਗੀ ਹੈ ਜਿੱਥੇ ਝਗੜੇ ਹੋਣ।+
2 ਡੂੰਘੀ ਸਮਝ ਵਾਲਾ ਨੌਕਰ ਉਸ ਪੁੱਤਰ ʼਤੇ ਰਾਜ ਕਰੇਗਾ ਜੋ ਸ਼ਰਮਨਾਕ ਕੰਮ ਕਰਦਾ ਹੈ;ਉਹ ਉਸ ਦੇ ਭਰਾਵਾਂ ਵਾਂਗ ਵਿਰਾਸਤ ਵਿਚ ਹਿੱਸੇਦਾਰ ਬਣੇਗਾ।
3 ਚਾਂਦੀ ਲਈ ਕੁਠਾਲੀ* ਅਤੇ ਸੋਨੇ ਲਈ ਭੱਠੀ ਹੈ,+ਪਰ ਦਿਲਾਂ ਨੂੰ ਜਾਂਚਣ ਵਾਲਾ ਯਹੋਵਾਹ ਹੈ।+
4 ਦੁਸ਼ਟ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਧਿਆਨ ਦਿੰਦਾ ਹੈਅਤੇ ਧੋਖੇਬਾਜ਼ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਕੰਨ ਲਾਉਂਦਾ ਹੈ।+
5 ਜਿਹੜਾ ਗ਼ਰੀਬ ਦਾ ਮਜ਼ਾਕ ਉਡਾਉਂਦਾ ਹੈ, ਉਹ ਉਸ ਦੇ ਸਿਰਜਣਹਾਰ ਦੀ ਬੇਇੱਜ਼ਤੀ ਕਰਦਾ ਹੈ+ਅਤੇ ਜਿਹੜਾ ਦੂਸਰੇ ਦੀ ਬਿਪਤਾ ʼਤੇ ਖ਼ੁਸ਼ ਹੁੰਦਾ ਹੈ, ਉਹ ਸਜ਼ਾ ਤੋਂ ਨਹੀਂ ਬਚੇਗਾ।+
6 ਦੋਹਤੇ-ਪੋਤੇ* ਬੁੱਢਿਆਂ ਦਾ ਮੁਕਟ ਹਨਅਤੇ ਪੁੱਤਰਾਂ ਦੀ ਸ਼ੋਭਾ ਉਨ੍ਹਾਂ ਦੇ ਪਿਤਾ* ਹਨ।
7 ਨੇਕੀ ਦੀਆਂ* ਗੱਲਾਂ ਮੂਰਖ ਨੂੰ ਸ਼ੋਭਾ ਨਹੀਂ ਦਿੰਦੀਆਂ।+
ਤਾਂ ਫਿਰ, ਝੂਠੀਆਂ ਗੱਲਾਂ ਇਕ ਹਾਕਮ* ਨੂੰ ਕਿਵੇਂ ਸ਼ੋਭਾ ਦੇਣਗੀਆਂ?+
8 ਤੋਹਫ਼ਾ ਆਪਣੇ ਮਾਲਕ ਲਈ ਇਕ ਅਨਮੋਲ ਪੱਥਰ ਵਾਂਗ ਹੈ;*+ਉਹ ਜਿੱਧਰ ਨੂੰ ਵੀ ਮੁੜਦਾ ਹੈ, ਇਸ ਰਾਹੀਂ ਉਸ ਨੂੰ ਸਫ਼ਲਤਾ ਮਿਲਦੀ ਹੈ।+
9 ਜਿਹੜਾ ਅਪਰਾਧ ਨੂੰ ਮਾਫ਼ ਕਰਦਾ* ਹੈ, ਉਹ ਪਿਆਰ ਭਾਲਦਾ ਹੈ,+ਪਰ ਵਾਰ-ਵਾਰ ਇੱਕੋ ਗੱਲ ਨੂੰ ਛੇੜਨ ਵਾਲਾ ਜਿਗਰੀ ਦੋਸਤਾਂ ਵਿਚ ਫੁੱਟ ਪਾ ਦਿੰਦਾ ਹੈ।+
10 ਸਮਝਦਾਰ ʼਤੇ ਇਕ ਝਿੜਕ,ਮੂਰਖ ਦੇ ਸੌ ਕੋਰੜੇ ਮਾਰਨ ਨਾਲੋਂ ਗਹਿਰਾ ਅਸਰ ਕਰਦੀ ਹੈ।+
11 ਬੁਰਾ ਆਦਮੀ ਸਿਰਫ਼ ਬਗਾਵਤ ਹੀ ਕਰਨੀ ਚਾਹੁੰਦਾ ਹੈ,ਪਰ ਉਸ ਨੂੰ ਸਜ਼ਾ ਦੇਣ ਲਈ ਬੇਰਹਿਮ ਆਦਮੀ ਨੂੰ ਭੇਜਿਆ ਜਾਵੇਗਾ।+
12 ਆਪਣੀ ਮੂਰਖਤਾ ਵਿਚ ਡੁੱਬੇ ਕਿਸੇ ਮੂਰਖ ਦਾ ਸਾਮ੍ਹਣਾ ਕਰਨ ਨਾਲੋਂ,ਉਸ ਰਿੱਛਣੀ ਦਾ ਸਾਮ੍ਹਣਾ ਕਰਨਾ ਚੰਗਾ ਹੈ ਜਿਸ ਦੇ ਬੱਚੇ ਖੋਹ ਲਏ ਗਏ ਹੋਣ।+
13 ਜਿਹੜਾ ਭਲਾਈ ਦੇ ਬਦਲੇ ਬੁਰਾਈ ਕਰਦਾ ਹੈ,ਉਸ ਦੇ ਘਰ ਤੋਂ ਬੁਰਾਈ ਕਦੇ ਨਾ ਹਟੇਗੀ।+
14 ਲੜਾਈ ਸ਼ੁਰੂ ਕਰਨੀ ਪਾਣੀ ਦਾ ਬੰਨ੍ਹ ਖੋਲ੍ਹਣ* ਵਾਂਗ ਹੈ;ਝਗੜਾ ਛਿੜਨ ਤੋਂ ਪਹਿਲਾਂ ਉੱਥੋਂ ਚਲਾ ਜਾਹ।+
15 ਦੁਸ਼ਟ ਨੂੰ ਨਿਰਦੋਸ਼ ਠਹਿਰਾਉਣ ਵਾਲਾ ਅਤੇ ਧਰਮੀ ʼਤੇ ਦੋਸ਼ ਲਾਉਣ ਵਾਲਾ+—ਦੋਹਾਂ ਤੋਂ ਯਹੋਵਾਹ ਨੂੰ ਘਿਣ ਹੈ।
16 ਕੀ ਫ਼ਾਇਦਾ ਜੇ ਮੂਰਖ ਕੋਲ ਬੁੱਧ ਹਾਸਲ ਕਰਨ ਦਾ ਜ਼ਰੀਆ ਤਾਂ ਹੈ,ਪਰ ਇਸ ਨੂੰ ਹਾਸਲ ਕਰਨ ਦਾ ਮਨ ਨਹੀਂ?*+
17 ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ+ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।+
18 ਬੇਅਕਲ* ਇਨਸਾਨ ਹੱਥ ਮਿਲਾਉਂਦਾ ਹੈਅਤੇ ਆਪਣੇ ਗੁਆਂਢੀ ਸਾਮ੍ਹਣੇ ਕਿਸੇ ਦਾ ਜ਼ਿੰਮਾ ਆਪਣੇ ਸਿਰ ਲੈਣ* ਲਈ ਰਾਜ਼ੀ ਹੋ ਜਾਂਦਾ ਹੈ।+
19 ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ, ਉਹ ਅਪਰਾਧ ਨੂੰ ਪਿਆਰ ਕਰਦਾ ਹੈ।+
ਜਿਹੜਾ ਆਪਣੇ ਦਰਵਾਜ਼ੇ ਨੂੰ ਉੱਚਾ ਕਰਦਾ ਹੈ, ਉਹ ਨਾਸ਼ ਨੂੰ ਸੱਦਾ ਦਿੰਦਾ ਹੈ।+
20 ਟੇਢੇ ਮਨ ਵਾਲਾ ਸਫ਼ਲ ਨਹੀਂ ਹੋਵੇਗਾ*+ਅਤੇ ਧੋਖੇ ਭਰੀਆਂ ਗੱਲਾਂ ਕਰਨ ਵਾਲਾ ਨਾਸ਼ ਹੋ ਜਾਵੇਗਾ।
21 ਮੂਰਖ ਬੱਚੇ ਨੂੰ ਪੈਦਾ ਕਰਨ ਵਾਲਾ ਦੁੱਖ ਪਾਵੇਗਾ;ਅਤੇ ਬੇਅਕਲ ਬੱਚੇ ਦੇ ਪਿਤਾ ਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ।+
22 ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ,*+ਪਰ ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।*+
23 ਦੁਸ਼ਟ ਗੁਪਤ ਵਿਚ ਰਿਸ਼ਵਤ* ਲਵੇਗਾਤਾਂਕਿ ਉਹ ਨਿਆਂ ਨੂੰ ਅਨਿਆਂ ਵਿਚ ਬਦਲ ਦੇਵੇ।+
24 ਬੁੱਧ ਸੂਝ-ਬੂਝ ਵਾਲੇ ਇਨਸਾਨ ਦੇ ਸਾਮ੍ਹਣੇ ਹੁੰਦੀ ਹੈ,ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਕੋਨੇ-ਕੋਨੇ ਵਿਚ ਭਟਕਦੀਆਂ ਫਿਰਦੀਆਂ ਹਨ।+
25 ਮੂਰਖ ਪੁੱਤਰ ਆਪਣੇ ਪਿਤਾ ʼਤੇ ਦੁੱਖ ਲਿਆਉਂਦਾ ਹੈਅਤੇ ਆਪਣੀ ਮਾਂ ਦਾ ਦਿਲ ਦੁਖਾਉਂਦਾ* ਹੈ।+
26 ਧਰਮੀ ਨੂੰ ਸਜ਼ਾ ਦੇਣੀ* ਗ਼ਲਤ ਹੈਅਤੇ ਆਦਰਯੋਗ ਲੋਕਾਂ ਦੇ ਕੋਰੜੇ ਮਾਰਨਾ ਸਹੀ ਨਹੀਂ ਹੈ।
27 ਜਿਸ ਇਨਸਾਨ ਕੋਲ ਗਿਆਨ ਹੁੰਦਾ ਹੈ, ਉਹ ਸੰਭਲ ਕੇ ਬੋਲਦਾ ਹੈ+ਅਤੇ ਸੂਝ-ਬੂਝ ਵਾਲਾ ਸ਼ਾਂਤ* ਰਹਿੰਦਾ ਹੈ।+
28 ਚੁੱਪ ਰਹਿਣ ਵਾਲੇ ਮੂਰਖ ਨੂੰ ਵੀ ਬੁੱਧੀਮਾਨ ਸਮਝਿਆ ਜਾਵੇਗਾਅਤੇ ਆਪਣੇ ਬੁੱਲ੍ਹ ਬੰਦ ਰੱਖਣ ਵਾਲੇ ਨੂੰ ਸੂਝ-ਬੂਝ ਵਾਲਾ।
ਫੁਟਨੋਟ
^ ਇਬ, “ਬਲ਼ੀਆਂ।”
^ ਚਾਂਦੀ ਨੂੰ ਪਿਘਲਾਉਣ ਤੇ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਮਿੱਟੀ ਦਾ ਭਾਂਡਾ।
^ ਜਾਂ, “ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ।”
^ ਜਾਂ, “ਮਾਪੇ।”
^ ਜਾਂ, “ਉੱਚ ਅਧਿਕਾਰੀ।”
^ ਜਾਂ, “ਚੰਗੀਆਂ।”
^ ਜਾਂ, “ਉਹ ਪੱਥਰ ਹੈ ਜਿਸ ਰਾਹੀਂ ਉਸ ਉੱਤੇ ਮਿਹਰ ਹੁੰਦੀ ਹੈ।”
^ ਇਬ, “ਢਕ ਲੈਂਦਾ।”
^ ਇਬ, “ਪਾਣੀ ਛੱਡਣ।”
^ ਜਾਂ, “ਉਸ ਵਿਚ ਬੁੱਧ ਦੀ ਘਾਟ ਹੈ?”
^ ਇਬ, “ਦਿਲ ਦੀ ਕਮੀ ਵਾਲਾ।”
^ ਜਾਂ, “ਜ਼ਾਮਨ ਬਣਨ।”
^ ਇਬ, “ਦਾ ਭਲਾ ਨਹੀਂ ਹੋਵੇਗਾ।”
^ ਜਾਂ, “ਤੰਦਰੁਸਤ ਕਰਨ ਲਈ ਚੰਗਾ ਹੈ।”
^ ਜਾਂ, “ਤਾਕਤ ਨੂੰ ਸੋਖ ਲੈਂਦਾ ਹੈ।”
^ ਇਬ, “ਬੁੱਕਲ ਵਿੱਚੋਂ ਰਿਸ਼ਵਤ।”
^ ਇਬ, “ਕੁੜੱਤਣ।”
^ ਜਾਂ, “ਉੱਤੇ ਜੁਰਮਾਨਾ ਲਾਉਣਾ।”
^ ਇਬ, “ਸੁਭਾਅ ਦਾ ਠੰਢਾ।”