ਉਤਪਤ 45:1-28
45 ਇਹ ਗੱਲਾਂ ਸੁਣਨ ਤੋਂ ਬਾਅਦ ਯੂਸੁਫ਼ ਆਪਣੇ ਨੌਕਰਾਂ ਸਾਮ੍ਹਣੇ ਆਪਣੇ ’ਤੇ ਕਾਬੂ ਨਾ ਰੱਖ ਸਕਿਆ।+ ਇਸ ਕਰਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਸਾਰੇ ਬਾਹਰ ਚਲੇ ਜਾਓ!” ਜਦੋਂ ਉਸ ਨੇ ਆਪਣੇ ਭਰਾਵਾਂ ਸਾਮ੍ਹਣੇ ਆਪਣੀ ਪਛਾਣ ਜ਼ਾਹਰ ਕੀਤੀ, ਤਾਂ ਉਸ ਵੇਲੇ ਉਸ ਦੇ ਨਾਲ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।+
2 ਫਿਰ ਉਹ ਇੰਨੀ ਉੱਚੀ-ਉੱਚੀ ਰੋਣ ਲੱਗ ਪਿਆ ਕਿ ਮਿਸਰੀਆਂ ਨੇ ਉਸ ਦਾ ਰੋਣਾ ਸੁਣਿਆ ਅਤੇ ਬਾਅਦ ਵਿਚ ਫ਼ਿਰਊਨ ਦੇ ਘਰਾਣੇ ਨੂੰ ਵੀ ਇਸ ਬਾਰੇ ਦੱਸਿਆ ਗਿਆ।
3 ਅਖ਼ੀਰ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: “ਮੈਂ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜੀਉਂਦਾ ਹੈ?” ਪਰ ਉਸ ਦੇ ਭਰਾ ਹੱਕੇ-ਬੱਕੇ ਰਹਿ ਗਏ ਜਿਸ ਕਰਕੇ ਉਹ ਉਸ ਨੂੰ ਕੋਈ ਜਵਾਬ ਨਾ ਦੇ ਸਕੇ।
4 ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਕੋਲ ਆਓ।” ਉਹ ਉਸ ਦੇ ਕੋਲ ਆਏ।
ਫਿਰ ਉਸ ਨੇ ਕਿਹਾ: “ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸੀਂ ਮਿਸਰ ਵਿਚ ਵੇਚ ਦਿੱਤਾ ਸੀ।+
5 ਪਰ ਤੁਸੀਂ ਇਸ ਕਰਕੇ ਨਾ ਤਾਂ ਦੁਖੀ ਹੋਵੋ ਤੇ ਨਾ ਹੀ ਇਕ-ਦੂਜੇ ਨੂੰ ਦੋਸ਼ੀ ਠਹਿਰਾਓ ਕਿ ਤੁਸੀਂ ਮੈਨੂੰ ਵੇਚਿਆ ਸੀ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ-ਅੱਗੇ ਘੱਲਿਆ ਤਾਂਕਿ ਅਸੀਂ ਸਾਰੇ ਜੀਉਂਦੇ ਰਹੀਏ।+
6 ਇਹ ਕਾਲ਼ ਦਾ ਦੂਸਰਾ ਸਾਲ ਹੈ+ ਅਤੇ ਅਗਲੇ ਪੰਜਾਂ ਸਾਲਾਂ ਦੌਰਾਨ ਕਾਲ਼ ਪਿਆ ਰਹੇਗਾ ਅਤੇ ਇਨ੍ਹਾਂ ਸਾਲਾਂ ਦੌਰਾਨ ਵਾਹੀ ਅਤੇ ਵਾਢੀ ਨਹੀਂ ਹੋਵੇਗੀ।
7 ਪਰ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ-ਅੱਗੇ ਘੱਲਿਆ ਤਾਂਕਿ ਤੁਹਾਡੀ ਔਲਾਦ ਧਰਤੀ* ਉੱਤੇ ਜੀਉਂਦੀ ਰਹੇ+ ਅਤੇ ਉਹ ਤੁਹਾਨੂੰ ਸ਼ਾਨਦਾਰ ਤਰੀਕੇ ਨਾਲ ਬਚਾ ਕੇ ਜੀਉਂਦਾ ਰੱਖੇ।
8 ਇਸ ਲਈ ਮੈਨੂੰ ਤੁਸੀਂ ਨਹੀਂ, ਸਗੋਂ ਸੱਚੇ ਪਰਮੇਸ਼ੁਰ ਨੇ ਇੱਥੇ ਘੱਲਿਆ ਸੀ ਤਾਂਕਿ ਮੈਨੂੰ ਫ਼ਿਰਊਨ ਦਾ ਮੁੱਖ ਸਲਾਹਕਾਰ* ਅਤੇ ਉਸ ਦੇ ਪੂਰੇ ਘਰਾਣੇ ਦਾ ਸੁਆਮੀ ਅਤੇ ਮਿਸਰ ਦਾ ਹਾਕਮ ਨਿਯੁਕਤ ਕੀਤਾ ਜਾਵੇ।+
9 “ਹੁਣ ਛੇਤੀ ਤੋਂ ਛੇਤੀ ਮੇਰੇ ਪਿਤਾ ਕੋਲ ਮੁੜ ਜਾਓ ਅਤੇ ਉਸ ਨੂੰ ਕਹੋ, ‘ਤੇਰੇ ਪੁੱਤਰ ਯੂਸੁਫ਼ ਨੇ ਇਸ ਤਰ੍ਹਾਂ ਕਿਹਾ ਹੈ: “ਪਰਮੇਸ਼ੁਰ ਨੇ ਮੈਨੂੰ ਪੂਰੇ ਮਿਸਰ ਦਾ ਹਾਕਮ ਬਣਾਇਆ ਹੈ।+ ਤੂੰ ਬਿਨਾਂ ਦੇਰ ਕੀਤਿਆਂ ਮੇਰੇ ਕੋਲ ਆ ਜਾਹ।+
10 ਤੂੰ ਗੋਸ਼ਨ ਦੇ ਇਲਾਕੇ ਵਿਚ ਰਹੇਂਗਾ+ ਅਤੇ ਮੇਰੇ ਨੇੜੇ ਹੋਵੇਂਗਾ। ਨਾਲੇ ਤੇਰੇ ਪੁੱਤਰ, ਤੇਰੇ ਪੋਤੇ, ਤੇਰੀਆਂ ਭੇਡਾਂ-ਬੱਕਰੀਆਂ, ਗਾਂਵਾਂ-ਬਲਦ ਅਤੇ ਤੇਰਾ ਸਭ ਕੁਝ ਉੱਥੇ ਹੀ ਹੋਵੇਗਾ।
11 ਮੈਂ ਤੈਨੂੰ ਖਾਣ ਲਈ ਭੋਜਨ ਦਿਆਂਗਾ ਕਿਉਂਕਿ ਕਾਲ਼ ਅਜੇ ਪੰਜ ਸਾਲ ਹੋਰ ਰਹੇਗਾ।+ ਜੇ ਤੂੰ ਇੱਥੇ ਨਾ ਆਇਆ, ਤਾਂ ਤੇਰਾ ਸਭ ਕੁਝ ਖ਼ਤਮ ਹੋ ਜਾਵੇਗਾ ਅਤੇ ਤੂੰ ਤੇ ਤੇਰਾ ਪਰਿਵਾਰ ਗ਼ਰੀਬ ਹੋ ਜਾਵੇਗਾ।”’
12 ਤੁਸੀਂ ਅਤੇ ਬਿਨਯਾਮੀਨ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਕਿ ਮੈਂ ਯੂਸੁਫ਼ ਹੀ ਹਾਂ ਜੋ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੈ।+
13 ਇਸ ਲਈ ਤੁਸੀਂ ਮੇਰੇ ਪਿਤਾ ਨੂੰ ਮਿਸਰ ਵਿਚ ਮੇਰੀ ਸ਼ਾਨੋ-ਸ਼ੌਕਤ ਅਤੇ ਹੋਰ ਚੀਜ਼ਾਂ ਬਾਰੇ ਦੱਸਿਓ ਜੋ ਤੁਸੀਂ ਦੇਖੀਆਂ ਹਨ। ਹੁਣ ਤੁਸੀਂ ਫਟਾਫਟ ਮੇਰੇ ਪਿਤਾ ਨੂੰ ਇੱਥੇ ਲੈ ਆਓ।”
14 ਫਿਰ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ਼ੇ ਲੱਗ ਕੇ ਰੋਣ ਲੱਗ ਪਿਆ ਅਤੇ ਬਿਨਯਾਮੀਨ ਵੀ ਉਸ ਦੇ ਗਲ਼ੇ ਲੱਗ ਕੇ ਰੋਣ ਲੱਗ ਪਿਆ।+
15 ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਦੇ ਗਲ਼ੇ ਲੱਗ ਕੇ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲਾਂ ਕੀਤੀਆਂ।
16 ਇਹ ਖ਼ਬਰ ਫ਼ਿਰਊਨ ਦੇ ਮਹਿਲ ਵੀ ਪਹੁੰਚ ਗਈ: “ਯੂਸੁਫ਼ ਦੇ ਭਰਾ ਆਏ ਹਨ!” ਇਹ ਸੁਣ ਕੇ ਫ਼ਿਰਊਨ ਅਤੇ ਉਸ ਦੇ ਅਧਿਕਾਰੀ ਖ਼ੁਸ਼ ਹੋਏ।
17 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਆਪਣੇ ਭਰਾਵਾਂ ਨੂੰ ਕਹਿ, ‘ਇਸ ਤਰ੍ਹਾਂ ਕਰੋ: ਆਪਣੇ ਜਾਨਵਰਾਂ ’ਤੇ ਖਾਣ-ਪੀਣ ਦੀਆਂ ਚੀਜ਼ਾਂ ਲੱਦੋ ਅਤੇ ਕਨਾਨ ਦੇਸ਼ ਨੂੰ ਚਲੇ ਜਾਓ
18 ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਲੈ ਕੇ ਇੱਥੇ ਮੇਰੇ ਕੋਲ ਆ ਜਾਓ। ਮੈਂ ਤੁਹਾਨੂੰ ਮਿਸਰ ਦੀਆਂ ਚੰਗੀਆਂ ਚੀਜ਼ਾਂ ਦਿਆਂਗਾ ਅਤੇ ਤੁਸੀਂ ਇਸ ਦੇਸ਼ ਦੀ ਜ਼ਮੀਨ ਦੀਆਂ ਵਧੀਆ-ਵਧੀਆ ਚੀਜ਼ਾਂ ਖਾਓਗੇ।’+
19 ਤੂੰ ਉਨ੍ਹਾਂ ਨੂੰ ਹੁਕਮ ਦੇ:+ ‘ਇਸ ਤਰ੍ਹਾਂ ਕਰੋ: ਮਿਸਰ ਤੋਂ ਆਪਣੇ ਨਾਲ ਗੱਡੇ ਲੈ ਜਾਓ+ ਅਤੇ ਉਨ੍ਹਾਂ ਉੱਤੇ ਆਪਣੇ ਬੱਚਿਆਂ, ਆਪਣੀਆਂ ਪਤਨੀਆਂ ਤੇ ਆਪਣੇ ਪਿਤਾ ਨੂੰ ਬਿਠਾ ਕੇ ਇੱਥੇ ਲੈ ਆਓ।+
20 ਆਪਣੀਆਂ ਚੀਜ਼ਾਂ ਦੀ ਚਿੰਤਾ ਨਾ ਕਰਿਓ+ ਕਿਉਂਕਿ ਮਿਸਰ ਦਾ ਸਭ ਤੋਂ ਵਧੀਆ ਇਲਾਕਾ ਤੁਹਾਨੂੰ ਦਿੱਤਾ ਜਾਵੇਗਾ।’”
21 ਇਜ਼ਰਾਈਲ ਦੇ ਪੁੱਤਰਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਫ਼ਿਰਊਨ ਦਾ ਹੁਕਮ ਮੰਨਦੇ ਹੋਏ ਯੂਸੁਫ਼ ਨੇ ਉਨ੍ਹਾਂ ਨੂੰ ਗੱਡੇ ਦਿੱਤੇ ਅਤੇ ਸਫ਼ਰ ਵਾਸਤੇ ਰੋਟੀ-ਪਾਣੀ ਦਿੱਤਾ।
22 ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਇਕ-ਇਕ ਪੁਸ਼ਾਕ ਦਿੱਤੀ, ਪਰ ਬਿਨਯਾਮੀਨ ਨੂੰ 300 ਸ਼ੇਕੇਲ* ਚਾਂਦੀ ਅਤੇ ਪੰਜ ਪੁਸ਼ਾਕਾਂ ਦਿੱਤੀਆਂ।+
23 ਉਸ ਨੇ ਆਪਣੇ ਪਿਤਾ ਲਈ ਇਹ ਸਭ ਕੁਝ ਘੱਲਿਆ: ਦਸ ਗਧਿਆਂ ਉੱਤੇ ਮਿਸਰ ਦੀਆਂ ਵਧੀਆ ਤੋਂ ਵਧੀਆ ਚੀਜ਼ਾਂ ਅਤੇ ਆਪਣੇ ਪਿਤਾ ਲਈ ਸਫ਼ਰ ਵਾਸਤੇ ਦਸ ਗਧੀਆਂ ਉੱਤੇ ਅਨਾਜ, ਰੋਟੀ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ।
24 ਫਿਰ ਉਸ ਨੇ ਆਪਣੇ ਭਰਾਵਾਂ ਨੂੰ ਤੋਰ ਦਿੱਤਾ। ਜਦੋਂ ਉਹ ਜਾਣ ਲੱਗੇ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਰਾਹ ਵਿਚ ਤੁਸੀਂ ਇਕ-ਦੂਜੇ ਉੱਤੇ ਗੁੱਸੇ ਨਾ ਹੋਇਓ।”+
25 ਉਹ ਮਿਸਰ ਤੋਂ ਸਫ਼ਰ ਕਰ ਕੇ ਕਨਾਨ ਦੇਸ਼ ਵਿਚ ਆਪਣੇ ਪਿਤਾ ਯਾਕੂਬ ਕੋਲ ਆ ਗਏ।
26 ਫਿਰ ਉਨ੍ਹਾਂ ਨੇ ਉਸ ਨੂੰ ਦੱਸਿਆ: “ਯੂਸੁਫ਼ ਜੀਉਂਦਾ ਹੈ ਅਤੇ ਮਿਸਰ ਦਾ ਹਾਕਮ ਹੈ!”+ ਪਰ ਇਹ ਸੁਣ ਕੇ ਉਹ ਸੁੰਨ ਹੋ ਗਿਆ ਕਿਉਂਕਿ ਉਸ ਨੂੰ ਉਨ੍ਹਾਂ ਦੀਆਂ ਗੱਲਾਂ ’ਤੇ ਯਕੀਨ ਨਹੀਂ ਹੋਇਆ।+
27 ਜਦੋਂ ਉਨ੍ਹਾਂ ਨੇ ਉਸ ਨੂੰ ਯੂਸੁਫ਼ ਦੀਆਂ ਕਹੀਆਂ ਸਾਰੀਆਂ ਗੱਲਾਂ ਦੱਸੀਆਂ ਅਤੇ ਜਦੋਂ ਉਸ ਨੇ ਗੱਡੇ ਦੇਖੇ ਜੋ ਯੂਸੁਫ਼ ਨੇ ਉਸ ਨੂੰ ਲਿਆਉਣ ਲਈ ਘੱਲੇ ਸਨ, ਤਾਂ ਉਸ ਵਿਚ ਦੁਬਾਰਾ ਜਾਨ ਆ ਗਈ।
28 ਇਜ਼ਰਾਈਲ ਨੇ ਖ਼ੁਸ਼ ਹੋ ਕੇ ਕਿਹਾ: “ਬੱਸ ਹੁਣ ਮੈਨੂੰ ਯਕੀਨ ਹੋ ਗਿਆ! ਮੇਰਾ ਪੁੱਤਰ ਯੂਸੁਫ਼ ਜੀਉਂਦਾ ਹੈ! ਮੈਂ ਮਰਨ ਤੋਂ ਪਹਿਲਾਂ ਜਾ ਕੇ ਜ਼ਰੂਰ ਉਸ ਨੂੰ ਮਿਲਾਂਗਾ!”+