ਉਤਪਤ 35:1-29
35 ਇਸ ਤੋਂ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਕਿਹਾ: “ਉੱਠ ਅਤੇ ਬੈਤੇਲ+ ਨੂੰ ਚਲਾ ਜਾਹ ਤੇ ਉੱਥੇ ਰਹਿ। ਉੱਥੇ ਸੱਚੇ ਪਰਮੇਸ਼ੁਰ ਲਈ ਇਕ ਵੇਦੀ ਬਣਾ ਜੋ ਤੇਰੇ ਸਾਮ੍ਹਣੇ ਉਦੋਂ ਪ੍ਰਗਟ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਤੋਂ ਭੱਜ ਰਿਹਾ ਸੀ।”+
2 ਫਿਰ ਯਾਕੂਬ ਨੇ ਆਪਣੇ ਪਰਿਵਾਰ, ਨੌਕਰਾਂ-ਚਾਕਰਾਂ ਅਤੇ ਆਪਣੇ ਨਾਲ ਦੇ ਹੋਰ ਲੋਕਾਂ ਨੂੰ ਕਿਹਾ: “ਤੁਹਾਡੇ ਕੋਲ ਝੂਠੇ ਦੇਵੀ-ਦੇਵਤਿਆਂ ਦੇ ਜਿਹੜੇ ਵੀ ਬੁੱਤ ਹਨ, ਉਨ੍ਹਾਂ ਨੂੰ ਸੁੱਟ ਦਿਓ,+ ਨਹਾ ਕੇ ਕੱਪੜੇ ਬਦਲੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ।
3 ਆਓ ਆਪਾਂ ਬੈਤੇਲ ਨੂੰ ਚਲੀਏ। ਉੱਥੇ ਮੈਂ ਸੱਚੇ ਪਰਮੇਸ਼ੁਰ ਲਈ ਇਕ ਵੇਦੀ ਬਣਾਵਾਂਗਾ ਜਿਸ ਨੇ ਦੁੱਖ ਦੀ ਘੜੀ ਵਿਚ ਮੇਰੀਆਂ ਫ਼ਰਿਆਦਾਂ ਸੁਣੀਆਂ ਸਨ ਅਤੇ ਮੈਂ ਜਿੱਥੇ ਕਿਤੇ ਵੀ ਗਿਆ, ਉਹ ਮੇਰੇ ਨਾਲ ਰਿਹਾ।”+
4 ਇਸ ਲਈ ਉਨ੍ਹਾਂ ਨੇ ਝੂਠੇ ਦੇਵੀ-ਦੇਵਤਿਆਂ ਦੇ ਸਾਰੇ ਬੁੱਤ ਅਤੇ ਆਪਣੇ ਕੰਨਾਂ ਦੀਆਂ ਵਾਲ਼ੀਆਂ ਯਾਕੂਬ ਨੂੰ ਦੇ ਦਿੱਤੀਆਂ ਅਤੇ ਉਸ ਨੇ ਇਹ ਸਭ ਕੁਝ ਸ਼ਕਮ ਦੇ ਲਾਗੇ ਇਕ ਵੱਡੇ ਦਰਖ਼ਤ ਥੱਲੇ ਦੱਬ* ਦਿੱਤਾ।
5 ਜਦੋਂ ਉਹ ਸਫ਼ਰ ਕਰ ਰਹੇ ਸਨ, ਤਾਂ ਪਰਮੇਸ਼ੁਰ ਨੇ ਆਲੇ-ਦੁਆਲੇ ਦੇ ਸ਼ਹਿਰਾਂ ਦੇ ਲੋਕਾਂ ਦੇ ਮਨਾਂ ਵਿਚ ਡਰ ਪਾ ਦਿੱਤਾ ਜਿਸ ਕਰਕੇ ਉਨ੍ਹਾਂ ਨੇ ਯਾਕੂਬ ਦੇ ਪੁੱਤਰਾਂ ਦਾ ਪਿੱਛਾ ਨਹੀਂ ਕੀਤਾ।
6 ਅਖ਼ੀਰ ਯਾਕੂਬ ਆਪਣੇ ਲੋਕਾਂ ਨਾਲ ਕਨਾਨ ਦੇਸ਼ ਦੇ ਸ਼ਹਿਰ ਲੂਜ਼+ (ਜੋ ਕਿ ਬੈਤੇਲ ਹੈ) ਵਿਚ ਪਹੁੰਚ ਗਿਆ।
7 ਉੱਥੇ ਉਸ ਨੇ ਇਕ ਵੇਦੀ ਬਣਾਈ ਅਤੇ ਉਸ ਜਗ੍ਹਾ ਦਾ ਨਾਂ ਏਲ-ਬੈਤੇਲ* ਰੱਖਿਆ ਕਿਉਂਕਿ ਉੱਥੇ ਸੱਚਾ ਪਰਮੇਸ਼ੁਰ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।+
8 ਬਾਅਦ ਵਿਚ ਰਿਬਕਾਹ ਦੀ ਦਾਈ ਦਬੋਰਾਹ+ ਮਰ ਗਈ ਅਤੇ ਉਸ ਨੂੰ ਬੈਤੇਲ ਦੇ ਨੇੜੇ ਇਕ ਬਲੂਤ ਦੇ ਦਰਖ਼ਤ ਥੱਲੇ ਦਫ਼ਨਾ ਦਿੱਤਾ ਗਿਆ। ਇਸ ਲਈ ਉਸ ਨੇ ਉਸ ਜਗ੍ਹਾ ਦਾ ਨਾਂ ਅੱਲੋਨ-ਬਾਕੂਥ* ਰੱਖਿਆ।
9 ਜਦੋਂ ਯਾਕੂਬ ਪਦਨ-ਅਰਾਮ ਤੋਂ ਵਾਪਸ ਆ ਰਿਹਾ ਸੀ, ਤਾਂ ਪਰਮੇਸ਼ੁਰ ਦੁਬਾਰਾ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਅਤੇ ਉਸ ਨੂੰ ਬਰਕਤ ਦਿੱਤੀ।
10 ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੇਰਾ ਨਾਂ ਯਾਕੂਬ ਹੈ।+ ਪਰ ਹੁਣ ਤੋਂ ਤੇਰਾ ਨਾਂ ਯਾਕੂਬ ਨਹੀਂ, ਸਗੋਂ ਇਜ਼ਰਾਈਲ ਹੋਵੇਗਾ।” ਇਸ ਲਈ ਉਸ ਨੇ ਯਾਕੂਬ ਨੂੰ ਇਜ਼ਰਾਈਲ ਸੱਦਣਾ ਸ਼ੁਰੂ ਕਰ ਦਿੱਤਾ।+
11 ਪਰਮੇਸ਼ੁਰ ਨੇ ਅੱਗੇ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ।+ ਮੈਂ ਤੇਰੀ ਸੰਤਾਨ ਨੂੰ ਬਹੁਤ ਵਧਾਵਾਂਗਾ। ਤੂੰ ਕੌਮਾਂ ਦਾ ਪਿਤਾ ਬਣੇਂਗਾ+ ਅਤੇ ਤੇਰੀ ਸੰਤਾਨ ਵਿੱਚੋਂ ਰਾਜੇ ਪੈਦਾ ਹੋਣਗੇ।+
12 ਅਤੇ ਜਿਹੜਾ ਦੇਸ਼ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤਾ ਹੈ, ਉਹ ਦੇਸ਼ ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਦਿਆਂਗਾ।”+
13 ਫਿਰ ਪਰਮੇਸ਼ੁਰ ਉੱਥੋਂ ਚਲਾ ਗਿਆ ਜਿੱਥੇ ਉਸ ਨੇ ਯਾਕੂਬ ਨਾਲ ਗੱਲ ਕੀਤੀ ਸੀ।
14 ਜਿਸ ਜਗ੍ਹਾ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ, ਉੱਥੇ ਉਸ ਨੇ ਇਕ ਪੱਥਰ ਨੂੰ ਯਾਦਗਾਰ ਦੇ ਤੌਰ ਤੇ ਖੜ੍ਹਾ ਕੀਤਾ ਅਤੇ ਉਸ ਉੱਤੇ ਪੀਣ ਦੀ ਭੇਟ ਡੋਲ੍ਹੀ ਅਤੇ ਤੇਲ ਪਾਇਆ।+
15 ਯਾਕੂਬ ਨੇ ਦੁਬਾਰਾ ਉਸ ਜਗ੍ਹਾ ਦਾ ਨਾਂ ਬੈਤੇਲ+ ਰੱਖਿਆ ਜਿੱਥੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਸੀ।
16 ਫਿਰ ਉਹ ਬੈਤੇਲ ਤੋਂ ਚਲੇ ਗਏ। ਉਹ ਜਦੋਂ ਅਜੇ ਅਫਰਾਥ ਤੋਂ ਕੁਝ ਦੂਰ ਸਨ, ਤਾਂ ਰਾਕੇਲ ਨੂੰ ਜਣਨ-ਪੀੜਾਂ ਲੱਗ ਗਈਆਂ ਅਤੇ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ।
17 ਜਦੋਂ ਉਸ ਨੂੰ ਬੱਚੇ ਨੂੰ ਜਨਮ ਦੇਣ ਵਿਚ ਬਹੁਤ ਔਖਿਆਈ ਹੋ ਰਹੀ ਸੀ, ਤਾਂ ਦਾਈ ਨੇ ਉਸ ਨੂੰ ਕਿਹਾ: “ਹੌਸਲਾ ਰੱਖ, ਇਸ ਵਾਰ ਵੀ ਤੇਰੇ ਪੁੱਤਰ ਹੀ ਹੋਵੇਗਾ।”+
18 ਆਖ਼ਰੀ ਸਾਹ ਲੈਂਦਿਆਂ (ਉਹ ਮਰਨ ਵਾਲੀ ਸੀ) ਉਸ ਨੇ ਮੁੰਡੇ ਦਾ ਨਾਂ ਬੇਨ-ਓਨੀ* ਰੱਖਿਆ, ਪਰ ਮੁੰਡੇ ਦੇ ਪਿਤਾ ਨੇ ਉਸ ਦਾ ਨਾਂ ਬਿਨਯਾਮੀਨ*+ ਰੱਖਿਆ।
19 ਉਸ ਵੇਲੇ ਰਾਕੇਲ ਦੀ ਮੌਤ ਹੋ ਗਈ ਅਤੇ ਉਸ ਨੂੰ ਅਫਰਾਥ (ਜੋ ਕਿ ਬੈਤਲਹਮ ਹੈ) ਨੂੰ ਜਾਂਦੇ ਰਾਹ ਵਿਚ ਦਫ਼ਨਾ ਦਿੱਤਾ ਗਿਆ।+
20 ਯਾਕੂਬ ਨੇ ਉਸ ਦੀ ਕਬਰ ʼਤੇ ਇਕ ਥੰਮ੍ਹ ਖੜ੍ਹਾ ਕੀਤਾ। ਇਹ ਥੰਮ੍ਹ ਰਾਕੇਲ ਦੀ ਕਬਰ ਉੱਤੇ ਅੱਜ ਦੇ ਦਿਨ ਤਕ ਹੈ।
21 ਇਸ ਤੋਂ ਬਾਅਦ ਇਜ਼ਰਾਈਲ ਉੱਥੋਂ ਚਲਾ ਗਿਆ ਅਤੇ ਏਦਰ ਦੇ ਬੁਰਜ ਤੋਂ ਕੁਝ ਦੂਰ ਅੱਗੇ ਜਾ ਕੇ ਡੇਰਾ ਲਾਇਆ।
22 ਜਦੋਂ ਇਜ਼ਰਾਈਲ ਉਸ ਇਲਾਕੇ ਵਿਚ ਰਹਿ ਰਿਹਾ ਸੀ, ਤਾਂ ਇਕ ਵਾਰ ਰਊਬੇਨ ਨੇ ਆਪਣੇ ਪਿਤਾ ਦੀ ਰਖੇਲ ਬਿਲਹਾਹ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਅਤੇ ਇਜ਼ਰਾਈਲ ਨੂੰ ਇਸ ਦੀ ਖ਼ਬਰ ਮਿਲੀ।+
ਯਾਕੂਬ ਦੇ 12 ਪੁੱਤਰ ਸਨ।
23 ਲੇਆਹ ਦੀ ਕੁੱਖੋਂ ਯਾਕੂਬ ਦਾ ਜੇਠਾ ਮੁੰਡਾ ਰਊਬੇਨ,+ ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ ਅਤੇ ਜ਼ਬੂਲੁਨ ਪੈਦਾ ਹੋਏ।
24 ਰਾਕੇਲ ਦੀ ਕੁੱਖੋਂ ਯੂਸੁਫ਼ ਅਤੇ ਬਿਨਯਾਮੀਨ ਪੈਦਾ ਹੋਏ।
25 ਰਾਕੇਲ ਦੀ ਨੌਕਰਾਣੀ ਬਿਲਹਾਹ ਦੀ ਕੁੱਖੋਂ ਦਾਨ ਅਤੇ ਨਫ਼ਤਾਲੀ ਪੈਦਾ ਹੋਏ।
26 ਲੇਆਹ ਦੀ ਨੌਕਰਾਣੀ ਜਿਲਫਾਹ ਦੀ ਕੁੱਖੋਂ ਗਾਦ ਅਤੇ ਆਸ਼ੇਰ ਪੈਦਾ ਹੋਏ। ਇਹ ਯਾਕੂਬ ਦੇ ਪੁੱਤਰ ਸਨ ਜੋ ਪਦਨ-ਅਰਾਮ ਵਿਚ ਪੈਦਾ ਹੋਏ ਸਨ।
27 ਅਖ਼ੀਰ ਯਾਕੂਬ ਕਿਰਯਥ-ਅਰਬਾ (ਜੋ ਕਿ ਹਬਰੋਨ ਹੈ) ਦੇ ਲਾਗੇ ਮਮਰੇ ਵਿਚ ਆਪਣੇ ਪਿਤਾ ਇਸਹਾਕ ਕੋਲ ਪਹੁੰਚ ਗਿਆ+ ਜਿੱਥੇ ਅਬਰਾਹਾਮ ਤੇ ਇਸਹਾਕ ਪਰਦੇਸੀਆਂ ਵਜੋਂ ਰਹੇ ਸਨ।+
28 ਉਸ ਵੇਲੇ ਇਸਹਾਕ ਦੀ ਉਮਰ 180 ਸਾਲ ਸੀ।+
29 ਫਿਰ ਉਸ ਨੇ ਆਖ਼ਰੀ ਸਾਹ ਲਿਆ ਅਤੇ ਉਹ ਲੰਬੀ ਤੇ ਵਧੀਆ ਜ਼ਿੰਦਗੀ ਜੀਉਣ ਤੋਂ ਬਾਅਦ ਮਰ ਗਿਆ ਅਤੇ ਆਪਣੇ ਲੋਕਾਂ ਵਿਚ ਜਾ ਰਲ਼ਿਆ।* ਉਸ ਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸ ਨੂੰ ਦਫ਼ਨਾ ਦਿੱਤਾ।+
ਫੁਟਨੋਟ
^ ਜਾਂ, “ਲੁਕਾ।”
^ ਮਤਲਬ “ਬੈਤੇਲ ਦਾ ਪਰਮੇਸ਼ੁਰ।”
^ ਮਤਲਬ “ਰੋਣ ਲਈ ਵੱਡਾ ਦਰਖ਼ਤ।”
^ ਇਬ, “ਬੀ।”
^ ਮਤਲਬ “ਮੇਰੇ ਸੋਗ ਦਾ ਪੁੱਤਰ।”
^ ਮਤਲਬ “ਸੱਜੇ ਹੱਥ ਦਾ ਪੁੱਤਰ।”
^ ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।