ਉਤਪਤ 27:1-46
27 ਇਸਹਾਕ ਬੁੱਢਾ ਹੋ ਚੁੱਕਾ ਸੀ ਅਤੇ ਨਜ਼ਰ ਕਮਜ਼ੋਰ ਹੋਣ ਕਰਕੇ ਉਸ ਨੂੰ ਦਿਸਣੋਂ ਹਟ ਗਿਆ ਸੀ। ਇਸ ਲਈ ਉਸ ਨੇ ਆਪਣੇ ਵੱਡੇ ਮੁੰਡੇ ਏਸਾਓ ਨੂੰ ਬੁਲਾ ਕੇ ਕਿਹਾ:+ “ਪੁੱਤ!” ਉਸ ਨੇ ਜਵਾਬ ਦਿੱਤਾ: “ਹਾਂਜੀ ਪਿਤਾ ਜੀ।”
2 ਇਸਹਾਕ ਨੇ ਉਸ ਨੂੰ ਕਿਹਾ: “ਸੁਣ! ਮੈਂ ਬੁੱਢਾ ਹੋ ਗਿਆ ਹਾਂ ਅਤੇ ਪਤਾ ਨਹੀਂ ਮੈਂ ਹੋਰ ਕਿੰਨੇ ਦਿਨ ਜੀਉਂਦਾ ਰਹਾਂਗਾ।
3 ਇਸ ਲਈ ਤੂੰ ਹੁਣ ਆਪਣਾ ਤੀਰ-ਕਮਾਨ ਲੈ ਕੇ ਜੰਗਲ ਵਿਚ ਜਾਹ ਅਤੇ ਮੇਰੇ ਲਈ ਸ਼ਿਕਾਰ ਮਾਰ ਕੇ ਲਿਆ।+
4 ਫਿਰ ਉਸ ਦਾ ਸੁਆਦਲਾ ਮੀਟ ਬਣਾ ਜਿਸ ਤਰ੍ਹਾਂ ਦਾ ਮੈਨੂੰ ਪਸੰਦ ਹੈ ਤਾਂ ਜੋ ਮੈਂ ਖਾਵਾਂ ਅਤੇ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।”
5 ਪਰ ਰਿਬਕਾਹ ਨੇ ਇਸਹਾਕ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਜੋ ਉਸ ਨੇ ਏਸਾਓ ਨੂੰ ਕਹੀਆਂ ਸਨ। ਫਿਰ ਏਸਾਓ ਜੰਗਲ ਵਿਚ ਚਲਾ ਗਿਆ ਤਾਂਕਿ ਜਾਨਵਰ ਦਾ ਸ਼ਿਕਾਰ ਕਰ ਕੇ ਘਰ ਲੈ ਆਵੇ।+
6 ਰਿਬਕਾਹ ਨੇ ਯਾਕੂਬ ਨੂੰ ਕਿਹਾ:+ “ਮੈਂ ਤੇਰੇ ਪਿਤਾ ਨੂੰ ਹੁਣੇ-ਹੁਣੇ ਏਸਾਓ ਨੂੰ ਇਹ ਕਹਿੰਦਿਆਂ ਸੁਣਿਆ ਹੈ,
7 ‘ਮੇਰੇ ਲਈ ਸ਼ਿਕਾਰ ਮਾਰ ਕੇ ਲਿਆ ਅਤੇ ਉਸ ਦਾ ਸੁਆਦਲਾ ਮੀਟ ਬਣਾ ਕੇ ਮੈਨੂੰ ਖਿਲਾ। ਫਿਰ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਨੂੰ ਹਾਜ਼ਰ-ਨਾਜ਼ਰ ਜਾਣ ਕੇ ਤੈਨੂੰ ਬਰਕਤ ਦਿਆਂਗਾ।’+
8 ਪੁੱਤ, ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਤੇ ਮੈਂ ਜਿਵੇਂ ਕਹਿੰਦੀ ਹਾਂ, ਉਵੇਂ ਕਰ।+
9 ਜਾਹ ਇੱਜੜ ਵਿੱਚੋਂ ਬੱਕਰੀ ਦੇ ਦੋ ਵਧੀਆ ਮੇਮਣੇ ਲੈ ਕੇ ਆ ਤਾਂਕਿ ਮੈਂ ਤੇਰੇ ਪਿਤਾ ਲਈ ਸੁਆਦਲਾ ਮੀਟ ਬਣਾਵਾਂ ਜਿਸ ਤਰ੍ਹਾਂ ਦਾ ਉਸ ਨੂੰ ਪਸੰਦ ਹੈ।
10 ਫਿਰ ਤੂੰ ਉਸ ਨੂੰ ਲਿਜਾ ਕੇ ਆਪਣੇ ਪਿਤਾ ਨੂੰ ਖਿਲਾ ਦੇਈਂ ਤਾਂਕਿ ਉਹ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ।”
11 ਯਾਕੂਬ ਨੇ ਆਪਣੀ ਮਾਂ ਰਿਬਕਾਹ ਨੂੰ ਕਿਹਾ: “ਪਰ ਏਸਾਓ ਦੇ ਸਰੀਰ ’ਤੇ ਵਾਲ਼ ਹੀ ਵਾਲ਼ ਹਨ+ ਜਦ ਕਿ ਮੇਰੇ ਇੰਨੇ ਵਾਲ਼ ਨਹੀਂ ਹਨ।
12 ਜੇ ਪਿਤਾ ਜੀ ਨੇ ਮੈਨੂੰ ਛੂਹ ਕੇ ਦੇਖ ਲਿਆ, ਤਾਂ ਫਿਰ ਕੀ ਹੋਊ?+ ਉਸ ਨੂੰ ਲੱਗਣਾ ਕਿ ਮੈਂ ਉਸ ਦਾ ਮਜ਼ਾਕ ਉਡਾ ਰਿਹਾ ਹਾਂ ਅਤੇ ਉਹ ਮੈਨੂੰ ਬਰਕਤ ਦੇਣ ਦੀ ਬਜਾਇ ਸਰਾਪ ਦੇ ਦੇਵੇਗਾ।”
13 ਇਹ ਸੁਣ ਕੇ ਉਸ ਦੀ ਮਾਂ ਨੇ ਕਿਹਾ: “ਪੁੱਤ, ਤੇਰਾ ਸਰਾਪ ਮੈਨੂੰ ਲੱਗੇ। ਤੂੰ ਫ਼ਿਕਰ ਨਾ ਕਰ। ਬੱਸ ਮੈਂ ਜਿਵੇਂ ਕਹਿੰਦੀ ਹਾਂ, ਉਵੇਂ ਕਰ। ਮੈਨੂੰ ਮੇਮਣੇ ਲਿਆ ਕੇ ਦੇ।”+
14 ਇਸ ਲਈ ਉਸ ਨੇ ਮੇਮਣੇ ਲਿਆ ਕੇ ਆਪਣੀ ਮਾਂ ਨੂੰ ਦੇ ਦਿੱਤੇ ਅਤੇ ਉਸ ਦੀ ਮਾਂ ਨੇ ਸੁਆਦਲਾ ਮੀਟ ਬਣਾਇਆ, ਜਿਵੇਂ ਉਸ ਦੇ ਪਿਤਾ ਨੂੰ ਪਸੰਦ ਸੀ।
15 ਫਿਰ ਘਰ ਵਿਚ ਏਸਾਓ ਦੇ ਜਿਹੜੇ ਸਭ ਤੋਂ ਵਧੀਆ ਕੱਪੜੇ ਸਨ, ਉਹ ਰਿਬਕਾਹ ਨੇ ਆਪਣੇ ਛੋਟੇ ਪੁੱਤਰ ਯਾਕੂਬ ਨੂੰ ਪੁਆ ਦਿੱਤੇ।+
16 ਨਾਲੇ ਉਸ ਨੇ ਉਸ ਦੇ ਹੱਥਾਂ ਅਤੇ ਧੌਣ ਉੱਤੇ, ਜਿੱਥੇ ਵਾਲ਼ ਨਹੀਂ ਸਨ, ਮੇਮਣਿਆਂ ਦੀ ਖੱਲ ਪਾ ਦਿੱਤੀ।+
17 ਫਿਰ ਉਸ ਨੇ ਯਾਕੂਬ ਨੂੰ ਸੁਆਦਲਾ ਮੀਟ ਅਤੇ ਰੋਟੀ ਫੜਾ ਦਿੱਤੀ ਜੋ ਉਸ ਨੇ ਬਣਾਈ ਸੀ।+
18 ਯਾਕੂਬ ਆਪਣੇ ਪਿਤਾ ਕੋਲ ਅੰਦਰ ਗਿਆ ਅਤੇ ਕਿਹਾ: “ਪਿਤਾ ਜੀ!” ਇਸਹਾਕ ਨੇ ਪੁੱਛਿਆ: “ਤੂੰ ਕੌਣ ਹੈਂ, ਏਸਾਓ ਜਾਂ ਯਾਕੂਬ?”
19 ਯਾਕੂਬ ਨੇ ਆਪਣੇ ਪਿਤਾ ਨੂੰ ਕਿਹਾ: “ਮੈਂ ਏਸਾਓ ਤੇਰਾ ਜੇਠਾ ਮੁੰਡਾ ਹਾਂ।+ ਤੂੰ ਜਿਵੇਂ ਕਿਹਾ ਸੀ, ਮੈਂ ਉਵੇਂ ਹੀ ਕੀਤਾ। ਹੁਣ ਕਿਰਪਾ ਕਰ ਕੇ ਬੈਠ ਅਤੇ ਮੇਰੇ ਹੱਥਾਂ ਦਾ ਬਣਿਆ ਮੀਟ ਖਾ ਤਾਂਕਿ ਤੂੰ ਮੈਨੂੰ ਬਰਕਤ ਦੇਵੇਂ।”+
20 ਇਹ ਸੁਣ ਕੇ ਇਸਹਾਕ ਨੇ ਆਪਣੇ ਪੁੱਤਰ ਨੂੰ ਕਿਹਾ: “ਪੁੱਤ, ਤੈਨੂੰ ਇੰਨੀ ਛੇਤੀ ਸ਼ਿਕਾਰ ਕਿੱਥੋਂ ਮਿਲ ਗਿਆ?” ਉਸ ਨੇ ਜਵਾਬ ਦਿੱਤਾ: “ਤੇਰਾ ਪਰਮੇਸ਼ੁਰ ਯਹੋਵਾਹ ਸ਼ਿਕਾਰ ਨੂੰ ਮੇਰੇ ਸਾਮ੍ਹਣੇ ਲੈ ਆਇਆ।”
21 ਫਿਰ ਇਸਹਾਕ ਨੇ ਯਾਕੂਬ ਨੂੰ ਕਿਹਾ: “ਪੁੱਤ, ਜ਼ਰਾ ਮੇਰੇ ਕੋਲ ਆ ਤਾਂਕਿ ਮੈਂ ਛੂਹ ਕੇ ਦੇਖਾਂ ਕਿ ਤੂੰ ਸੱਚੀਂ ਮੇਰਾ ਪੁੱਤਰ ਏਸਾਓ ਹੈਂ ਜਾਂ ਨਹੀਂ।”+
22 ਇਸ ਲਈ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਤੇ ਉਸ ਨੇ ਯਾਕੂਬ ਨੂੰ ਛੂਹਿਆ। ਫਿਰ ਇਸਹਾਕ ਨੇ ਕਿਹਾ: “ਤੇਰੀ ਆਵਾਜ਼ ਤਾਂ ਯਾਕੂਬ ਵਰਗੀ ਹੈ, ਪਰ ਹੱਥ ਏਸਾਓ ਵਰਗੇ ਹਨ।”+
23 ਉਸ ਨੇ ਯਾਕੂਬ ਨੂੰ ਪਛਾਣਿਆ ਨਹੀਂ ਕਿਉਂਕਿ ਏਸਾਓ ਵਾਂਗ ਉਸ ਦੇ ਹੱਥਾਂ ਉੱਤੇ ਵੀ ਵਾਲ਼ ਸਨ। ਇਸ ਲਈ ਉਸ ਨੇ ਯਾਕੂਬ ਨੂੰ ਬਰਕਤ ਦਿੱਤੀ।+
24 ਬਾਅਦ ਵਿਚ ਉਸ ਨੇ ਪੁੱਛਿਆ: “ਕੀ ਤੂੰ ਸੱਚੀਂ ਮੇਰਾ ਪੁੱਤਰ ਏਸਾਓ ਹੈਂ?” ਯਾਕੂਬ ਨੇ ਜਵਾਬ ਦਿੱਤਾ: “ਹਾਂ ਪਿਤਾ ਜੀ।”
25 ਫਿਰ ਉਸ ਨੇ ਕਿਹਾ: “ਪੁੱਤ, ਸ਼ਿਕਾਰ ਦਾ ਮੀਟ ਮੇਰੇ ਲਈ ਲੈ ਕੇ ਆ, ਫਿਰ ਮੈਂ ਤੈਨੂੰ ਬਰਕਤ ਦਿਆਂਗਾ।” ਯਾਕੂਬ ਨੇ ਉਸ ਨੂੰ ਮੀਟ ਦਿੱਤਾ ਅਤੇ ਉਸ ਨੇ ਖਾਧਾ। ਫਿਰ ਯਾਕੂਬ ਨੇ ਉਸ ਨੂੰ ਦਾਖਰਸ ਦਿੱਤਾ ਅਤੇ ਉਸ ਨੇ ਪੀਤਾ।
26 ਫਿਰ ਇਸਹਾਕ ਨੇ ਉਸ ਨੂੰ ਕਿਹਾ: “ਪੁੱਤ, ਮੇਰੇ ਕੋਲ ਆ ਕੇ ਮੈਨੂੰ ਚੁੰਮ।”+
27 ਯਾਕੂਬ ਨੇ ਕੋਲ ਜਾ ਕੇ ਉਸ ਨੂੰ ਚੁੰਮਿਆ ਅਤੇ ਇਸਹਾਕ ਨੂੰ ਉਸ ਦੇ ਕੱਪੜਿਆਂ ਦੀ ਮਹਿਕ ਆਈ।+ ਫਿਰ ਇਸਹਾਕ ਨੇ ਉਸ ਨੂੰ ਬਰਕਤ ਦਿੰਦੇ ਹੋਏ ਕਿਹਾ:
“ਦੇਖੋ! ਮੇਰੇ ਪੁੱਤਰ ਦੀ ਮਹਿਕ ਉਸ ਖੇਤ ਦੀ ਮਹਿਕ ਵਰਗੀ ਹੈ ਜਿਸ ’ਤੇ ਯਹੋਵਾਹ ਨੇ ਬਰਕਤ ਪਾਈ ਹੈ।
28 ਸੱਚਾ ਪਰਮੇਸ਼ੁਰ ਤੈਨੂੰ ਆਕਾਸ਼ੋਂ ਤ੍ਰੇਲ+ ਅਤੇ ਉਪਜਾਊ ਜ਼ਮੀਨ+ ਅਤੇ ਢੇਰ ਸਾਰਾ ਅਨਾਜ ਤੇ ਨਵਾਂ ਦਾਖਰਸ ਦੇਵੇ।+
29 ਲੋਕ ਤੇਰੀ ਸੇਵਾ ਕਰਨ ਅਤੇ ਕੌਮਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਮਾਲਕ ਬਣੇਂ ਅਤੇ ਤੇਰੇ ਭਰਾ ਤੇਰੇ ਅੱਗੇ ਝੁਕਣ।+ ਜਿਹੜਾ ਵੀ ਤੈਨੂੰ ਸਰਾਪ ਦੇਵੇ, ਉਸ ਨੂੰ ਸਰਾਪ ਲੱਗੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ, ਉਸ ਨੂੰ ਬਰਕਤ ਮਿਲੇ।”+
30 ਜਿਵੇਂ ਹੀ ਇਸਹਾਕ ਯਾਕੂਬ ਨੂੰ ਬਰਕਤ ਦੇ ਕੇ ਹਟਿਆ ਅਤੇ ਉਹ ਆਪਣੇ ਪਿਤਾ ਕੋਲੋਂ ਗਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਕਰ ਕੇ ਵਾਪਸ ਆ ਗਿਆ।+
31 ਉਹ ਵੀ ਸੁਆਦਲਾ ਮੀਟ ਬਣਾ ਕੇ ਆਪਣੇ ਪਿਤਾ ਕੋਲ ਲੈ ਕੇ ਆਇਆ ਅਤੇ ਕਿਹਾ: “ਪਿਤਾ ਜੀ, ਬੈਠ ਕੇ ਆਪਣੇ ਪੁੱਤਰ ਦੇ ਹੱਥਾਂ ਦਾ ਬਣਿਆ ਮੀਟ ਖਾ ਤਾਂਕਿ ਤੂੰ ਮੈਨੂੰ ਬਰਕਤ ਦੇਵੇਂ।”
32 ਇਹ ਸੁਣ ਕੇ ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਪੁੱਛਿਆ: “ਤੂੰ ਕੌਣ ਹੈਂ?” ਉਸ ਨੇ ਜਵਾਬ ਦਿੱਤਾ: “ਮੈਂ ਤੇਰਾ ਜੇਠਾ ਮੁੰਡਾ ਏਸਾਓ ਹਾਂ।”+
33 ਇਸਹਾਕ ਜ਼ੋਰ-ਜ਼ੋਰ ਨਾਲ ਕੰਬਣ ਲੱਗ ਪਿਆ ਅਤੇ ਪੁੱਛਿਆ: “ਤਾਂ ਫਿਰ ਉਹ ਕੌਣ ਸੀ ਜੋ ਮੇਰੇ ਲਈ ਸ਼ਿਕਾਰ ਕੀਤੇ ਜਾਨਵਰ ਦਾ ਮੀਟ ਬਣਾ ਕੇ ਲਿਆਇਆ ਸੀ? ਮੈਂ ਤੇਰੇ ਆਉਣ ਤੋਂ ਪਹਿਲਾਂ ਹੀ ਖਾ ਚੁੱਕਾ ਹਾਂ ਅਤੇ ਮੈਂ ਉਸ ਨੂੰ ਬਰਕਤ ਦੇ ਦਿੱਤੀ ਹੈ। ਹੁਣ ਉਸ ਨੂੰ ਬਰਕਤ ਜ਼ਰੂਰ ਮਿਲੇਗੀ!”
34 ਆਪਣੇ ਪਿਤਾ ਦੀ ਗੱਲ ਸੁਣ ਕੇ ਏਸਾਓ ਦਾ ਮਨ ਕੁੜੱਤਣ ਨਾਲ ਭਰ ਗਿਆ ਅਤੇ ਉਹ ਉੱਚੀ-ਉੱਚੀ ਆਪਣੇ ਪਿਤਾ ਨੂੰ ਕਹਿਣ ਲੱਗਾ: “ਪਿਤਾ ਜੀ, ਮੈਨੂੰ ਵੀ ਬਰਕਤ ਦੇ!”+
35 ਪਰ ਉਸ ਨੇ ਕਿਹਾ: “ਤੇਰਾ ਭਰਾ ਧੋਖੇ ਨਾਲ ਮੇਰੇ ਤੋਂ ਬਰਕਤ ਲੈ ਗਿਆ ਜੋ ਮੈਂ ਤੈਨੂੰ ਦੇਣੀ ਸੀ।”
36 ਏਸਾਓ ਨੇ ਕਿਹਾ: “ਐਵੇਂ ਤਾਂ ਨਹੀਂ ਉਸ ਦਾ ਨਾਂ ਯਾਕੂਬ* ਰੱਖਿਆ ਗਿਆ! ਉਸ ਨੇ ਦੋ ਵਾਰ ਮੇਰੀ ਜਗ੍ਹਾ ਲਈ ਹੈ।+ ਪਹਿਲਾਂ ਉਸ ਨੇ ਮੇਰੇ ਤੋਂ ਉਹ ਹੱਕ ਲੈ ਲਿਆ ਜੋ ਮੈਨੂੰ ਜੇਠੇ ਹੋਣ ਕਰਕੇ ਮਿਲਿਆ ਸੀ।+ ਹੁਣ ਉਹ ਮੇਰੀ ਬਰਕਤ ਵੀ ਲੈ ਗਿਆ!”+ ਉਸ ਨੇ ਅੱਗੇ ਕਿਹਾ: “ਕੀ ਤੂੰ ਮੇਰੇ ਲਈ ਇਕ ਵੀ ਬਰਕਤ ਨਹੀਂ ਰੱਖੀ?”
37 ਇਸਹਾਕ ਨੇ ਏਸਾਓ ਨੂੰ ਕਿਹਾ: “ਮੈਂ ਉਸ ਨੂੰ ਤੇਰਾ ਮਾਲਕ+ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੇ ਨੌਕਰ ਬਣਾ ਦਿੱਤਾ ਹੈ। ਮੈਂ ਉਸ ਨੂੰ ਭੋਜਨ ਲਈ ਅਨਾਜ ਤੇ ਨਵਾਂ ਦਾਖਰਸ ਦਿੱਤਾ ਹੈ।+ ਪੁੱਤ, ਹੁਣ ਤੈਨੂੰ ਦੇਣ ਲਈ ਮੇਰੇ ਕੋਲ ਕੁਝ ਵੀ ਨਹੀਂ ਰਹਿ ਗਿਆ!”
38 ਏਸਾਓ ਨੇ ਆਪਣੇ ਪਿਤਾ ਨੂੰ ਕਿਹਾ: “ਪਿਤਾ ਜੀ, ਕੀ ਤੇਰੇ ਕੋਲ ਬੱਸ ਇਹੀ ਇਕ ਬਰਕਤ ਸੀ? ਮੈਨੂੰ ਵੀ ਬਰਕਤ ਦੇ!” ਇਹ ਕਹਿ ਕੇ ਏਸਾਓ ਉੱਚੀ-ਉੱਚੀ ਰੋਣ ਲੱਗ ਪਿਆ।+
39 ਇਸ ਲਈ ਇਸਹਾਕ ਨੇ ਉਸ ਨੂੰ ਕਿਹਾ:
“ਸੁਣ, ਜਿੱਥੇ ਤੂੰ ਰਹੇਂਗਾ, ਉੱਥੇ ਦੀ ਜ਼ਮੀਨ ਉਪਜਾਊ ਨਹੀਂ ਹੋਵੇਗੀ ਅਤੇ ਆਕਾਸ਼ੋਂ ਤ੍ਰੇਲ ਨਹੀਂ ਪਵੇਗੀ।+
40 ਤੂੰ ਆਪਣੀ ਤਲਵਾਰ ਦੇ ਜ਼ੋਰ ਨਾਲ ਜ਼ਿੰਦਗੀ ਜੀਏਂਗਾ+ ਅਤੇ ਆਪਣੇ ਭਰਾ ਦੀ ਸੇਵਾ ਕਰੇਂਗਾ।+ ਪਰ ਜਦੋਂ ਤੇਰੇ ਲਈ ਉਸ ਦੀ ਗ਼ੁਲਾਮੀ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਜਾਵੇਗੀ, ਤਾਂ ਤੂੰ ਆਪਣੇ ਆਪ ਨੂੰ ਉਸ ਤੋਂ ਆਜ਼ਾਦ ਕਰ ਲਵੇਂਗਾ।”*+
41 ਪਰ ਏਸਾਓ ਯਾਕੂਬ ਨਾਲ ਵੈਰ ਰੱਖਣ ਲੱਗ ਪਿਆ ਕਿਉਂਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਬਰਕਤ ਦਿੱਤੀ ਸੀ।+ ਏਸਾਓ ਆਪਣੇ ਮਨ ਵਿਚ ਕਹਿੰਦਾ ਰਿਹਾ: “ਪਿਤਾ ਜੀ ਨੇ ਤਾਂ ਹੁਣ ਜ਼ਿਆਦਾ ਦੇਰ ਜੀਉਂਦੇ ਨਹੀਂ ਰਹਿਣਾ।+ ਉਸ ਤੋਂ ਬਾਅਦ ਮੈਂ ਆਪਣੇ ਭਰਾ ਯਾਕੂਬ ਨੂੰ ਜਾਨੋਂ ਮਾਰ ਦੇਣਾ।”
42 ਜਦੋਂ ਏਸਾਓ ਦੀ ਇਹ ਗੱਲ ਰਿਬਕਾਹ ਨੂੰ ਦੱਸੀ ਗਈ, ਤਾਂ ਉਸ ਨੇ ਉਸੇ ਵੇਲੇ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਬੁਲਾ ਕੇ ਕਿਹਾ: “ਦੇਖ! ਤੇਰਾ ਭਰਾ ਏਸਾਓ ਆਪਣਾ ਬਦਲਾ ਲੈਣ ਲਈ ਤੈਨੂੰ ਮਾਰਨ ਬਾਰੇ ਸੋਚ ਰਿਹਾ।*
43 ਪੁੱਤ, ਹੁਣ ਜਿਵੇਂ ਮੈਂ ਕਹਿੰਦੀ ਹਾਂ, ਤੂੰ ਉਵੇਂ ਕਰ। ਤੂੰ ਹਾਰਾਨ ਵਿਚ ਆਪਣੇ ਮਾਮੇ ਲਾਬਾਨ ਕੋਲ ਭੱਜ ਜਾਹ।+
44 ਜਦ ਤਕ ਤੇਰੇ ਭਰਾ ਦਾ ਗੁੱਸਾ ਠੰਢਾ ਨਹੀਂ ਹੋ ਜਾਂਦਾ, ਉਦੋਂ ਤਕ ਤੂੰ ਉੱਥੇ ਰਹੀਂ।
45 ਜਦੋਂ ਉਸ ਦਾ ਗੁੱਸਾ ਸ਼ਾਂਤ ਹੋ ਜਾਵੇਗਾ ਅਤੇ ਉਹ ਭੁੱਲ ਜਾਵੇਗਾ ਕਿ ਤੂੰ ਉਸ ਨਾਲ ਕੀ ਕੀਤਾ, ਤਾਂ ਮੈਂ ਤੈਨੂੰ ਵਾਪਸ ਬੁਲਾ ਲਵਾਂਗੀ। ਮੈਂ ਤੁਹਾਨੂੰ ਦੋਹਾਂ ਨੂੰ ਇੱਕੋ ਦਿਨ ਗੁਆਉਣਾ ਨਹੀਂ ਚਾਹੁੰਦੀ।”
46 ਇਸ ਤੋਂ ਬਾਅਦ ਰਿਬਕਾਹ ਇਸਹਾਕ ਨੂੰ ਵਾਰ-ਵਾਰ ਕਹਿੰਦੀ ਰਹੀ: “ਇਨ੍ਹਾਂ ਹਿੱਤੀ ਔਰਤਾਂ ਕਰਕੇ ਮੈਂ ਬਹੁਤ ਦੁਖੀ ਹਾਂ।+ ਜੇ ਯਾਕੂਬ ਨੇ ਵੀ ਇਨ੍ਹਾਂ ਵਰਗੀ ਇੱਥੇ ਦੀ ਕਿਸੇ ਹਿੱਤੀ ਕੁੜੀ ਨਾਲ ਵਿਆਹ ਕਰਾ ਲਿਆ, ਤਾਂ ਮੈਂ ਜੀਉਂਦੇ-ਜੀ ਮਰ ਜਾਵਾਂਗੀ!”+
ਫੁਟਨੋਟ
^ ਮਤਲਬ “ਅੱਡੀ ਨੂੰ ਫੜਨ ਵਾਲਾ; ਦੂਸਰੇ ਦੀ ਜਗ੍ਹਾ ਲੈਣ ਵਾਲਾ।”
^ ਇਬ, “ਤੂੰ ਆਪਣੀ ਧੌਣ ਤੋਂ ਉਸ ਦਾ ਜੂਲਾ ਭੰਨ ਸੁੱਟੇਂਗਾ।”
^ ਜਾਂ, “ਤੈਨੂੰ ਮਾਰਨ ਬਾਰੇ ਸੋਚ-ਸੋਚ ਕੇ ਆਪਣੇ ਆਪ ਨੂੰ ਤਸੱਲੀ ਦੇ ਰਿਹਾ।”