ਇਬਰਾਨੀਆਂ ਨੂੰ ਚਿੱਠੀ 3:1-19
3 ਇਸ ਕਰਕੇ ਪਵਿੱਤਰ ਭਰਾਵੋ, ਤੁਸੀਂ ਜਿਹੜੇ ਸਵਰਗੀ ਸੱਦੇ ਦੇ ਹਿੱਸੇਦਾਰ ਹੋ,+ ਯਿਸੂ ਉੱਤੇ ਗੌਰ ਕਰੋ ਜਿਸ ਨੂੰ ਅਸੀਂ ਸਾਰਿਆਂ ਸਾਮ੍ਹਣੇ ਰਸੂਲ ਅਤੇ ਮਹਾਂ ਪੁਜਾਰੀ ਕਬੂਲ ਕੀਤਾ ਹੈ।+
2 ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ ਜਿਸ ਨੇ ਉਸ ਨੂੰ ਰਸੂਲ ਅਤੇ ਮਹਾਂ ਪੁਜਾਰੀ ਬਣਾਇਆ ਸੀ,+ ਜਿਵੇਂ ਮੂਸਾ ਪਰਮੇਸ਼ੁਰ ਦੇ ਘਰ* ਵਿਚ ਸੇਵਾ ਕਰਦੇ ਹੋਏ ਉਸ ਪ੍ਰਤੀ ਵਫ਼ਾਦਾਰ ਰਿਹਾ।+
3 ਉਸ* ਨੂੰ ਮੂਸਾ ਨਾਲੋਂ ਜ਼ਿਆਦਾ ਮਹਿਮਾ ਦੇ ਯੋਗ ਗਿਣਿਆ ਗਿਆ ਹੈ+ ਕਿਉਂਕਿ ਘਰ ਨਾਲੋਂ ਇਸ ਨੂੰ ਬਣਾਉਣ ਵਾਲੇ ਦਾ ਜ਼ਿਆਦਾ ਆਦਰ ਹੁੰਦਾ ਹੈ।
4 ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।
5 ਸੇਵਕ ਹੋਣ ਦੇ ਨਾਤੇ ਮੂਸਾ ਨੇ ਪਰਮੇਸ਼ੁਰ ਦੇ ਪੂਰੇ ਘਰ ਵਿਚ ਵਫ਼ਾਦਾਰੀ ਨਾਲ ਸੇਵਾ ਕੀਤੀ ਅਤੇ ਉਸ ਦੀ ਸੇਵਾ ਉਨ੍ਹਾਂ ਗੱਲਾਂ ਦੀ ਗਵਾਹੀ ਸੀ ਜੋ ਬਾਅਦ ਵਿਚ ਦੱਸੀਆਂ ਜਾਣੀਆਂ ਸਨ।
6 ਪਰ ਪੁੱਤਰ ਹੋਣ ਦੇ ਨਾਤੇ ਮਸੀਹ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਦੀ ਦੇਖ-ਭਾਲ ਕੀਤੀ।+ ਅਸੀਂ ਪਰਮੇਸ਼ੁਰ ਦਾ ਘਰ ਹਾਂ,+ ਬਸ਼ਰਤੇ ਕਿ ਅਸੀਂ ਬੇਝਿਜਕ ਹੋ ਕੇ ਬੋਲਣਾ ਨਾ ਛੱਡੀਏ ਅਤੇ ਆਪਣੀ ਉਸ ਉਮੀਦ ਨੂੰ ਮਜ਼ਬੂਤੀ ਨਾਲ ਅਖ਼ੀਰ ਤਕ ਫੜੀ ਰੱਖੀਏ ਜਿਸ ਉੱਤੇ ਅਸੀਂ ਮਾਣ ਕਰਦੇ ਹਾਂ।
7 ਇਸੇ ਕਰਕੇ ਪਵਿੱਤਰ ਸ਼ਕਤੀ ਕਹਿੰਦੀ ਹੈ:+ “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,
8 ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਆਪਣੇ ਦਿਲਾਂ ਨੂੰ ਕਠੋਰ ਕਰ ਕੇ ਮੈਨੂੰ ਡਾਢਾ ਗੁੱਸਾ ਚੜ੍ਹਾਇਆ ਸੀ।+ ਉਸ ਦਿਨ ਉਨ੍ਹਾਂ ਨੇ
9 ਮੈਨੂੰ ਪਰਖਿਆ ਸੀ ਅਤੇ ਮੈਨੂੰ ਚੁਣੌਤੀ ਦਿੱਤੀ ਸੀ, ਭਾਵੇਂ ਕਿ ਉਨ੍ਹਾਂ ਨੇ 40 ਸਾਲ ਮੇਰੇ ਕੰਮ ਦੇਖੇ ਸਨ।+
10 ਇਸ ਕਰਕੇ ਮੈਨੂੰ ਉਸ ਪੀੜ੍ਹੀ ਨਾਲ ਘਿਰਣਾ ਹੋ ਗਈ ਅਤੇ ਮੈਂ ਕਿਹਾ: ‘ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ ਅਤੇ ਇਹ ਮੇਰੇ ਰਾਹਾਂ ʼਤੇ ਨਹੀਂ ਚੱਲਦੇ।’
11 ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ: ‘ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।’”+
12 ਭਰਾਵੋ, ਖ਼ਬਰਦਾਰ ਰਹੋ, ਤੁਸੀਂ ਕਿਤੇ ਜੀਉਂਦੇ ਪਰਮੇਸ਼ੁਰ ਤੋਂ ਦੂਰ ਨਾ ਚਲੇ ਜਾਇਓ ਜਿਸ ਕਰਕੇ ਤੁਹਾਡਾ ਦਿਲ ਦੁਸ਼ਟ ਬਣ ਜਾਵੇ ਅਤੇ ਤੁਹਾਡੀ ਨਿਹਚਾ ਖ਼ਤਮ ਹੋ ਜਾਵੇ;+
13 ਪਰ ਜਿੰਨਾ ਚਿਰ “ਅੱਜ”+ ਦਾ ਦਿਨ ਚੱਲ ਰਿਹਾ ਹੈ, ਤੁਸੀਂ ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ ਤਾਂਕਿ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੀ ਧੋਖਾ ਦੇਣ ਵਾਲੀ ਤਾਕਤ ਨਾਲ ਕਠੋਰ ਨਾ ਬਣ ਜਾਵੇ।
14 ਅਸੀਂ ਤਾਂ ਹੀ ਮਸੀਹ ਦੇ ਹਿੱਸੇਦਾਰ ਬਣਾਂਗੇ ਜੇ ਅਸੀਂ ਆਪਣੇ ਉਸ ਭਰੋਸੇ ਨੂੰ ਅੰਤ ਤਕ ਪੱਕਾ ਰੱਖੀਏ ਜੋ ਸਾਨੂੰ ਸ਼ੁਰੂ ਵਿਚ ਸੀ।+
15 ਜਿਵੇਂ ਧਰਮ-ਗ੍ਰੰਥ ਵਿਚ ਕਿਹਾ ਗਿਆ ਹੈ: “ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ, ਤਾਂ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰਿਓ ਜਿਵੇਂ ਉਜਾੜ ਵਿਚ ਤੁਹਾਡੇ ਪਿਉ-ਦਾਦਿਆਂ ਨੇ ਆਪਣੇ ਦਿਲਾਂ ਨੂੰ ਕਠੋਰ ਕਰ ਕੇ ਮੈਨੂੰ ਡਾਢਾ ਗੁੱਸਾ ਚੜ੍ਹਾਇਆ ਸੀ।”+
16 ਉਹ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਗੱਲ ਸੁਣੀ, ਪਰ ਉਸ ਨੂੰ ਡਾਢਾ ਗੁੱਸਾ ਚੜ੍ਹਾਇਆ ਸੀ? ਕੀ ਇਹ ਉਹ ਸਾਰੇ ਲੋਕ ਨਹੀਂ ਸਨ ਜਿਹੜੇ ਮੂਸਾ ਦੀ ਅਗਵਾਈ ਅਧੀਨ ਮਿਸਰ ਵਿੱਚੋਂ ਨਿਕਲੇ ਸਨ?+
17 ਇਸ ਤੋਂ ਇਲਾਵਾ, ਪਰਮੇਸ਼ੁਰ ਨੇ 40 ਸਾਲਾਂ ਤਕ ਕਿਨ੍ਹਾਂ ਨਾਲ ਘਿਰਣਾ ਕੀਤੀ ਸੀ?+ ਕੀ ਇਹ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਪਾਪ ਕੀਤਾ ਸੀ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿਚ ਡਿਗੀਆਂ ਸਨ?+
18 ਅਤੇ ਉਸ ਨੇ ਸਹੁੰ ਖਾ ਕੇ ਕਿਨ੍ਹਾਂ ਨੂੰ ਕਿਹਾ ਸੀ ਕਿ ਉਹ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ? ਕੀ ਇਹ ਉਹ ਲੋਕ ਨਹੀਂ ਸਨ ਜਿਨ੍ਹਾਂ ਨੇ ਅਣਆਗਿਆਕਾਰੀ ਕੀਤੀ ਸੀ?
19 ਇਸ ਲਈ ਅਸੀਂ ਦੇਖਦੇ ਹਾਂ ਕਿ ਨਿਹਚਾ ਨਾ ਹੋਣ ਕਰਕੇ ਉਹ ਉਸ ਦੇ ਆਰਾਮ ਵਿਚ ਸ਼ਾਮਲ ਨਹੀਂ ਹੋ ਸਕੇ।+