ਅਫ਼ਸੀਆਂ ਨੂੰ ਚਿੱਠੀ 6:1-24
6 ਬੱਚਿਓ, ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ+ ਕਿਉਂਕਿ ਪਰਮੇਸ਼ੁਰ ਦੀ ਇਹੀ ਇੱਛਾ ਹੈ ਅਤੇ ਉਸ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਕਰਨਾ ਸਹੀ ਹੈ।
2 “ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ”+ ਕਿਉਂਕਿ ਇਹ ਪਹਿਲਾ ਹੁਕਮ ਹੈ ਜਿਸ ਦੇ ਨਾਲ ਇਹ ਵਾਅਦਾ ਵੀ ਕੀਤਾ ਗਿਆ ਹੈ:
3 “ਤਾਂਕਿ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਬੀ ਹੋਵੇ।”
4 ਹੇ ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ,+ ਸਗੋਂ ਯਹੋਵਾਹ ਦਾ ਅਨੁਸ਼ਾਸਨ+ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।+
5 ਗ਼ੁਲਾਮੋ, ਆਪਣੇ ਇਨਸਾਨੀ ਮਾਲਕਾਂ ਦਾ ਡਰ ਅਤੇ ਆਦਰ ਨਾਲ ਦਿਲੋਂ ਕਹਿਣਾ ਮੰਨੋ,+ ਠੀਕ ਜਿਵੇਂ ਤੁਸੀਂ ਮਸੀਹ ਦਾ ਕਹਿਣਾ ਮੰਨਦੇ ਹੋ।
6 ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਇਸ ਤਰ੍ਹਾਂ ਸਿਰਫ਼ ਉਦੋਂ ਹੀ ਨਹੀਂ ਕਰਨਾ ਚਾਹੀਦਾ ਜਦੋਂ ਉਹ ਤੁਹਾਨੂੰ ਦੇਖ ਰਹੇ ਹੋਣ,+ ਸਗੋਂ ਮਸੀਹ ਦੇ ਦਾਸ ਹੋਣ ਕਰਕੇ ਜੀ-ਜਾਨ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ।+
7 ਸਹੀ ਰਵੱਈਆ ਰੱਖਦੇ ਹੋਏ ਆਪਣੇ ਮਾਲਕ ਦੀ ਇਸ ਤਰ੍ਹਾਂ ਸੇਵਾ ਕਰੋ ਜਿਵੇਂ ਤੁਸੀਂ ਇਨਸਾਨਾਂ ਦੀ ਨਹੀਂ, ਬਲਕਿ ਯਹੋਵਾਹ ਦੀ ਸੇਵਾ ਕਰ ਰਹੇ ਹੋ+
8 ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਇਨਸਾਨ ਜੋ ਵੀ ਭਲਾ ਕੰਮ ਕਰਦਾ ਹੈ, ਉਸ ਦਾ ਫਲ ਉਸ ਨੂੰ ਯਹੋਵਾਹ ਤੋਂ ਮਿਲੇਗਾ,+ ਚਾਹੇ ਉਹ ਗ਼ੁਲਾਮ ਹੋਵੇ ਜਾਂ ਆਜ਼ਾਦ।
9 ਮਾਲਕੋ, ਤੁਸੀਂ ਵੀ ਆਪਣੇ ਗ਼ੁਲਾਮਾਂ ਨਾਲ ਇਸੇ ਤਰ੍ਹਾਂ ਪੇਸ਼ ਆਓ ਅਤੇ ਉਨ੍ਹਾਂ ਨੂੰ ਧਮਕਾਓ ਨਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਅਤੇ ਉਨ੍ਹਾਂ ਦਾ ਮਾਲਕ ਸਵਰਗ ਵਿਚ ਹੈ+ ਅਤੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ।
10 ਅਖ਼ੀਰ ਵਿਚ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਪ੍ਰਭੂ ਤੋਂ ਤਾਕਤ ਪਾਉਂਦੇ ਰਹੋ+ ਅਤੇ ਉਸ ਦੇ ਡਾਢੇ ਬਲ ਦੀ ਮਦਦ ਨਾਲ ਤਕੜੇ ਹੁੰਦੇ ਜਾਓ।
11 ਤੁਸੀਂ ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਬਸਤਰ ਪਹਿਨ ਲਓ+ ਅਤੇ ਹਥਿਆਰ ਚੁੱਕ ਲਓ
12 ਕਿਉਂਕਿ ਸਾਡੀ ਲੜਾਈ*+ ਇਨਸਾਨਾਂ ਨਾਲ ਨਹੀਂ, ਸਗੋਂ ਸਰਕਾਰਾਂ, ਅਧਿਕਾਰ ਰੱਖਣ ਵਾਲਿਆਂ ਅਤੇ ਇਸ ਹਨੇਰੀ ਦੁਨੀਆਂ ਦੇ ਹਾਕਮਾਂ ਯਾਨੀ ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ+ ਜੋ ਸਵਰਗੀ ਥਾਵਾਂ ਵਿਚ ਹਨ।
13 ਇਸ ਲਈ ਤੁਸੀਂ ਪਰਮੇਸ਼ੁਰ ਵੱਲੋਂ ਦਿੱਤੇ ਸਾਰੇ ਹਥਿਆਰ ਚੁੱਕੋ ਅਤੇ ਬਸਤਰ ਪਹਿਨ ਲਓ+ ਤਾਂਕਿ ਤੁਸੀਂ ਬੁਰੇ ਸਮੇਂ ਵਿਚ ਮੁਕਾਬਲਾ ਕਰ ਸਕੋ ਅਤੇ ਪੂਰੀ ਤਿਆਰੀ ਕਰਨ ਤੋਂ ਬਾਅਦ ਮਜ਼ਬੂਤੀ ਨਾਲ ਖੜ੍ਹੇ ਰਹਿ ਸਕੋ।
14 ਇਸ ਲਈ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਆਪਣੇ ਲੱਕ ਦੁਆਲੇ ਸੱਚਾਈ ਦਾ ਕਮਰਬੰਦ* ਬੰਨ੍ਹੋ,+ ਧਾਰਮਿਕਤਾ* ਦਾ ਸੀਨਾਬੰਦ ਪਹਿਨੋ+
15 ਅਤੇ ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾ ਕੇ ਤਿਆਰ ਰਹੋ।+
16 ਇਨ੍ਹਾਂ ਤੋਂ ਇਲਾਵਾ ਆਪਣੇ ਕੋਲ ਨਿਹਚਾ ਦੀ ਵੱਡੀ ਢਾਲ ਰੱਖੋ+ ਜਿਸ ਨਾਲ ਤੁਸੀਂ ਸ਼ੈਤਾਨ* ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ ਸਕੋਗੇ।+
17 ਨਾਲੇ ਆਪਣੇ ਸਿਰ ’ਤੇ ਮੁਕਤੀ ਦਾ ਟੋਪ ਪਹਿਨੋ+ ਅਤੇ ਹੱਥ ਵਿਚ ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦਾ ਬਚਨ ਲਓ।+
18 ਇਸ ਦੇ ਨਾਲ-ਨਾਲ ਹਰ ਮੌਕੇ ’ਤੇ ਪਵਿੱਤਰ ਸ਼ਕਤੀ ਦੁਆਰਾ+ ਪਰਮੇਸ਼ੁਰ ਨੂੰ ਹਰ ਤਰ੍ਹਾਂ ਦੀ ਪ੍ਰਾਰਥਨਾ ਅਤੇ ਫ਼ਰਿਆਦ ਕਰਦੇ ਰਹੋ।+ ਇਸ ਤਰ੍ਹਾਂ ਕਰਨ ਲਈ ਜਾਗਦੇ ਰਹੋ ਅਤੇ ਸਾਰੇ ਪਵਿੱਤਰ ਸੇਵਕਾਂ ਲਈ ਹਰ ਵੇਲੇ ਫ਼ਰਿਆਦ ਕਰਦੇ ਰਹੋ।
19 ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦ ਮੈਂ ਗੱਲ ਕਰਾਂ, ਤਾਂ ਮੇਰੀ ਜ਼ਬਾਨ ’ਤੇ ਸਹੀ ਸ਼ਬਦ ਆਉਣ ਅਤੇ ਮੈਂ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪਵਿੱਤਰ ਭੇਤ ਸੁਣਾ ਸਕਾਂ+
20 ਕਿਉਂਕਿ ਮੈਂ ਖ਼ੁਸ਼ ਖ਼ਬਰੀ ਦਾ ਰਾਜਦੂਤ+ ਹਾਂ ਅਤੇ ਇਸ ਕਰਕੇ ਮੈਨੂੰ ਬੇੜੀਆਂ ਨਾਲ ਜਕੜਿਆ ਗਿਆ ਹੈ; ਮੇਰੇ ਲਈ ਦੁਆ ਕਰੋ ਕਿ ਮੈਂ ਦਲੇਰੀ ਨਾਲ ਖ਼ੁਸ਼ ਖ਼ਬਰੀ ਸੁਣਾ ਸਕਾਂ ਜਿਵੇਂ ਮੈਨੂੰ ਸੁਣਾਉਣੀ ਚਾਹੀਦੀ ਹੈ।
21 ਹੁਣ ਮੇਰਾ ਪਿਆਰਾ ਭਰਾ ਅਤੇ ਪ੍ਰਭੂ ਦਾ ਵਫ਼ਾਦਾਰ ਸੇਵਕ ਤੁਖੀਕੁਸ+ ਤੁਹਾਨੂੰ ਮੇਰੇ ਬਾਰੇ ਸਾਰਾ ਕੁਝ ਦੱਸੇਗਾ ਤਾਂਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੇਰਾ ਕੀ ਹਾਲ ਹੈ ਅਤੇ ਮੈਂ ਕੀ ਕਰ ਰਿਹਾ ਹਾਂ।+
22 ਮੈਂ ਉਸ ਨੂੰ ਤੁਹਾਡੇ ਕੋਲ ਇਸੇ ਲਈ ਘੱਲ ਰਿਹਾ ਹਾਂ ਤਾਂਕਿ ਉਹ ਤੁਹਾਨੂੰ ਸਾਡਾ ਹਾਲ-ਚਾਲ ਦੱਸ ਸਕੇ ਅਤੇ ਤੁਹਾਡੇ ਦਿਲਾਂ ਨੂੰ ਦਿਲਾਸਾ ਦੇ ਸਕੇ।
23 ਮੇਰੀ ਦੁਆ ਹੈ ਕਿ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਭਰਾਵਾਂ ਨੂੰ ਨਿਹਚਾ ਦੇ ਨਾਲ-ਨਾਲ ਪਿਆਰ ਅਤੇ ਸ਼ਾਂਤੀ ਬਖ਼ਸ਼ਣ।
24 ਉਨ੍ਹਾਂ ਸਾਰਿਆਂ ’ਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ ਜੋ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਕਰਦੇ ਹਨ।