Skip to content

Skip to table of contents

ਸਦੀਪਕ ਜੀਵਨ ਦਾ ਇਕ ਦੁਸ਼ਮਣ

ਸਦੀਪਕ ਜੀਵਨ ਦਾ ਇਕ ਦੁਸ਼ਮਣ

ਅਧਿਆਇ 2

ਸਦੀਪਕ ਜੀਵਨ ਦਾ ਇਕ ਦੁਸ਼ਮਣ

1. ਕਿਉਂਕਿ ਆਮ ਤੌਰ ਤੇ ਖੁਸ਼ੀ ਅਤੇ ਸ਼ਾਂਤੀ ਦਾ ਆਨੰਦ ਨਹੀਂ ਮਾਣਿਆ ਜਾਂਦਾ ਹੈ, ਕੀ ਸਵਾਲ ਪੈਦਾ ਹੁੰਦੇ ਹਨ?

ਧਰਤੀ ਉੱਤੇ ਖੁਸ਼ੀ—ਇਹ ਤਕਰੀਬਨ ਹਰ ਕੋਈ ਚਾਹੁੰਦਾ ਹੈ। ਤਾਂ ਫਿਰ ਇੰਨੇ ਜਣੇ ਦੁੱਖੀ ਕਿਉਂ ਹਨ? ਕੀ ਗ਼ਲਤ ਹੈ? ਜਦੋਂ ਕਿ ਤਕਰੀਬਨ ਹਰ ਕੋਈ ਸ਼ਾਂਤੀ ਚਾਹੁੰਦਾ ਹੈ, ਕੌਮਾਂ ਕਿਉਂ ਯੁੱਧ ਕਰਦੀਆਂ ਹਨ ਅਤੇ ਲੋਕ ਕਿਉਂ ਇਕ ਦੂਸਰੇ ਨਾਲ ਨਫ਼ਰਤ ਕਰਦੇ ਹਨ? ਕੀ ਕੋਈ ਅਜਿਹੀ ਨਿਰਦੇਸ਼ਕ ਸ਼ਕਤੀ ਹੈ ਜਿਹੜੀ ਉਨ੍ਹਾਂ ਨੂੰ ਇਹ ਬੁਰੀਆਂ ਚੀਜ਼ਾਂ ਕਰਨ ਲਈ ਉਤੇਜਿਤ ਕਰਦੀ ਹੈ? ਕੀ ਇਹ ਹੋ ਸਕਦਾ ਹੈ ਕਿ ਇਕੋ ਹੀ ਅਦਿੱਖ ਸ਼ਕਤੀ ਕੌਮਾਂ ਨੂੰ ਨਿਯੰਤ੍ਰਣ ਕਰਦੀ ਹੈ?

2. ਇਤਿਹਾਸ ਵਿਚ ਕਿਹੜੇ ਜੁਰਮਾਂ ਕਰਕੇ ਕਈ ਲੋਕ ਵਿਚਾਰ ਕਰਦੇ ਹਨ ਕਿ ਸ਼ਾਇਦ ਇਕ ਦੁਸ਼ਟ, ਅਦਿੱਖ ਸ਼ਕਤੀ ਮਨੁੱਖਾਂ ਨੂੰ ਨਿਯੰਤ੍ਰਣ ਕਰ ਰਹੀ ਹੈ?

2 ਕਈਆਂ ਨੇ ਇਸ ਬਾਰੇ ਵਿਚਾਰ ਕੀਤਾ ਹੈ ਜਦੋਂ ਉਨ੍ਹਾਂ ਨੇ ਮਨੁੱਖਜਾਤੀ ਦੀ ਭਿਆਨਕ ਕਰੂਰਤਾ ਵੱਲ ਧਿਆਨ ਦਿੱਤਾ—ਜਿਵੇਂ ਡਰਾਉਣੇ ਗੈਸ ਜਿਹੜੇ ਵਿਅਕਤੀਆਂ ਨੂੰ ਮਾਰਨ ਵਾਸਤੇ ਉਨ੍ਹਾਂ ਦੇ ਸਾਹ ਘੁੱਟਣ ਅਤੇ ਉਨ੍ਹਾਂ ਨੂੰ ਸਾੜਨ ਲਈ ਲੜਾਈਆਂ ਵਿਚ ਇਸਤੇਮਾਲ ਕੀਤੇ ਜਾਂਦੇ ਹਨ, ਅਤੇ ਨਪਾਮ ਬੰਬ ਨਾਲੇ ਪਰਮਾਣੂ ਬੰਬ ਵੀ। ਅਤੇ ਅੱਗ-ਵਗ੍ਹਾਊ ਤੋਪ, ਨਜ਼ਰਬੰਧੀ-ਕੈਂਪ, ਅਤੇ ਜਿਵੇਂ ਹਾਲ ਦੇ ਸਾਲਾਂ ਵਿਚ ਕੰਬੋਡੀਆ ਵਿਚ ਹੋਇਆ, ਕਰੋੜਾਂ ਹੀ ਨਿਆਸਰੇ ਲੋਕਾਂ ਦੇ ਇਕੱਠੇ ਕਤਲ ਉੱਤੇ ਵੀ ਵਿਚਾਰ ਕਰੋ। ਕੀ ਤੁਸੀਂ ਸੋਚਦੇ ਹੋ ਕਿ ਇਹ ਸਾਰੀਆਂ ਦੁਸ਼ਟਤਾਈਆਂ ਨਿਰੀਆਂ ਇਤਫ਼ਾਕ ਨਾਲ ਹੀ ਵਾਪਰੀਆਂ ਹਨ? ਮਨੁੱਖ ਖੌਫ਼ਨਾਕ ਕੰਮ ਕਰਨ ਲਈ ਭਾਵੇਂ ਆਪਣੇ ਆਪ ਯੋਗ ਹੈ, ਪਰ ਜਦੋਂ ਤੁਸੀਂ ਉਸ ਦੇ ਵੱਡੇ ਦੁਸ਼ਟਤਾ ਦੇ ਕੰਮਾਂ ਉੱਤੇ ਵਿਚਾਰ ਕਰਦੇ ਹੋ, ਤਾਂ ਕੀ ਇਉਂ ਨਹੀਂ ਜਾਪਦਾ ਹੈ ਕਿ ਉਹ ਇਕ ਦੁਸ਼ਟ, ਅਦਿੱਖ ਸ਼ਕਤੀ ਦੁਆਰਾ ਪ੍ਰਭਾਵਿਤ ਹੋਇਆ ਹੈ?

3. ਬਾਈਬਲ ਇਸ ਦੁਨੀਆਂ ਦੀ ਹਕੂਮਤ ਬਾਰੇ ਕੀ ਆਖਦੀ ਹੈ?

3 ਇਸ ਮਾਮਲੇ ਬਾਰੇ ਅਨੁਮਾਨ ਲਾਉਣ ਦੀ ਜ਼ਰੂਰਤ ਨਹੀਂ ਹੈ। ਬਾਈਬਲ ਸਾਫ਼ ਦਿਖਾਉਂਦੀ ਹੈ ਕਿ ਇਕ ਚਤੁਰ ਅਦਿੱਖ ਵਿਅਕਤੀ ਮਨੁੱਖਾਂ ਅਤੇ ਕੌਮਾਂ ਦੋਹਾਂ ਨੂੰ ਨਿਯੰਤ੍ਰਣ ਕਰਦਾ ਰਿਹਾ ਹੈ। ਬਾਈਬਲ ਵਿਚ, ਯਿਸੂ ਮਸੀਹ ਇਸ ਸ਼ਕਤੀਸ਼ਾਲੀ ਵਿਅਕਤੀ ਨੂੰ “ਇਸ ਜਗਤ ਦਾ ਸਰਦਾਰ” ਆਖਦਾ ਹੈ। (ਯੂਹੰਨਾ 12:31; 14:30; 16:11) ਉਹ ਕੌਣ ਹੈ?

4. ਇਬਲੀਸ ਨੇ ਯਿਸੂ ਨੂੰ ਕੀ ਦਿਖਾਇਆ, ਅਤੇ ਉਸ ਨੇ ਉਸ ਨੂੰ ਕੀ ਪੇਸ਼ ਕੀਤਾ?

4 ਸਾਨੂੰ ਇਹ ਜਾਣਨ ਵਿਚ ਸਹਾਇਤਾ ਕਰਨ ਲਈ ਕਿ ਉਹ ਕੌਣ ਹੈ, ਉਸ ਬਾਰੇ ਸੋਚੋ ਕਿ ਇੱਥੇ ਧਰਤੀ ਉੱਤੇ ਯਿਸੂ ਦੀ ਸੇਵਕਾਈ ਦੇ ਸ਼ੁਰੂ ਵਿਚ ਕੀ ਹੋਇਆ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਬਪਤਿਸਮਾ ਲੈਣ ਤੋਂ ਬਾਅਦ, ਯਿਸੂ ਉਜਾੜ ਵਿਚ ਗਿਆ ਜਿੱਥੇ ਉਹ ਇਕ ਅਦਿੱਖ ਪ੍ਰਾਣੀ ਜਿਹ ਨੂੰ ਸ਼ਤਾਨ ਅਰਥਾਤ ਇਬਲੀਸ ਆਖਿਆ ਜਾਂਦਾ ਹੈ ਦੁਆਰਾ ਪਰਤਾਇਆ ਗਿਆ। ਉਸ ਪਰਤਾਵੇ ਦਾ ਇਕ ਹਿੱਸਾ ਇਸ ਤਰ੍ਹਾਂ ਵਰਣਿਤ ਕੀਤਾ ਗਿਆ ਹੈ: “ਫੇਰ ਸ਼ਤਾਨ ਉਹ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ ਉਹ ਨੂੰ ਵਿਖਾਇਆ। ਅਤੇ ਉਹ ਨੂੰ ਕਿਹਾ, ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ।”—ਮੱਤੀ 4:8, 9.

5. (ੳ) ਕੀ ਦਿਖਾਉਂਦਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਇਬਲੀਸ ਦੀ ਜਾਇਦਾਦ ਹਨ? (ਅ) ਬਾਈਬਲ ਦੇ ਅਨੁਸਾਰ, ‘ਇਸ ਜੁੱਗ ਦਾ ਈਸ਼ੁਰ’ ਕੌਣ ਹੈ?

5 ਜ਼ਰਾ ਵਿਚਾਰ ਕਰੋ ਕਿ ਇਬਲੀਸ ਨੇ ਯਿਸੂ ਮਸੀਹ ਨੂੰ ਕੀ ਪੇਸ਼ ਕੀਤਾ ਸੀ। ਇਹ ਸੀ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ।” ਕੀ ਇਹ ਸਾਰੀਆਂ ਦੁਨੀਆਵੀ ਸਰਕਾਰਾਂ ਸੱਚ-ਮੁੱਚ ਇਬਲੀਸ ਦੀਆਂ ਸਨ? ਜੀ ਹਾਂ, ਨਹੀਂ ਤਾਂ ਉਹ ਯਿਸੂ ਨੂੰ ਇਹ ਕਿਸ ਤਰ੍ਹਾਂ ਪੇਸ਼ ਕਰ ਸਕਦਾ ਸੀ? ਯਿਸੂ ਨੇ ਇਨਕਾਰ ਨਹੀਂ ਕੀਤਾ ਕਿ ਇਹ ਸ਼ਤਾਨ ਦੀਆਂ ਸਨ, ਜੋ ਉਹ ਜ਼ਰੂਰ ਕਰਦਾ ਅਗਰ ਸ਼ਤਾਨ ਉਨ੍ਹਾਂ ਦਾ ਮਾਲਕ ਨਾ ਹੁੰਦਾ। ਸ਼ਤਾਨ ਸੱਚ-ਮੁੱਚ ਦੁਨੀਆਂ ਦੀਆਂ ਸਾਰੀਆਂ ਕੌਮਾਂ ਦਾ ਅਦਿੱਖ ਸ਼ਾਸਕ ਹੈ! ਬਾਈਬਲ ਸਾਫ਼ ਆਖਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਅਸਲ ਵਿਚ, ਪਰਮੇਸ਼ੁਰ ਦਾ ਸ਼ਬਦ, ਸ਼ਤਾਨ ਨੂੰ ‘ਇਸ ਜੁੱਗ ਦਾ ਈਸ਼ੁਰ’ ਆਖਦਾ ਹੈ।—2 ਕੁਰਿੰਥੀਆਂ 4:4.

6. (ੳ) ਸ਼ਤਾਨ ਦੀ ਹਕੂਮਤ ਬਾਰੇ ਇਹ ਜਾਣਕਾਰੀ ਕੀ ਸਮਝਣ ਵਿਚ ਸਾਡੀ ਸਹਾਇਤਾ ਕਰਦੀ ਹੈ? (ਅ) ਸ਼ਤਾਨ ਸਾਨੂੰ ਕੀ ਕਰਨਾ ਚਾਹੁੰਦਾ ਹੈ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਇਹ ਜਾਣਕਾਰੀ ਸਾਨੂੰ ਸਮਝਣ ਵਿਚ ਸਹਾਇਤਾ ਕਰਦੀ ਹੈ ਕਿ ਯਿਸੂ ਨੇ ਕਿਉਂ ਆਖਿਆ ਸੀ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ” ਹੈ। (ਯੂਹੰਨਾ 18:36) ਇਹ ਸਾਨੂੰ ਇਹ ਸਮਝਣ ਵਿਚ ਵੀ ਸਹਾਇਤਾ ਕਰਦੀ ਹੈ ਕਿ ਕੌਮਾਂ ਕਿਉਂ ਇਕ ਦੂਸਰੇ ਨਾਲ ਨਫ਼ਰਤ ਕਰਦੀਆਂ ਹਨ ਅਤੇ ਇਕ ਦੂਸਰੇ ਨੂੰ ਨਾਸ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਜਦੋਂ ਕਿ ਸਾਰੇ ਆਮ ਵਿਅਕਤੀਆਂ ਦੀ ਇੱਛਾ ਸ਼ਾਂਤੀ ਨਾਲ ਰਹਿਣ ਦੀ ਹੈ। ਜੀ ਹਾਂ, “ਸ਼ਤਾਨ . . . ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਉਹ ਸਾਨੂੰ ਵੀ ਭਰਮਾਉਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸਦੀਪਕ ਜੀਵਨ ਦੇ ਤੋਹਫ਼ੇ ਨੂੰ ਪ੍ਰਾਪਤ ਕਰੀਏ। ਇਸ ਲਈ ਸਾਨੂੰ ਉਸ ਦੇ ਦੁਆਰਾ ਪ੍ਰਭਾਵਿਤ ਹੋ ਕੇ ਬੁਰੇ ਕੰਮ ਕਰਨ ਦੇ ਵਿਰੁੱਧ ਸੰਘਰਸ਼ ਕਰਨਾ ਪਵੇਗਾ। (ਅਫ਼ਸੀਆਂ 6:12) ਸਾਨੂੰ ਸ਼ਤਾਨ ਅਤੇ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ, ਦੇ ਬਾਰੇ ਜਾਣਨ ਦੀ ਜ਼ਰੂਰਤ ਹੈ ਤਾਂਕਿ ਅਸੀਂ ਉਸ ਦੇ ਭਰਮਾਉਣ ਦੇ ਯਤਨਾਂ ਦਾ ਵਿਰੋਧ ਕਰ ਸਕੀਏ।

ਇਬਲੀਸ ਕੌਣ ਹੈ

7. ਅਸੀਂ ਇਬਲੀਸ ਨੂੰ ਕਿਉਂ ਨਹੀਂ ਦੇਖ ਸਕਦੇ ਹਾਂ?

7 ਸ਼ਤਾਨ ਅਰਥਾਤ ਇਬਲੀਸ ਇਕ ਅਸਲੀ ਵਿਅਕਤੀ ਹੈ। ਉਹ ਸਾਰੀ ਮਨੁੱਖਜਾਤੀ ਵਿਚ ਕੇਵਲ ਇਕ ਬੁਰਾਈ ਹੀ ਨਹੀਂ ਹੈ, ਜਿਸ ਤਰ੍ਹਾਂ ਕਈ ਵਿਅਕਤੀ ਵਿਸ਼ਵਾਸ ਕਰਦੇ ਹਨ। ਨਿਰਸੰਦੇਹ, ਮਨੁੱਖ ਇਬਲੀਸ ਨੂੰ ਨਹੀਂ ਦੇਖ ਸਕਦੇ ਹਨ, ਉਸੇ ਹੀ ਕਾਰਨ ਜਿਸ ਕਰਕੇ ਉਹ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ ਹਨ। ਪਰਮੇਸ਼ੁਰ ਅਤੇ ਇਬਲੀਸ ਦੋਵੇਂ ਆਤਮਿਕ ਵਿਅਕਤੀ ਹਨ, ਮਨੁੱਖਾਂ ਨਾਲੋਂ ਉੱਤਮ ਰੂਪ ਦੇ ਪ੍ਰਾਣੀ ਅਤੇ ਸਾਡੀਆਂ ਅੱਖਾਂ ਤੋਂ ਅਦਿੱਖ।—ਯੂਹੰਨਾ 4:24.

8. ਅਨੇਕ ਵਿਅਕਤੀ ਇਹ ਕਿਉਂ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਇਬਲੀਸ ਨੂੰ ਰਚਿਆ ਹੈ?

8 ‘ਲੇਕਨ ਜੇ ਪਰਮੇਸ਼ੁਰ ਪ੍ਰੇਮ ਹੈ,’ ਸ਼ਾਇਦ ਕੋਈ ਪੁੱਛੇ, ਤਾਂ ‘ਉਸ ਨੇ ਇਬਲੀਸ ਨੂੰ ਕਿਉਂ ਬਣਾਇਆ?’ (1 ਯੂਹੰਨਾ 4:8) ਹਕੀਕਤ ਇਹ ਹੈ ਕਿ ਪਰਮੇਸ਼ੁਰ ਨੇ ਇਬਲੀਸ ਨੂੰ ਨਹੀਂ ਰਚਿਆ। ‘ਲੇਕਨ ਅਗਰ ਪਰਮੇਸ਼ੁਰ ਨੇ ਸਾਰਿਆਂ ਨੂੰ ਰਚਿਆ ਹੈ,’ ਕੋਈ ਵਿਅਕਤੀ ਸ਼ਾਇਦ ਆਖੇ, ‘ਤਾਂ ਉਸ ਨੇ ਹੀ ਸ਼ਤਾਨ ਨੂੰ ਜ਼ਰੂਰ ਰਚਿਆ ਹੋਵੇਗਾ। ਹੋਰ ਕਿਸ ਨੇ ਰਚਿਆ ਹੋ ਸਕਦਾ ਹੈ? ਇਹ ਇਬਲੀਸ ਕਿੱਥੋਂ ਆਇਆ?’

9. (ੳ) ਦੂਤ ਕਿਸ ਪ੍ਰਕਾਰ ਦੇ ਵਿਅਕਤੀ ਹਨ? (ਅ) “ਇਬਲੀਸ” ਅਤੇ “ਸ਼ਤਾਨ” ਸ਼ਬਦਾਂ ਦਾ ਕੀ ਅਰਥ ਹੈ?

9 ਬਾਈਬਲ ਵਿਆਖਿਆ ਕਰਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਵਰਗੇ ਅਨੇਕਾਂ ਹੀ ਆਤਮਿਕ ਵਿਅਕਤੀਆਂ ਨੂੰ ਰਚਿਆ। ਬਾਈਬਲ ਵਿਚ ਇਨ੍ਹਾਂ ਆਤਮਾਵਾਂ ਨੂੰ ਦੂਤ ਆਖਿਆ ਜਾਂਦਾ ਹੈ। ਅਤੇ, ਇਹ “ਪਰਮੇਸ਼ੁਰ ਦੇ . . . ਪੁੱਤ੍ਰ” ਵੀ ਆਖੇ ਜਾਂਦੇ ਹਨ। (ਅੱਯੂਬ 38:7; ਜ਼ਬੂਰਾਂ ਦੀ ਪੋਥੀ 104:4; ਇਬਰਾਨੀਆਂ 1:7, 13, 14) ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਨੂੰ ਸੰਪੂਰਣ ਰਚਿਆ ਸੀ। ਉਨ੍ਹਾਂ ਵਿਚੋਂ ਇਕ ਵੀ ਇਬਲੀਸ, ਯਾ ਸ਼ਤਾਨ ਨਹੀਂ ਸੀ। “ਇਬਲੀਸ” ਸ਼ਬਦ ਦਾ ਮਤਲਬ ਤੁਹਮਤੀ ਹੈ ਅਤੇ “ਸ਼ਤਾਨ” ਸ਼ਬਦ ਦਾ ਅਰਥ ਵਿਰੋਧੀ ਹੈ।

10. (ੳ) ਸ਼ਤਾਨ ਅਰਥਾਤ ਇਬਲੀਸ ਨੂੰ ਕਿਸ ਨੇ ਬਣਾਇਆ? (ਅ) ਇਕ ਅੱਛਾ ਵਿਅਕਤੀ ਆਪਣੇ ਆਪ ਨੂੰ ਮੁਜਰਮ ਕਿਵੇਂ ਬਣਾ ਸਕਦਾ ਹੈ?

10 ਲੇਕਨ, ਉਹ ਸਮਾਂ ਆਇਆ ਜਦੋਂ ਪਰਮੇਸ਼ੁਰ ਦੇ ਇਨ੍ਹਾਂ ਆਤਮਿਕ ਪੁੱਤਰਾਂ ਵਿਚੋਂ ਇਕ ਨੇ ਆਪਣੇ ਆਪ ਨੂੰ ਇਬਲੀਸ ਬਣਾਇਆ, ਅਰਥਾਤ, ਇਕ ਨਫ਼ਰਤ ਭਰਿਆ ਝੂਠ ਬੋਲਣ ਵਾਲਾ ਜਿਹੜਾ ਕਿਸੇ ਦੂਸਰੇ ਬਾਰੇ ਬੁਰੀਆਂ ਗੱਲਾਂ ਆਖਦਾ ਹੈ। ਉਹ ਨੇ ਆਪਣੇ ਆਪ ਨੂੰ ਸ਼ਤਾਨ ਵੀ ਬਣਾਇਆ, ਅਰਥਾਤ, ਪਰਮੇਸ਼ੁਰ ਦਾ ਇਕ ਵਿਰੋਧੀ। ਉਹ ਨੂੰ ਇਸ ਤਰ੍ਹਾਂ ਨਹੀਂ ਰਚਿਆ ਗਿਆ ਸੀ, ਪਰ ਬਾਅਦ ਵਿਚ ਉਹ ਇਸ ਪ੍ਰਕਾਰ ਦਾ ਵਿਅਕਤੀ ਬਣ ਗਿਆ। ਉਦਾਹਰਣ ਦੇ ਤੌਰ ਤੇ: ਇਕ ਚੋਰ ਪੈਦਾ ਹੁੰਦਿਆਂ ਹੀ ਚੋਰ ਨਹੀਂ ਹੁੰਦਾ ਹੈ। ਉਹ ਸ਼ਾਇਦ ਈਮਾਨਦਾਰ ਮਾਂ-ਬਾਪ ਅਤੇ ਕਾਨੂੰਨ ਪਾਲਕ ਭੈਣਾਂ-ਭਰਾਵਾਂ ਦੇ ਇਕ ਅੱਛੇ ਪਰਿਵਾਰ ਵਿਚੋਂ ਹੋਵੇ। ਲੇਕਨ ਜੋ ਚੀਜ਼ਾਂ ਪੈਸਾ ਖ਼ਰੀਦ ਸਕਦਾ ਹੈ, ਉਸ ਲਈ ਉਸ ਦੀ ਆਪਣੀ ਇੱਛਾ ਨੇ ਉਹ ਨੂੰ ਸ਼ਾਇਦ ਇਕ ਚੋਰ ਬਣਾ ਦਿੱਤਾ ਹੋਵੇ। ਕਿਸ ਤਰ੍ਹਾਂ, ਫ਼ਿਰ, ਪਰਮੇਸ਼ੁਰ ਦੇ ਇਕ ਆਤਮਿਕ ਪੁੱਤਰ ਨੇ ਆਪਣੇ ਆਪ ਨੂੰ ਸ਼ਤਾਨ ਅਰਥਾਤ ਇਬਲੀਸ ਬਣਾ ਲਿਆ?

11. (ੳ) ਇਕ ਵਿਦਰੋਹੀ ਦੂਤ ਪਰਮੇਸ਼ੁਰ ਦੇ ਕਿਹੜੇ ਮਕਸਦ ਬਾਰੇ ਜਾਣਦਾ ਸੀ? (ਅ) ਇਸ ਦੂਤ ਦੀ ਕੀ ਇੱਛਾ ਸੀ, ਅਤੇ ਇਸ ਇੱਛਾ ਨੇ ਉਸ ਤੋਂ ਕੀ ਕਰਵਾਇਆ?

11 ਉਹ ਦੂਤ ਜਿਹੜਾ ਇਬਲੀਸ ਬਣਿਆ ਉਦੋਂ ਹਾਜ਼ਰ ਸੀ ਜਦੋਂ ਪਰਮੇਸ਼ੁਰ ਨੇ ਧਰਤੀ ਅਤੇ ਬਾਅਦ ਵਿਚ ਪਹਿਲੀ ਮਾਨਵ ਜੋੜੀ, ਆਦਮ ਅਤੇ ਹੱਵਾਹ ਨੂੰ ਰਚਿਆ ਸੀ। (ਅੱਯੂਬ 38:4, 7) ਤਾਂ ਫਿਰ ਉਸ ਨੇ ਪਰਮੇਸ਼ੁਰ ਨੂੰ ਉਨ੍ਹਾਂ ਨੂੰ ਔਲਾਦ ਪੈਦਾ ਕਰਨ ਲਈ ਆਖਦੇ ਸੁਣਿਆ ਹੋਵੇਗਾ। (ਉਤਪਤ 1:27, 28) ਉਹ ਨੂੰ ਪਤਾ ਸੀ ਕਿ ਕੁਝ ਚਿਰ ਬਾਅਦ ਸਾਰੀ ਧਰਤੀ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਧਾਰਮਿਕ ਲੋਕਾਂ ਨਾਲ ਭਰ ਜਾਵੇਗੀ। ਇਹ ਪਰਮੇਸ਼ੁਰ ਦਾ ਮਕਸਦ ਸੀ। ਪਰ, ਇਹ ਦੂਤ ਆਪਣੀ ਸੁੰਦਰਤਾ ਅਤੇ ਅਕਲ ਬਾਰੇ ਬਹੁਤ ਜ਼ਿਆਦਾ ਘਮੰਡੀ ਸੀ ਅਤੇ ਆਪਣੇ ਆਪ ਲਈ ਉਹ ਉਪਾਸਨਾ ਚਾਹੁੰਦਾ ਸੀ ਜੋ ਪਰਮੇਸ਼ੁਰ ਨੂੰ ਦਿੱਤੀ ਜਾਣੀ ਸੀ। (ਹਿਜ਼ਕੀਏਲ 28:13-15; ਮੱਤੀ 4:10) ਇਹ ਗ਼ਲਤ ਇੱਛਾ ਆਪਣੇ ਦਿਮਾਗ਼ ਵਿਚੋਂ ਕੱਢਣ ਦੀ ਬਜਾਇ, ਉਹ ਇਸ ਬਾਰੇ ਸੋਚਦਾ ਰਿਹਾ। ਇਸ ਚੀਜ਼ ਨੇ ਉਸ ਤੋਂ ਉਹ ਆਦਰ ਅਤੇ ਮਹੱਤਤਾ ਪਾਉਣ ਲਈ ਕਦਮ ਚੁੱਕਵਾਏ ਜੋ ਉਹ ਚਾਹੁੰਦਾ ਸੀ। ਉਸ ਨੇ ਕੀ ਕੀਤਾ?—ਯਾਕੂਬ 1:14, 15.

12. (ੳ) ਇਹ ਦੂਤ ਹੱਵਾਹ ਦੇ ਨਾਲ ਕਿਸ ਤਰ੍ਹਾਂ ਬੋਲਿਆ, ਅਤੇ ਉਸ ਨੇ ਉਹ ਨੂੰ ਕੀ ਕਿਹਾ? (ਅ) ਇਹ ਦੂਤ ਕਿਸ ਤਰ੍ਹਾਂ ਸ਼ਤਾਨ ਅਰਥਾਤ ਇਬਲੀਸ ਬਣਿਆ? (ੲ) ਇਬਲੀਸ ਦੇ ਰੂਪ ਦੇ ਸੰਬੰਧ ਵਿਚ ਇਕ ਗ਼ਲਤ ਵਿਚਾਰ ਕੀ ਹੈ?

12 ਉਸ ਵਿਦਰੋਹੀ ਦੂਤ ਨੇ ਪਹਿਲੀ ਔਰਤ, ਹੱਵਾਹ ਨਾਲ ਬੋਲਣ ਲਈ ਇਕ ਦੀਨ ਸੱਪ ਨੂੰ ਇਸਤੇਮਾਲ ਕੀਤਾ। ਉਹ ਨੇ ਇਹ ਇਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਇਕ ਮਾਹਰ ਵਿਅਕਤੀ ਕਿਸੇ ਨਜ਼ਦੀਕੀ ਪਸ਼ੂ ਯਾ ਪੁਤਲੀ ਨੂੰ ਬੋਲਦੇ ਹੋਏ ਦਿਖਲਾ ਸਕਦਾ ਹੈ। ਲੇਕਨ ਸੱਚ-ਮੁੱਚ ਇਹ ਓਹੀ ਵਿਦਰੋਹੀ ਦੂਤ ਸੀ, ਜਿਸ ਨੂੰ ਬਾਈਬਲ ਵਿਚ “ਪੁਰਾਣਾ ਸੱਪ” ਆਖਿਆ ਗਿਆ ਹੈ ਜੋ ਹੱਵਾਹ ਨਾਲ ਬੋਲ ਰਿਹਾ ਸੀ। (ਪਰਕਾਸ਼ ਦੀ ਪੋਥੀ 12:9) ਉਹ ਨੇ ਕਿਹਾ ਕਿ ਪਰਮੇਸ਼ੁਰ ਉਸ ਨੂੰ ਸੱਚਾਈ ਨਹੀਂ ਦੱਸ ਰਿਹਾ ਸੀ, ਅਤੇ ਉਸ ਤੋਂ ਉਹ ਗਿਆਨ ਦੂਰ ਰੱਖ ਰਿਹਾ ਸੀ ਜੋ ਉਹ ਦੇ ਕੋਲ ਹੋਣਾ ਚਾਹੀਦਾ ਸੀ। (ਉਤਪਤ 3:1-5) ਇਹ ਇਕ ਘਿਣਾਉਣਾ ਝੂਠ ਸੀ ਅਤੇ ਇਸ ਨੇ ਉਸ ਨੂੰ ਇਕ ਇਬਲੀਸ ਬਣਾ ਦਿੱਤਾ। ਇਸ ਤਰ੍ਹਾਂ ਉਹ ਪਰਮੇਸ਼ੁਰ ਦਾ ਇਕ ਵਿਰੋਧੀ, ਯਾ ਇਕ ਸ਼ਤਾਨ ਵੀ ਬਣਿਆ। ਜਿਵੇਂ ਹੁਣ ਤੁਸੀਂ ਵੇਖ ਸਕਦੇ ਹੋ, ਇਬਲੀਸ ਨੂੰ ਸਿੰਗਾਂ ਅਤੇ ਤ੍ਰਿਸ਼ੂਲ ਵਾਲਾ ਇਕ ਪ੍ਰਾਣੀ ਸੋਚਣਾ ਗ਼ਲਤ ਹੈ, ਜਿਹੜਾ ਜ਼ਮੀਨ ਦੇ ਹੇਠਾਂ ਕਿਸੇ ਤੜਫ਼ਾਉਣ ਵਾਲੀ ਜਗ੍ਹਾ ਦੀ ਨਿਗਰਾਨੀ ਕਰਦਾ ਹੈ। ਉਹ ਵਾਸਤਵ ਵਿਚ ਇਕ ਬਹੁਤ ਸ਼ਕਤੀਸ਼ਾਲੀ, ਪਰ ਦੁਸ਼ਟ ਦੂਤ ਹੈ।

ਦੁਨੀਆਂ ਦੀਆਂ ਮੁਸੀਬਤਾਂ ਦਾ ਸ੍ਰੋਤ

13. (ੳ) ਹੱਵਾਹ ਨੇ ਇਬਲੀਸ ਦੇ ਝੂਠ ਨੂੰ ਕੀ ਪ੍ਰਤਿਕ੍ਰਿਆ ਦਿਖਾਈ? (ਅ) ਇਬਲੀਸ ਨੇ ਕਿਹੜੇ ਦਾਅਵੇ ਕੀਤੇ ਸੀ?

13 ਜਿਹੜਾ ਝੂਠ ਇਬਲੀਸ ਨੇ ਹੱਵਾਹ ਨੂੰ ਦੱਸਿਆ ਉਹ ਉਸੇ ਤਰ੍ਹਾਂ ਕਾਮਯਾਬ ਹੋਇਆ ਜਿਸ ਤਰ੍ਹਾਂ ਉਸ ਨੇ ਯੋਜਨਾ ਬਣਾਈ ਸੀ। ਉਹ ਨੇ ਇਸ ਨੂੰ ਸੱਚ ਮੰਨ ਲਿਆ ਅਤੇ ਇਸ ਲਈ ਪਰਮੇਸ਼ੁਰ ਦੀ ਅਣਆਗਿਆ ਕੀਤੀ। ਅਤੇ ਉਹ ਆਪਣੇ ਪਤੀ ਨੂੰ ਵੀ ਪਰਮੇਸ਼ੁਰ ਦਾ ਕਾਨੂੰਨ ਤੋੜਨ ਲਈ ਮਨਾਉਣ ਵਿਚ ਸਫ਼ਲ ਹੋ ਗਈ। (ਉਤਪਤ 3:6) ਇਬਲੀਸ ਦਾ ਦਾਅਵਾ ਸੀ ਕਿ ਮਨੁੱਖ ਪਰਮੇਸ਼ੁਰ ਤੋਂ ਬਗੈਰ ਸਹੀ ਸਲਾਮਤ ਕੰਮ ਚਲਾ ਸਕਦੇ ਹਨ। ਉਸ ਨੇ ਦਲੀਲ ਕੀਤੀ ਕਿ ਲੋਕ ਪਰਮੇਸ਼ੁਰ ਦੀ ਸਹਾਇਤਾ ਬਗੈਰ, ਆਪਣੇ ਆਪ ਉੱਤੇ ਸਫ਼ਲਤਾਪੂਰਵਕ ਹਕੂਮਤ ਕਰ ਸਕਦੇ ਹਨ। ਇਬਲੀਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਉਨ੍ਹਾਂ ਸਾਰਿਆਂ ਨੂੰ ਪਰਮੇਸ਼ੁਰ ਤੋਂ ਮੋੜ ਸਕਦਾ ਹੈ ਜਿਹੜੇ ਆਦਮ ਅਤੇ ਹੱਵਾਹ ਦੀ ਸੰਤਾਨ ਹੋਣਗੇ।

14.ਪਰਮੇਸ਼ੁਰ ਨੇ ਸ਼ਤਾਨ ਨੂੰ ਫੌਰਨ ਕਿਉਂ ਨਹੀਂ ਖ਼ਤਮ ਕਰ ਦਿੱਤਾ?

14 ਨਿਰਸੰਦੇਹ, ਪਰਮੇਸ਼ੁਰ ਸ਼ਤਾਨ ਨੂੰ ਫੌਰਨ ਖ਼ਤਮ ਕਰ ਸਕਦਾ ਸੀ। ਪਰ ਇਹ ਕਰਨ ਨਾਲ ਸ਼ਤਾਨ ਦੇ ਉਠਾਏ ਹੋਏ ਉਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਮਿਲਣਾ ਸੀ ਜਿਹੜੇ ਸਵਾਲ ਉਨ੍ਹਾਂ ਦੇਖ ਰਹੇ ਦੂਤਾਂ ਦੇ ਮਨਾ ਵਿਚ ਰਹਿ ਸਕਦੇ ਸਨ। ਇਸ ਲਈ ਪਰਮੇਸ਼ੁਰ ਨੇ ਸ਼ਤਾਨ ਨੂੰ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਦੇ ਯਤਨ ਲਈ ਸਮੇਂ ਦੀ ਇਜਾਜ਼ਤ ਦਿੱਤੀ। ਇਸ ਦੇ ਨਤੀਜੇ ਕੀ ਹੋਏ?

15, 16. (ੳ) ਬੀਤੇ ਹੋਏ ਸਮੇਂ ਨੇ ਇਬਲੀਸ ਦੇ ਦਾਅਵਿਆਂ ਦੇ ਸੰਬੰਧ ਵਿਚ ਕੀ ਸਾਬਤ ਕੀਤਾ ਹੈ? (ਅ) ਕਿਹੜੀ ਘਟਨਾ ਨਜ਼ਦੀਕ ਹੈ?

15 ਬੀਤੇ ਹੋਏ ਸਮੇਂ ਨੇ ਸਾਬਤ ਕਰ ਦਿੱਤਾ ਹੈ ਕਿ ਮਨੁੱਖ ਪਰਮੇਸ਼ੁਰ ਦੀ ਸਹਾਇਤਾ ਤੋਂ ਬਗੈਰ ਆਪਣੇ ਆਪ ਉੱਤੇ ਸਫ਼ਲਤਾਪੂਰਵਕ ਹਕੂਮਤ ਨਹੀਂ ਕਰ ਸਕਦੇ ਹਨ। ਉਨ੍ਹਾਂ ਦੇ ਯਤਨ ਬਿਲਕੁਲ ਅਸਫ਼ਲ ਹੋ ਗਏ ਹਨ। ਲੋਕਾਂ ਨੇ ਮਨੁੱਖਾਂ ਦੀਆਂ ਸਰਕਾਰਾਂ ਦੇ ਅਧੀਨ ਅਤਿਅੰਤ ਕਸ਼ਟ ਸਹਾਰੇ ਹਨ, ਜੋ, ਜਿਵੇਂ ਸ਼ਾਸਤਰ ਦਿਖਾਉਂਦੇ ਹਨ, ਪਿੱਛੇ ਛੁਪੇ ਹੋਏ ਇਬਲੀਸ ਦੁਆਰਾ ਨਿਯੰਤ੍ਰਣ ਕੀਤੀਆਂ ਗਈਆਂ ਹਨ। ਨਾਲ ਹੀ, ਪਰਮੇਸ਼ੁਰ ਵੱਲੋਂ ਸਮੇਂ ਦੀ ਇਜਾਜ਼ਤ ਨੇ ਇਹ ਵੀ ਸਪੱਸ਼ਟ ਤੌਰ ਤੇ ਜ਼ਾਹਰ ਕਰ ਦਿੱਤਾ ਹੈ ਕਿ ਸ਼ਤਾਨ ਸਾਰੇ ਵਿਅਕਤੀਆਂ ਨੂੰ ਪਰਮੇਸ਼ੁਰ ਦੀ ਉਪਾਸਨਾ ਕਰਨ ਤੋਂ ਮੋੜ ਨਹੀਂ ਸਕਿਆ ਹੈ। ਹਮੇਸ਼ਾ ਕੋਈ-ਨ-ਕੋਈ ਵਿਅਕਤੀ ਜ਼ਰੂਰ ਪਰਮੇਸ਼ੁਰ ਦੀ ਹਕੂਮਤ ਦੇ ਪ੍ਰਤੀ ਵਫ਼ਾਦਾਰ ਰਿਹਾ ਹੈ। ਮਿਸਾਲ ਦੇ ਲਈ, ਤੁਸੀਂ ਬਾਈਬਲ ਵਿਚ ਪੜ੍ਹ ਸਕਦੇ ਹੋ ਕਿ ਸ਼ਤਾਨ ਨੇ ਅੱਯੂਬ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਿਹਾ।—ਅੱਯੂਬ 1:6-12.

16 ਇਸ ਤਰ੍ਹਾਂ ਸ਼ਤਾਨ ਦੇ ਦਾਅਵੇ ਝੂਠੇ ਸਾਬਤ ਕੀਤੇ ਜਾ ਚੁੱਕੇ ਹਨ। ਪਰਮੇਸ਼ੁਰ ਦੇ ਖ਼ਿਲਾਫ਼ ਦੁਸ਼ਟ ਵਿਦਰੋਹ ਸ਼ੁਰੂ ਕਰਨ ਦੇ ਲਈ, ਉਹ ਨਿਰਸੰਦੇਹ ਵਿਨਾਸ਼ ਦੇ ਲਾਇਕ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਅਸੀਂ ਪਰਮੇਸ਼ੁਰ ਦੇ ਸ਼ਤਾਨ ਦੀ ਹਕੂਮਤ ਨੂੰ ਖ਼ਤਮ ਕਰਨ ਦੇ ਸਮੇਂ ਤੇ ਪਹੁੰਚ ਗਏ ਹਾਂ। ਇਹ ਕਰਨ ਲਈ ਪਹਿਲੇ ਕਦਮ ਨੂੰ ਵਰਣਨ ਕਰਦੇ ਹੋਏ, ਬਾਈਬਲ ਸਵਰਗ ਵਿਚ ਇਕ ਮਹੱਤਵਪੂਰਣ ਯੁੱਧ ਬਾਰੇ ਦੱਸਦੀ ਹੈ, ਜਿਸ ਨੂੰ ਨਿਰਸੰਦੇਹ, ਧਰਤੀ ਉੱਤੇ ਲੋਕਾਂ ਨੇ ਨਾ ਦੇਖਿਆ ਅਤੇ ਨਾ ਉਸ ਬਾਰੇ ਸੁਣਿਆ। ਬਾਈਬਲ ਦਾ ਨਿਮਨਲਿਖਿਤ ਬਿਰਤਾਂਤ ਧਿਆਨ ਨਾਲ ਪੜ੍ਹੋ:

17. (ੳ) ਬਾਈਬਲ ਸਵਰਗ ਵਿਚ ਯੁੱਧ ਦਾ ਵਰਣਨ ਕਿਸ ਤਰ੍ਹਾਂ ਕਰਦੀ ਹੈ? (ਅ) ਜੋ ਸਵਰਗ ਵਿਚ ਸਨ, ਅਤੇ ਜੋ ਧਰਤੀ ਉੱਤੇ ਸਨ, ਉਨ੍ਹਾਂ ਲਈ ਇਸ ਦਾ ਕੀ ਨਤੀਜਾ ਹੋਇਆ?

17 “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ [ਜੋ ਕਿ ਪੁਨਰ-ਉਥਿਤ ਯਿਸੂ ਮਸੀਹ ਹੈ] ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ। ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਪਰਕਾਸ਼ ਦੀ ਪੋਥੀ 12:7-9, 12.

18. (ੳ) ਸਵਰਗ ਵਿਚ ਯੁੱਧ ਕਦੋਂ ਹੋਇਆ? (ਅ) ਜਦੋਂ ਤੋਂ ਸ਼ਤਾਨ “ਸੁੱਟਿਆ ਗਿਆ” ਹੈ ਉਦੋਂ ਤੋਂ ਧਰਤੀ ਉੱਤੇ ਕੀ ਹੋ ਰਿਹਾ ਹੈ?

18 ਇਹ ਯੁੱਧ ਸਵਰਗ ਵਿਚ ਕਦੋਂ ਹੋਇਆ? ਸਬੂਤ ਪ੍ਰਦਰਸ਼ਿਤ ਕਰਦਾ ਹੈ ਕਿ ਇਹ ਵਿਸ਼ਵ ਯੁੱਧ I ਦੇ ਸਮੇਂ ਦੇ ਇਰਦ-ਗਿਰਦ ਹੋਇਆ, ਜਿਹੜਾ 1914 ਵਿਚ ਸ਼ੁਰੂ ਹੋਇਆ ਸੀ। ਜਿਵੇਂ ਪਰਕਾਸ਼ ਦੀ ਪੋਥੀ ਸੰਕੇਤ ਕਰਦੀ ਹੈ, ਸ਼ਤਾਨ ਨੂੰ ਉਸ ਸਮੇਂ ਸਵਰਗ ਵਿਚੋਂ ਕੱਢ ਦਿੱਤਾ ਗਿਆ ਸੀ, ਜਿਸ ਦਾ ਮਤਲਬ ਹੈ ਕਿ ਉਦੋਂ ਤੋਂ ਅਸੀਂ ਉਸ ਦੇ ‘ਥੋੜੇ ਸਮੇਂ’ ਵਿਚ ਰਹਿ ਰਹੇ ਹਾਂ। ਤਾਂ ਫਿਰ, ਇਹ ਸ਼ਤਾਨ ਦੀ ਦੁਨੀਆਂ ਦੇ ‘ਅੰਤ ਦੇ ਦਿਨ’ ਹਨ। ਕੁਧਰਮ ਦਾ ਵਾਧਾ, ਡਰ, ਲੜਾਈਆਂ, ਕਾਲ, ਬੀਮਾਰੀਆਂ ਅਤੇ ਹੋਰ ਦੁੱਖਦਾਇਕ ਹਾਲਤਾਂ ਜਿਹੜੀਆਂ ਅਸੀਂ ਅਨੁਭਵ ਕਰ ਰਹੇ ਹਾਂ ਇਸ ਹਕੀਕਤ ਦਾ ਸਬੂਤ ਹਨ।—ਮੱਤੀ 24:3-12; ਲੂਕਾ 21:26; 2 ਤਿਮੋਥਿਉਸ 3:1-5.

19. (ੳ) ਸ਼ਤਾਨ ਹੁਣ ਕੀ ਕਰਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ? (ਅ) ਸਾਡੇ ਲਈ ਕੀ ਕਰਨਾ ਬੁੱਧੀਮਤਾ ਹੋਵੇਗੀ?

19 ਕਿਉਂਕਿ ਸ਼ਤਾਨ ਜਾਣਦਾ ਹੈ ਕਿ ਉਸ ਦਾ ‘ਥੋੜਾ ਸਮਾਂ’ ਤਕਰੀਬਨ ਖ਼ਤਮ ਹੋਣ ਵਾਲਾ ਹੈ, ਉਹ ਵਿਅਕਤੀਆਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੇ ਨਾਲ ਜਿੰਨੇ ਵੀ ਜ਼ਿਆਦਾ ਵਿਅਕਤੀਆਂ ਨੂੰ ਵਿਨਾਸ਼ ਵਿਚ ਲੈ ਜਾ ਸਕਦਾ ਹੈ, ਉਹ ਲੈ ਜਾਣਾ ਚਾਹੁੰਦਾ ਹੈ। ਠੀਕ ਕਾਰਨ ਹੀ ਬਾਈਬਲ ਉਸ ਦਾ ਇਕ ਗਰਜਦੇ ਸ਼ੀਂਹ ਦੇ ਰੂਪ ਵਿਚ ਵਰਣਨ ਕਰਦੀ ਹੈ, ਜੋ ਕਿਸੇ ਨੂੰ ਪਾੜ ਖਾਣ ਦੀ ਤਲਾਸ਼ ਵਿਚ ਰਹਿੰਦਾ ਹੈ। (1 ਪਤਰਸ 5:8, 9) ਅਗਰ ਅਸੀਂ ਉਸ ਦੇ ਕਾਬੂ ਵਿਚ ਨਹੀਂ ਆਉਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਉਹ ਕਿਸ ਤਰ੍ਹਾਂ ਹਮਲਾ ਕਰਦਾ ਹੈ ਅਤੇ ਨਾਲ ਹੀ ਕਿ ਉਹ ਕਿਹੜਿਆਂ ਤਰੀਕਿਆਂ ਨਾਲ ਲੋਕਾਂ ਨੂੰ ਭਰਮਾਉਂਦਾ ਹੈ।—2 ਕੁਰਿੰਥੀਆਂ 2:11.

ਕਿਸ ਤਰ੍ਹਾਂ ਸ਼ਤਾਨ ਲੋਕਾਂ ਨੂੰ ਭਰਮਾਉਂਦਾ ਹੈ

20. (ੳ) ਸ਼ਤਾਨ ਦਾ ਹਮਲਾ ਕਿੰਨਾ-ਕੁ ਸਫ਼ਲ ਹੋਇਆ ਹੈ? (ਅ) ਅਸੀਂ ਕਿਉਂ ਇਹ ਉਮੀਦ ਕਰ ਸਕਦੇ ਹਾਂ ਕਿ ਉਸ ਦੀਆਂ ਯੋਜਨਾਵਾਂ ਅਕਸਰ ਭੋਲੀਆਂ, ਇੱਥੋਂ ਤਕ ਕਿ ਲਾਭਦਾਇਕ ਵੀ ਲੱਗਣ?

20 ਇਹ ਨਾ ਸੋਚੋ ਕਿ ਲੋਕਾਂ ਨੂੰ ਆਪਣੇ ਮਗਰ ਲਾਉਣ ਦੇ ਸ਼ਤਾਨ ਦੇ ਤਰੀਕੇ ਹਮੇਸ਼ਾ ਸੁਖਾਲੇ ਦਿਸ ਪੈਂਦੇ ਹਨ। ਉਹ ਲੋਕਾਂ ਨੂੰ ਮੂਰਖ ਬਣਾਉਣ ਵਿਚ ਮਾਹਰ ਹੈ। ਦਰਅਸਲ, ਹਜ਼ਾਰਾਂ ਸਾਲਾਂ ਤੋਂ ਉਸ ਦੇ ਤਰੀਕੇ ਇੰਨੇ ਨਿਪੁੰਨ ਰਹੇ ਹਨ ਕਿ ਅੱਜ ਬਹੁਤ ਸਾਰੇ ਲੋਕ ਇਹ ਵੀ ਨਹੀਂ ਮੰਨਦੇ ਹਨ ਕਿ ਉਹ ਹੋਂਦ ਵਿਚ ਹੈ। ਉਨ੍ਹਾਂ ਲਈ ਦੁਸ਼ਟਤਾ ਅਤੇ ਬੁਰਾਈ ਕੇਵਲ ਆਮ ਹਾਲਤਾਂ ਹੀ ਹਨ ਜਿਹੜੀਆਂ ਹਮੇਸ਼ਾ ਲਈ ਰਹਿਣਗੀਆਂ। ਸ਼ਤਾਨ ਆਧੁਨਿਕ-ਦਿਨਾਂ ਦੇ ਜੁਰਮ ਦੇ ਆਗੂਆਂ ਵਾਂਗ ਕੰਮ ਕਰਦਾ ਹੈ ਜਿਹੜੇ ਉਪਰੋਂ-ਉਪਰੋਂ ਤਾਂ ਇੱਜ਼ਤਦਾਰ ਜਾਪਦੇ ਹਨ, ਪਰ ਜਿਹੜੇ ਪੜਦੇ ਦੇ ਪਿੱਛੇ ਬਹੁਤ ਬੁਰੇ ਕੰਮ ਕਰਦੇ ਹਨ। ਬਾਈਬਲ ਵਿਆਖਿਆ ਕਰਦੀ ਹੈ: “ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” (2 ਕੁਰਿੰਥੀਆਂ 11:14) ਇਸ ਲਈ ਅਸੀਂ ਉਮੀਦ ਕਰ ਸਕਦੇ ਹਾਂ ਕਿ ਲੋਕਾਂ ਨੂੰ ਭਰਮਾਉਣ ਵਾਲੀਆਂ ਉਸ ਦੀਆਂ ਯੋਜਨਾਵਾਂ ਅਕਸਰ ਭੋਲੀਆਂ, ਇੱਥੋਂ ਤਕ ਕਿ ਲਾਭਦਾਇਕ ਵੀ ਲੱਗਣ।

21. ਇਕ ਕਿਹੜੀ ਯੋਜਨਾ ਹੈ ਜਿਸ ਨੂੰ ਸ਼ਤਾਨ ਨੇ ਇਸਤੇਮਾਲ ਕੀਤਾ ਹੈ?

21 ਯਾਦ ਕਰੋ ਕਿ ਸ਼ਤਾਨ ਹੱਵਾਹ ਦੇ ਸਾਮ੍ਹਣੇ ਇਕ ਮਿੱਤਰ ਦੇ ਰੂਪ ਵਿਚ ਆਇਆ ਸੀ। ਫ਼ਿਰ ਉਹ ਨੇ ਚਲਾਕੀ ਨਾਲ ਉਸ ਤੋਂ ਉਹੋ ਕੰਮ ਕਰਵਾਇਆ ਜੋ ਉਹ ਸੋਚਦੀ ਸੀ ਕਿ ਉਸ ਦੇ ਆਪਣੇ ਭਲੇ ਲਈ ਹੀ ਹੋਵੇਗਾ। (ਉਤਪਤ 3:4-6) ਅੱਜ ਵੀ ਇਸ ਤਰ੍ਹਾਂ ਹੀ ਹੈ। ਉਦਾਹਰਣ ਦੇ ਤੌਰ ਤੇ, ਸ਼ਤਾਨ ਚਲਾਕੀ ਨਾਲ ਆਪਣੇ ਮਾਨਵ ਪ੍ਰਤਿਨਿਧਾਂ ਰਾਹੀਂ ਲੋਕਾਂ ਨੂੰ ਉਤਸ਼ਾਹ ਦੇ ਰਿਹਾ ਹੈ ਕਿ ਉਹ ਮਾਨਵ ਸਰਕਾਰਾਂ ਦੀਆਂ ਦਿਲਚਸਪੀਆਂ ਨੂੰ ਪਰਮੇਸ਼ੁਰ ਦੇ ਪ੍ਰਤੀ ਆਪਣੀ ਸੇਵਾ ਤੋਂ ਵੀ ਅਧਿਕ ਮਹੱਤਤਾ ਦੇਣ। ਇਸ ਨੇ ਰਾਸ਼ਟਰਵਾਦ ਦੀ ਆਤਮਾ ਨੂੰ ਪੈਦਾ ਕੀਤਾ ਹੈ, ਜਿਸ ਦੇ ਕਾਰਨ ਭਿਆਨਕ ਲੜਾਈਆਂ ਹੋਈਆਂ ਹਨ। ਹਾਲ ਹੀ ਦਿਆਂ ਸਮਿਆਂ ਵਿਚ ਸ਼ਤਾਨ ਨੇ ਲੋਕਾਂ ਨੂੰ ਉਨ੍ਹਾਂ ਦੀ ਸ਼ਾਂਤੀ ਅਤੇ ਸੁਰੱਖਿਆ ਦੀ ਖੋਜ ਵਿਚ ਕਈ ਯੋਜਨਾਵਾਂ ਬਣਾਉਣ ਲਈ ਉਤੇਜਿਤ ਕੀਤਾ ਹੈ। ਇਨ੍ਹਾਂ ਵਿਚੋਂ ਇਕ ਸੰਯੁਕਤ ਰਾਸ਼ਟਰ-ਸੰਘ ਹੈ। ਲੇਕਨ ਕੀ ਇਸ ਨੇ ਇਕ ਸ਼ਾਂਤਮਈ ਸੰਸਾਰ ਦਾ ਨਿਰਮਾਣ ਕੀਤਾ ਹੈ? ਬਿਲਕੁਲ ਨਹੀਂ! ਬਲਕਿ, ਇਹ ਪਰਮੇਸ਼ੁਰ ਦੇ ਮਨੁੱਖਜਾਤੀ ਲਈ ਸ਼ਾਂਤੀ ਲਿਆਉਣ ਵਾਲੇ ਇੰਤਜ਼ਾਮ, ਯਿਸੂ ਮਸੀਹ, ‘ਸ਼ਾਂਤੀ ਦੇ ਰਾਜ ਕੁਮਾਰ’ ਦੇ ਅਧੀਨ ਉਸ ਦੇ ਆਉਣ ਵਾਲੇ ਰਾਜ ਤੋਂ ਲੋਕਾਂ ਦੇ ਧਿਆਨ ਨੂੰ ਮੋੜਨ ਦਾ ਇਕ ਜ਼ਰੀਆ ਸਾਬਤ ਹੋਇਆ ਹੈ।—ਯਸਾਯਾਹ 9:6; ਮੱਤੀ 6:9, 10.

22. ਉਹ ਕਿਹੜਾ ਗਿਆਨ ਹੈ ਜੋ ਸ਼ਤਾਨ ਨਹੀਂ ਚਾਹੁੰਦਾ ਕਿ ਸਾਨੂੰ ਹਾਸਲ ਹੋਵੇ?

22 ਅਗਰ ਅਸੀਂ ਸਦੀਪਕ ਜੀਵਨ ਪ੍ਰਾਪਤ ਕਰਨਾ ਹੈ, ਤਾਂ ਸਾਨੂੰ ਪਰਮੇਸ਼ੁਰ, ਉਸ ਦੇ ਰਾਜੇ-ਪੁੱਤਰ ਅਤੇ ਉਸ ਦੇ ਰਾਜ ਬਾਰੇ ਯਥਾਰਥ ਗਿਆਨ ਲੈਣ ਦੀ ਜ਼ਰੂਰਤ ਹੈ। (ਯੂਹੰਨਾ 17:3) ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਸ਼ਤਾਨ ਅਰਥਾਤ ਇਬਲੀਸ ਨਹੀਂ ਚਾਹੁੰਦਾ ਹੈ ਕਿ ਤੁਸੀਂ ਇਹ ਗਿਆਨ ਹਾਸਲ ਕਰੋ, ਅਤੇ ਤੁਹਾਨੂੰ ਇਹ ਹਾਸਲ ਕਰਨ ਤੋਂ ਰੋਕਣ ਲਈ ਜੋ ਵੀ ਉਸ ਦੀ ਤਾਕਤ ਵਿਚ ਹੈ ਉਹ ਕਰੇਗਾ। ਉਹ ਇਹ ਕਿਸ ਤਰ੍ਹਾਂ ਕਰੇਗਾ? ਇਕ ਤਰੀਕਾ ਇਹ ਹੈ ਕਿ ਉਹ ਨਿਸ਼ਚਿਤ ਕਰਦਾ ਹੈ ਕਿ ਤੁਹਾਡਾ ਵਿਰੋਧ ਕੀਤਾ ਜਾਵੇ, ਸ਼ਾਇਦ ਮਖੌਲ ਦੇ ਰੂਪ ਵਿਚ। ਬਾਈਬਲ ਸਾਨੂੰ ਦੱਸਦੀ ਹੈ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।”—2 ਤਿਮੋਥਿਉਸ 3:12.

23. (ੳ) ਸਾਨੂੰ ਨਿਰਉਤਸ਼ਾਹ ਕਰਨ ਲਈ ਸ਼ਤਾਨ ਕਿਸ ਤਰ੍ਹਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸਤੇਮਾਲ ਕਰ ਸਕਦਾ ਹੈ? (ਅ) ਤੁਹਾਨੂੰ ਕਦੇ ਵੀ ਵਿਰੋਧ ਦੇ ਸਾਮ੍ਹਣੇ ਕਿਉਂ ਹਾਰ ਨਹੀਂ ਮੰਨਣੀ ਚਾਹੀਦੀ ਹੈ?

23 ਇਹ ਹੋ ਸਕਦਾ ਹੈ ਕਿ ਨਜ਼ਦੀਕੀ ਮਿੱਤਰ ਯਾ ਰਿਸ਼ਤੇਦਾਰ ਵੀ ਤੁਹਾਨੂੰ ਕਹਿਣ ਕਿ ਉਹ ਤੁਹਾਡਾ ਸ਼ਾਸਤਰਾਂ ਦੀ ਜਾਂਚ ਕਰਨਾ ਪਸੰਦ ਨਹੀਂ ਕਰਦੇ ਹਨ। ਯਿਸੂ ਮਸੀਹ ਨੇ ਆਪ ਵੀ ਚੇਤਾਵਨੀ ਦਿੱਤੀ ਸੀ: “ਅਰ ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ। ਜੋ ਕੋਈ ਪਿਉ ਯਾ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੋ ਕੋਈ ਪੁੱਤ੍ਰ ਯਾ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ।” (ਮੱਤੀ 10:36, 37) ਰਿਸ਼ਤੇਦਾਰ ਸ਼ਾਇਦ ਤੁਹਾਨੂੰ ਨਿਰਉਤਸ਼ਾਹ ਕਰਨ ਦੀ ਕੋਸ਼ਿਸ਼ ਕਰਨ, ਇਸ ਤਰ੍ਹਾਂ ਸੁਹਿਰਦਤਾ ਵਜੋਂ ਕਰਦੇ ਹੋਏ ਕਿਉਂਕਿ ਉਹ ਬਾਈਬਲ ਵਿਚ ਪਾਈਆਂ ਜਾਣ ਵਾਲੀਆਂ ਅਦਭੁਤ ਸੱਚਾਈਆਂ ਬਾਰੇ ਨਹੀਂ ਜਾਣਦੇ ਹਨ। ਪਰ ਵਿਰੋਧ ਆਉਣ ਤੇ ਅਗਰ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਛੱਡ ਦਿਓ, ਤਾਂ ਪਰਮੇਸ਼ੁਰ ਤੁਹਾਨੂੰ ਕਿਸ ਨਜ਼ਰ ਨਾਲ ਵੇਖੇਗਾ? ਅਤੇ, ਅਗਰ ਤੁਸੀਂ ਹਾਰ ਮੰਨ ਜਾਵੋਗੇ, ਤਾਂ ਫਿਰ ਤੁਸੀਂ ਉਨ੍ਹਾਂ ਮਿੱਤਰਾਂ ਅਤੇ ਪਿਆਰੇ ਜਣਿਆਂ ਦੀ ਕਿਸ ਤਰ੍ਹਾਂ ਇਹ ਸਮਝਣ ਵਿਚ ਸਹਾਇਤਾ ਕਰ ਸਕੋਗੇ ਕਿ ਬਾਈਬਲ ਦਾ ਯਥਾਰਥ ਗਿਆਨ ਜੀਵਨ-ਯਾ-ਮੌਤ ਦੀ ਮਹੱਤਤਾ ਰੱਖਦਾ ਹੈ? ਤੁਹਾਡਾ ਉਨ੍ਹਾਂ ਗੱਲਾਂ ਉੱਤੇ ਕਾਇਮ ਰਹਿਣਾ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਬਚਨ ਤੋਂ ਸਿੱਖਦੇ ਹੋ, ਸ਼ਾਇਦ ਅੰਤ ਵਿਚ ਉਨ੍ਹਾਂ ਨੂੰ ਵੀ ਸੱਚਾਈ ਸਿੱਖਣ ਲਈ ਪ੍ਰਭਾਵਿਤ ਕਰੇ।

24. (ੳ) ਲੋਕਾਂ ਨੂੰ ਜੀਵਨ-ਦਾਇਕ ਗਿਆਨ ਲੈਣ ਤੋਂ ਰੋਕਣ ਲਈ ਇਬਲੀਸ ਹੋਰ ਕਿਹੜੇ ਤਰੀਕੇ ਇਸਤੇਮਾਲ ਕਰਦਾ ਹੈ? (ਅ) ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਕਿੰਨਾ-ਕੁ ਮਹੱਤਵਪੂਰਣ ਲੱਗਦਾ ਹੈ?

24 ਦੂਸਰੇ ਪਾਸੇ, ਸ਼ਤਾਨ ਸ਼ਾਇਦ ਤੁਹਾਨੂੰ ਕਿਸੇ ਅਨੈਤਿਕ ਕੰਮ ਵਿਚ, ਜੋ ਪਰਮੇਸ਼ੁਰ ਨੂੰ ਅਪ੍ਰਸੰਨ ਕਰਦਾ ਹੈ, ਹਿੱਸਾ ਲੈਣ ਦੇ ਪਰਤਾਵੇ ਲਈ ਜ਼ਿੰਮੇਵਾਰ ਹੋਵੇ। (1 ਕੁਰਿੰਥੀਆਂ 6:9-11) ਯਾ ਹੋ ਸਕਦਾ ਹੈ ਕਿ ਉਹ ਤੁਹਾਨੂੰ ਇਹ ਮਹਿਸੂਸ ਕਰਵਾਏਗਾ ਕਿ ਤੁਸੀਂ ਬਾਈਬਲ ਦਾ ਅਧਿਐਨ ਕਰਨ ਲਈ ਬਹੁਤ ਵਿਅਸਤ ਹੋ। ਪਰ ਅਗਰ ਤੁਸੀਂ ਇਸ ਬਾਰੇ ਸੋਚੋ, ਤਾਂ ਕੀ ਇਸ ਤਰ੍ਹਾਂ ਦਾ ਗਿਆਨ ਹਾਸਲ ਕਰਨ ਨਾਲੋਂ ਕਦੇ ਵੀ ਕੁਝ ਹੋਰ ਜ਼ਿਆਦਾ ਮਹੱਤਵਪੂਰਣ ਹੋ ਸਕਦਾ ਹੈ? ਕਿਸੇ ਵੀ ਚੀਜ਼ ਨੂੰ ਤੁਹਾਨੂੰ ਇਹ ਗਿਆਨ ਲੈਣ ਤੋਂ ਰੋਕਣ ਦੀ ਇਜ਼ਾਜਤ ਨਾ ਦਿਓ ਜਿਹੜਾ ਤੁਹਾਨੂੰ ਧਰਤੀ ਉੱਤੇ ਪਰਾਦੀਸ ਵਿਚ ਸਦਾ ਦਾ ਜੀਵਨ ਹਾਸਲ ਕਰਨ ਵੱਲ ਲੈ ਜਾ ਸਕਦਾ ਹੈ!

25. ਅਗਰ ਅਸੀਂ ਇਬਲੀਸ ਦਾ ਵਿਰੋਧ ਕਰਦੇ ਰਹਾਂਗੇ, ਤਾਂ ਉਹ ਸਾਨੂੰ ਕੀ ਨਹੀਂ ਕਰ ਸਕੇਗਾ?

25 ਬਾਈਬਲ ਤਾਕੀਦ ਕਰਦੀ ਹੈ: “ਸ਼ਤਾਨ ਦਾ ਸਾਹਮਣਾ ਕਰੋ।” ਅਗਰ ਤੁਸੀਂ ਇਹ ਕਰੋਗੇ, “ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” (ਯਾਕੂਬ 4:7) ਕੀ ਇਸ ਦਾ ਇਹ ਮਤਲਬ ਹੈ ਕਿ ਅਗਰ ਤੁਸੀਂ ਸ਼ਤਾਨ ਦੇ ਹਮਲੇ ਦਾ ਵਿਰੋਧ ਕਰੋਗੇ ਤਾਂ ਉਹ ਹਾਰ ਮੰਨ ਲਵੇਗਾ ਅਤੇ ਫਿਰ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰੇਗਾ? ਨਹੀਂ, ਉਹ ਤੁਹਾਡੇ ਤੋਂ ਵਾਰ ਵਾਰ ਉਹ ਕਰਵਾਉਣ ਦੀ ਕੋਸ਼ਿਸ਼ ਕਰੇਗਾ ਜੋ ਉਹ ਚਾਹੁੰਦਾ ਹੈ। ਪਰ ਅਗਰ ਤੁਸੀਂ ਉਸ ਦਾ ਵਿਰੋਧ ਕਰਦੇ ਰਹੋਗੇ, ਤਾਂ ਉਹ ਕਦੇ ਵੀ ਤੁਹਾਨੂੰ ਪਰਮੇਸ਼ੁਰ ਦੇ ਵਿਰੁੱਧ ਕਦਮ ਚੁੱਕਵਾਉਣ ਵਿਚ ਸਫ਼ਲ ਨਹੀਂ ਹੋਵੇਗਾ। ਇਸ ਲਈ, ਬਾਈਬਲ ਦੇ ਅਤਿ-ਮਹੱਤਵਪੂਰਣ ਗਿਆਨ ਹਾਸਲ ਕਰਨ ਲਈ ਮਿਹਨਤ ਕਰੋ ਅਤੇ ਜੋ ਸਿੱਖਦੇ ਹੋ ਉਸ ਉੱਤੇ ਅਮਲ ਕਰੋ। ਇਹ ਅਤਿ-ਆਵੱਸ਼ਕ ਹੈ ਤਾਂਕਿ ਤੁਸੀਂ ਸ਼ਤਾਨ ਦਾ ਲੋਕਾਂ ਨੂੰ ਭਰਮਾਉਣ ਦੇ ਇਕ ਹੋਰ ਜ਼ਰੀਏ ਦੁਆਰਾ ਧੋਖਾ ਨਾ ਖਾਓ, ਅਰਥਾਰ ਝੂਠਾ ਧਰਮ।

[ਸਵਾਲ]

[ਸਫ਼ੇ 16, 17 ਉੱਤੇ ਤਸਵੀਰ]

ਕੀ ਸ਼ਤਾਨ ਮਸੀਹ ਨੂੰ ਦੁਨੀਆਂ ਦੀਆਂ ਇਹ ਸਾਰੀਆਂ ਸਰਕਾਰਾਂ ਪੇਸ਼ ਕਰ ਸਕਦਾ ਸੀ ਅਗਰ ਇਹ ਉਸ ਦੀਆਂ ਨਾ ਹੁੰਦੀਆਂ?

[ਸਫ਼ੇ 19 ਉੱਤੇ ਤਸਵੀਰ]

ਇਹ ਚੋਰ ਇਕ ਚੋਰ ਨਹੀਂ ਪੈਦਾ ਹੋਇਆ ਸੀ, ਜਿਵੇਂ ਇਬਲੀਸ ਇਕ “ਇਬਲੀਸ” ਨਹੀਂ ਰਚਿਆ ਗਿਆ ਸੀ

[ਸਫ਼ੇ 20, 21 ਉੱਤੇ ਤਸਵੀਰ]

ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਧਰਤੀ ਉੱਤੇ ਸੁੱਟਣ ਨਾਲ ਸਵਰਗ ਵਿਚ ਯੁੱਧ ਖ਼ਤਮ ਹੋਇਆ। ਤੁਸੀਂ ਹੁਣ ਇਸ ਦੇ ਅਸਰ ਮਹਿਸੂਸ ਕਰ ਰਹੇ ਹੋ

[ਸਫ਼ੇ 24 ਉੱਤੇ ਤਸਵੀਰ]

ਤੁਹਾਡੇ ਜਾਰੀ ਰੱਖੇ ਗਏ ਬਾਈਬਲ ਅਧਿਐਨ ਦੇ ਪ੍ਰਤੀ ਵਿਰੋਧਤਾ ਆ ਸਕਦੀ ਹੈ