2 ਪ੍ਰਾਰਥਨਾ ਕਿਸ ਨੂੰ ਕਰੀਏ?
ਅੱਜ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਚਾਹੇ ਅਸੀਂ ਜਿਹੜਾ ਮਰਜ਼ੀ ਨਾਂ ਲੈ ਕੇ ਪ੍ਰਾਰਥਨਾ ਕਰੀਏ, ਪਰ ਇਹ ਸਾਰੀਆਂ ਪ੍ਰਾਰਥਨਾਵਾਂ ਪਹੁੰਚਦੀਆਂ ਤਾਂ ਰੱਬ ਕੋਲ ਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨੋ, ਸਾਰੇ ਰਾਹ ਰੱਬ ਕੋਲ ਹੀ ਲੈ ਕੇ ਜਾਂਦੇ ਹਨ। ਪਰ ਕੀ ਇਹ ਗੱਲ ਸੱਚ ਹੈ?
ਬਾਈਬਲ ਦੱਸਦੀ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਨਹੀਂ ਜਾਂਦੀਆਂ। ਪੁਰਾਣੇ ਜ਼ਮਾਨੇ ਵਿਚ ਵੀ ਲੋਕ ਮੂਰਤਾਂ ਅੱਗੇ ਪ੍ਰਾਰਥਨਾ ਕਰਦੇ ਸਨ। ਪਰ ਇਹ ਗੱਲ ਪਰਮੇਸ਼ੁਰ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਜ਼ਬੂਰ 115:4-6 ਵਿਚ ਮੂਰਤਾਂ ਬਾਰੇ ਕਿਹਾ ਗਿਆ ਹੈ: “ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।” ਤਾਂ ਫਿਰ ਕੀ ਇੱਦਾਂ ਦੇ ਰੱਬ ਨੂੰ ਪ੍ਰਾਰਥਨਾ ਕਰਨਾ ਦਾ ਕੋਈ ਫ਼ਾਇਦਾ ਹੈ ਜੋ ਸਾਡੀ ਗੱਲ ਸੁਣ ਹੀ ਨਹੀਂ ਸਕਦਾ?
ਬਾਈਬਲ ਵਿਚ ਦੱਸੀ ਇਕ ਘਟਨਾ ਤੋਂ ਅਸੀਂ ਇਹ ਗੱਲ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਹ ਉਦੋਂ ਦੀ ਗੱਲ ਹੈ ਜਦ ਕੁਝ ਲੋਕ ਬਆਲ ਨਾਂ ਦੇ ਦੇਵਤੇ ਨੂੰ ਪੂਜਣ ਲੱਗ ਪਏ ਸਨ। ਸੱਚੇ ਪਰਮੇਸ਼ੁਰ ਦੇ ਨਬੀ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ ਕਿ ਉਹ ਆਪਣੇ ਦੇਵਤੇ ਨੂੰ ਪੁਕਾਰਨ ਤੇ ਏਲੀਯਾਹ ਆਪਣੇ ਰੱਬ ਨੂੰ ਪੁਕਾਰੇਗਾ। ਉਸ ਨੇ ਅੱਗੇ ਕਿਹਾ ਕਿ ਜਿਹੜਾ ਪਰਮੇਸ਼ੁਰ ਪ੍ਰਾਰਥਨਾ ਦਾ ਜਵਾਬ ਦੇਵੇਗਾ, ਉਹੀ ਸੱਚਾ ਪਰਮੇਸ਼ੁਰ ਹੋਵੇਗਾ। ਬਆਲ ਦੇ ਪੁਜਾਰੀਆਂ ਨੇ ਇਹ ਚੁਣੌਤੀ ਸਵੀਕਾਰ ਕਰ ਲਈ। ਉਹ ਕਾਫ਼ੀ ਦੇਰ ਤਕ ਉੱਚੀ-ਉੱਚੀ ਬਆਲ ਨੂੰ ਪ੍ਰਾਰਥਨਾ ਕਰਦੇ ਰਹੇ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਬਾਈਬਲ ਵਿਚ ਲਿਖਿਆ ਹੈ: “ਨਾ ਕੋਈ ਜਵਾਬ ਦੇਣ ਵਾਲਾ ਸੀ; ਧਿਆਨ ਦੇਣ ਵਾਲਾ ਕੋਈ ਨਹੀਂ ਸੀ।” (1 ਰਾਜਿਆਂ 18:29) ਪਰ ਜਦੋਂ ਏਲੀਯਾਹ ਨੇ ਪ੍ਰਾਰਥਨਾ ਕੀਤੀ, ਉਦੋਂ ਕੀ ਹੋਇਆ?
ਜਦੋਂ ਏਲੀਯਾਹ ਪ੍ਰਾਰਥਨਾ ਕਰ ਹਟਿਆ, ਤਾਂ ਪਰਮੇਸ਼ੁਰ ਨੇ ਇਕਦਮ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਸ ਨੇ ਸਵਰਗੋਂ ਅੱਗ ਭੇਜੀ ਤੇ ਏਲੀਯਾਹ ਦੇ ਚੜ੍ਹਾਵੇ ਨੂੰ ਕਬੂਲ ਕੀਤਾ। ਪਰ ਏਲੀਯਾਹ ਦੀ ਹੀ ਪ੍ਰਾਰਥਨਾ ਕਿਉਂ ਸੁਣੀ ਗਈ? ਉਸ ਨੇ ਪ੍ਰਾਰਥਨਾ ਵਿਚ ਇਕ ਖ਼ਾਸ ਗੱਲ ਕਹੀ ਜੋ ਪਹਿਲਾ ਰਾਜਿਆਂ 18:36, 37 ਵਿਚ ਦਰਜ ਹੈ। ਉਸ ਨੇ ਇਕ ਛੋਟੀ ਜਿਹੀ ਪ੍ਰਾਰਥਨਾ ਕੀਤੀ ਸੀ। ਮੂਲ ਇਬਰਾਨੀ ਭਾਸ਼ਾ ਵਿਚ ਉਸ ਨੇ ਸਿਰਫ਼ 30 ਕੁ ਸ਼ਬਦ ਹੀ ਕਹੇ, ਪਰ ਇਸ ਛੋਟੀ ਜਿਹੀ ਪ੍ਰਾਰਥਨਾ ਵਿਚ ਵੀ ਏਲੀਯਾਹ ਨੇ ਤਿੰਨ ਵਾਰ ਪਰਮੇਸ਼ੁਰ ਨੂੰ ਉਸ ਦੇ ਨਾਮ ਯਹੋਵਾਹ ਤੋਂ ਬੁਲਾਇਆ।
ਬਆਲ ਸ਼ਬਦ ਦਾ ਮਤਲਬ ਹੈ, “ਮਾਲਕ।” ਇਹ ਕਨਾਨ ਦੇਸ਼ ਦਾ ਦੇਵਤਾ ਸੀ। ਉਸ ਜ਼ਮਾਨੇ ਦੇ ਅਲੱਗ-ਅਲੱਗ ਇਲਾਕਿਆਂ ਦੇ ਛੋਟੇ-ਮੋਟੇ ਦੇਵਤਿਆਂ ਨੂੰ ਵੀ ਬਆਲ ਕਿਹਾ ਜਾਂਦਾ ਸੀ। ਪਰ ਜਿੱਥੇ ਤਕ ਯਹੋਵਾਹ ਦੀ ਗੱਲ ਹੈ, ਪੂਰੇ ਬ੍ਰਹਿਮੰਡ ਵਿਚ ਸਿਰਫ਼ ਇਕ ਸ਼ਖ਼ਸ ਦਾ ਹੀ ਨਾਂ ਯਹੋਵਾਹ ਹੈ। ਉਸ ਨੇ ਆਪਣੇ ਲੋਕਾਂ ਨੂੰ ਕਿਹਾ: “ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ, ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ।”—ਯਸਾਯਾਹ 42:8.
ਏਲੀਯਾਹ ਦੀ ਪ੍ਰਾਰਥਨਾ ਸੁਣੀ ਗਈ, ਪਰ ਬਆਲ ਦੇ ਨਬੀਆਂ ਦੀ ਕਿਉਂ ਨਹੀਂ ਸੁਣੀ ਗਈ? ਬਆਲ ਦੀ ਭਗਤੀ ਕਰਨ ਵਾਲੇ ਲੋਕ ਅਨੈਤਿਕ ਕੰਮ ਕਰਦੇ ਸਨ, ਇੱਥੋਂ ਤਕ ਕਿ ਇਨਸਾਨਾਂ ਦੀ ਬਲ਼ੀ ਵੀ ਚੜ੍ਹਾਉਂਦੇ ਸਨ। ਪਰ ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਸੇਵਕ ਚੰਗੇ ਕੰਮ ਕਰਨ, ਤਾਂ ਹੀ ਉਹ ਉਨ੍ਹਾਂ ਦੀ ਭਗਤੀ ਕਬੂਲ ਕਰੇਗਾ। ਸਾਡੀਆਂ ਪ੍ਰਾਰਥਨਾਵਾਂ ਤਾਂ ਹੀ ਸੁਣੀਆਂ ਜਾਣਗੀਆਂ ਜੇ ਅਸੀਂ ਯਹੋਵਾਹ ਦਾ ਨਾਂ ਲੈ ਕੇ ਉਸ ਨੂੰ ਪ੍ਰਾਰਥਨਾ ਕਰਾਂਗੇ। ਮੰਨ ਲਓ ਜੇ ਤੁਸੀਂ ਆਪਣੇ ਕਿਸੇ ਦੋਸਤ ਨੂੰ ਚਿੱਠੀ ਲਿਖਣੀ ਚਾਹੁੰਦੇ ਹੋ, ਤਾਂ ਕੀ ਤੁਸੀਂ ਕਿਸੇ ਹੋਰ ਦੇ ਨਾਂ ’ਤੇ ਚਿੱਠੀ ਭੇਜੋਗੇ? ਬਿਲਕੁਲ ਨਹੀਂ!
ਏਲੀਯਾਹ ਅਤੇ ਬਆਲ ਦੇ ਨਬੀਆਂ ਦੇ ਕਿੱਸੇ ਤੋਂ ਇਹ ਸਾਬਤ ਹੁੰਦਾ ਹੈ ਕਿ ਜੇ ਅਸੀਂ ਸੱਚੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੀਏ, ਤਾਂ ਹੀ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ
ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ਦਰਅਸਲ ਤੁਸੀਂ ਸਾਰੇ ਜਹਾਨ ਦੇ ਮਾਲਕ ਤੇ ਸ੍ਰਿਸ਼ਟੀਕਰਤਾ ਨੂੰ ਪ੍ਰਾਰਥਨਾ ਕਰ ਰਹੇ ਹੁੰਦੇ ਹੋ। * ਯਸਾਯਾਹ ਨਬੀ ਨੇ ਆਪਣੀ ਪ੍ਰਾਰਥਨਾ ਵਿਚ ਕਿਹਾ: “ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ।” (ਯਸਾਯਾਹ 63:16) ਯਿਸੂ ਵੀ ਯਹੋਵਾਹ ਨੂੰ ਆਪਣਾ ਪਿਤਾ ਕਹਿੰਦਾ ਸੀ। ਜਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਮੈਂ ਉੱਪਰ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾ ਰਿਹਾ ਹਾਂ,” ਤਾਂ ਇੱਥੇ ਉਹ ਯਹੋਵਾਹ ਦੀ ਗੱਲ ਕਰ ਰਿਹਾ ਸੀ। (ਯੂਹੰਨਾ 20:17) ਯਿਸੂ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਦਾ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਸਿਖਾਇਆ ਕਿ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ।—ਮੱਤੀ 6:9.
ਕੀ ਸਾਨੂੰ ਯਿਸੂ, ਮਰੀਅਮ, ਸੰਤਾਂ ਜਾਂ ਦੂਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ? ਨਹੀਂ, ਬਾਈਬਲ ਸਾਨੂੰ ਸਿਰਫ਼ ਯਹੋਵਾਹ ਨੂੰ ਹੀ ਪ੍ਰਾਰਥਨਾ ਕਰਨ ਲਈ ਕਹਿੰਦੀ ਹੈ। ਜ਼ਰਾ ਦੋ ਕਾਰਨਾਂ ’ਤੇ ਗੌਰ ਕਰੋ। ਪਹਿਲਾ, ਭਗਤੀ ਕਰਨ ਵਿਚ ਪ੍ਰਾਰਥਨਾ ਕਰਨੀ ਸ਼ਾਮਲ ਹੈ ਅਤੇ ਬਾਈਬਲ ਕਹਿੰਦੀ ਹੈ ਕਿ ਭਗਤੀ ਸਿਰਫ਼ ਯਹੋਵਾਹ ਦੀ ਹੀ ਕੀਤੀ ਜਾਣੀ ਚਾਹੀਦੀ ਹੈ। (ਕੂਚ 20:5) ਦੂਜਾ, ਬਾਈਬਲ ਵਿਚ ਪਰਮੇਸ਼ੁਰ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਕਿਹਾ ਗਿਆ ਹੈ। (ਜ਼ਬੂਰ 65:2) ਭਾਵੇਂ ਕਿ ਯਹੋਵਾਹ ਦੂਜਿਆਂ ਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੰਦਾ ਹੈ, ਪਰ ਪ੍ਰਾਰਥਨਾ ਸੁਣਨ ਦੀ ਜ਼ਿੰਮੇਵਾਰੀ ਉਸ ਨੇ ਕਦੇ ਕਿਸੇ ਨੂੰ ਨਹੀਂ ਦਿੱਤੀ। ਉਹ ਵਾਅਦਾ ਕਰਦਾ ਹੈ ਕਿ ਉਹ ਆਪ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ।
ਸੋ ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਰਸੂਲਾਂ ਦੇ ਕੰਮ 2:21) ਪਰ ਕੀ ਯਹੋਵਾਹ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ? ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ?
^ ਪੈਰਾ 9 ਕੁਝ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਰੱਬ ਦਾ ਨਾਂ ਲੈਣਾ ਗ਼ਲਤ ਹੈ, ਇੱਥੋਂ ਤਕ ਕਿ ਪ੍ਰਾਰਥਨਾ ਵਿਚ ਵੀ। ਪਰ ਜਦ ਸ਼ੁਰੂ ਵਿਚ ਬਾਈਬਲ ਲਿਖੀ ਗਈ ਸੀ, ਉਦੋਂ ਪਰਮੇਸ਼ੁਰ ਨੇ ਉਸ ਵਿਚ ਆਪਣਾ ਨਾਂ 7,000 ਤੋਂ ਵੀ ਜ਼ਿਆਦਾ ਵਾਰ ਲਿਖਵਾਇਆ ਸੀ। ਬਾਈਬਲ ਵਿਚ ਪਰਮੇਸ਼ੁਰ ਦੇ ਕਈ ਸੇਵਕਾਂ ਦੀਆਂ ਪ੍ਰਾਰਥਨਾਵਾਂ ਅਤੇ ਭਜਨ ਦਰਜ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਪਾਇਆ ਜਾਂਦਾ ਹੈ।