ਕੀ ਸਾਰੇ ਮਸੀਹੀ ਸੱਚੇ ਮਸੀਹੀ ਹਨ?
ਕੀ ਸਾਰੇ ਮਸੀਹੀ ਸੱਚੇ ਮਸੀਹੀ ਹਨ?
ਪੂਰੀ ਦੁਨੀਆਂ ਵਿਚ ਕਿੰਨੇ ਮਸੀਹੀ ਹਨ? ਐਟਲਸ ਆਫ਼ ਗਲੋਬਲ ਕ੍ਰਿਸਚਿਏਨੀਟੀ ਦੇ ਮੁਤਾਬਕ 2010 ਵਿਚ ਪੂਰੀ ਦੁਨੀਆਂ ਵਿਚ ਤਕਰੀਬਨ 2 ਅਰਬ 30 ਕਰੋੜ ਮਸੀਹੀ ਸਨ। ਇਸੇ ਪ੍ਰਕਾਸ਼ਨ ਵਿਚ ਦੱਸਿਆ ਗਿਆ ਸੀ ਕਿ ਇਹ ਮਸੀਹੀ 41,000 ਤੋਂ ਜ਼ਿਆਦਾ ਵੱਖੋ-ਵੱਖਰੇ ਪੰਥਾਂ ਵਿਚ ਵੰਡੇ ਹੋਏ ਹਨ ਤੇ ਹਰੇਕ ਪੰਥ ਦੀਆਂ ਆਪੋ-ਆਪਣੀਆਂ ਸਿੱਖਿਆਵਾਂ ਅਤੇ ਚਾਲ-ਚਲਣ ਸੰਬੰਧੀ ਮਿਆਰ ਹਨ। ਮਸੀਹੀਆਂ ਦੇ ਇੰਨੇ ਸਾਰੇ ਵੱਖੋ-ਵੱਖਰੇ ਪੰਥ ਹੋਣ ਕਰਕੇ ਕੁਝ ਲੋਕ ਉਲਝਣ ਵਿਚ ਪੈ ਜਾਂਦੇ ਹਨ ਜਾਂ ਧਰਮ ਤੋਂ ਉਨ੍ਹਾਂ ਦਾ ਭਰੋਸਾ ਉੱਠ ਜਾਂਦਾ ਹੈ। ਉਹ ਸ਼ਾਇਦ ਸੋਚਣ, ‘ਜਿੰਨੇ ਵੀ ਲੋਕ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਕੀ ਉਹ ਸਾਰੇ ਸੱਚੇ ਮਸੀਹੀ ਹਨ?’
ਆਓ ਇਸ ਗੱਲ ਨੂੰ ਸਮਝਣ ਲਈ ਇਕ ਮਿਸਾਲ ʼਤੇ ਗੌਰ ਕਰੀਏ। ਜਦੋਂ ਕੋਈ ਵਿਅਕਤੀ ਦੂਜੇ ਦੇਸ਼ ਵਿਚ ਜਾਂਦਾ ਹੈ, ਤਾਂ ਉਸ ਨੂੰ ਹਵਾਈ ਅੱਡੇ ʼਤੇ ਇਕ ਅਧਿਕਾਰੀ ਨੂੰ ਦੱਸਣਾ ਪੈਂਦਾ ਹੈ ਕਿ ਉਹ ਕਿਸ ਦੇਸ਼ ਦਾ ਨਾਗਰਿਕ ਹੈ। ਪਰ ਕੀ ਇਹ ਕਾਫ਼ੀ ਹੈ? ਨਹੀਂ, ਉਸ ਨੂੰ ਆਪਣੀ ਪਛਾਣ ਲਈ ਪਾਸਪੋਰਟ ਵਰਗੇ ਕੁਝ ਠੋਸ ਸਬੂਤ ਦੇਣੇ ਪੈਣਗੇ। ਇਸੇ ਤਰ੍ਹਾਂ, ਇਕ ਸੱਚੇ ਮਸੀਹੀ ਲਈ ਵੀ ਸਿਰਫ਼ ਮਸੀਹ ʼਤੇ ਨਿਹਚਾ ਕਰਨ ਦਾ ਦਾਅਵਾ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ਨੂੰ ਸਬੂਤ ਦੇਣ ਦੀ ਵੀ ਲੋੜ ਹੈ। ਉਹ ਸਬੂਤ ਕੀ ਹੋ ਸਕਦਾ?
“ਮਸੀਹੀ” ਸ਼ਬਦ ਪਹਿਲੀ ਵਾਰ 44 ਈ. ਤੋਂ ਕੁਝ ਸਮੇਂ ਬਾਅਦ ਵਰਤਿਆ ਜਾਣ ਲੱਗਾ। ਬਾਈਬਲ ਦੇ ਇਕ ਇਤਿਹਾਸਕਾਰ ਲੂਕਾ ਨੇ ਦੱਸਿਆ: “ਅੰਤਾਕੀਆ ਹੀ ਪਹਿਲੀ ਜਗ੍ਹਾ ਹੈ ਜਿੱਥੇ ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।” (ਰਸੂਲਾਂ ਦੇ ਕੰਮ 11:26) ਧਿਆਨ ਦਿਓ ਕਿ ਯਿਸੂ ਦੇ ਚੇਲਿਆਂ ਨੂੰ ਮਸੀਹੀ ਕਿਹਾ ਜਾਂਦਾ ਸੀ। ਇਕ ਵਿਅਕਤੀ ਯਿਸੂ ਦਾ ਚੇਲਾ ਕਿਵੇਂ ਬਣਦਾ ਹੈ? ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ ਵਿਚ ਲਿਖਿਆ ਹੈ: ‘ਯਿਸੂ ਦਾ ਚੇਲਾ ਬਣਨ ਦਾ ਮਤਲਬ ਹੈ ਬਿਨਾਂ ਕਿਸੇ ਸੁਆਰਥ ਦੇ ਸਾਰੀ ਜ਼ਿੰਦਗੀ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲਣਾ।’ ਇਸ ਲਈ ਇਕ ਸੱਚਾ ਮਸੀਹੀ ਉਹ ਹੁੰਦਾ ਹੈ ਜੋ ਪੂਰੇ ਦਿਲ ਨਾਲ ਅਤੇ ਬਿਨਾਂ ਕਿਸੇ ਸੁਆਰਥ ਦੇ ਯਿਸੂ ਦੀਆਂ ਸਿੱਖਿਆਵਾਂ ਅਤੇ ਹਿਦਾਇਤਾਂ ʼਤੇ ਚੱਲਦਾ ਹੈ।
ਕੀ ਅਸੀਂ ਜਾਣ ਸਕਦੇ ਹਾਂ ਕਿ ਅੱਜ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਸੱਚੇ ਮਸੀਹੀ ਕੌਣ ਹਨ? ਯਿਸੂ ਨੇ ਆਪਣੇ ਚੇਲਿਆਂ ਦੀ ਪਛਾਣ ਕੀ ਦੱਸੀ ਸੀ? ਅਸੀਂ ਤੁਹਾਨੂੰ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦਾ ਸੱਦਾ ਦਿੰਦੇ ਹਾਂ। ਅਗਲੇ ਲੇਖਾਂ ਵਿਚ ਅਸੀਂ ਯਿਸੂ ਦੀਆਂ ਕਹੀਆਂ ਪੰਜ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਤੋਂ ਅਸੀਂ ਉਸ ਦੇ ਸੱਚੇ ਚੇਲਿਆਂ ਨੂੰ ਪਛਾਣ ਸਕਦੇ ਹਾਂ। ਅਸੀਂ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ? ਨਾਲੇ ਅਸੀਂ ਇਹ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅੱਜ ਦੁਨੀਆਂ ਭਰ ਵਿਚ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ।