ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਮੈਂ ਗੰਭੀਰਤਾ ਨਾਲ ਸੋਚਣ ਲੱਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ”
ਜਨਮ: 1941
ਦੇਸ਼: ਆਸਟ੍ਰੇਲੀਆ
ਅਤੀਤ: ਸਿਗਰਟਾਂ ਤੇ ਹੱਦੋਂ ਵੱਧ ਸ਼ਰਾਬ ਪੀਣੀ
ਮੇਰੇ ਅਤੀਤ ਬਾਰੇ ਕੁਝ ਗੱਲਾਂ:
ਮੇਰੀ ਪਰਵਰਿਸ਼ ਨਿਊ ਸਾਊਥ ਵੇਲਜ਼ ਦੇ ਇਕ ਛੋਟੇ ਜਿਹੇ ਕਸਬੇ ਵਾਰੀਆਲਡਾ ਵਿਚ ਹੋਈ ਸੀ। ਇੱਥੇ ਦੇ ਲੋਕ ਅਨਾਜ ਤੇ ਸਬਜ਼ੀਆਂ ਵਗੈਰਾ ਉਗਾਉਂਦੇ ਹਨ ਅਤੇ ਭੇਡਾਂ ਤੇ ਗਾਂਵਾਂ-ਬਲਦ ਪਾਲ਼ਦੇ ਹਨ। ਇੱਥੇ ਅਪਰਾਧ ਦੀਆਂ ਖ਼ਬਰਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਹਨ।
ਅਸੀਂ 10 ਭੈਣ-ਭਰਾ ਸੀ ਤੇ ਮੈਂ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਸੀ। ਵੱਡਾ ਹੋਣ ਕਰਕੇ 13 ਸਾਲਾਂ ਦੀ ਉਮਰ ਵਿਚ ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਘੱਟ ਪੜ੍ਹਿਆ ਹੋਣ ਕਰਕੇ ਮੈਨੂੰ ਖੇਤਾਂ ਵਿਚ ਕੰਮ ਕਰਨਾ ਪਿਆ। 15 ਸਾਲਾਂ ਦੀ ਉਮਰ ਵਿਚ ਮੈਂ ਘੋੜਿਆਂ ਦੀ ਦੇਖ-ਭਾਲ ਕਰਨੀ ਅਤੇ ਉਨ੍ਹਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।
ਖੇਤਾਂ ਵਿਚ ਮੈਨੂੰ ਕੰਮ ਕਰਨ ਦਾ ਫ਼ਾਇਦਾ ਵੀ ਹੋਇਆ ਤੇ ਨੁਕਸਾਨ ਵੀ। ਮੈਨੂੰ ਉੱਥੇ ਕੰਮ ਕਰਨ ਵਿਚ ਬਹੁਤ ਮਜ਼ਾ ਆਉਂਦਾ ਸੀ ਤੇ ਉੱਥੇ ਦਾ ਵਾਤਾਵਰਣ ਵੀ ਬਹੁਤ ਵਧੀਆ ਲੱਗਦਾ ਸੀ। ਰਾਤ ਵੇਲੇ ਮੈਂ ਉੱਥੇ ਖੁੱਲ੍ਹੇ ਆਸਮਾਨ ਥੱਲੇ ਅੱਗ ਬਾਲ਼ ਕੇ ਸੇਕਦਾ ਹੁੰਦਾ ਸੀ ਅਤੇ ਚੰਦ-ਤਾਰਿਆਂ ਨੂੰ ਨਿਹਾਰਦਾ ਸੀ। ਸ਼ਾਮ ਨੂੰ ਜਦੋਂ ਹਲਕੀ-ਹਲਕੀ ਹਵਾ ਚੱਲਦੀ ਸੀ, ਤਾਂ ਆਲੇ-ਦੁਆਲੇ ਦੀਆਂ ਝਾੜੀਆਂ ਦੀ ਖ਼ੁਸ਼ਬੂ ਚਾਰੇ ਪਾਸੇ ਫੈਲ ਜਾਂਦੀ ਸੀ। ਇਹ ਸਭ ਕੁਝ ਦੇਖ ਕੇ ਮੈਨੂੰ ਲੱਗਦਾ ਸੀ ਕਿ ਇਨ੍ਹਾਂ ਸਾਰੀਆਂ ਸ਼ਾਨਦਾਰ ਚੀਜ਼ਾਂ ਨੂੰ ਬਣਾਉਣ ਵਾਲਾ ਕੋਈ-ਨਾ-ਕੋਈ ਤਾਂ ਜ਼ਰੂਰ ਹੋਣਾ। ਪਰ ਦੂਜੇ ਪਾਸੇ, ਉੱਥੇ ਕੰਮ ਕਰਨ ਵਾਲਿਆਂ ਦਾ ਮੇਰੇ ʼਤੇ ਮਾੜਾ ਅਸਰ ਹੋਣ ਲੱਗਾ। ਮੈਂ ਅਕਸਰ ਲੋਕਾਂ ਨੂੰ ਗਾਲ਼ਾਂ ਕੱਢਦੇ ਹੋਏ ਸੁਣਦਾ ਸੀ ਅਤੇ ਉੱਥੇ ਮੈਨੂੰ ਸੌਖਿਆਂ ਹੀ ਸਿਗਰਟਾਂ ਮਿਲ ਜਾਂਦੀਆਂ ਸਨ। ਦੇਖਦੇ ਹੀ ਦੇਖਦੇ ਮੈਂ ਵੀ ਗਾਲ਼ਾਂ ਕੱਢਣ ਲੱਗ ਪਿਆ ਤੇ ਸਿਗਰਟ ਪੀਣੀ ਮੇਰੀ ਆਦਤ ਬਣ ਗਈ।
18 ਸਾਲਾਂ ਦੀ ਉਮਰ ਵਿਚ ਮੈਂ ਸਿਡਨੀ ਚਲਾ ਗਿਆ। ਉੱਥੇ ਮੈਂ ਫ਼ੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ, ਪਰ ਘੱਟ-ਪੜ੍ਹਿਆ ਲਿਖਿਆ ਹੋਣ ਕਰਕੇ ਮੈਨੂੰ ਭਰਤੀ ਨਹੀਂ ਕੀਤਾ ਗਿਆ। ਪਰ ਸਿਡਨੀ ਵਿਚ ਮੈਨੂੰ ਇਕ ਹੋਰ ਨੌਕਰੀ ਮਿਲ ਗਈ ਤੇ ਮੈਂ ਉੱਥੇ ਇਕ ਸਾਲ ਰਿਹਾ। ਉਦੋਂ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ। ਉਨ੍ਹਾਂ ਨੇ ਮੈਨੂੰ ਆਪਣੀਆਂ ਸਭਾਵਾਂ ਵਿਚ ਆਉਣ ਦਾ ਸੱਦਾ ਦਿੱਤਾ ਤੇ ਮੈਂ ਉਨ੍ਹਾਂ ਦੀ ਇਕ ਸਭਾ ʼਤੇ ਗਿਆ। ਉੱਥੇ ਜਾ ਕੇ ਮੈਨੂੰ ਅਹਿਸਾਸ ਹੋਇਆ ਕਿ ਇਹੀ ਸੱਚਾਈ ਹੈ।
ਪਰ ਇਸ ਤੋਂ ਕੁਝ ਸਮੇਂ ਬਾਅਦ ਮੈਂ ਆਪਣੇ ਕਸਬੇ ਵਾਪਸ ਜਾਣ ਦਾ ਫ਼ੈਸਲਾ ਕੀਤਾ। ਪਰ ਮੈਂ ਕੁਈਨਜ਼ਲੈਂਡ ਪ੍ਰਾਂਤ ਦੇ ਗੁੰਡੀਵਿੰਡੀ ਇਲਾਕੇ ਵਿਚ ਆ ਗਿਆ। ਉੱਥੇ ਮੈਨੂੰ ਇਕ ਨੌਕਰੀ ਮਿਲ ਗਈ ਤੇ ਫਿਰ ਮੇਰਾ ਵਿਆਹ ਹੋ ਗਿਆ। ਪਰ ਅਫ਼ਸੋਸ ਦੀ ਗੱਲ ਹੈ ਕਿ ਮੈਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਸਾਡੇ ਦੋ ਮੁੰਡੇ ਸਨ। ਉਨ੍ਹਾਂ ਦੇ ਜਨਮ ਤੋਂ ਬਾਅਦ ਮੈਂ ਗੰਭੀਰਤਾ ਨਾਲ ਸੋਚਣ ਲੱਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਮੈਨੂੰ ਉਹ ਗੱਲਾਂ ਯਾਦ ਆਈਆਂ ਜੋ ਮੈਂ ਸਿਡਨੀ ਵਿਚ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਸੁਣੀਆਂ ਸਨ। ਇਸ ਲਈ ਮੈਂ ਉਨ੍ਹਾਂ ਗੱਲਾਂ ਮੁਤਾਬਕ ਕਦਮ ਚੁੱਕਣ ਦਾ ਫ਼ੈਸਲਾ ਕੀਤਾ।
ਮੈਨੂੰ ਪਹਿਰਾਬੁਰਜ ਦਾ ਇਕ ਪੁਰਾਣਾ ਅੰਕ ਮਿਲਿਆ ਜਿਸ ਵਿਚ ਆਸਟ੍ਰੇਲੀਆ ਦੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦਾ ਪਤਾ ਦਿੱਤਾ ਗਿਆ ਸੀ। ਮੈਂ ਮਦਦ ਲਈ ਉਨ੍ਹਾਂ ਨੂੰ ਇਕ ਚਿੱਠੀ ਲਿਖੀ। ਇਸ ਕਰਕੇ ਮੈਨੂੰ ਇਕ ਚੰਗਾ ਤੇ ਪਰਵਾਹ ਕਰਨ ਵਾਲਾ ਗਵਾਹ ਮਿਲਣ ਆਇਆ। ਜਲਦੀ ਹੀ ਉਸ ਨੇ ਮੈਨੂੰ ਬਾਈਬਲ ਤੋਂ ਸਿਖਾਉਣਾ ਸ਼ੁਰੂ ਕਰ ਦਿੱਤਾ।
ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ:
ਜਿੱਦਾਂ-ਜਿੱਦਾਂ ਮੈਂ ਬਾਈਬਲ ਪੜ੍ਹਦਾ ਗਿਆ, ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਜ਼ਿੰਦਗੀ ਵਿਚ ਵੱਡੇ ਬਦਲਾਅ ਕਰਨ ਦੀ ਲੋੜ ਹੈ। ਬਾਈਬਲ ਦੀ ਇਕ ਆਇਤ ਦਾ ਮੇਰੇ ʼਤੇ ਬਹੁਤ ਡੂੰਘਾ ਅਸਰ ਪਿਆ, ਉਹ ਸੀ 2 ਕੁਰਿੰਥੀਆਂ 7:1. ਇਸ ਆਇਤ ਤੋਂ ਸਾਨੂੰ “ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ” ਕਰਨ ਦੀ ਹੱਲਾਸ਼ੇਰੀ ਮਿਲਦੀ ਹੈ।
ਇਸ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਮੈਂ ਸਿਗਰਟ ਤੇ ਹੱਦੋਂ ਵੱਧ ਸ਼ਰਾਬ ਪੀਣੀ ਛੱਡ ਦੇਵਾਂਗਾ। ਇਹ ਆਦਤਾਂ ਛੱਡਣੀਆਂ ਸੌਖੀਆਂ ਨਹੀਂ ਸਨ ਕਿਉਂਕਿ ਇਹ ਬਹੁਤ ਲੰਬੇ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਸਨ। ਪਰ ਮੈਂ ਠਾਣ ਲਿਆ ਸੀ ਕਿ ਮੈਂ ਹੁਣ ਤੋਂ ਇੱਦਾਂ ਦੀ ਜ਼ਿੰਦਗੀ ਜੀਵਾਂਗਾ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਰੋਮੀਆਂ 12:2 ਵਿਚ ਦਿੱਤਾ ਅਸੂਲ ਲਾਗੂ ਕਰ ਕੇ ਮੈਨੂੰ ਬਹੁਤ ਫ਼ਾਇਦਾ ਹੋਇਆ ਜਿੱਥੇ ਲਿਖਿਆ ਹੈ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।” ਮੈਨੂੰ ਅਹਿਸਾਸ ਹੋਇਆ ਕਿ ਆਪਣੀਆਂ ਆਦਤਾਂ ਬਦਲਣ ਲਈ ਮੈਨੂੰ ਸਭ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਲੋੜ ਸੀ। ਮੈਨੂੰ ਆਪਣੀਆਂ ਆਦਤਾਂ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਦੇਖਣ ਦੀ ਲੋੜ ਸੀ ਕਿ ਇਹ ਮੇਰੇ ਲਈ ਕਿੰਨੀਆਂ ਨੁਕਸਾਨਦੇਹ ਹਨ। ਯਹੋਵਾਹ ਦੀ ਮਦਦ ਨਾਲ ਮੈਂ ਸਿਗਰਟ ਤੇ ਹੱਦੋਂ ਵੱਧ ਸ਼ਰਾਬ ਪੀਣੀ ਛੱਡ ਸਕਿਆ।
“ਮੈਨੂੰ ਅਹਿਸਾਸ ਹੋਇਆ ਕਿ ਆਪਣੀਆਂ ਆਦਤਾਂ ਬਦਲਣ ਲਈ ਮੈਨੂੰ ਸਭ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਲੋੜ ਸੀ”
ਪਰ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਸੀ, ਗਾਲ਼ਾਂ ਕੱਢਣ ਦੀ ਆਦਤ ਛੱਡਣੀ। ਮੈਨੂੰ ਅਫ਼ਸੀਆਂ 4:29 ਵਿਚ ਦਿੱਤੀ ਬਾਈਬਲ ਦੀ ਇਹ ਸਲਾਹ ਯਾਦ ਸੀ: “ਤੁਹਾਡੇ ਮੂੰਹੋਂ ਇਕ ਵੀ ਬੁਰੀ ਗੱਲ ਨਾ ਨਿਕਲੇ।” ਪਰ ਫਿਰ ਵੀ ਮੈਂ ਇਸ ਆਦਤ ਨੂੰ ਫ਼ੌਰਨ ਨਹੀਂ ਛੱਡ ਸਕਿਆ। ਮੈਨੂੰ ਯਸਾਯਾਹ 40:26 ਦੇ ਸ਼ਬਦਾਂ ʼਤੇ ਮਨਨ ਕਰਨ ਨਾਲ ਫ਼ਾਇਦਾ ਹੋਇਆ। ਉੱਥੇ ਤਾਰਿਆਂ ਬਾਰੇ ਲਿਖਿਆ ਹੈ: “ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ। ਕਿਹਨੇ ਇਨ੍ਹਾਂ ਨੂੰ ਸਾਜਿਆ? ਉਸੇ ਨੇ ਜਿਹੜਾ ਇਨ੍ਹਾਂ ਦੀ ਸੈਨਾ ਨੂੰ ਗਿਣ ਕੇ ਬਾਹਰ ਲੈ ਆਉਂਦਾ ਹੈ; ਉਹ ਇਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਪੁਕਾਰਦਾ ਹੈ। ਉਹਦੀ ਜ਼ਬਰਦਸਤ ਤਾਕਤ ਅਤੇ ਉਹਦੇ ਹੈਰਾਨੀਜਨਕ ਬਲ ਦੇ ਕਾਰਨ ਇਨ੍ਹਾਂ ਵਿੱਚੋਂ ਇਕ ਵੀ ਗ਼ੈਰ-ਹਾਜ਼ਰ ਨਹੀਂ ਹੁੰਦਾ।” ਮੈਂ ਸੋਚਿਆ ਕਿ ਜੇ ਪਰਮੇਸ਼ੁਰ ਇੰਨੇ ਵੱਡੇ ਬ੍ਰਹਿਮੰਡ ਨੂੰ ਬਣਾਉਣ ਦੀ ਤਾਕਤ ਰੱਖਦਾ ਹੈ, ਜਿਸ ਨੂੰ ਦੇਖਣਾ ਮੈਨੂੰ ਬਹੁਤ ਪਸੰਦ ਹੈ, ਤਾਂ ਕੀ ਉਹ ਮੈਨੂੰ ਬੁਰੀਆਂ ਆਦਤਾਂ ਛੱਡਣ ਦੀ ਤਾਕਤ ਨਹੀਂ ਦੇ ਸਕਦਾ ਤਾਂਕਿ ਮੈਂ ਉਸ ਨੂੰ ਖ਼ੁਸ਼ ਕਰ ਸਕਾਂ। ਲਗਾਤਾਰ ਪ੍ਰਾਰਥਨਾ ਤੇ ਮਿਹਨਤ ਕਰਨ ਕਰਕੇ ਮੈਂ ਹੌਲੀ-ਹੌਲੀ ਗਾਲ਼ਾਂ ਕੱਢਣ ਦੀ ਆਦਤ ʼਤੇ ਕਾਬੂ ਪਾ ਲਿਆ।
ਅੱਜ ਮੇਰੀ ਜ਼ਿੰਦਗੀ:
ਜਿਹੜੀ ਜਗ੍ਹਾ ਮੈਂ ਘੋੜਿਆਂ ਦੀ ਦੇਖ-ਭਾਲ ਕਰਨ ਦਾ ਕੰਮ ਕਰਦਾ ਸੀ, ਉੱਥੇ ਘੱਟ ਲੋਕ ਹੀ ਹੁੰਦੇ ਸਨ। ਇਸ ਲਈ ਮੈਨੂੰ ਲੋਕਾਂ ਨਾਲ ਗੱਲ ਕਰਨ ਦਾ ਜ਼ਿਆਦਾ ਮੌਕਾ ਨਹੀਂ ਸੀ ਮਿਲਦਾ। ਪਰ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਮਿਲੀ ਸਿਖਲਾਈ ਕਰਕੇ ਮੈਂ ਖੁੱਲ੍ਹ ਕੇ ਗੱਲਬਾਤ ਕਰਨੀ ਸਿੱਖੀ। ਨਾਲੇ ਇਸ ਸਿਖਲਾਈ ਕਰਕੇ ਮੈਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਕਾਬਲ ਬਣਿਆ ਹਾਂ।—ਮੱਤੀ 6:9, 10; 24:14.
ਪਿਛਲੇ ਕਈ ਸਾਲਾਂ ਤੋਂ ਮੈਂ ਖ਼ੁਸ਼ੀ-ਖ਼ੁਸ਼ੀ ਆਪਣੀ ਮੰਡਲੀ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ। ਮੈਂ ਪੂਰੀ ਵਾਹ ਲਾ ਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਕਿ ਮੇਰੇ ਲਈ ਸਨਮਾਨ ਦੀ ਗੱਲ ਹੈ।
ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੇਰੇ ਵਰਗੇ ਘੱਟ ਪੜ੍ਹੇ-ਲਿਖੇ ਇਨਸਾਨ ਨੂੰ ਇਸ ਕਾਬਲ ਸਮਝਿਆ ਕਿ ਉਹ ਮੈਨੂੰ ਸਿਖਾਵੇ। (ਯਸਾਯਾਹ 54:13) ਮੈਂ ਕਹਾਉਤਾਂ 10:22 ਦੇ ਸ਼ਬਦਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿੱਥੇ ਲਿਖਿਆ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ।”