ਅਧਿਆਇ 5
‘ਦੇਖ, ਲੋਕ ਕਿੰਨੇ ਦੁਸ਼ਟ ਅਤੇ ਘਿਣਾਉਣੇ ਕੰਮ ਕਰ ਰਹੇ ਹਨ’
ਮੁੱਖ ਗੱਲ: ਯਹੂਦਾਹ ਦੇ ਧਰਮ-ਤਿਆਗੀ ਲੋਕਾਂ ਨੇ ਮੂਰਤੀ-ਪੂਜਾ ਅਤੇ ਅਨੈਤਿਕ ਕੰਮ ਕੀਤੇ
1-3. ਯਹੋਵਾਹ ਆਪਣੇ ਮੰਦਰ ਵਿਚ ਹਿਜ਼ਕੀਏਲ ਨੂੰ ਕੀ ਦਿਖਾਉਣਾ ਚਾਹੁੰਦਾ ਸੀ ਅਤੇ ਕਿਉਂ? (ਭਾਗ 2 ਦੇ ਸ਼ੁਰੂ ਵਿਚ ਦਿੱਤੀ ਜਾਣਕਾਰੀ ਤੇ ਤਸਵੀਰ ਦੇਖੋ।)
ਹਿਜ਼ਕੀਏਲ ਨੂੰ ਮੂਸਾ ਦੇ ਕਾਨੂੰਨ ਦੀ ਪੂਰੀ ਸਮਝ ਹੈ ਕਿਉਂਕਿ ਉਹ ਇਕ ਪੁਜਾਰੀ ਦਾ ਪੁੱਤਰ ਹੈ। ਉਹ ਯਰੂਸ਼ਲਮ ਦੇ ਮੰਦਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਉੱਥੇ ਯਹੋਵਾਹ ਦੀ ਸ਼ੁੱਧ ਭਗਤੀ ਕੀਤੀ ਜਾਣੀ ਚਾਹੀਦੀ ਹੈ। (ਹਿਜ਼. 1:3; ਮਲਾ. 2:7) ਪਰ ਹੁਣ 612 ਈਸਵੀ ਪੂਰਵ ਵਿਚ ਯਹੋਵਾਹ ਦੇ ਮੰਦਰ ਵਿਚ ਅਜਿਹੇ ਕੰਮ ਹੋ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਹਿਜ਼ਕੀਏਲ ਵਾਂਗ ਕੋਈ ਵੀ ਵਫ਼ਾਦਾਰ ਯਹੂਦੀ ਹੈਰਾਨ-ਪਰੇਸ਼ਾਨ ਰਹਿ ਜਾਵੇ।
2 ਯਹੋਵਾਹ ਚਾਹੁੰਦਾ ਹੈ ਕਿ ਹਿਜ਼ਕੀਏਲ ਮੰਦਰ ਵਿਚ ਹੋ ਰਹੇ ਘਿਣਾਉਣੇ ਕੰਮਾਂ ਨੂੰ ਦੇਖੇ ਅਤੇ ਉਨ੍ਹਾਂ ਸਾਰੇ ਕੰਮਾਂ ਬਾਰੇ ਬਾਬਲ ਵਿਚ ਗ਼ੁਲਾਮ ‘ਯਹੂਦਾਹ ਦੇ ਬਜ਼ੁਰਗਾਂ’ ਨੂੰ ਦੱਸੇ ਜੋ ਉਸ ਦੇ ਘਰ ਇਕੱਠੇ ਹੋਏ ਹਨ। (ਹਿਜ਼ਕੀਏਲ 8:1-4 ਪੜ੍ਹੋ; ਹਿਜ਼. 11:24, 25; 20:1-3) ਹਿਜ਼ਕੀਏਲ ਬਾਬਲ ਵਿਚ ਕਿਬਾਰ ਦਰਿਆ ਲਾਗੇ ਤੇਲ-ਆਬੀਬ ਵਿਖੇ ਆਪਣੇ ਘਰ ਵਿਚ ਬੈਠਾ ਹੋਇਆ ਹੈ। ਉਸ ਵੇਲੇ ਉਹ ਇਕ ਦਰਸ਼ਣ ਦੇਖਦਾ ਹੈ ਜਿਸ ਵਿਚ ਯਹੋਵਾਹ ਦੀ ਪਵਿੱਤਰ ਸ਼ਕਤੀ ਉਸ ਨੂੰ ਉਸ ਦੇ ਘਰੋਂ ਚੁੱਕ ਕੇ ਪੱਛਮ ਵੱਲ ਸੈਂਕੜੇ ਕਿਲੋਮੀਟਰ ਦੂਰ ਯਰੂਸ਼ਲਮ ਵਿਚ ਲੈ ਜਾਂਦੀ ਹੈ। ਯਹੋਵਾਹ ਉਸ ਨੂੰ ਮੰਦਰ ਦੇ ਅੰਦਰਲੇ ਵਿਹੜੇ ਦੇ ਉੱਤਰੀ ਦਰਵਾਜ਼ੇ ਕੋਲ ਲੈ ਜਾਂਦਾ ਹੈ। ਇਸ ਦਰਵਾਜ਼ੇ ਤੋਂ ਸ਼ੁਰੂ ਕਰ ਕੇ ਯਹੋਵਾਹ ਉਸ ਨੂੰ ਦਰਸ਼ਣ ਵਿਚ ਦਿਖਾਉਂਦਾ ਹੈ ਕਿ ਮੰਦਰ ਵਿਚ ਕੀ-ਕੀ ਹੋ ਰਿਹਾ ਹੈ।
3 ਹਿਜ਼ਕੀਏਲ ਨੇ ਚਾਰ ਘਿਣਾਉਣੇ ਦ੍ਰਿਸ਼ ਦੇਖੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਸ ਕੌਮ ਦੇ ਲੋਕਾਂ ਦੀ ਭਗਤੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਗਈ ਸੀ। ਪਰ ਸ਼ੁੱਧ ਭਗਤੀ ਭ੍ਰਿਸ਼ਟ ਕਿਵੇਂ ਹੋ ਗਈ? ਇਸ ਦਰਸ਼ਣ ਤੋਂ ਅੱਜ ਅਸੀਂ ਕੀ ਸਿੱਖਦੇ ਹਾਂ? ਆਓ ਆਪਾਂ ਹਿਜ਼ਕੀਏਲ ਨਾਲ ਮਿਲ ਕੇ ਦੇਖੀਏ ਕਿ ਮੰਦਰ ਵਿਚ ਕੀ-ਕੀ ਹੋ ਰਿਹਾ ਹੈ। ਪਹਿਲਾਂ ਆਪਾਂ ਦੇਖਦੇ ਹਾਂ ਕਿ ਯਹੋਵਾਹ ਆਪਣੇ ਭਗਤਾਂ ਤੋਂ ਕੀ ਜਾਇਜ਼ ਮੰਗ ਕਰਦਾ ਹੈ।
‘ਮੈਂ ਤੇਰਾ ਪਰਮੇਸ਼ੁਰ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ’
4. ਯਹੋਵਾਹ ਆਪਣੇ ਭਗਤਾਂ ਤੋਂ ਕੀ ਮੰਗ ਕਰਦਾ ਹੈ?
4 ਹਿਜ਼ਕੀਏਲ ਦੇ ਦਿਨਾਂ ਤੋਂ ਤਕਰੀਬਨ 900 ਸਾਲ ਪਹਿਲਾਂ ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਆਪਣੇ ਭਗਤਾਂ ਤੋਂ ਕੀ ਚਾਹੁੰਦਾ ਹੈ। ਇਜ਼ਰਾਈਲੀਆਂ * ਨੂੰ ਦਿੱਤੇ ਦਸ ਹੁਕਮਾਂ ਵਿੱਚੋਂ ਦੂਜੇ ਹੁਕਮ ਵਿਚ ਪਰਮੇਸ਼ੁਰ ਨੇ ਦੱਸਿਆ: “ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।” (ਕੂਚ 20:5) “ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹੋਰ ਕਿਸੇ ਦੇਵਤੇ ਦੀ ਭਗਤੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਅਸੀਂ ਇਸ ਕਿਤਾਬ ਦੇ ਦੂਜੇ ਅਧਿਆਇ ਵਿਚ ਦੇਖਿਆ ਸੀ ਕਿ ਸ਼ੁੱਧ ਭਗਤੀ ਦੀ ਪਹਿਲੀ ਮੰਗ ਹੈ ਕਿ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਵੇ। ਉਸ ਦੇ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਦੇਣ। (ਕੂਚ 20:3) ਸੌਖੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਯਹੋਵਾਹ ਨਹੀਂ ਚਾਹੁੰਦਾ ਕਿ ਉਸ ਦੀ ਭਗਤੀ ਕਰਨ ਦੇ ਨਾਲ-ਨਾਲ ਕਿਸੇ ਹੋਰ ਦੀ ਵੀ ਭਗਤੀ ਕੀਤੀ ਜਾਵੇ। 1513 ਈਸਵੀ ਪੂਰਵ ਵਿਚ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨਾਲ ਕਾਨੂੰਨ ਦਾ ਇਕਰਾਰ ਕੀਤਾ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਇਸ ਇਕਰਾਰ ਮੁਤਾਬਕ ਚੱਲਣ ਲਈ ਰਾਜ਼ੀ ਹੋ ਗਏ ਸਨ। ਇਸ ਤਰ੍ਹਾਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨਗੇ। (ਕੂਚ 24:3-8) ਯਹੋਵਾਹ ਆਪਣੇ ਇਕਰਾਰਾਂ ਦਾ ਪੱਕਾ ਹੈ ਅਤੇ ਉਸ ਨੇ ਇਨ੍ਹਾਂ ਇਕਰਾਰਾਂ ਵਿਚ ਸ਼ਾਮਲ ਆਪਣੇ ਲੋਕਾਂ ਤੋਂ ਵੀ ਇਹੀ ਉਮੀਦ ਰੱਖੀ।—ਬਿਵ. 7:9, 10; 2 ਸਮੂ. 22:26.
5, 6. ਯਹੋਵਾਹ ਦਾ ਇਹ ਹੱਕ ਕਿਉਂ ਬਣਦਾ ਸੀ ਕਿ ਇਜ਼ਰਾਈਲੀ ਸਿਰਫ਼ ਉਸ ਦੀ ਹੀ ਭਗਤੀ ਕਰਨ?
5 ਕੀ ਯਹੋਵਾਹ ਦੀ ਇਹ ਮੰਗ ਜਾਇਜ਼ ਸੀ ਕਿ ਇਜ਼ਰਾਈਲੀ ਸਿਰਫ਼ ਉਸ ਦੀ ਭਗਤੀ ਕਰਨ? ਜੀ ਹਾਂ, ਬਿਲਕੁਲ ਜਾਇਜ਼ ਸੀ ਕਿਉਂਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ, ਸਾਰੇ ਜਹਾਨ ਦਾ ਮਾਲਕ, ਜੀਵਨਦਾਤਾ ਅਤੇ ਪਾਲਣਹਾਰ ਹੈ। (ਜ਼ਬੂ. 36:9; ਰਸੂ. 17:28) ਯਹੋਵਾਹ ਇਜ਼ਰਾਈਲੀਆਂ ਦਾ ਮੁਕਤੀਦਾਤਾ ਵੀ ਸੀ। ਆਪਣੇ ਲੋਕਾਂ ਨੂੰ ਦਸ ਹੁਕਮ ਦਿੰਦੇ ਹੋਏ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਯਾਦ ਕਰਾਇਆ: “ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ ਜੋ ਤੈਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।” (ਕੂਚ 20:2) ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਹੱਕ ਬਣਦਾ ਸੀ ਕਿ ਸਾਰੇ ਇਜ਼ਰਾਈਲੀ ਪੂਰੇ ਦਿਲ ਨਾਲ ਉਸ ਦੀ ਹੀ ਭਗਤੀ ਕਰਨ।
6 ਯਹੋਵਾਹ ਕਦੇ ਨਹੀਂ ਬਦਲਦਾ। (ਮਲਾ. 3:6) ਉਸ ਦੀ ਹਮੇਸ਼ਾ ਇਹੀ ਮੰਗ ਰਹੀ ਹੈ ਕਿ ਸਿਰਫ਼ ਉਸ ਦੀ ਭਗਤੀ ਕੀਤੀ ਜਾਵੇ। ਜ਼ਰਾ ਸੋਚੋ ਕਿ ਯਹੋਵਾਹ ਨੂੰ ਚਾਰ ਘਿਣਾਉਣੇ ਦ੍ਰਿਸ਼ ਦੇਖ ਕੇ ਕਿਵੇਂ ਲੱਗਾ ਹੋਣਾ ਜੋ ਬਾਅਦ ਵਿਚ ਉਸ ਨੇ ਹਿਜ਼ਕੀਏਲ ਨੂੰ ਦਰਸ਼ਣ ਵਿਚ ਦਿਖਾਏ।
ਪਹਿਲਾ ਦ੍ਰਿਸ਼: ਗੁੱਸਾ ਭੜਕਾਉਣ ਵਾਲੀ ਘਿਣਾਉਣੀ ਮੂਰਤ
7. (ੳ) ਧਰਮ-ਤਿਆਗੀ ਯਹੂਦੀ ਮੰਦਰ ਦੇ ਉੱਤਰੀ ਦਰਵਾਜ਼ੇ ’ਤੇ ਕੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਦੇਖ ਕੇ ਯਹੋਵਾਹ ਨੇ ਕੀ ਕੀਤਾ? (ਪਹਿਲੀ ਤਸਵੀਰ ਦੇਖੋ।) (ਅ) ਯਹੋਵਾਹ ਦਾ ਗੁੱਸਾ ਕਿਉਂ ਭੜਕਿਆ ਸੀ? (ਫੁਟਨੋਟ 2 ਦੇਖੋ।)
7 ਹਿਜ਼ਕੀਏਲ 8:5, 6 ਪੜ੍ਹੋ। ਹਿਜ਼ਕੀਏਲ ਨੇ ਮੰਦਰ ਦੇ ਉੱਤਰੀ ਦਰਵਾਜ਼ੇ ’ਤੇ ਜੋ ਕੁਝ ਦੇਖਿਆ, ਉਸ ਕਰਕੇ ਉਹ ਸੁੰਨ ਰਹਿ ਗਿਆ ਹੋਣਾ। ਉੱਥੇ ਧਰਮ-ਤਿਆਗੀ ਯਹੂਦੀ ਇਕ ਮੂਰਤੀ ਨੂੰ ਪੂਜ ਰਹੇ ਸਨ। ਇਹ ਮੂਰਤ ਸ਼ਾਇਦ ਅਸ਼ੇਰਾਹ ਦੇਵੀ ਦਾ ਇਕ ਪੂਜਾ-ਖੰਭਾ ਸੀ। ਕਨਾਨੀ ਲੋਕ ਉਸ ਨੂੰ ਬਆਲ ਦੇਵਤੇ ਦੀ ਪਤਨੀ ਮੰਨਦੇ ਸਨ। ਉਹ ਮੂਰਤ ਚਾਹੇ ਜੋ ਵੀ ਸੀ, ਪਰ ਉਸ ਦੀ ਪੂਜਾ ਕਰ ਕੇ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਕੀਤੇ ਆਪਣੇ ਇਕਰਾਰ ਨੂੰ ਤੋੜ ਦਿੱਤਾ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਦਾ ਗੁੱਸਾ * ਭੜਕਾਇਆ ਕਿਉਂਕਿ ਭਗਤੀ ਦਾ ਹੱਕਦਾਰ ਸਿਰਫ਼ ਯਹੋਵਾਹ ਹੀ ਹੈ। ਜ਼ਰਾ ਸੋਚੋ ਕਿ 400 ਤੋਂ ਵੀ ਜ਼ਿਆਦਾ ਸਾਲਾਂ ਤੋਂ ਇਹ ਮੰਨਿਆ ਜਾਂਦਾ ਸੀ ਕਿ ਇਸ ਪਵਿੱਤਰ ਸਥਾਨ ਵਿਚ ਯਹੋਵਾਹ ਦੀ ਮੌਜੂਦਗੀ ਸੀ। (ਬਿਵ. 32:16; ਹਿਜ਼. 5:13; 1 ਰਾਜ. 8:10-13) ਪਰ ਹੁਣ ਇਸ ਮੰਦਰ ਵਿਚ ਮੂਰਤੀ-ਪੂਜਾ ਹੋਣ ਕਰਕੇ ਯਹੋਵਾਹ “ਆਪਣੇ ਹੀ ਪਵਿੱਤਰ ਸਥਾਨ ਤੋਂ ਦੂਰ ਹੋ ਗਿਆ।”
8. ਘਿਣਾਉਣੀ ਮੂਰਤ ਦਾ ਦਰਸ਼ਣ ਅੱਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ?
8 ਇਸ ਘਿਣਾਉਣੀ ਮੂਰਤ ਦਾ ਦਰਸ਼ਣ ਅੱਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ? ਅੱਜ ਈਸਾਈ-ਜਗਤ ਧਰਮ-ਤਿਆਗੀ ਯਹੂਦਾਹ ਵਰਗਾ ਹੈ। ਭਾਵੇਂ ਈਸਾਈ-ਜਗਤ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਦਾ ਹੈ, ਪਰ ਪਰਮੇਸ਼ੁਰ ਉਸ ਦੀ ਭਗਤੀ ਸਵੀਕਾਰ ਨਹੀਂ ਕਰਦਾ ਕਿਉਂਕਿ ਹਰ ਪਾਸੇ ਚਰਚਾਂ ਵਿਚ ਮੂਰਤੀ-ਪੂਜਾ ਹੁੰਦੀ ਹੈ। ਯਹੋਵਾਹ ਕਦੇ ਨਹੀਂ ਬਦਲਦਾ, ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਧਰਮ-ਤਿਆਗੀ ਯਹੂਦਾਹ ਵਾਂਗ ਈਸਾਈ-ਜਗਤ ਨੇ ਵੀ ਯਹੋਵਾਹ ਦਾ ਗੁੱਸਾ ਭੜਕਾਇਆ ਹੈ। (ਯਾਕੂ. 1:17) ਯਹੋਵਾਹ ਈਸਾਈ-ਜਗਤ ਤੋਂ ਕੋਹਾਂ ਦੂਰ ਹੈ।
9, 10. ਮੰਦਰ ਵਿਚ ਮੂਰਤੀ-ਪੂਜਾ ਕਰਨ ਵਾਲਿਆਂ ਤੋਂ ਸਾਨੂੰ ਕੀ ਚੇਤਾਵਨੀ ਮਿਲਦੀ ਹੈ?
9 ਮੰਦਰ ਵਿਚ ਮੂਰਤੀ-ਪੂਜਾ ਕਰਨ ਵਾਲਿਆਂ ਤੋਂ ਸਾਨੂੰ ਕੀ ਚੇਤਾਵਨੀ ਮਿਲਦੀ ਹੈ? ਇਹੀ ਕਿ ਸਾਡੇ ਵਾਸਤੇ ‘ਮੂਰਤੀ-ਪੂਜਾ ਤੋਂ ਭੱਜਣਾ’ ਜ਼ਰੂਰੀ ਹੈ ਤਾਂਕਿ ਅਸੀਂ ਸਿਰਫ਼ ਯਹੋਵਾਹ ਦੀ ਭਗਤੀ ਕਰੀਏ। (1 ਕੁਰਿੰ. 10:14) ਅਸੀਂ ਸ਼ਾਇਦ ਕਹੀਏ, ‘ਮੈਂ ਤਾਂ ਯਹੋਵਾਹ ਦੀ ਭਗਤੀ ਵਿਚ ਮੂਰਤੀਆਂ ਵਰਤਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ!’ ਮੂਰਤੀ-ਪੂਜਾ ਕਈ ਹੋਰ ਤਰੀਕਿਆਂ ਨਾਲ ਵੀ ਹੋ ਸਕਦੀ ਹੈ, ਸ਼ਾਇਦ ਕੁਝ ਤਰੀਕਿਆਂ ਬਾਰੇ ਸਾਨੂੰ ਪਤਾ ਵੀ ਨਾ ਲੱਗੇ। ਬਾਈਬਲ ਨੂੰ ਸਮਝਾਉਣ ਵਾਲੀ ਇਕ ਕਿਤਾਬ ਕਹਿੰਦੀ ਹੈ, “ਜੇ ਅਸੀਂ ਕਿਸੇ ਵੀ ਚੀਜ਼ ਨੂੰ ਪਰਮੇਸ਼ੁਰ ਦੀ ਭਗਤੀ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਤਾਂ ਉਹ ਸਾਡੇ ਲਈ ਮੂਰਤੀ-ਪੂਜਾ ਬਣ ਜਾਂਦੀ ਹੈ।” ਜੇ ਅਸੀਂ ਧਨ-ਦੌਲਤ, ਸਰੀਰਕ ਸੰਬੰਧ, ਮਨੋਰੰਜਨ ਜਾਂ ਹੋਰ ਕਿਸੇ ਵੀ ਚੀਜ਼ ਨੂੰ ਯਹੋਵਾਹ ਨਾਲੋਂ ਜ਼ਿਆਦਾ ਅਹਿਮੀਅਤ ਦਿੰਦੇ ਹਾਂ, ਤਾਂ ਅਸੀਂ ਉਸ ਦੀ ਭਗਤੀ ਛੱਡ ਕੇ ਮੂਰਤੀ-ਪੂਜਾ ਕਰ ਰਹੇ ਹੁੰਦੇ ਹਾਂ। (ਮੱਤੀ 6:19-21, 24; ਅਫ਼. 5:5; ਕੁਲੁ. 3:5) ਸਾਨੂੰ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਦਿਲਾਂ ਵਿਚ ਸਿਰਫ਼ ਯਹੋਵਾਹ ਅਤੇ ਉਸ ਦੀ ਭਗਤੀ ਲਈ ਪਹਿਲੀ ਥਾਂ ਹੋਣੀ ਚਾਹੀਦੀ ਹੈ।—1 ਯੂਹੰ. 5:21.
10 ਦਰਸ਼ਣ ਦੇ ਪਹਿਲੇ ਦ੍ਰਿਸ਼ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ “ਬੁਰੇ ਅਤੇ ਘਿਣਾਉਣੇ ਕੰਮ” ਦਿਖਾਏ। ਪਰ ਯਹੋਵਾਹ ਨੇ ਆਪਣੇ ਵਫ਼ਾਦਾਰ ਨਬੀ ਨੂੰ ਕਿਹਾ: “ਤੂੰ ਇਨ੍ਹਾਂ ਤੋਂ ਵੀ ਬੁਰੇ ਅਤੇ ਘਿਣਾਉਣੇ ਕੰਮ ਦੇਖੇਂਗਾ।” ਕੀ ਇਸ ਨਾਲੋਂ ਵੀ ਕੋਈ ਹੋਰ ਘਿਣਾਉਣਾ ਕੰਮ ਹੋ ਸਕਦਾ ਹੈ ਕਿ ਮੰਦਰ ਵਿਚ ਘਿਣਾਉਣੀ ਮੂਰਤ ਦੀ ਪੂਜਾ ਹੋ ਰਹੀ ਸੀ?
ਦੂਜਾ ਦ੍ਰਿਸ਼: ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਂਦੇ 70 ਬਜ਼ੁਰਗ
11. ਮੰਦਰ ਦੇ ਅੰਦਰਲੇ ਵਿਹੜੇ ਵਿਚ ਜਾ ਕੇ ਹਿਜ਼ਕੀਏਲ ਨੇ ਕਿਹੜੀਆਂ ਘਿਣਾਉਣੀਆਂ ਚੀਜ਼ਾਂ ਦੇਖੀਆਂ?
11 ਹਿਜ਼ਕੀਏਲ 8:7-12 ਪੜ੍ਹੋ। ਹਿਜ਼ਕੀਏਲ ਕੰਧ ਵਿਚ ਮਘੋਰਾ ਕਰ ਕੇ ਮੰਦਰ ਦੇ ਅੰਦਰਲੇ ਵਿਹੜੇ ਵਿਚ ਗਿਆ ਜਿੱਥੇ ਵੇਦੀ ਸੀ। ਉੱਥੇ ਉਸ ਨੇ ਦੇਖਿਆ ਕਿ ਕੰਧ ਉੱਤੇ ‘ਹਰ ਕਿਸਮ ਦੇ ਘਿਸਰਨ ਵਾਲੇ ਜੀਵ-ਜੰਤੂਆਂ ਤੇ ਅਸ਼ੁੱਧ ਜਾਨਵਰਾਂ’ ਦੀਆਂ ਮੂਰਤਾਂ ਅਤੇ ਹੋਰ “ਘਿਣਾਉਣੀਆਂ ਮੂਰਤਾਂ” * ਉੱਕਰੀਆਂ ਹੋਈਆਂ ਸਨ। ਇਹ ਸਾਰੀਆਂ ਮੂਰਤਾਂ ਝੂਠੇ ਦੇਵਤਿਆਂ ਨੂੰ ਦਰਸਾਉਂਦੀਆਂ ਸਨ। ਹਿਜ਼ਕੀਏਲ ਨੇ ਅੱਗੇ ਜੋ ਦੇਖਿਆ, ਉਸ ਕਰਕੇ ਉਹ ਹੋਰ ਵੀ ਪਰੇਸ਼ਾਨ ਹੋ ਗਿਆ ਸੀ। ਉਸ ਨੇ ਦੇਖਿਆ: ‘ਇਜ਼ਰਾਈਲ ਦੇ ਘਰਾਣੇ ਦੇ 70 ਬਜ਼ੁਰਗ ਹਨੇਰੇ ਵਿਚ’ ਖੜ੍ਹ ਕੇ ਝੂਠੇ ਦੇਵਤਿਆਂ ਅੱਗੇ ਧੂਪ ਧੁਖਾ ਰਹੇ ਸਨ। ਕਾਨੂੰਨ ਮੁਤਾਬਕ ਖ਼ੁਸ਼ਬੂਦਾਰ ਧੂਪ ਦੀ ਸੁਗੰਧ ਵਫ਼ਾਦਾਰ ਭਗਤਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦੀ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਕਬੂਲ ਕਰਦਾ ਸੀ। (ਜ਼ਬੂ. 141:2) ਪਰ ਇਹ 70 ਬਜ਼ੁਰਗ ਝੂਠੇ ਦੇਵਤਿਆਂ ਅੱਗੇ ਜੋ ਧੂਪ ਧੁਖਾ ਰਹੇ ਸਨ, ਉਹ ਯਹੋਵਾਹ ਅੱਗੇ ਘਿਣਾਉਣਾ ਸੀ। ਉਨ੍ਹਾਂ ਦੀਆਂ ਪ੍ਰਾਰਥਨਾਵਾਂ ਯਹੋਵਾਹ ਲਈ ਬਦਬੂ ਵਾਂਗ ਸਨ। (ਕਹਾ. 15:8) ਉਹ ਬਜ਼ੁਰਗ ਇਹ ਸੋਚ ਕੇ ਆਪਣੇ ਆਪ ਨੂੰ ਬੇਵਕੂਫ਼ ਬਣਾ ਰਹੇ ਸਨ: “ਯਹੋਵਾਹ ਸਾਨੂੰ ਨਹੀਂ ਦੇਖ ਰਿਹਾ।” ਪਰ ਯਹੋਵਾਹ ਸਭ ਕੁਝ ਦੇਖ ਰਿਹਾ ਸੀ ਅਤੇ ਉਸ ਨੇ ਹਿਜ਼ਕੀਏਲ ਨੂੰ ਵੀ ਦਿਖਾਇਆ ਕਿ ਉਹ ਉਸ ਦੇ ਮੰਦਰ ਵਿਚ ਕੀ ਕਰ ਰਹੇ ਸਨ!
12. ਸਾਨੂੰ “ਹਨੇਰੇ ਵਿਚ” ਵੀ ਯਹੋਵਾਹ ਦੇ ਵਫ਼ਾਦਾਰ ਕਿਉਂ ਰਹਿਣਾ ਚਾਹੀਦਾ ਹੈ ਅਤੇ ਇਸ ਵਿਚ ਖ਼ਾਸ ਤੌਰ ਤੇ ਕਿਨ੍ਹਾਂ ਨੂੰ ਵਧੀਆ ਮਿਸਾਲ ਰੱਖਣੀ ਚਾਹੀਦੀ ਹੈ?
12 ਅਸੀਂ ਉਨ੍ਹਾਂ 70 ਬਜ਼ੁਰਗਾਂ ਤੋਂ ਕੀ ਸਿੱਖਦੇ ਹਾਂ ਜਿਨ੍ਹਾਂ ਨੇ ਝੂਠੇ ਦੇਵਤਿਆਂ ਸਾਮ੍ਹਣੇ ਧੂਪ ਧੁਖਾਇਆ ਸੀ? ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ ਅਤੇ ਸਾਡੀ ਭਗਤੀ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਹੋਵੇ, ਤਾਂ ਸਾਨੂੰ “ਹਨੇਰੇ ਵਿਚ” ਵੀ ਵਫ਼ਾਦਾਰ ਰਹਿਣਾ ਚਾਹੀਦਾ ਹੈ। (ਕਹਾ. 15:29) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਹਮੇਸ਼ਾ ਸਾਡੇ ’ਤੇ ਰਹਿੰਦੀਆਂ ਹਨ। ਜੇ ਅਸੀਂ ਮੰਨਦੇ ਹਾਂ ਕਿ ਯਹੋਵਾਹ ਸੱਚ-ਮੁੱਚ ਹੈ, ਤਾਂ ਅਸੀਂ ਇਕੱਲੇ ਹੁੰਦੇ ਹੋਏ ਵੀ ਉਹ ਕੰਮ ਨਹੀਂ ਕਰਾਂਗੇ ਜਿਸ ਤੋਂ ਯਹੋਵਾਹ ਨੂੰ ਦੁੱਖ ਹੁੰਦਾ ਹੈ। (ਇਬ. 4:13) ਖ਼ਾਸ ਤੌਰ ਤੇ ਮੰਡਲੀ ਦੇ ਬਜ਼ੁਰਗਾਂ ਨੂੰ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਵਿਚ ਵਧੀਆ ਮਿਸਾਲ ਰੱਖਣੀ ਚਾਹੀਦੀ ਹੈ। (1 ਪਤ. 5:2, 3) ਬਜ਼ੁਰਗ ਸਭਾਵਾਂ ਵਿਚ ਸਿਖਾਉਂਦੇ ਹਨ ਅਤੇ ਭਗਤੀ ਕਰਨ ਵਿਚ ਅਗਵਾਈ ਕਰਦੇ ਹਨ। ਇਸ ਲਈ ਮੰਡਲੀ ਦੇ ਭੈਣ-ਭਰਾ ਇਹ ਆਸ ਰੱਖਦੇ ਹਨ ਕਿ ਬਜ਼ੁਰਗ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਣ, ਇੱਥੋਂ ਤਕ ਕਿ “ਹਨੇਰੇ ਵਿਚ” ਵੀ ਯਾਨੀ ਜਦੋਂ ਉਨ੍ਹਾਂ ਨੂੰ ਕੋਈ ਦੇਖ ਨਹੀਂ ਰਿਹਾ ਹੁੰਦਾ।—ਜ਼ਬੂ. 101:2, 3.
ਤੀਜਾ ਦ੍ਰਿਸ਼: ‘ਤੀਵੀਆਂ ਤਮੂਜ਼ ਦੇਵਤੇ ਲਈ ਰੋ ਰਹੀਆਂ ਸਨ’
13. ਹਿਜ਼ਕੀਏਲ ਨੇ ਧਰਮ-ਤਿਆਗੀ ਔਰਤਾਂ ਨੂੰ ਮੰਦਰ ਦੇ ਇਕ ਦਰਵਾਜ਼ੇ ’ਤੇ ਕੀ ਕਰਦਿਆਂ ਦੇਖਿਆ?
13 ਹਿਜ਼ਕੀਏਲ 8:13, 14 ਪੜ੍ਹੋ। ਘਿਣਾਉਣੇ ਕੰਮਾਂ ਦੇ ਦੋ ਦ੍ਰਿਸ਼ ਦਿਖਾਉਣ ਤੋਂ ਬਾਅਦ ਯਹੋਵਾਹ ਨੇ ਹਿਜ਼ਕੀਏਲ ਨੂੰ ਫਿਰ ਤੋਂ ਕਿਹਾ: “ਤੂੰ ਉਨ੍ਹਾਂ ਨੂੰ ਇਨ੍ਹਾਂ ਤੋਂ ਵੀ ਬੁਰੇ ਅਤੇ ਘਿਣਾਉਣੇ ਕੰਮ ਕਰਦਿਆਂ ਦੇਖੇਂਗਾ।” ਹਿਜ਼ਕੀਏਲ ਨੇ ਅੱਗੇ ਕੀ ਦੇਖਿਆ? ਉਸ ਨੇ ਦੇਖਿਆ: ‘ਯਹੋਵਾਹ ਦੇ ਘਰ ਦੇ ਉੱਤਰੀ ਦਰਵਾਜ਼ੇ ’ਤੇ ਤੀਵੀਆਂ ਬੈਠੀਆਂ ਹੋਈਆਂ ਸਨ ਅਤੇ ਤਮੂਜ਼ ਦੇਵਤੇ ਲਈ ਰੋ ਰਹੀਆਂ ਸਨ।’ ਤਮੂਜ਼ ਮੈਸੋਪੋਟਾਮੀਆ ਦਾ ਇਕ ਦੇਵਤਾ ਸੀ ਜਿਸ ਨੂੰ ਸੁਮੇਰੀ ਲਿਖਤਾਂ ਵਿਚ ਦੂਮੂਜ਼ੀ ਕਿਹਾ ਗਿਆ ਹੈ। ਇਸ ਨੂੰ ਜਣਨ-ਦੇਵੀ ਇਸ਼ਟਾਰ ਦਾ ਪਤੀ ਮੰਨਿਆ ਜਾਂਦਾ ਹੈ। * ਤਮੂਜ਼ ਦੀ ਮੌਤ ’ਤੇ ਰੋਣਾ ਝੂਠੇ ਧਰਮ ਦੀ ਇਕ ਰੀਤ ਸੀ, ਇਸ ਲਈ ਉਹ ਔਰਤਾਂ ਰੋ ਕੇ ਇਹ ਰੀਤ ਮਨਾ ਰਹੀਆਂ ਸਨ। ਨਾਲੇ ਉਹ ਇਹ ਰੀਤ ਸ਼ੁੱਧ ਭਗਤੀ ਦੀ ਖ਼ਾਸ ਜਗ੍ਹਾ ਯਾਨੀ ਯਹੋਵਾਹ ਦੇ ਮੰਦਰ ਵਿਚ ਮਨਾ ਰਹੀਆਂ ਸਨ। ਪਰਮੇਸ਼ੁਰ ਦੇ ਮੰਦਰ ਵਿਚ ਝੂਠੀ ਭਗਤੀ ਕਰਨ ਦਾ ਇਹ ਮਤਲਬ ਨਹੀਂ ਸੀ ਕਿ ਉਹ ਉਨ੍ਹਾਂ ਦੀ ਭਗਤੀ ਸਵੀਕਾਰ ਕਰ ਲਵੇਗਾ। ਵਾਕਈ ਉਹ ਧਰਮ-ਤਿਆਗੀ ਔਰਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ‘ਘਿਣਾਉਣਾ ਕੰਮ’ ਕਰ ਰਹੀਆਂ ਸਨ!
14. ਧਰਮ-ਤਿਆਗੀ ਔਰਤਾਂ ਨੇ ਜੋ ਕੀਤਾ, ਉਸ ਬਾਰੇ ਯਹੋਵਾਹ ਦੇ ਨਜ਼ਰੀਏ ਤੋਂ ਅਸੀਂ ਕੀ ਸਿੱਖਦੇ ਹਾਂ?
14 ਉਨ੍ਹਾਂ ਔਰਤਾਂ ਦੇ ਇਸ ਕੰਮ ਬਾਰੇ ਯਹੋਵਾਹ ਦੇ ਨਜ਼ਰੀਏ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਗਤੀ ਸ਼ੁੱਧ ਰਹੇ, ਤਾਂ ਸਾਨੂੰ ਝੂਠੇ ਧਰਮਾਂ ਦੇ ਕਿਸੇ ਵੀ ਰੀਤੀ-ਰਿਵਾਜ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਇਸ ਤਰ੍ਹਾਂ ਦੇ ਦਿਨ-ਤਿਉਹਾਰ ਨਹੀਂ ਮਨਾਉਣੇ ਚਾਹੀਦੇ ਜਿਨ੍ਹਾਂ ਦੀ ਸ਼ੁਰੂਆਤ ਝੂਠੇ ਧਰਮਾਂ ਤੋਂ ਹੋਈ ਹੈ। ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਇਹ ਰੀਤੀ-ਰਿਵਾਜ ਜਾਂ ਦਿਨ-ਤਿਉਹਾਰ ਕਿੱਥੋਂ ਸ਼ੁਰੂ ਹੋਏ? ਜੀ ਹਾਂ, ਫ਼ਰਕ ਪੈਂਦਾ ਹੈ। ਅੱਜ ਕ੍ਰਿਸਮਸ, ਈਸਟਰ ਅਤੇ ਹੋਰ ਦਿਨ-ਤਿਉਹਾਰਾਂ ’ਤੇ ਕੀਤੇ ਜਾਂਦੇ ਰੀਤੀ-ਰਿਵਾਜ ਸ਼ਾਇਦ ਸਾਨੂੰ ਗ਼ਲਤ ਨਾ ਲੱਗਣ। ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਖ਼ੁਦ ਇਸ ਗੱਲ ਦਾ ਚਸ਼ਮਦੀਦ ਗਵਾਹ ਹੈ ਕਿ ਅੱਜ ਮਨਾਏ ਜਾਂਦੇ ਦਿਨ-ਤਿਉਹਾਰਾਂ ਦੀ ਸ਼ੁਰੂਆਤ ਝੂਠੇ ਧਰਮਾਂ ਤੋਂ ਹੋਈ ਹੈ। ਚਾਹੇ ਇਹ ਝੂਠੇ ਰੀਤੀ-ਰਿਵਾਜ ਤੇ ਦਿਨ-ਤਿਉਹਾਰ ਸਦੀਆਂ ਤੋਂ ਮਨਾਏ ਜਾ ਰਹੇ ਹਨ ਅਤੇ ਲੋਕ ਇਨ੍ਹਾਂ ਨੂੰ ਸ਼ੁੱਧ ਭਗਤੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਹੁਣ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਨਹੀਂ ਹਨ।—2 ਕੁਰਿੰ. 6:17; ਪ੍ਰਕਾ. 18:2, 4.
ਚੌਥਾ ਦ੍ਰਿਸ਼: “ਸੂਰਜ ਅੱਗੇ ਮੱਥਾ ਟੇਕ ਰਹੇ” 25 ਆਦਮੀ
15, 16. ਮੰਦਰ ਦੇ ਅੰਦਰਲੇ ਵਿਹੜੇ ਵਿਚ 25 ਆਦਮੀ ਕੀ ਕਰ ਰਹੇ ਸਨ ਅਤੇ ਇਹ ਦੇਖ ਕੇ ਯਹੋਵਾਹ ਨੂੰ ਇੰਨਾ ਗੁੱਸਾ ਕਿਉਂ ਆਇਆ?
15 ਹਿਜ਼ਕੀਏਲ 8:15-18 ਪੜ੍ਹੋ। ਯਹੋਵਾਹ ਨੇ ਚੌਥਾ ਤੇ ਆਖ਼ਰੀ ਦ੍ਰਿਸ਼ ਦਿਖਾਉਣ ਤੋਂ ਬਾਅਦ ਫਿਰ ਤੋਂ ਇਹੀ ਕਿਹਾ: “ਤੂੰ ਇਨ੍ਹਾਂ ਤੋਂ ਵੀ ਬੁਰੇ ਅਤੇ ਘਿਣਾਉਣੇ ਕੰਮ ਦੇਖੇਂਗਾ।” ਹਿਜ਼ਕੀਏਲ ਨੇ ਸ਼ਾਇਦ ਸੋਚਿਆ ਹੋਣਾ: ‘ਮੈਂ ਹੁਣ ਤਕ ਜੋ ਕੁਝ ਦੇਖਿਆ ਹੈ, ਕੀ ਉਸ ਤੋਂ ਵੀ ਘਿਣਾਉਣਾ ਹੋਰ ਕੁਝ ਹੋ ਸਕਦਾ ਹੈ?’ ਹਿਜ਼ਕੀਏਲ ਹੁਣ ਮੰਦਰ ਦੇ ਅੰਦਰਲੇ ਵਿਹੜੇ ਵਿਚ ਸੀ। ਉੱਥੇ ਉਸ ਨੇ ਮੰਦਰ ਦੇ ਦਰਵਾਜ਼ੇ ’ਤੇ 25 ਆਦਮੀਆਂ ਨੂੰ ਦੇਖਿਆ ਜੋ “ਪੂਰਬ ਵਿਚ ਸੂਰਜ” ਅੱਗੇ ਮੱਥਾ ਟੇਕ ਰਹੇ ਸਨ। ਉਹ ਯਹੋਵਾਹ ਦਾ ਘੋਰ ਅਪਮਾਨ ਕਰ ਰਹੇ ਸਨ। ਕਿਵੇਂ?
16 ਪਰਮੇਸ਼ੁਰ ਦੇ ਮੰਦਰ ਦਾ ਦਰਵਾਜ਼ਾ ਪੂਰਬ ਵੱਲ ਸੀ। ਮੰਦਰ ਵਿਚ ਆਉਣ ਵਾਲਿਆਂ ਦੀ ਪਿੱਠ ਪੂਰਬ ਵੱਲ ਹੁੰਦੀ ਸੀ ਤੇ ਮੂੰਹ ਪੱਛਮ ਵੱਲ ਹੁੰਦਾ ਸੀ। ਪਰ ਦਰਸ਼ਣ ਵਿਚ ਦਿਖਾਏ 25 ਆਦਮੀਆਂ ਨੇ “ਮੰਦਰ ਵੱਲ ਪਿੱਠ ਕੀਤੀ ਹੋਈ ਸੀ” ਅਤੇ ਸੂਰਜ ਦੀ ਭਗਤੀ ਕਰਨ ਲਈ ਆਪਣਾ ਮੂੰਹ ਪੂਰਬ ਵੱਲ ਕੀਤਾ ਹੋਇਆ ਸੀ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਨੂੰ ਪਿੱਠ ਦਿਖਾਈ ਕਿਉਂਕਿ ਉਹ ਮੰਦਰ “ਯਹੋਵਾਹ ਦਾ ਭਵਨ” ਸੀ। (1 ਰਾਜ. 8:10-13) ਇਹ 25 ਆਦਮੀ ਧਰਮ-ਤਿਆਗੀ ਸਨ। ਉਨ੍ਹਾਂ ਨੂੰ ਯਹੋਵਾਹ ਦੀ ਕੋਈ ਪਰਵਾਹ ਨਹੀਂ ਸੀ ਅਤੇ ਉਨ੍ਹਾਂ ਨੇ ਬਿਵਸਥਾ ਸਾਰ 4:15-19 ਵਿਚ ਦਰਜ ਹੁਕਮ ਤੋੜਿਆ। ਉਨ੍ਹਾਂ ਨੇ ਪਰਮੇਸ਼ੁਰ ਦਾ ਕਿੰਨਾ ਅਪਮਾਨ ਕੀਤਾ ਜੋ ਭਗਤੀ ਦਾ ਹੱਕਦਾਰ ਹੈ!
ਸਿਰਫ਼ ਯਹੋਵਾਹ ਹੀ ਭਗਤੀ ਦਾ ਹੱਕਦਾਰ ਹੈ
17, 18. (ੳ) ਮੰਦਰ ਵਿਚ ਸੂਰਜ ਦੀ ਭਗਤੀ ਕਰਨ ਵਾਲਿਆਂ ਦੇ ਬਿਰਤਾਂਤ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਧਰਮ-ਤਿਆਗੀ ਇਜ਼ਰਾਈਲੀਆਂ ਨੇ ਕਿਨ੍ਹਾਂ ਨਾਲ ਆਪਣਾ ਰਿਸ਼ਤਾ ਖ਼ਰਾਬ ਕਰ ਲਿਆ ਅਤੇ ਕਿਵੇਂ?
17 ਸੂਰਜ ਦੀ ਭਗਤੀ ਕਰਨ ਵਾਲਿਆਂ ਦੇ ਬਿਰਤਾਂਤ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਗਤੀ ਸ਼ੁੱਧ ਰਹੇ, ਤਾਂ ਸਾਨੂੰ ਯਹੋਵਾਹ ਵੱਲ ਦੇਖਣਾ ਚਾਹੀਦਾ ਹੈ ਕਿਉਂਕਿ “ਯਹੋਵਾਹ ਪਰਮੇਸ਼ੁਰ ਸਾਡਾ ਸੂਰਜ” ਅਤੇ ਉਸ ਦਾ ਬਚਨ ਸਾਡੇ ਰਾਹ ਲਈ “ਚਾਨਣ” ਹੈ। (ਜ਼ਬੂ. 84:11; 119:105) ਯਹੋਵਾਹ ਆਪਣੇ ਬਚਨ ਅਤੇ ਆਪਣੇ ਸੰਗਠਨ ਦੇ ਪ੍ਰਕਾਸ਼ਨਾਂ ਰਾਹੀਂ ਸਾਡੇ ਦਿਲ-ਦਿਮਾਗ਼ ਵਿਚ ਸੱਚਾਈ ਦੀ ਰੌਸ਼ਨੀ ਚਮਕਾਉਂਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਅੱਜ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਪਾ ਸਕਦੇ ਹਾਂ। ਜੇ ਅਸੀਂ ਜ਼ਿੰਦਗੀ ਜੀਉਣ ਦੇ ਤਰੀਕੇ ਬਾਰੇ ਸਲਾਹ ਲੈਣ ਲਈ ਦੁਨੀਆਂ ਵੱਲ ਤੱਕਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਪਿੱਠ ਦਿਖਾਉਂਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦਾ ਘੋਰ ਅਪਮਾਨ ਕਰਦੇ ਹਾਂ ਅਤੇ ਉਸ ਦਾ ਦਿਲ ਦੁਖਾਉਂਦੇ ਹਾਂ। ਅਸੀਂ ਆਪਣੇ ਪਰਮੇਸ਼ੁਰ ਨਾਲ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹਾਂਗੇ! ਹਿਜ਼ਕੀਏਲ ਦਾ ਦਰਸ਼ਣ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਅਸੀਂ ਸੱਚਾਈ ਤੋਂ ਮੂੰਹ ਮੋੜ ਚੁੱਕੇ ਲੋਕਾਂ ਯਾਨੀ ਧਰਮ-ਤਿਆਗੀਆਂ ਤੋਂ ਦੂਰ ਰਹੀਏ।—ਕਹਾ. 11:9.
18 ਅਸੀਂ ਹੁਣ ਤਕ ਦੇਖਿਆ ਹੈ ਕਿ ਹਿਜ਼ਕੀਏਲ ਨੇ ਮੂਰਤੀ-ਪੂਜਾ ਅਤੇ ਝੂਠੀ ਭਗਤੀ ਬਾਰੇ ਚਾਰ ਘਿਣਾਉਣੇ ਦ੍ਰਿਸ਼ ਦੇਖੇ। ਇਨ੍ਹਾਂ ਤੋਂ ਸਾਬਤ ਹੋਇਆ ਕਿ ਧਰਮ-ਤਿਆਗੀ ਯਹੂਦੀਆਂ ਨੇ ਸ਼ੁੱਧ ਭਗਤੀ ਨੂੰ ਕਿਸ ਹੱਦ ਤਕ ਭ੍ਰਿਸ਼ਟ ਕਰ ਦਿੱਤਾ ਸੀ। ਸ਼ੁੱਧ ਭਗਤੀ ਨੂੰ ਭ੍ਰਿਸ਼ਟ ਕਰ ਕੇ ਇਜ਼ਰਾਈਲ ਕੌਮ ਨੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਖ਼ਰਾਬ ਕਰ ਲਿਆ। ਨਾਲੇ ਜਦੋਂ ਭਗਤੀ ਭ੍ਰਿਸ਼ਟ ਹੁੰਦੀ ਹੈ, ਤਾਂ ਨੈਤਿਕ ਮਿਆਰ ਵੀ ਡਿਗਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਧਰਮ-ਤਿਆਗੀ ਇਜ਼ਰਾਈਲੀ ਹਰ ਤਰ੍ਹਾਂ ਦੇ ਬੁਰੇ ਕੰਮ ਕਰਨ ਲੱਗ ਪਏ। ਇਸ ਲਈ ਨਾ ਸਿਰਫ਼ ਪਰਮੇਸ਼ੁਰ ਨਾਲ, ਸਗੋਂ ਇਕ-ਦੂਜੇ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ। ਆਓ ਹੁਣ ਆਪਾਂ ਦੇਖੀਏ ਕਿ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਹਿਜ਼ਕੀਏਲ ਨਬੀ ਨੇ ਧਰਮ-ਤਿਆਗੀ ਯਹੂਦਾਹ ਦੇ ਅਨੈਤਿਕ ਕੰਮਾਂ ਬਾਰੇ ਕੀ ਦੱਸਿਆ।
ਅਨੈਤਿਕਤਾ—“ਤੇਰੇ ਵਿਚਕਾਰ ਬਦਚਲਣੀ”
19. ਯਹੋਵਾਹ ਦੇ ਲੋਕ ਕਿਸ ਤਰ੍ਹਾਂ ਦੇ ਬੁਰੇ ਕੰਮ ਕਰ ਰਹੇ ਸਨ?
19 ਹਿਜ਼ਕੀਏਲ 22:3-12 ਪੜ੍ਹੋ। ਇਜ਼ਰਾਈਲ ਕੌਮ ਦੇ ਹਾਕਮਾਂ ਤੋਂ ਲੈ ਕੇ ਪਰਜਾ ਤਕ ਸਾਰੇ ਲੋਕ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੇ ਸਨ। “ਮੁਖੀ” ਜਾਂ ਆਗੂ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰ ਕੇ ਬੇਕਸੂਰ ਲੋਕਾਂ ਦਾ ਖ਼ੂਨ ਵਹਾ ਰਹੇ ਸਨ। ਆਮ ਲੋਕ ਵੀ ਆਪਣੇ ਆਗੂਆਂ ਮਗਰ ਲੱਗ ਕੇ ਪਰਮੇਸ਼ੁਰ ਦਾ ਕਾਨੂੰਨ ਤੋੜ ਰਹੇ ਸਨ। ਪਰਿਵਾਰਾਂ ਵਿਚ ਬੱਚੇ ਆਪਣੇ ਮਾਪਿਆਂ ਦੀ “ਬੇਇੱਜ਼ਤੀ ਕਰਦੇ” ਸਨ ਅਤੇ ਪਰਿਵਾਰਕ ਮੈਂਬਰਾਂ ਨਾਲ ਨਾਜਾਇਜ਼ ਸਰੀਰਕ ਸੰਬੰਧ ਬਣਾਉਣੇ ਆਮ ਹੋ ਗਏ ਸਨ। ਪੂਰੇ ਦੇਸ਼ ਵਿਚ ਅਣਆਗਿਆਕਾਰ ਇਜ਼ਰਾਈਲੀ ਪਰਦੇਸੀਆਂ ਨਾਲ ਧੋਖਾਧੜੀ ਕਰਦੇ ਸਨ ਅਤੇ ਅਨਾਥਾਂ ਤੇ ਵਿਧਵਾਵਾਂ ਨਾਲ ਬੁਰਾ ਸਲੂਕ ਕਰਦੇ ਸਨ। ਇਜ਼ਰਾਈਲੀ ਆਦਮੀ ਆਪਣੇ ਗੁਆਂਢੀਆਂ ਦੀਆਂ ਪਤਨੀਆਂ ਨਾਲ ਨਾਜਾਇਜ਼ ਸੰਬੰਧ ਬਣਾਉਂਦੇ ਸਨ। ਲੋਕ ਇੰਨੇ ਲਾਲਚੀ ਹੋ ਚੁੱਕੇ ਸਨ ਕਿ ਰਿਸ਼ਵਤਖ਼ੋਰੀ, ਸੂਦਖੋਰੀ ਅਤੇ ਲੁੱਟਮਾਰ ਕਰਦੇ ਸਨ। ਯਹੋਵਾਹ ਨੂੰ ਇਹ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ ਕਿ ਉਸ ਦੇ ਇਕਰਾਰ ਵਿਚ ਸ਼ਾਮਲ ਲੋਕਾਂ ਨੇ ਜਾਣ-ਬੁੱਝ ਕੇ ਉਸ ਦਾ ਕਾਨੂੰਨ ਤੋੜਿਆ! ਉਨ੍ਹਾਂ ਨੇ ਇਸ ਗੱਲ ਦੀ ਕੋਈ ਕਦਰ ਨਹੀਂ ਕੀਤੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਇਹ ਕਾਨੂੰਨ ਇਸ ਲਈ ਦਿੱਤੇ ਸਨ ਕਿਉਂਕਿ ਉਹ ਉਨ੍ਹਾਂ ਪਿਆਰ ਕਰਦਾ ਸੀ। ਯਹੋਵਾਹ ਇਹ ਦੇਖ ਕੇ ਬਹੁਤ ਦੁਖੀ ਹੋਇਆ ਕਿ ਉਸ ਦੇ ਲੋਕ ਨੈਤਿਕ ਤੌਰ ਤੇ ਕਿੰਨੇ ਡਿਗ ਚੁੱਕੇ ਸਨ। ਉਸ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਇਨ੍ਹਾਂ ਬਦਚਲਣ ਲੋਕਾਂ ਨੂੰ ਕਹੇ: ‘ਤੁਸੀਂ ਮੈਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ।’
20. ਅੱਜ ਦੁਨੀਆਂ ਦੀ ਹਾਲਤ ਧਰਮ-ਤਿਆਗੀ ਯਹੂਦਾਹ ਵਾਂਗ ਕਿਵੇਂ ਹੈ?
20 ਅੱਜ ਦੁਨੀਆਂ ਦੀ ਹਾਲਤ ਧਰਮ-ਤਿਆਗੀ ਯਹੂਦਾਹ ਵਾਂਗ ਕਿਵੇਂ ਹੈ? ਅੱਜ ਅਸੀਂ ਵੀ ਅਜਿਹੇ ਲੋਕਾਂ ਵਿਚ ਰਹਿੰਦੇ ਹਾਂ ਜਿਨ੍ਹਾਂ ਦੇ ਕੋਈ ਨੈਤਿਕ ਮਿਆਰ ਨਹੀਂ ਹਨ। ਰਾਜਨੀਤਿਕ ਆਗੂ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਦੇ ਹਨ ਅਤੇ ਆਮ ਲੋਕਾਂ ’ਤੇ ਅਤਿਆਚਾਰ ਕਰਦੇ ਹਨ। ਧਾਰਮਿਕ ਆਗੂ, ਖ਼ਾਸ ਤੌਰ ਤੇ ਈਸਾਈ-ਜਗਤ ਦੇ ਪਾਦਰੀ ਯੁੱਧਾਂ ਦੌਰਾਨ ਆਪਣੇ ਦੇਸ਼ ਲਈ ਪ੍ਰਾਰਥਨਾ ਕਰਦੇ ਹਨ, ਜਦ ਕਿ ਯੁੱਧਾਂ ਵਿਚ ਲੱਖਾਂ ਲੋਕ ਮਾਰੇ ਜਾਂਦੇ ਹਨ। ਪਾਦਰੀ ਸ਼ੁੱਧ ਚਾਲ-ਚਲਣ ਬਾਰੇ ਬਾਈਬਲ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕਰਦੇ
ਹਨ। ਨਤੀਜੇ ਵਜੋਂ, ਦੁਨੀਆਂ ਦਾ ਚਾਲ-ਚਲਣ ਵਿਗੜਦਾ ਹੀ ਜਾ ਰਿਹਾ ਹੈ। ਇਸ ਲਈ ਯਹੋਵਾਹ ਈਸਾਈ-ਜਗਤ ਨੂੰ ਵੀ ਉਹੀ ਕਹੇਗਾ ਜੋ ਉਸ ਨੇ ਧਰਮ-ਤਿਆਗੀ ਯਹੂਦਾਹ ਨੂੰ ਕਿਹਾ ਸੀ: ‘ਤੁਸੀਂ ਮੈਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ।’21. ਅਸੀਂ ਯਹੂਦੀਆਂ ਦੇ ਅਨੈਤਿਕ ਕੰਮਾਂ ਤੋਂ ਕੀ ਸਬਕ ਸਿੱਖਦੇ ਹਾਂ?
21 ਯਹੋਵਾਹ ਦੇ ਲੋਕ ਹੋਣ ਦੇ ਨਾਤੇ ਅਸੀਂ ਯਹੂਦੀਆਂ ਦੇ ਅਨੈਤਿਕ ਕੰਮਾਂ ਤੋਂ ਕੀ ਸਬਕ ਸਿੱਖਦੇ ਹਾਂ? ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਕਬੂਲ ਕਰੇ, ਤਾਂ ਸਾਨੂੰ ਜ਼ਿੰਦਗੀ ਦੇ ਹਰ ਮਾਮਲੇ ਵਿਚ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ। ਇਸ ਬਦਚਲਣ ਦੁਨੀਆਂ ਵਿਚ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ। (2 ਤਿਮੋ. 3:1-5) ਪਰ ਸਾਨੂੰ ਪਤਾ ਹੈ ਕਿ ਯਹੋਵਾਹ ਹਰ ਤਰ੍ਹਾਂ ਦੇ ਬੁਰੇ ਚਾਲ-ਚਲਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ। (1 ਕੁਰਿੰ. 6:9, 10) ਅਸੀਂ ਉਸ ਦੇ ਨੈਤਿਕ ਮਿਆਰਾਂ ਮੁਤਾਬਕ ਇਸ ਲਈ ਚੱਲਦੇ ਹਾਂ ਕਿਉਂਕਿ ਅਸੀਂ ਯਹੋਵਾਹ ਅਤੇ ਉਸ ਦੇ ਕਾਨੂੰਨਾਂ ਨੂੰ ਪਿਆਰ ਕਰਦੇ ਹਾਂ। (ਜ਼ਬੂ. 119:97; 1 ਯੂਹੰ. 5:3) ਜੇ ਸਾਡਾ ਚਾਲ-ਚਲਣ ਸਹੀ ਨਹੀਂ ਹੈ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਸ਼ੁੱਧ ਅਤੇ ਪਵਿੱਤਰ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ। ਅਸੀਂ ਕਦੇ ਨਹੀਂ ਚਾਹਾਂਗੇ ਕਿ ਯਹੋਵਾਹ ਸਾਨੂੰ ਕਹੇ: ‘ਤੁਸੀਂ ਮੈਨੂੰ ਪੂਰੀ ਤਰ੍ਹਾਂ ਭੁੱਲ ਗਏ ਹੋ।’
22. (ੳ) ਯਹੂਦੀਆਂ ਦੇ ਬੁਰੇ ਕੰਮਾਂ ਪ੍ਰਤੀ ਯਹੋਵਾਹ ਦਾ ਨਜ਼ਰੀਆ ਜਾਣਨ ਤੋਂ ਬਾਅਦ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ? (ਅ) ਅਸੀਂ ਅਗਲੇ ਅਧਿਆਇ ਵਿਚ ਕੀ ਸਿੱਖਾਂਗੇ?
22 ਯਹੋਵਾਹ ਨੇ ਪੁਰਾਣੇ ਯਹੂਦਾਹ ਵਿਚ ਹੁੰਦੀ ਅਸ਼ੁੱਧ ਭਗਤੀ ਅਤੇ ਅਨੈਤਿਕਤਾ ਦਾ ਪਰਦਾਫ਼ਾਸ਼ ਕੀਤਾ। ਇਸ ਬਾਰੇ ਜਾਣ ਕੇ ਅਸੀਂ ਕਈ ਜ਼ਰੂਰੀ ਸਬਕ ਸਿੱਖੇ ਹਨ। ਯਕੀਨਨ, ਸਾਡਾ ਇਰਾਦਾ ਪੱਕਾ ਹੋਇਆ ਹੈ ਕਿ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਾਂਗੇ ਜਿਸ ਦਾ ਉਹ ਹੱਕਦਾਰ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਦੂਰ ਰਹੀਏ ਅਤੇ ਆਪਣਾ ਚਾਲ-ਚਲਣ ਸ਼ੁੱਧ ਰੱਖੀਏ। ਪਰ ਯਹੋਵਾਹ ਨੇ ਆਪਣੇ ਬੇਵਫ਼ਾ ਲੋਕਾਂ ਨਾਲ ਕੀ ਕੀਤਾ? ਯਹੋਵਾਹ ਨੇ ਹਿਜ਼ਕੀਏਲ ਨੂੰ ਮੰਦਰ ਵਿਚ ਇਹ ਸਭ ਕੁਝ ਦਿਖਾਉਣ ਤੋਂ ਬਾਅਦ ਸਾਫ਼-ਸਾਫ਼ ਕਿਹਾ: “ਮੈਂ ਉਨ੍ਹਾਂ ’ਤੇ ਆਪਣੇ ਗੁੱਸੇ ਦਾ ਕਹਿਰ ਵਰ੍ਹਾਵਾਂਗਾ।” (ਹਿਜ਼. 8:17, 18) ਅਸੀਂ ਜਾਣਨਾ ਚਾਹੁੰਦੇ ਹਾਂ ਕਿ ਯਹੋਵਾਹ ਨੇ ਬੇਵਫ਼ਾ ਯਹੂਦਾਹ ਖ਼ਿਲਾਫ਼ ਕਿਹੜਾ ਕਦਮ ਚੁੱਕਿਆ ਕਿਉਂਕਿ ਇਸ ਦੁਸ਼ਟ ਦੁਨੀਆਂ ਨਾਲ ਵੀ ਯਹੋਵਾਹ ਇਸੇ ਤਰ੍ਹਾਂ ਕਰੇਗਾ। ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਯਹੂਦਾਹ ਨੂੰ ਕਿਵੇਂ ਸਜ਼ਾ ਦਿੱਤੀ।
^ ਪੈਰਾ 4 ਹਿਜ਼ਕੀਏਲ ਦੀ ਕਿਤਾਬ ਵਿਚ ਸ਼ਬਦ “ਇਜ਼ਰਾਈਲ” ਅਕਸਰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਲਈ ਵਰਤਿਆ ਗਿਆ ਹੈ।—ਹਿਜ਼. 12:19, 22; 18:2; 21:2, 3.
^ ਪੈਰਾ 7 “ਗੁੱਸਾ” ਸ਼ਬਦ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਲਈ ਵਫ਼ਾਦਾਰੀ ਬਹੁਤ ਮਾਅਨੇ ਰੱਖਦੀ ਹੈ। ਇਸ ਗੱਲ ਨੂੰ ਸਮਝਣ ਲਈ ਇਸ ਮਿਸਾਲ ’ਤੇ ਗੌਰ ਕਰੋ: ਜੇ ਇਕ ਔਰਤ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ, ਤਾਂ ਉਸ ਦੇ ਪਤੀ ਦਾ ਗੁੱਸਾ ਜ਼ਰੂਰ ਭੜਕੇਗਾ। ਉਸ ਪਤੀ ਵਾਂਗ ਯਹੋਵਾਹ ਦਾ ਵੀ ਗੁੱਸਾ ਭੜਕਿਆ ਜਦੋਂ ਉਸ ਦੇ ਇਕਰਾਰ ਵਿਚ ਸ਼ਾਮਲ ਲੋਕਾਂ ਨੇ ਮੂਰਤੀ-ਪੂਜਾ ਕਰ ਕੇ ਉਸ ਨਾਲ ਬੇਵਫ਼ਾਈ ਕੀਤੀ। (ਕਹਾ. 6:34) ਬਾਈਬਲ ਨੂੰ ਸਮਝਾਉਣ ਵਾਲੀ ਇਕ ਕਿਤਾਬ ਮੁਤਾਬਕ ‘ਪਰਮੇਸ਼ੁਰ ਨੂੰ ਇਸ ਲਈ ਗੁੱਸਾ ਆਉਂਦਾ ਹੈ ਕਿਉਂਕਿ ਉਹ ਪਵਿੱਤਰ ਹੈ। ਸਿਰਫ਼ ਉਹੀ ਪਵਿੱਤਰ ਪਰਮੇਸ਼ੁਰ ਹੈ, ਇਸ ਕਰਕੇ ਉਹ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦਾ ਜੋ ਉਸ ਦਾ ਮੁਕਾਬਲਾ ਕਰਦੇ ਹਨ।’—ਕੂਚ 34:14.
^ ਪੈਰਾ 11 “ਘਿਣਾਉਣੀਆਂ ਮੂਰਤਾਂ” ਲਈ ਵਰਤੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਇਬਰਾਨੀ ਸ਼ਬਦ ਨਾਲ ਹੋ ਸਕਦਾ ਹੈ। ਇਹ ਸ਼ਬਦ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
^ ਪੈਰਾ 13 ਕੁਝ ਲੋਕ ਮੰਨਦੇ ਹਨ ਕਿ ਤਮੂਜ਼ ਨਿਮਰੋਦ ਦਾ ਦੂਸਰਾ ਨਾਮ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ।