Skip to content

Skip to table of contents

ਅਧਿਆਇ 9

“ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ”

“ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ”

ਹਿਜ਼ਕੀਏਲ 11:19

ਮੁੱਖ ਗੱਲ: ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਬਹਾਲੀ ਬਾਰੇ ਕੀ-ਕੀ ਦੱਸਿਆ ਗਿਆ ਹੈ

1-3. ਬਾਬਲੀ ਲੋਕ ਪਰਮੇਸ਼ੁਰ ਦੇ ਲੋਕਾਂ ਦਾ ਕਿਵੇਂ ਮਜ਼ਾਕ ਉਡਾਉਂਦੇ ਸਨ ਤੇ ਕਿਉਂ?

ਕਲਪਨਾ ਕਰੋ ਕਿ ਤੁਸੀਂ ਇਕ ਵਫ਼ਾਦਾਰ ਯਹੂਦੀ ਹੋ ਅਤੇ ਬਾਬਲ ਸ਼ਹਿਰ ਵਿਚ ਰਹਿੰਦੇ ਹੋ। ਤੁਹਾਨੂੰ ਬਾਬਲ ਦੀ ਗ਼ੁਲਾਮੀ ਵਿਚ ਰਹਿੰਦਿਆਂ ਲਗਭਗ 50 ਸਾਲ ਹੋ ਗਏ ਹਨ। ਤੁਸੀਂ ਆਪਣੇ ਦਸਤੂਰ ਮੁਤਾਬਕ ਸਬਤ ਦੇ ਦਿਨ ਦੂਸਰੇ ਵਫ਼ਾਦਾਰ ਯਹੂਦੀਆਂ ਨੂੰ ਮਿਲਣ ਜਾ ਰਹੇ ਹੋ ਤਾਂਕਿ ਤੁਸੀਂ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰ ਸਕੋ। ਤੁਸੀਂ ਭੀੜ-ਭੜੱਕੇ ਵਾਲੀਆਂ ਗਲੀਆਂ ਵਿੱਚੋਂ ਜਾ ਰਹੇ ਹੋ ਤੇ ਰਸਤੇ ਵਿਚ ਤੁਸੀਂ ਵੱਡੇ-ਵੱਡੇ ਮੰਦਰ ਅਤੇ ਅਣਗਿਣਤ ਪੂਜਾ-ਘਰ ਦੇਖਦੇ ਹੋ। ਇਨ੍ਹਾਂ ਥਾਵਾਂ ’ਤੇ ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ ਇਕੱਠੀਆਂ ਹੋ ਕੇ ਮਾਰਦੁੱਕ ਤੇ ਹੋਰ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾ ਰਹੀਆਂ ਹਨ ਤੇ ਭਜਨ ਗਾ ਰਹੀਆਂ ਹਨ।

2 ਇਸ ਭੀੜ-ਭੜੱਕੇ ਤੋਂ ਦੂਰ ਜਾ ਕੇ ਤੁਸੀਂ ਵਫ਼ਾਦਾਰ ਯਹੂਦੀਆਂ ਦੇ ਇਕ ਛੋਟੇ ਜਿਹੇ ਸਮੂਹ ਨੂੰ ਮਿਲਦੇ ਹੋ। * ਤੁਸੀਂ ਇਕ ਨਹਿਰ ਨੇੜੇ ਸ਼ਾਂਤ ਜਗ੍ਹਾ ਆਉਂਦੇ ਹੋ ਜਿੱਥੇ ਤੁਸੀਂ ਮਿਲ ਕੇ ਪ੍ਰਾਰਥਨਾ ਕਰ ਸਕਦੇ ਹੋ, ਜ਼ਬੂਰ ਗਾ ਸਕਦੇ ਹੋ ਅਤੇ ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰ ਸਕਦੇ ਹੋ। ਪ੍ਰਾਰਥਨਾ ਕਰਦਿਆਂ ਤੁਹਾਨੂੰ ਨਹਿਰ ਕੰਢੇ ਪਈਆਂ ਲੱਕੜ ਦੀਆਂ ਕਿਸ਼ਤੀਆਂ ਦੀ ਖੜ-ਖੜ ਸੁਣਾਈ ਦਿੰਦੀ ਹੈ। ਇੰਨੀ ਸ਼ਾਂਤੀ ਦੇਖ ਕੇ ਤੁਹਾਡੇ ਮਨ ਨੂੰ ਤਸੱਲੀ ਮਿਲਦੀ ਹੈ ਤੇ ਤੁਸੀਂ ਉਮੀਦ ਰੱਖਦੇ ਹੋ ਕਿ ਸ਼ਹਿਰ ਦੇ ਲੋਕ ਆ ਕੇ ਤੁਹਾਨੂੰ ਭਗਤੀ ਕਰਨ ਤੋਂ ਨਾ ਰੋਕਣ, ਜਿਵੇਂ ਉਹ ਅਕਸਰ ਕਰਦੇ ਹਨ। ਪਰ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ?

3 ਬਾਬਲ ਕਾਫ਼ੀ ਲੰਬੇ ਸਮੇਂ ਤੋਂ ਯੁੱਧ ਜਿੱਤਦਾ ਆ ਰਿਹਾ ਹੈ ਅਤੇ ਇਸ ਸ਼ਹਿਰ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਦੇਵੀ-ਦੇਵਤਿਆਂ ਕਰਕੇ ਹੀ ਉਨ੍ਹਾਂ ਦਾ ਦੇਸ਼ ਇੰਨਾ ਤਾਕਤਵਰ ਹੈ। ਯਰੂਸ਼ਲਮ ਦਾ ਨਾਸ਼ ਹੋਣ ਤੇ ਬਾਬਲ ਦੇ ਲੋਕ ਸੋਚਣ ਲੱਗੇ ਕਿ ਉਨ੍ਹਾਂ ਦਾ ਦੇਵਤਾ ਮਾਰਦੁੱਕ ਯਹੋਵਾਹ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ! ਇਸ ਕਰਕੇ ਉਹ ਤੁਹਾਡੇ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦਾ ਮਜ਼ਾਕ ਉਡਾਉਂਦੇ ਹਨ। ਕਦੀ-ਕਦੀ ਉਹ ਮਖੌਲ ਉਡਾਉਂਦਿਆਂ ਤੁਹਾਨੂੰ ਕਹਿੰਦੇ ਹਨ: “ਸਾਨੂੰ ਸੀਓਨ ਬਾਰੇ ਕੋਈ ਗੀਤ ਸੁਣਾਓ।” (ਜ਼ਬੂ. 137:3) ਬਹੁਤ ਸਾਰੇ ਜ਼ਬੂਰਾਂ ਵਿਚ ਪਰਮੇਸ਼ੁਰ ਦੇ ਦੁਸ਼ਮਣਾਂ ਉੱਤੇ ਸੀਓਨ ਦੀਆਂ ਜਿੱਤਾਂ ਬਾਰੇ ਗੱਲ ਕੀਤੀ ਗਈ ਹੈ। ਬਾਬਲ ਦੇ ਲੋਕਾਂ ਨੂੰ ਸ਼ਾਇਦ ਖ਼ਾਸ ਕਰਕੇ ਇਨ੍ਹਾਂ ਜ਼ਬੂਰਾਂ ਦਾ ਮਜ਼ਾਕ ਉਡਾਉਣਾ ਚੰਗਾ ਲੱਗਦਾ ਹੈ। ਕੁਝ ਜ਼ਬੂਰਾਂ ਵਿਚ ਬਾਬਲ ਦੇ ਲੋਕਾਂ ਬਾਰੇ ਗੱਲ ਕੀਤੀ ਗਈ ਹੈ। ਮਿਸਾਲ ਲਈ, ਉਨ੍ਹਾਂ ਵਿੱਚੋਂ ਇਕ ਜ਼ਬੂਰ ਹੈ: “ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ। . . . ਸਾਡੇ ਆਲੇ ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।”—ਜ਼ਬੂ. 79:1, 3, 4.

4, 5. ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਤੋਂ ਕਿਹੜੀ ਉਮੀਦ ਮਿਲੀ? ਇਸ ਅਧਿਆਇ ਵਿਚ ਅਸੀਂ ਕੀ ਦੇਖਾਂਗੇ? (ਪਹਿਲੀ ਤਸਵੀਰ ਦੇਖੋ।)

4 ਧਰਮ-ਤਿਆਗੀ ਯਹੂਦੀ ਵੀ ਤੁਹਾਡਾ ਮਜ਼ਾਕ ਉਡਾਉਂਦੇ ਹਨ ਕਿ ਤੁਸੀਂ ਯਹੋਵਾਹ ਅਤੇ ਉਸ ਦੇ ਨਬੀਆਂ ’ਤੇ ਨਿਹਚਾ ਕਰਦੇ ਹੋ। ਇਸ ਮਖੌਲ ਦੇ ਬਾਵਜੂਦ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸ਼ੁੱਧ ਭਗਤੀ ਕਰ ਕੇ ਹੌਸਲਾ ਮਿਲਦਾ ਹੈ। ਤੁਹਾਨੂੰ ਇਕੱਠੇ ਮਿਲ ਕੇ ਪ੍ਰਾਰਥਨਾ ਕਰਨ, ਗੀਤ ਗਾਉਣ ਅਤੇ ਪਰਮੇਸ਼ੁਰ ਦਾ ਬਚਨ ਪੜ੍ਹਨ ਨਾਲ ਸਕੂਨ ਮਿਲਦਾ ਹੈ। (ਜ਼ਬੂ. 94:19; ਰੋਮੀ. 15:4) ਕਲਪਨਾ ਕਰੋ ਕਿ ਉਸ ਦਿਨ ਸਭਾ ਵਿਚ ਇਕ ਵਫ਼ਾਦਾਰ ਯਹੂਦੀ ਇਕ ਪੱਤਰੀ ਲੈ ਕੇ ਆਉਂਦਾ ਹੈ ਜਿਸ ਵਿਚ ਹਿਜ਼ਕੀਏਲ ਦੀ ਭਵਿੱਖਬਾਣੀ ਦਰਜ ਹੈ। ਜਦੋਂ ਇਹ ਭਵਿੱਖਬਾਣੀ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਈ ਜਾਂਦੀ ਹੈ, ਤਾਂ ਤੁਸੀਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਯਹੋਵਾਹ ਦਾ ਇਹ ਵਾਅਦਾ ਸੁਣ ਕੇ ਤੁਹਾਡਾ ਦਿਲ ਬਾਗ਼-ਬਾਗ਼ ਹੋ ਜਾਂਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲੈ ਕੇ ਜਾਵੇਗਾ। ਤੁਸੀਂ ਕਲਪਨਾ ਕਰਨੀ ਸ਼ੁਰੂ ਕਰ ਦਿੰਦੇ ਹੋ ਕਿ ਇਕ ਦਿਨ ਤੁਸੀਂ ਤੇ ਤੁਹਾਡਾ ਪਰਿਵਾਰ ਆਪਣੇ ਦੇਸ਼ ਜ਼ਰੂਰ ਵਾਪਸ ਜਾਓਗੇ ਅਤੇ ਸ਼ੁੱਧ ਭਗਤੀ ਨੂੰ ਬਹਾਲ ਕਰਨ ਵਿਚ ਯੋਗਦਾਨ ਪਾਓਗੇ।

5 ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਬਹਾਲੀ ਦੇ ਕਈ ਵਾਅਦੇ ਕੀਤੇ ਗਏ ਹਨ। ਆਓ ਆਪਾਂ ਉਮੀਦ ਦੇਣ ਵਾਲੇ ਇਨ੍ਹਾਂ ਵਾਅਦਿਆਂ ’ਤੇ ਗੌਰ ਕਰੀਏ। ਬਾਬਲ ਦੀ ਗ਼ੁਲਾਮੀ ਵਿਚ ਰਹਿਣ ਵਾਲਿਆਂ ਲਈ ਇਹ ਵਾਅਦੇ ਕਿਵੇਂ ਪੂਰੇ ਹੋਏ? ਇਹ ਭਵਿੱਖਬਾਣੀਆਂ ਸਾਡੇ ਲਈ ਕੀ ਮਾਅਨੇ ਰੱਖਦੀਆਂ ਹਨ? ਅਸੀਂ ਇਹ ਵੀ ਦੇਖਾਂਗੇ ਕਿ ਕੁਝ ਭਵਿੱਖਬਾਣੀਆਂ ਆਉਣ ਵਾਲੇ ਸਮੇਂ ਵਿਚ ਕਿਵੇਂ ਪੂਰੀਆਂ ਹੋਣਗੀਆਂ।

“ਉਨ੍ਹਾਂ ਨੂੰ ਬੰਦੀ ਬਣਾ ਕੇ ਗ਼ੁਲਾਮੀ ਵਿਚ ਲਿਜਾਇਆ ਜਾਵੇਗਾ”

6. ਪਰਮੇਸ਼ੁਰ ਨੇ ਆਪਣੇ ਬਾਗ਼ੀ ਲੋਕਾਂ ਨੂੰ ਵਾਰ-ਵਾਰ ਕਿਹੜੀ ਚੇਤਾਵਨੀ ਦਿੱਤੀ ਸੀ?

6 ਹਿਜ਼ਕੀਏਲ ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਦੀ ਬਗਾਵਤ ਕਰਕੇ ਉਹ ਉਨ੍ਹਾਂ ਨੂੰ ਕੀ ਸਜ਼ਾ ਦੇਵੇਗਾ। ਯਹੋਵਾਹ ਨੇ ਕਿਹਾ: “ਉਨ੍ਹਾਂ ਨੂੰ ਬੰਦੀ ਬਣਾ ਕੇ ਗ਼ੁਲਾਮੀ ਵਿਚ ਲਿਜਾਇਆ ਜਾਵੇਗਾ।” (ਹਿਜ਼. 12:11) ਜਿਵੇਂ ਅਸੀਂ ਇਸ ਕਿਤਾਬ ਦੇ ਛੇਵੇਂ ਅਧਿਆਇ ਵਿਚ ਦੇਖਿਆ ਸੀ, ਹਿਜ਼ਕੀਏਲ ਨੇ ਨਾਟਕ ਕਰ ਕੇ ਦਿਖਾਇਆ ਕਿ ਉਨ੍ਹਾਂ ਨੂੰ ਇਹ ਸਜ਼ਾ ਕਿਵੇਂ ਦਿੱਤੀ ਜਾਣੀ ਸੀ। ਪਰ ਇਸ ਤਰ੍ਹਾਂ ਦੀਆਂ ਚੇਤਾਵਨੀਆਂ ਉਨ੍ਹਾਂ ਨੂੰ ਪਹਿਲਾਂ ਵੀ ਮਿਲ ਚੁੱਕੀਆਂ ਸਨ। ਤਕਰੀਬਨ ਇਕ ਹਜ਼ਾਰ ਸਾਲ ਪਹਿਲਾਂ ਮੂਸਾ ਦੇ ਦਿਨਾਂ ਤੋਂ ਯਹੋਵਾਹ ਆਪਣੇ ਲੋਕਾਂ ਨੂੰ ਚੇਤਾਵਨੀ ਦਿੰਦਾ ਆ ਰਿਹਾ ਸੀ ਕਿ ਜੇ ਉਹ ਬਗਾਵਤ ਕਰਦੇ ਰਹੇ, ਤਾਂ ਉਨ੍ਹਾਂ ਨੂੰ ਗ਼ੁਲਾਮੀ ਵਿਚ ਜਾਣਾ ਪਵੇਗਾ। (ਬਿਵ. 28:36, 37) ਯਸਾਯਾਹ ਅਤੇ ਯਿਰਮਿਯਾਹ ਵਰਗੇ ਨਬੀਆਂ ਨੇ ਵੀ ਇਸੇ ਤਰ੍ਹਾਂ ਦੀਆਂ ਚੇਤਾਵਨੀਆਂ ਦਿੱਤੀਆਂ ਸਨ।—ਯਸਾ. 39:5-7; ਯਿਰ. 20:3-6.

7. ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਨੂੰ ਸਜ਼ਾ ਦਿੱਤੀ?

7 ਪਰ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਆਪਣੇ ਲੋਕਾਂ ਦਾ ਬਾਗ਼ੀ ਰਵੱਈਆ ਦੇਖ ਕੇ ਯਹੋਵਾਹ ਦਾ ਦਿਲ ਬਹੁਤ ਦੁਖੀ ਹੋਇਆ। ਉਸ ਨੇ ਦੇਖਿਆ ਕਿ ਭ੍ਰਿਸ਼ਟ ਆਗੂਆਂ ਕਰਕੇ ਉਸ ਦੇ ਲੋਕ ਮੂਰਤੀ-ਪੂਜਾ, ਬੇਵਫ਼ਾਈ ਅਤੇ ਕਈ ਤਰ੍ਹਾਂ ਦੇ ਬੁਰੇ ਕੰਮ ਕਰ ਰਹੇ ਸਨ। ਇਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਕਾਲ਼ ਦੇ ਸ਼ਿਕਾਰ ਹੋਣ ਦਿੱਤਾ। ਇਹ ਉਨ੍ਹਾਂ ਲਈ ਸ਼ਰਮ ਦੀ ਗੱਲ ਸੀ ਕਿਉਂਕਿ ਇਕ ਸਮੇਂ ਤੇ ਉਨ੍ਹਾਂ ਦੇ ਦੇਸ਼ ਵਿਚ “ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ” ਸਨ। (ਹਿਜ਼. 20:6, 7) ਫਿਰ ਯਹੋਵਾਹ ਨੇ ਉਨ੍ਹਾਂ ਜ਼ਿੱਦੀ ਲੋਕਾਂ ਨੂੰ ਗ਼ੁਲਾਮੀ ਵਿਚ ਭੇਜ ਦਿੱਤਾ, ਜਿਵੇਂ ਉਸ ਨੇ ਕਾਫ਼ੀ ਸਮਾਂ ਪਹਿਲਾਂ ਦੱਸਿਆ ਸੀ। 607 ਈਸਵੀ ਪੂਰਵ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਆਖ਼ਰੀ ਹਮਲਾ ਕਰ ਕੇ ਯਰੂਸ਼ਲਮ ਅਤੇ ਉਸ ਦੇ ਮੰਦਰ ਨੂੰ ਤਬਾਹ ਕਰ ਦਿੱਤਾ। ਇਸ ਨਾਸ਼ ਵਿੱਚੋਂ ਬਚੇ ਹਜ਼ਾਰਾਂ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ। ਉੱਥੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਸੀ, ਜਿਵੇਂ ਅਸੀਂ ਇਸ ਅਧਿਆਇ ਦੇ ਸ਼ੁਰੂ ਵਿਚ ਦੇਖਿਆ।

8, 9. ਪਰਮੇਸ਼ੁਰ ਨੇ ਮਸੀਹੀ ਮੰਡਲੀ ਨੂੰ ਧਰਮ-ਤਿਆਗੀਆਂ ਤੋਂ ਕਿਵੇਂ ਖ਼ਬਰਦਾਰ ਕੀਤਾ?

8 ਕੀ ਯਹੂਦੀਆਂ ਵਾਂਗ ਮਸੀਹੀ ਮੰਡਲੀ ਨੂੰ ਵੀ ਗ਼ੁਲਾਮੀ ਵਿਚ ਜਾਣਾ ਪਿਆ? ਜੀ ਹਾਂ। ਪੁਰਾਣੇ ਸਮੇਂ ਦੇ ਯਹੂਦੀਆਂ ਵਾਂਗ ਮਸੀਹ ਦੇ ਚੇਲਿਆਂ ਨੂੰ ਵੀ ਪਹਿਲਾਂ ਤੋਂ ਹੀ ਇਸ ਬਾਰੇ ਚੇਤਾਵਨੀ ਦਿੱਤੀ ਗਈ ਸੀ। ਆਪਣੀ ਸੇਵਕਾਈ ਦੇ ਸ਼ੁਰੂ ਵਿਚ ਯਿਸੂ ਨੇ ਕਿਹਾ: “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜੋ ਭੇਡਾਂ ਦੇ ਭੇਸ ਵਿਚ ਤੁਹਾਡੇ ਕੋਲ ਆਉਂਦੇ ਹਨ, ਪਰ ਅੰਦਰੋਂ ਭੁੱਖੇ ਬਘਿਆੜ ਹੁੰਦੇ ਹਨ।” (ਮੱਤੀ 7:15) ਕੁਝ ਸਾਲਾਂ ਬਾਅਦ ਪੌਲੁਸ ਰਸੂਲ ਨੇ ਵੀ ਇਹ ਚੇਤਾਵਨੀ ਦਿੱਤੀ: “ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿਚ ਆ ਜਾਣਗੇ ਅਤੇ ਭੇਡਾਂ ਨਾਲ ਕੋਮਲਤਾ ਨਾਲ ਪੇਸ਼ ਨਹੀਂ ਆਉਣਗੇ ਅਤੇ ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।”—ਰਸੂ. 20:29, 30.

9 ਮਸੀਹੀਆਂ ਨੂੰ ਇਨ੍ਹਾਂ ਖ਼ਤਰਨਾਕ ਆਦਮੀਆਂ ਦੀ ਪਛਾਣ ਕਰਨੀ ਅਤੇ ਇਨ੍ਹਾਂ ਤੋਂ ਬਚਣਾ ਸਿਖਾਇਆ ਗਿਆ ਸੀ। ਮਸੀਹੀ ਬਜ਼ੁਰਗਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਧਰਮ-ਤਿਆਗੀਆਂ ਨੂੰ ਮੰਡਲੀ ਵਿੱਚੋਂ ਕੱਢ ਦੇਣ। (1 ਤਿਮੋ. 1:19; 2 ਤਿਮੋ. 2:16-19; 2 ਪਤ. 2:1-3; 2 ਯੂਹੰ. 10) ਪਰ ਪੁਰਾਣੇ ਸਮੇਂ ਦੇ ਇਜ਼ਰਾਈਲ ਅਤੇ ਯਹੂਦਾਹ ਵਾਂਗ ਬਹੁਤ ਸਾਰੇ ਮਸੀਹੀਆਂ ਨੇ ਹੌਲੀ-ਹੌਲੀ ਇਨ੍ਹਾਂ ਚੇਤਾਵਨੀਆਂ ਵੱਲ ਧਿਆਨ ਦੇਣਾ ਛੱਡ ਦਿੱਤਾ। ਪਹਿਲੀ ਸਦੀ ਦੇ ਅੰਤ ਤਕ ਧਰਮ-ਤਿਆਗ ਨੇ ਮੰਡਲੀ ਵਿਚ ਜੜ੍ਹ ਫੜ ਲਈ ਸੀ। ਉਸ ਸਮੇਂ ਰਸੂਲਾਂ ਵਿੱਚੋਂ ਸਿਰਫ਼ ਯੂਹੰਨਾ ਹੀ ਜੀਉਂਦਾ ਬਚਿਆ ਸੀ। ਯੂਹੰਨਾ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਮੰਡਲੀ ਭ੍ਰਿਸ਼ਟ ਹੋ ਚੁੱਕੀ ਸੀ ਤੇ ਬਾਗ਼ੀ ਲੋਕਾਂ ਦੀ ਗਿਣਤੀ ਮੰਡਲੀ ਵਿਚ ਵਧਦੀ ਜਾ ਰਹੀ ਸੀ। ਇਸ ਬੁਰਾਈ ਨੂੰ ਰੋਕਣ ਲਈ ਸਿਰਫ਼ ਉਹੀ ਰਹਿ ਗਿਆ ਸੀ। (2 ਥੱਸ. 2:6-8; 1 ਯੂਹੰ. 2:18) ਪਰ ਯੂਹੰਨਾ ਦੀ ਮੌਤ ਤੋਂ ਬਾਅਦ ਕੀ ਹੋਇਆ?

10, 11. ਕਣਕ ਅਤੇ ਜੰਗਲੀ ਬੂਟੀ ਬਾਰੇ ਭਵਿੱਖਬਾਣੀ ਦੂਸਰੀ ਸਦੀ ਤੋਂ ਕਿਵੇਂ ਪੂਰੀ ਹੋਣੀ ਸ਼ੁਰੂ ਹੋਈ?

10 ਯੂਹੰਨਾ ਦੀ ਮੌਤ ਤੋਂ ਬਾਅਦ ਕਣਕ ਅਤੇ ਜੰਗਲੀ ਬੂਟੀ ਬਾਰੇ ਭਵਿੱਖਬਾਣੀ ਪੂਰੀ ਹੋਣੀ ਸ਼ੁਰੂ ਹੋ ਗਈ। (ਮੱਤੀ 13:24-30 ਪੜ੍ਹੋ।) ਜਿਵੇਂ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ, ਸ਼ੈਤਾਨ ਨੇ ਮੰਡਲੀ ਵਿਚ “ਜੰਗਲੀ ਬੂਟੀ” ਬੀਜ ਦਿੱਤੀ ਯਾਨੀ ਉਹ ਝੂਠੇ ਮਸੀਹੀ ਲੈ ਆਇਆ ਜਿਸ ਕਰਕੇ ਮੰਡਲੀ ਤੇਜ਼ੀ ਨਾਲ ਭ੍ਰਿਸ਼ਟ ਹੋਣ ਲੱਗ ਪਈ। ਯਹੋਵਾਹ ਨੂੰ ਇਹ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ ਕਿ ਉਸ ਦੇ ਪੁੱਤਰ ਦੁਆਰਾ ਸਥਾਪਿਤ ਕੀਤੀ ਮੰਡਲੀ ਕਿੰਨੀ ਭ੍ਰਿਸ਼ਟ ਹੋ ਗਈ ਸੀ। ਉਹ ਮੂਰਤੀ-ਪੂਜਾ ਕਰਨ ਲੱਗ ਪਏ, ਝੂਠੇ ਧਰਮਾਂ ਦੇ ਤਿਉਹਾਰ ਤੇ ਰੀਤੀ-ਰਿਵਾਜ ਮਨਾਉਣ ਲੱਗ ਪਏ ਅਤੇ ਉਨ੍ਹਾਂ ਨੇ ਅਜਿਹੀਆਂ ਸਿੱਖਿਆਵਾਂ ਤੇ ਫ਼ਲਸਫ਼ਿਆਂ ਨੂੰ ਅਪਣਾ ਲਿਆ ਜੋ ਯਹੋਵਾਹ ਦੇ ਅਸੂਲਾਂ ਦੇ ਖ਼ਿਲਾਫ਼ ਸਨ ਅਤੇ ਸ਼ੈਤਾਨੀ ਸਿੱਖਿਆਵਾਂ ’ਤੇ ਆਧਾਰਿਤ ਸਨ। ਫਿਰ ਯਹੋਵਾਹ ਨੇ ਉਨ੍ਹਾਂ ਨਾਲ ਕੀ ਕੀਤਾ? ਜਿਵੇਂ ਉਸ ਨੇ ਬੇਵਫ਼ਾ ਇਜ਼ਰਾਈਲੀਆਂ ਨਾਲ ਕੀਤਾ ਸੀ, ਉਸ ਨੇ ਆਪਣੇ ਇਨ੍ਹਾਂ ਲੋਕਾਂ ਨੂੰ ਵੀ ਗ਼ੁਲਾਮੀ ਵਿਚ ਜਾਣ ਦਿੱਤਾ। ਕੁਝ ਹੀ ਸਮੇਂ ਵਿਚ ਝੂਠੇ ਮਸੀਹੀਆਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਗਈ ਕਿ ਕਣਕ ਵਰਗੇ ਸੱਚੇ ਮਸੀਹੀ ਕਿਤੇ ਵੀ ਨਜ਼ਰ ਨਹੀਂ ਆਉਂਦੇ ਸਨ। ਸੱਚੇ ਮਸੀਹੀ ਇਕ ਤਰ੍ਹਾਂ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਚਲੇ ਗਏ ਜੋ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਹੈ ਅਤੇ ਝੂਠੇ ਮਸੀਹੀ ਪੂਰੀ ਤਰ੍ਹਾਂ ਇਸ ਸਾਮਰਾਜ ਦਾ ਹਿੱਸਾ ਬਣ ਗਏ। ਜਿੱਦਾਂ-ਜਿੱਦਾਂ ਝੂਠੇ ਮਸੀਹੀਆਂ ਦੀ ਗਿਣਤੀ ਵਧਦੀ ਗਈ, ਉੱਦਾਂ-ਉੱਦਾਂ ਈਸਾਈ-ਜਗਤ ਉੱਭਰ ਕੇ ਸਾਮ੍ਹਣੇ ਆਇਆ।

11 ਸਦੀਆਂ ਤਕ ਈਸਾਈ-ਜਗਤ ਦਾ ਬੋਲਬਾਲਾ ਰਿਹਾ, ਪਰ ਇਸ ਸਮੇਂ ਦੌਰਾਨ ਵੀ ਕੁਝ ਸੱਚੇ ਮਸੀਹੀ ਸਨ ਜੋ ਯਿਸੂ ਦੀ ਮਿਸਾਲ ਵਿਚ ਦੱਸੀ “ਕਣਕ” ਵਰਗੇ ਸਨ। ਹਿਜ਼ਕੀਏਲ 6:9 ਵਿਚ ਦੱਸੇ ਗ਼ੁਲਾਮ ਯਹੂਦੀਆਂ ਵਾਂਗ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਨੂੰ ਯਾਦ ਰੱਖਿਆ। ਕੁਝ ਜਣਿਆਂ ਨੇ ਦਲੇਰੀ ਨਾਲ ਈਸਾਈ-ਜਗਤ ਦੀਆਂ ਝੂਠੀਆਂ ਸਿੱਖਿਆਵਾਂ ਦਾ ਵਿਰੋਧ ਕੀਤਾ। ਪਰ ਉਨ੍ਹਾਂ ਦਾ ਮਖੌਲ ਉਡਾਇਆ ਗਿਆ ਅਤੇ ਉਨ੍ਹਾਂ ’ਤੇ ਅਤਿਆਚਾਰ ਕੀਤੇ ਗਏ। ਕੀ ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਹਮੇਸ਼ਾ ਲਈ ਝੂਠੇ ਧਰਮਾਂ ਦੀ ਗ਼ੁਲਾਮੀ ਵਿਚ ਰਹਿਣ? ਨਹੀਂ। ਯਹੋਵਾਹ ਨੇ ਉਨ੍ਹਾਂ ਨੂੰ ਉੱਨੀ ਹੀ ਸਜ਼ਾ ਦਿੱਤੀ ਜਿੰਨੀ ਦੇਣੀ ਚਾਹੀਦੀ ਸੀ ਅਤੇ ਉੱਨੇ ਹੀ ਸਮੇਂ ਲਈ ਦਿੱਤੀ ਜਿੰਨੀ ਸਹੀ ਸੀ, ਠੀਕ ਜਿਵੇਂ ਉਸ ਨੇ ਪੁਰਾਣੇ ਸਮੇਂ ਦੇ ਇਜ਼ਰਾਈਲ ਨਾਲ ਕੀਤਾ ਸੀ। (ਯਿਰ. 46:28) ਨਾਲੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਮੀਦ ਵੀ ਦਿੱਤੀ। ਆਓ ਆਪਾਂ ਫਿਰ ਤੋਂ ਪੁਰਾਣੇ ਸਮੇਂ ਦੇ ਬਾਬਲ ਵਿਚ ਗ਼ੁਲਾਮ ਯਹੂਦੀਆਂ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਯਹੋਵਾਹ ਨੇ ਉਨ੍ਹਾਂ ਨੂੰ ਛੁਟਕਾਰੇ ਦੀ ਕਿਹੜੀ ਉਮੀਦ ਦਿੱਤੀ।

ਸੱਚੇ ਮਸੀਹੀਆਂ ਨੇ ਸਦੀਆਂ ਤਕ ਮਹਾਂ ਬਾਬਲ ਦੇ ਹੱਥੋਂ ਕਈ ਜ਼ੁਲਮ ਸਹੇ ਹਨ (ਪੈਰੇ 10, 11 ਦੇਖੋ)

“ਮੇਰਾ ਗੁੱਸਾ ਠੰਢਾ ਹੋਵੇਗਾ”

12, 13. ਯਹੋਵਾਹ ਦਾ ਗੁੱਸਾ ਕਿਉਂ ਠੰਢਾ ਹੋ ਜਾਣਾ ਸੀ?

12 ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਸ ਦਾ ਗੁੱਸਾ ਉਨ੍ਹਾਂ ਉੱਤੇ ਭੜਕੇਗਾ। ਪਰ ਉਸ ਨੇ ਉਨ੍ਹਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨਾਲ ਹਮੇਸ਼ਾ ਗੁੱਸੇ ਨਹੀਂ ਰਹੇਗਾ। ਮਿਸਾਲ ਲਈ, ਇਨ੍ਹਾਂ ਸ਼ਬਦਾਂ ’ਤੇ ਗੌਰ ਕਰੋ: “ਮੇਰਾ ਗੁੱਸਾ ਠੰਢਾ ਹੋਵੇਗਾ ਅਤੇ ਉਨ੍ਹਾਂ ਦੇ ਵਿਰੁੱਧ ਮੇਰਾ ਕ੍ਰੋਧ ਸ਼ਾਂਤ ਹੋਵੇਗਾ ਅਤੇ ਮੈਨੂੰ ਚੈਨ ਆਵੇਗਾ। ਜਦੋਂ ਉਨ੍ਹਾਂ ਦੇ ਖ਼ਿਲਾਫ਼ ਮੇਰੇ ਗੁੱਸੇ ਦਾ ਕਹਿਰ ਥੰਮ੍ਹ ਜਾਵੇਗਾ, ਉਦੋਂ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਨੇ ਇਹ ਗੱਲ ਇਸ ਕਰਕੇ ਕਹੀ ਹੈ ਕਿਉਂਕਿ ਮੈਂ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।” (ਹਿਜ਼. 5:13) ਯਹੋਵਾਹ ਦਾ ਗੁੱਸਾ ਕਿਉਂ ਠੰਢਾ ਹੋ ਜਾਣਾ ਸੀ?

13 ਗੌਰ ਕਰੋ ਕਿ ਬੇਵਫ਼ਾ ਯਹੂਦੀਆਂ ਦੇ ਨਾਲ-ਨਾਲ ਵਫ਼ਾਦਾਰ ਯਹੂਦੀਆਂ ਨੂੰ ਵੀ ਗ਼ੁਲਾਮ ਬਣਾ ਕੇ ਲਿਜਾਇਆ ਗਿਆ। ਨਾਲੇ ਪਰਮੇਸ਼ੁਰ ਨੇ ਹਿਜ਼ਕੀਏਲ ਰਾਹੀਂ ਦੱਸਿਆ ਸੀ ਕਿ ਗ਼ੁਲਾਮੀ ਵਿਚ ਰਹਿੰਦਿਆਂ ਉਸ ਦੇ ਕੁਝ ਲੋਕ ਤੋਬਾ ਕਰਨਗੇ। ਉਹ ਆਪਣੇ ਬੀਤੇ ਦਿਨ ਯਾਦ ਕਰ ਕੇ ਬਹੁਤ ਦੁਖੀ ਹੋਣਗੇ ਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰ ਕੇ ਕਿੰਨੇ ਸ਼ਰਮਨਾਕ ਕੰਮ ਕੀਤੇ ਸਨ। ਉਹ ਯਹੋਵਾਹ ਤੋਂ ਮਾਫ਼ੀ ਅਤੇ ਮਿਹਰ ਪਾਉਣ ਲਈ ਉਸ ਅੱਗੇ ਗਿੜਗਿੜਾਉਣਗੇ। (ਹਿਜ਼. 6:8-10; 12:16) ਵਫ਼ਾਦਾਰ ਯਹੂਦੀਆਂ ਵਿਚ ਹਿਜ਼ਕੀਏਲ ਦੇ ਨਾਲ ਦਾਨੀਏਲ ਅਤੇ ਉਸ ਦੇ ਤਿੰਨ ਸਾਥੀ ਵੀ ਸ਼ਾਮਲ ਸਨ। ਦਾਨੀਏਲ ਦੀ ਉਮਰ ਇੰਨੀ ਲੰਬੀ ਸੀ ਕਿ ਉਸ ਨੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਵਿਚ ਜਾਂਦੇ ਹੋਏ ਅਤੇ ਗ਼ੁਲਾਮੀ ਵਿੱਚੋਂ ਆਜ਼ਾਦ ਹੁੰਦੇ ਹੋਏ ਦੇਖਿਆ। ਉਸ ਨੇ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ ਜੋ ਦਿਲੋਂ ਪ੍ਰਾਰਥਨਾ ਕੀਤੀ ਸੀ, ਉਹ ਦਾਨੀਏਲ ਦੇ 9ਵੇਂ ਅਧਿਆਇ ਵਿਚ ਦਰਜ ਹੈ। ਇਸ ਪ੍ਰਾਰਥਨਾ ਤੋਂ ਉਨ੍ਹਾਂ ਹਜ਼ਾਰਾਂ ਗ਼ੁਲਾਮ ਯਹੂਦੀਆਂ ਦੇ ਜਜ਼ਬਾਤ ਪਤਾ ਲੱਗਦੇ ਹਨ ਜੋ ਯਹੋਵਾਹ ਤੋਂ ਮਾਫ਼ੀ ਪਾਉਣ ਲਈ ਅਤੇ ਉਸ ਤੋਂ ਦੁਬਾਰਾ ਬਰਕਤਾਂ ਪਾਉਣ ਲਈ ਤਰਸ ਰਹੇ ਸਨ। ਇਸ ਲਈ ਜਦ ਉਨ੍ਹਾਂ ਨੇ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਆਪਣੇ ਛੁਟਕਾਰੇ ਅਤੇ ਸ਼ੁੱਧ ਭਗਤੀ ਨੂੰ ਦੁਬਾਰਾ ਬਹਾਲ ਕੀਤੇ ਜਾਣ ਬਾਰੇ ਸੁਣਿਆ ਹੋਣਾ, ਤਾਂ ਉਨ੍ਹਾਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਹੋਵੇਗੀ।

14. ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਕਿਉਂ ਲਿਆਉਣਾ ਸੀ?

14 ਯਹੋਵਾਹ ਨੇ ਆਪਣੇ ਲੋਕਾਂ ਨੂੰ ਇਸ ਕਰਕੇ ਨਹੀਂ ਸੀ ਛੁਡਾਇਆ ਕਿਉਂਕਿ ਉਹ ਉਸ ਦੇ ਹੱਕਦਾਰ ਸਨ। ਆਪਣੇ ਲੋਕਾਂ ਨੂੰ ਛੁਡਾਉਣ ਅਤੇ ਸ਼ੁੱਧ ਭਗਤੀ ਬਹਾਲ ਕਰਨ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਯਹੋਵਾਹ ਇਕ ਵਾਰ ਫਿਰ ਸਾਰੀਆਂ ਕੌਮਾਂ ਦੇ ਸਾਮ੍ਹਣੇ ਆਪਣੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦਾ ਸੀ। (ਹਿਜ਼. 36:22) ਬਾਬਲ ਦੇ ਲੋਕਾਂ ਨੂੰ ਜਾਣਨਾ ਹੀ ਪੈਣਾ ਸੀ ਕਿ ਸਾਰੇ ਜਹਾਨ ਦੇ ਮਾਲਕ ਯਹੋਵਾਹ ਸਾਮ੍ਹਣੇ ਮਾਰਦੁੱਕ ਅਤੇ ਹੋਰ ਦੁਸ਼ਟ ਦੇਵੀ-ਦੇਵਤੇ ਕੁਝ ਵੀ ਨਹੀਂ ਸਨ। ਆਓ ਆਪਾਂ ਪਹਿਲਾਂ ਉਨ੍ਹਾਂ ਪੰਜ ਵਾਅਦਿਆਂ ’ਤੇ ਗੌਰ ਕਰੀਏ ਜੋ ਯਹੋਵਾਹ ਨੇ ਹਿਜ਼ਕੀਏਲ ਨਬੀ ਰਾਹੀਂ ਗ਼ੁਲਾਮ ਯਹੂਦੀਆਂ ਨਾਲ ਕੀਤੇ ਸਨ। ਪਹਿਲਾਂ ਆਪਾਂ ਦੇਖਾਂਗੇ ਕਿ ਹਰ ਵਾਅਦਾ ਵਫ਼ਾਦਾਰ ਯਹੂਦੀਆਂ ਲਈ ਕੀ ਮਾਅਨੇ ਰੱਖਦਾ ਸੀ। ਫਿਰ ਅਸੀਂ ਦੇਖਾਂਗੇ ਕਿ ਇਨ੍ਹਾਂ ਵਾਅਦਿਆਂ ਦੀ ਪੂਰਤੀ ਵੱਡੇ ਪੈਮਾਨੇ ’ਤੇ ਕਿਵੇਂ ਹੋਈ।

15. ਗ਼ੁਲਾਮੀ ਤੋਂ ਮੁੜਨ ਵਾਲਿਆਂ ਦੀ ਭਗਤੀ ਵਿਚ ਕਿਹੜਾ ਬਦਲਾਅ ਆਉਣਾ ਸੀ?

15 ਪਹਿਲਾ ਵਾਅਦਾ। ਮੂਰਤੀ-ਪੂਜਾ ਤੇ ਝੂਠੇ ਧਰਮਾਂ ਦੇ ਘਿਣਾਉਣੇ ਰੀਤੀ-ਰਿਵਾਜਾਂ ਨੂੰ ਛੱਡਣਾ। (ਹਿਜ਼ਕੀਏਲ 11:18; 12:24 ਪੜ੍ਹੋ।) ਜਿਵੇਂ ਅਸੀਂ 5ਵੇਂ ਅਧਿਆਇ ਵਿਚ ਦੇਖਿਆ ਸੀ, ਯਰੂਸ਼ਲਮ ਅਤੇ ਉਸ ਦਾ ਮੰਦਰ ਮੂਰਤੀ-ਪੂਜਾ ਤੇ ਹੋਰ ਧਰਮਾਂ ਦੇ ਕੰਮਾਂ ਕਰਕੇ ਭ੍ਰਿਸ਼ਟ ਹੋ ਚੁੱਕਾ ਸੀ। ਲੋਕ ਭ੍ਰਿਸ਼ਟ ਹੋ ਚੁੱਕੇ ਸਨ ਅਤੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਸਨ। ਹਿਜ਼ਕੀਏਲ ਰਾਹੀਂ ਯਹੋਵਾਹ ਨੇ ਉਨ੍ਹਾਂ ਗ਼ੁਲਾਮ ਯਹੂਦੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਕ ਦਿਨ ਫਿਰ ਤੋਂ ਸ਼ੁੱਧ ਭਗਤੀ ਕਰਨਗੇ ਅਤੇ ਉਨ੍ਹਾਂ ਦੀ ਭਗਤੀ ਝੂਠੇ ਧਰਮਾਂ ਕਾਰਨ ਭ੍ਰਿਸ਼ਟ ਨਹੀਂ ਹੋਵੇਗੀ। ਬਾਕੀ ਸਾਰੀਆਂ ਬਰਕਤਾਂ ਇਸ ਗੱਲ ’ਤੇ ਨਿਰਭਰ ਕਰਦੀਆਂ ਸਨ ਕਿ ਪਰਮੇਸ਼ੁਰ ਦੀ ਸ਼ੁੱਧ ਭਗਤੀ ਬਹਾਲ ਕੀਤੀ ਜਾਵੇ।

16. ਯਹੋਵਾਹ ਨੇ ਆਪਣੇ ਲੋਕਾਂ ਦੇ ਦੇਸ਼ ਬਾਰੇ ਕਿਹੜਾ ਵਾਅਦਾ ਕੀਤਾ?

16 ਦੂਸਰਾ ਵਾਅਦਾ। ਆਪਣੇ ਦੇਸ਼ ਮੁੜਨਾ। ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਕਿਹਾ: ‘ਮੈਂ ਤੈਨੂੰ ਇਜ਼ਰਾਈਲ ਦੇਸ਼ ਦਿਆਂਗਾ।’ (ਹਿਜ਼. 11:17) ਇਹ ਇਕ ਸ਼ਾਨਦਾਰ ਵਾਅਦਾ ਸੀ ਕਿਉਂਕਿ ਬਾਬਲ ਦੇ ਲੋਕ ਪਰਮੇਸ਼ੁਰ ਦੇ ਲੋਕਾਂ ਨੂੰ ਤਾਅਨੇ ਮਾਰਦੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਮੁੜਨ ਦੀ ਉਮੀਦ ਨਹੀਂ ਦਿੱਤੀ ਸੀ। (ਯਸਾ. 14:4, 17) ਇਸ ਤੋਂ ਇਲਾਵਾ, ਆਪਣੇ ਦੇਸ਼ ਵਾਪਸ ਆਏ ਯਹੂਦੀਆਂ ਨੇ ਜਿੰਨਾ ਚਿਰ ਵਫ਼ਾਦਾਰ ਰਹਿਣਾ ਸੀ, ਉੱਨਾ ਚਿਰ ਦੇਸ਼ ਦੀ ਜ਼ਮੀਨ ਨੇ ਉਪਜਾਊ ਹੋਣਾ ਸੀ ਅਤੇ ਪੂਰੀ ਪੈਦਾਵਾਰ ਦੇਣੀ ਸੀ। ਇਸ ਕਰਕੇ ਉਨ੍ਹਾਂ ਨੂੰ ਖਾਣ ਦੀ ਕੋਈ ਕਮੀ ਨਹੀਂ ਹੋਣੀ ਸੀ ਅਤੇ ਉਨ੍ਹਾਂ ਕੋਲ ਵਧੀਆ ਕੰਮ ਹੋਣਾ ਸੀ। ਫਿਰ ਉਨ੍ਹਾਂ ਦੇ ਦੇਸ਼ ਵਿਚ ਕਦੇ ਕਾਲ਼ ਨਹੀਂ ਪੈਣਾ ਸੀ ਅਤੇ ਨਾ ਹੀ ਇਸ ਕਾਰਨ ਉਨ੍ਹਾਂ ਨੂੰ ਬਦਨਾਮੀ ਸਹਿਣੀ ਪੈਣੀ ਸੀ।—ਹਿਜ਼ਕੀਏਲ 36:30 ਪੜ੍ਹੋ।

17. ਯਹੋਵਾਹ ਨੂੰ ਚੜ੍ਹਾਈਆਂ ਜਾਣ ਵਾਲੀਆਂ ਬਲ਼ੀਆਂ ਬਾਰੇ ਕੀ ਦੱਸਿਆ ਗਿਆ ਸੀ?

17 ਤੀਸਰਾ ਵਾਅਦਾ। ਯਹੋਵਾਹ ਦੀ ਵੇਦੀ ’ਤੇ ਦੁਬਾਰਾ ਬਲ਼ੀਆਂ ਚੜ੍ਹਾਈਆਂ ਜਾਣੀਆਂ। ਇਸ ਕਿਤਾਬ ਦੇ ਦੂਜੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਮੂਸਾ ਦੇ ਕਾਨੂੰਨ ਅਧੀਨ ਬਲ਼ੀਆਂ ਅਤੇ ਭੇਟਾਂ ਚੜ੍ਹਾਉਣੀਆਂ ਸ਼ੁੱਧ ਭਗਤੀ ਦਾ ਅਹਿਮ ਹਿੱਸਾ ਸਨ। ਆਪਣੇ ਦੇਸ਼ ਵਾਪਸ ਆ ਕੇ ਜਦ ਤਕ ਯਹੂਦੀਆਂ ਨੇ ਵਫ਼ਾਦਾਰ ਰਹਿਣਾ ਸੀ ਅਤੇ ਸਿਰਫ਼ ਯਹੋਵਾਹ ਦੀ ਭਗਤੀ ਕਰਨੀ ਸੀ, ਉਦੋਂ ਤਕ ਹੀ ਉਸ ਨੇ ਉਨ੍ਹਾਂ ਦੀਆਂ ਭੇਟਾਂ ਸਵੀਕਾਰ ਕਰਨੀਆਂ ਸਨ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਸੀ ਅਤੇ ਉਹ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖ ਸਕਦੇ ਸਨ। ਯਹੋਵਾਹ ਨੇ ਵਾਅਦਾ ਕੀਤਾ ਸੀ: ‘ਇਜ਼ਰਾਈਲ ਦਾ ਸਾਰਾ ਘਰਾਣਾ ਦੇਸ਼ ਵਿਚ ਮੇਰੀ ਭਗਤੀ ਕਰੇਗਾ। ਮੈਂ ਉੱਥੇ ਉਨ੍ਹਾਂ ਤੋਂ ਖ਼ੁਸ਼ ਹੋਵਾਂਗਾ ਅਤੇ ਮੈਂ ਤੁਹਾਡੇ ਤੋਂ ਉਮੀਦ ਰੱਖਾਂਗਾ ਕਿ ਤੁਸੀਂ ਆਪਣਾ ਦਾਨ ਅਤੇ ਆਪਣੀਆਂ ਭੇਟਾਂ ਦਾ ਪਹਿਲਾ ਫਲ, ਹਾਂ, ਆਪਣੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਕੇ ਆਓ।’ (ਹਿਜ਼. 20:40) ਵਾਕਈ, ਸ਼ੁੱਧ ਭਗਤੀ ਬਹਾਲ ਹੋ ਜਾਣੀ ਸੀ ਅਤੇ ਯਹੋਵਾਹ ਦੇ ਲੋਕਾਂ ਨੂੰ ਬਰਕਤਾਂ ਮਿਲਣੀਆਂ ਸਨ।

18. ਯਹੋਵਾਹ ਨੇ ਆਪਣੇ ਲੋਕਾਂ ਦੀ ਦੇਖ-ਭਾਲ ਕਿਵੇਂ ਕਰਨੀ ਸੀ?

18 ਚੌਥਾ ਵਾਅਦਾ। ਬੁਰੇ ਚਰਵਾਹਿਆਂ ਨੂੰ ਹਟਾਇਆ ਜਾਣਾ। ਯਹੋਵਾਹ ਦੇ ਲੋਕਾਂ ਦੇ ਆਗੂ ਬੁਰੇ ਸਨ ਜਿਸ ਕਰਕੇ ਉਨ੍ਹਾਂ ਨੇ ਇੰਨੇ ਬੁਰੇ ਕੰਮ ਕੀਤੇ। ਯਹੋਵਾਹ ਨੇ ਕਿਹਾ ਕਿ ਉਹ ਸਭ ਕੁਝ ਠੀਕ ਕਰ ਦੇਵੇਗਾ। ਇਨ੍ਹਾਂ ਬੁਰੇ ਚਰਵਾਹਿਆਂ ਦੇ ਬਾਰੇ ਉਸ ਨੇ ਵਾਅਦਾ ਕੀਤਾ: “ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਤੋਂ ਹਟਾ ਦਿਆਂਗਾ। . . . ਮੈਂ ਆਪਣੀਆਂ ਭੇਡਾਂ ਨੂੰ ਉਨ੍ਹਾਂ ਦੇ ਮੂੰਹੋਂ ਛੁਡਾਵਾਂਗਾ।” ਪਰ ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਨੂੰ ਭਰੋਸਾ ਦਿਵਾਇਆ: “ਮੈਂ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਾਂਗਾ।” (ਹਿਜ਼. 34:10, 12) ਉਸ ਨੇ ਇਹ ਕਿਵੇਂ ਕਰਨਾ ਸੀ? ਉਸ ਨੇ ਭੇਡਾਂ ਦੀ ਅਗਵਾਈ ਕਰਨ ਲਈ ਵਫ਼ਾਦਾਰ ਆਦਮੀਆਂ ਨੂੰ ਨਿਯੁਕਤ ਕਰਨਾ ਸੀ।

19. ਯਹੋਵਾਹ ਨੇ ਏਕਤਾ ਬਾਰੇ ਕਿਹੜਾ ਵਾਅਦਾ ਕੀਤਾ?

19 ਪੰਜਵਾਂ ਵਾਅਦਾ। ਯਹੋਵਾਹ ਦੇ ਭਗਤਾਂ ਵਿਚ ਏਕਤਾ। ਕਲਪਨਾ ਕਰੋ ਕਿ ਗ਼ੁਲਾਮੀ ਵਿਚ ਜਾਣ ਤੋਂ ਪਹਿਲਾਂ ਯਹੋਵਾਹ ਦੇ ਵਫ਼ਾਦਾਰ ਭਗਤਾਂ ਨੂੰ ਇਹ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ ਕਿ ਪਰਮੇਸ਼ੁਰ ਦੇ ਲੋਕਾਂ ਵਿਚ ਫੁੱਟ ਪੈ ਚੁੱਕੀ ਸੀ! ਝੂਠੇ ਨਬੀਆਂ ਅਤੇ ਭ੍ਰਿਸ਼ਟ ਚਰਵਾਹਿਆਂ ਦੇ ਬਹਿਕਾਵੇ ਵਿਚ ਆ ਕੇ ਲੋਕਾਂ ਨੇ ਉਨ੍ਹਾਂ ਵਫ਼ਾਦਾਰ ਨਬੀਆਂ ਦਾ ਵਿਰੋਧ ਕੀਤਾ ਜੋ ਯਹੋਵਾਹ ਵੱਲੋਂ ਬੋਲਦੇ ਸਨ। ਲੋਕਾਂ ਵਿਚ ਇੰਨੀ ਫੁੱਟ ਪੈ ਚੁੱਕੀ ਸੀ ਕਿ ਉਨ੍ਹਾਂ ਨੇ ਵੱਖੋ-ਵੱਖਰੇ ਗੁੱਟ ਬਣਾ ਲਏ। ਇਸ ਲਈ ਬਹਾਲੀ ਬਾਰੇ ਯਹੋਵਾਹ ਦਾ ਇਹ ਵਾਅਦਾ ਸੁਣ ਕੇ ਵਫ਼ਾਦਾਰ ਲੋਕਾਂ ਨੂੰ ਖ਼ਾਸ ਤੌਰ ਤੇ ਖ਼ੁਸ਼ੀ ਹੋਈ ਹੋਣੀ: “ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ ਅਤੇ ਉਨ੍ਹਾਂ ਦੇ ਮਨ ਦਾ ਸੁਭਾਅ ਨਵਾਂ ਬਣਾਵਾਂਗਾ।” (ਹਿਜ਼. 11:19) ਆਪਣੇ ਦੇਸ਼ ਵਾਪਸ ਮੁੜਨ ਵਾਲੇ ਯਹੂਦੀਆਂ ਨੇ ਜਦੋਂ ਤਕ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣਾ ਸੀ ਅਤੇ ਇਕ-ਦੂਸਰੇ ਨਾਲ ਏਕਤਾ ਰੱਖਣੀ ਸੀ, ਉਦੋਂ ਤਕ ਕੋਈ ਵੀ ਦੁਸ਼ਮਣ ਉਨ੍ਹਾਂ ਨੂੰ ਹਰਾ ਨਹੀਂ ਸਕਦਾ ਸੀ। ਹੁਣ ਕੌਮ ਨੂੰ ਫਿਰ ਤੋਂ ਮੌਕਾ ਮਿਲਣਾ ਸੀ ਕਿ ਉਹ ਯਹੋਵਾਹ ਦੇ ਨਾਂ ਦੀ ਬਦਨਾਮੀ ਨਾ ਕਰਨ, ਸਗੋਂ ਮਹਿਮਾ ਕਰਨ।

20, 21. ਵਾਪਸ ਆਏ ਯਹੂਦੀਆਂ ਬਾਰੇ ਯਹੋਵਾਹ ਦੇ ਵਾਅਦੇ ਕਿਵੇਂ ਪੂਰੇ ਹੋਏ?

20 ਕੀ ਆਪਣੇ ਦੇਸ਼ ਵਾਪਸ ਆਉਣ ਵਾਲੇ ਯਹੂਦੀਆਂ ਬਾਰੇ ਇਹ ਪੰਜ ਵਾਅਦੇ ਪੂਰੇ ਹੋਏ? ਯਾਦ ਕਰੋ ਕਿ ਬਹੁਤ ਸਮਾਂ ਪਹਿਲਾਂ ਵਫ਼ਾਦਾਰ ਯਹੋਸ਼ੁਆ ਨੇ ਕਿਹਾ ਸੀ: “ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸਾਰੇ ਚੰਗੇ ਵਾਅਦਿਆਂ ਦਾ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਪੂਰਾ ਨਾ ਹੋਇਆ ਹੋਵੇ। ਉਹ ਸਾਰੇ ਦੇ ਸਾਰੇ ਤੁਹਾਡੇ ਲਈ ਪੂਰੇ ਹੋਏ। ਉਨ੍ਹਾਂ ਵਾਅਦਿਆਂ ਦਾ ਇਕ ਵੀ ਸ਼ਬਦ ਪੂਰਾ ਹੋਏ ਬਿਨਾਂ ਨਾ ਰਿਹਾ।” (ਯਹੋ. 23:14) ਯਹੋਸ਼ੁਆ ਦੇ ਦਿਨਾਂ ਵਿਚ ਯਹੋਵਾਹ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ। ਉਸੇ ਤਰ੍ਹਾਂ ਜਦੋਂ ਯਹੂਦੀਆਂ ਨੇ ਆਪਣੇ ਦੇਸ਼ ਵਾਪਸ ਆਉਣਾ ਸੀ, ਉਦੋਂ ਵੀ ਯਹੋਵਾਹ ਨੇ ਆਪਣੇ ਸਾਰੇ ਵਾਅਦੇ ਪੂਰੇ ਕਰਨੇ ਸਨ।

21 ਯਹੂਦੀਆਂ ਨੇ ਮੂਰਤੀ-ਪੂਜਾ ਅਤੇ ਝੂਠੇ ਧਰਮਾਂ ਨਾਲ ਜੁੜੇ ਸਾਰੇ ਬੁਰੇ ਕੰਮ ਕਰਨੇ ਛੱਡ ਦਿੱਤੇ ਜਿਨ੍ਹਾਂ ਕਰਕੇ ਉਹ ਪਹਿਲਾਂ ਯਹੋਵਾਹ ਤੋਂ ਦੂਰ ਚਲੇ ਗਏ ਸਨ। ਮੁਸ਼ਕਲਾਂ ਦੇ ਬਾਵਜੂਦ ਉਹ ਦੁਬਾਰਾ ਆਪਣੇ ਦੇਸ਼ ਵਿਚ ਰਹਿਣ ਲੱਗ ਪਏ। ਉਨ੍ਹਾਂ ਨੇ ਖੇਤੀ-ਬਾੜੀ ਕਰਨੀ ਤੇ ਵਧੀਆ ਜ਼ਿੰਦਗੀ ਬਿਤਾਉਣੀ ਸ਼ੁਰੂ ਕਰ ਦਿੱਤੀ। ਯਰੂਸ਼ਲਮ ਵਾਪਸ ਆ ਕੇ ਯਹੂਦੀਆਂ ਨੇ ਸਭ ਤੋਂ ਪਹਿਲਾਂ ਯਹੋਵਾਹ ਲਈ ਵੇਦੀ ਬਣਾਈ ਅਤੇ ਉਸ ’ਤੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭੇਟਾਂ ਚੜ੍ਹਾਈਆਂ। (ਅਜ਼. 3:2-6) ਯਹੋਵਾਹ ਨੇ ਉਨ੍ਹਾਂ ਨੂੰ ਅਜਿਹੇ ਆਗੂ ਦਿੱਤੇ ਜੋ ਉਸ ਵਰਗੀ ਸੋਚ ਰੱਖਦੇ ਸਨ, ਜਿਵੇਂ ਵਫ਼ਾਦਾਰ ਪੁਜਾਰੀ ਤੇ ਨਕਲ-ਨਵੀਸ ਅਜ਼ਰਾ, ਰਾਜਪਾਲ ਨਹਮਯਾਹ ਤੇ ਜ਼ਰੁਬਾਬਲ, ਮਹਾਂ ਪੁਜਾਰੀ ਯਹੋਸ਼ੁਆ, ਦਲੇਰ ਨਬੀ ਹੱਜਈ, ਜ਼ਕਰਯਾਹ ਤੇ ਮਲਾਕੀ। ਜਦ ਤਕ ਯਹੂਦੀ ਯਹੋਵਾਹ ਦੀਆਂ ਹਿਦਾਇਤਾਂ ਮੰਨਦੇ ਰਹੇ ਅਤੇ ਉਸ ਦੇ ਰਾਹਾਂ ’ਤੇ ਚੱਲਦੇ ਰਹੇ, ਤਦ ਤਕ ਉਨ੍ਹਾਂ ਵਿਚ ਏਕਤਾ ਬਣੀ ਰਹੀ, ਹਾਂ, ਅਜਿਹੀ ਏਕਤਾ ਜੋ ਉਨ੍ਹਾਂ ਵਿਚ ਸਦੀਆਂ ਤੋਂ ਨਹੀਂ ਸੀ।—ਯਸਾ. 61:1-4; ਯਿਰਮਿਯਾਹ 3:15 ਪੜ੍ਹੋ।

22. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਹਾਲੀ ਦੀਆਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦੀ ਇਕ ਝਲਕ ਸੀ?

22 ਜਦੋਂ ਯਹੂਦੀਆਂ ਨੇ ਬਹਾਲੀ ਬਾਰੇ ਯਹੋਵਾਹ ਦੇ ਵਾਅਦਿਆਂ ਦੀ ਪੂਰਤੀ ਦੇਖੀ ਹੋਣੀ, ਤਾਂ ਉਨ੍ਹਾਂ ਦਾ ਹੌਸਲਾ ਜ਼ਰੂਰ ਵਧਿਆ ਹੋਣਾ। ਪਰ ਇਹ ਸਿਰਫ਼ ਇਕ ਝਲਕ ਹੀ ਸੀ ਕਿ ਆਉਣ ਵਾਲੇ ਸਮੇਂ ਵਿਚ ਇਹ ਵਾਅਦੇ ਵੱਡੇ ਪੈਮਾਨੇ ’ਤੇ ਪੂਰੇ ਹੋਣੇ ਸਨ। ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ? ਗੌਰ ਕਰੋ ਕਿ ਯਹੋਵਾਹ ਨੇ ਉਦੋਂ ਤਕ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਜਦੋਂ ਤਕ ਉਹ ਉਸ ਦਾ ਕਹਿਣਾ ਮੰਨਦੇ ਰਹੇ ਤੇ ਉਸ ਦੇ ਆਗਿਆਕਾਰ ਰਹੇ। ਸਮੇਂ ਦੇ ਬੀਤਣ ਨਾਲ ਯਹੂਦੀਆਂ ਨੇ ਦੁਬਾਰਾ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ ਅਤੇ ਬਾਗ਼ੀ ਬਣ ਗਏ। ਪਰ ਜਿਵੇਂ ਯਹੋਸ਼ੁਆ ਨੇ ਕਿਹਾ ਸੀ, ਯਹੋਵਾਹ ਦੀ ਹਰ ਗੱਲ ਹਮੇਸ਼ਾ ਪੂਰੀ ਹੁੰਦੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਅਦੇ ਅੱਗੇ ਚੱਲ ਕੇ ਵੱਡੇ ਪੈਮਾਨੇ ’ਤੇ ਪੂਰੇ ਹੋਣੇ ਸਨ। ਇਸ ਕਰਕੇ ਲੋਕਾਂ ਨੂੰ ਹਮੇਸ਼ਾ ਲਈ ਬਰਕਤਾਂ ਮਿਲਣੀਆਂ ਸਨ। ਆਓ ਦੇਖੀਏ ਕਿ ਇਸ ਤਰ੍ਹਾਂ ਕਿਵੇਂ ਹੋਇਆ।

‘ਮੈਂ ਤੁਹਾਡੇ ਤੋਂ ਖ਼ੁਸ਼ ਹੋਵਾਂਗਾ’

23, 24. “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤੇ ਜਾਣ ਦਾ ਸਮਾਂ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ?

23 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ 1914 ਤੋਂ ਇਸ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨ ਸ਼ੁਰੂ ਹੋ ਗਏ ਹਨ। ਪਰ ਅਸੀਂ ਇਸ ਗੱਲੋਂ ਦੁਖੀ ਨਹੀਂ ਹੁੰਦੇ ਕਿ ਇਹ ਦੁਨੀਆਂ ਖ਼ਤਮ ਹੋਣ ਵਾਲੀ ਹੈ। ਬਾਈਬਲ ਦੱਸਦੀ ਹੈ ਕਿ 1914 ਵਿਚ ਇਕ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਵਿਚ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤਾ ਗਿਆ। (ਰਸੂ. 3:21) ਅਸੀਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ? ਗੌਰ ਕਰੋ ਕਿ 1914 ਵਿਚ ਸਵਰਗ ਵਿਚ ਕੀ ਹੋਇਆ। ਯਿਸੂ ਨੂੰ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਾਇਆ ਗਿਆ। ਇਸ ਘਟਨਾ ਨਾਲ ਬਹਾਲੀ ਦਾ ਕੰਮ ਕਿਵੇਂ ਸ਼ੁਰੂ ਹੋਇਆ? ਯਾਦ ਕਰੋ ਕਿ ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਖ਼ਾਨਦਾਨ ਨੂੰ ਹਮੇਸ਼ਾ ਲਈ ਰਾਜ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। (1 ਇਤਿ. 17:11-14) ਪਰ ਜਦੋਂ 607 ਈਸਵੀ ਪੂਰਵ ਵਿਚ ਪਰਮੇਸ਼ੁਰ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਉਦੋਂ ਦਾਊਦ ਦੇ ਖ਼ਾਨਦਾਨ ਵਿੱਚੋਂ ਰਾਜੇ ਬੈਠਣੇ ਬੰਦ ਹੋ ਗਏ ਜਿਸ ਕਰਕੇ ਦਾਊਦ ਦੀ ਰਾਜ-ਗੱਦੀ ਖਾਲੀ ਹੋ ਗਈ।

24 ਜਦੋਂ ਯਿਸੂ ‘ਮਨੁੱਖ ਦੇ ਪੁੱਤਰ’ ਵਜੋਂ ਧਰਤੀ ’ਤੇ ਆਇਆ, ਤਾਂ ਉਹ ਦਾਊਦ ਦੇ ਖ਼ਾਨਦਾਨ ਵਿਚ ਪੈਦਾ ਹੋਇਆ ਸੀ। ਇਸ ਤਰ੍ਹਾਂ ਉਹ ਦਾਊਦ ਦੀ ਰਾਜ-ਗੱਦੀ ਦਾ ਕਾਨੂੰਨੀ ਵਾਰਸ ਬਣਿਆ। (ਮੱਤੀ 1:1; 16:13-16; ਲੂਕਾ 1:32, 33) ਜਦੋਂ 1914 ਵਿਚ ਯਹੋਵਾਹ ਨੇ ਯਿਸੂ ਨੂੰ ਸਵਰਗ ਵਿਚ ਰਾਜ-ਗੱਦੀ ’ਤੇ ਬਿਠਾਇਆ, ਉਦੋਂ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕਰਨ ਦਾ ਸਮਾਂ ਸ਼ੁਰੂ ਹੋਇਆ। ਯਹੋਵਾਹ ਨੇ ਇਸ ਮੁਕੰਮਲ ਰਾਜੇ ਨੂੰ ਵਰਤ ਕੇ ਬਹਾਲੀ ਦਾ ਕੰਮ ਜਾਰੀ ਰੱਖਣਾ ਸੀ।

25, 26. (ੳ) ਯਹੋਵਾਹ ਦੇ ਲੋਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਕਦੋਂ ਤਕ ਰਹੇ ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ? (“1919 ਹੀ ਕਿਉਂ?” ਨਾਂ ਦੀ ਡੱਬੀ ਦੇਖੋ।) (ਅ) 1919 ਤੋਂ ਕੀ ਹੋਣ ਲੱਗਾ?

25 ਰਾਜਾ ਬਣਨ ਤੋਂ ਬਾਅਦ ਯਿਸੂ ਨੇ ਆਪਣੇ ਪਿਤਾ ਨਾਲ ਮਿਲ ਕੇ ਧਰਤੀ ’ਤੇ ਹੁੰਦੀ ਸ਼ੁੱਧ ਭਗਤੀ ਦੀ ਜਾਂਚ ਕੀਤੀ। (ਮਲਾ. 3:1-5) ਜਿਵੇਂ ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਵਿਚ ਦੱਸਿਆ ਸੀ, ਬਹੁਤ ਲੰਬੇ ਸਮੇਂ ਤਕ ਕਣਕ ਅਤੇ ਜੰਗਲੀ ਬੂਟੀ ਯਾਨੀ ਚੁਣੇ ਹੋਏ ਸੱਚੇ ਮਸੀਹੀਆਂ ਅਤੇ ਝੂਠੇ ਮਸੀਹੀਆਂ ਵਿਚ ਫ਼ਰਕ ਨਜ਼ਰ ਨਹੀਂ ਆ ਰਿਹਾ ਸੀ। * ਪਰ 1914 ਵਿਚ ਵਾਢੀ ਦੇ ਦਿਨ ਸ਼ੁਰੂ ਹੋ ਗਏ ਅਤੇ ਉਨ੍ਹਾਂ ਵਿਚ ਫ਼ਰਕ ਸਾਫ਼ ਦਿਸਣ ਲੱਗਾ। 1914 ਤੋਂ ਪਹਿਲਾਂ ਦੇ ਦਹਾਕਿਆਂ ਵਿਚ ਉਸ ਸਮੇਂ ਦੇ ਬਾਈਬਲ ਵਿਦਿਆਰਥੀਆਂ ਨੇ ਈਸਾਈ-ਜਗਤ ਦੀਆਂ ਗ਼ਲਤ ਸਿੱਖਿਆਵਾਂ ਦਾ ਪਰਦਾਫ਼ਾਸ਼ ਕੀਤਾ ਅਤੇ ਉਹ ਇਸ ਭ੍ਰਿਸ਼ਟ ਸੰਗਠਨ ਤੋਂ ਨਾਤਾ ਤੋੜਨ ਲੱਗੇ। ਹੁਣ ਉਹ ਸਮਾਂ ਆ ਚੁੱਕਾ ਸੀ ਕਿ ਯਹੋਵਾਹ ਸ਼ੁੱਧ ਭਗਤੀ ਨੂੰ ਪੂਰੀ ਤਰ੍ਹਾਂ ਬਹਾਲ ਕਰੇ। ‘ਵਾਢੀ ਦਾ ਸਮਾਂ’ ਸ਼ੁਰੂ ਹੋਣ ਤੋਂ ਕੁਝ ਸਾਲਾਂ ਬਾਅਦ 1919 ਵਿਚ ਪਰਮੇਸ਼ੁਰ ਦੇ ਲੋਕ ਮਹਾਂ ਬਾਬਲ ਦੀ ਗ਼ੁਲਾਮੀ ਵਿੱਚੋਂ ਪੂਰੀ ਤਰ੍ਹਾਂ ਛੁੱਟ ਗਏ। (ਮੱਤੀ 13:30) ਅਖ਼ੀਰ ਉਹ ਆਜ਼ਾਦ ਹੋ ਗਏ।

26 ਬਹਾਲੀ ਬਾਰੇ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਇੰਨੇ ਵੱਡੇ ਪੈਮਾਨੇ ’ਤੇ ਪੂਰੀਆਂ ਹੋਣ ਲੱਗੀਆਂ ਜਿੰਨੀਆਂ ਪਹਿਲਾਂ ਕਦੇ ਨਹੀਂ ਸੀ ਹੋਈਆਂ। ਆਓ ਦੇਖੀਏ ਕਿ ਯਹੋਵਾਹ ਦੇ ਉਹ ਪੰਜ ਵਾਅਦੇ ਵੱਡੇ ਪੈਮਾਨੇ ’ਤੇ ਕਿਵੇਂ ਪੂਰੇ ਹੋਏ ਹਨ।

27. ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਵੇਂ ਸ਼ੁੱਧ ਕੀਤਾ?

27 ਪਹਿਲਾ ਵਾਅਦਾ। ਮੂਰਤੀ-ਪੂਜਾ ਤੇ ਝੂਠੇ ਧਰਮਾਂ ਦੇ ਘਿਣਾਉਣੇ ਰੀਤੀ-ਰਿਵਾਜ ਨੂੰ ਛੱਡਣਾ। 19ਵੀਂ ਸਦੀ ਦੇ ਆਖ਼ਰੀ ਸਾਲਾਂ ਵਿਚ ਅਤੇ 20ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਸੱਚੇ ਮਸੀਹੀ ਛੋਟੇ-ਛੋਟੇ ਸਮੂਹਾਂ ਵਿਚ ਇਕੱਠੇ ਹੋਣ ਲੱਗੇ ਤੇ ਝੂਠੇ ਧਰਮਾਂ ਦੇ ਰੀਤੀ-ਰਿਵਾਜਾਂ ਨੂੰ ਮਨਾਉਣਾ ਛੱਡਣ ਲੱਗੇ। ਉਨ੍ਹਾਂ ਨੇ ਤ੍ਰਿਏਕ, ਅਮਰ ਆਤਮਾ ਅਤੇ ਨਰਕ ਦੀ ਸਿੱਖਿਆ ਨੂੰ ਮੰਨਣਾ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਸਿੱਖਿਆਵਾਂ ਝੂਠੇ ਧਰਮਾਂ ਤੋਂ ਆਈਆਂ ਸਨ। ਉਹ ਸਮਝ ਗਏ ਕਿ ਮੂਰਤੀਆਂ ਅਤੇ ਤਸਵੀਰਾਂ ਦੀ ਪੂਜਾ ਕਰਨੀ ਗ਼ਲਤ ਹੈ। ਹੌਲੀ-ਹੌਲੀ ਉਹ ਇਹ ਵੀ ਸਮਝ ਗਏ ਕਿ ਭਗਤੀ ਵਿਚ ਕ੍ਰਾਸ (ਸਲੀਬ) ਦੀ ਵਰਤੋਂ ਵੀ ਮੂਰਤੀ-ਪੂਜਾ ਹੈ।—ਹਿਜ਼. 14:6.

28. ਆਜ਼ਾਦ ਹੋਣ ਤੋਂ ਬਾਅਦ ਯਹੋਵਾਹ ਦੇ ਲੋਕ ਕਿਸ ਹਾਲਤ ਵਿਚ ਹਨ?

28 ਦੂਸਰਾ ਵਾਅਦਾ। ਝੂਠੇ ਧਰਮਾਂ ਤੋਂ ਪਰਮੇਸ਼ੁਰ ਦੇ ਲੋਕਾਂ ਦੀ ਆਜ਼ਾਦੀ। ਸ਼ੁੱਧ ਹੋਣ ਅਤੇ ਝੂਠੇ ਧਰਮਾਂ ਤੋਂ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੇ ਯਹੋਵਾਹ ਦੀ ਉੱਚੇ-ਸੁੱਚੇ ਤਰੀਕੇ ਨਾਲ ਭਗਤੀ ਕਰਨੀ ਸ਼ੁਰੂ ਕੀਤੀ। ਵਫ਼ਾਦਾਰ ਮਸੀਹੀਆਂ ਨੂੰ ਭਰਪੂਰ ਭੋਜਨ ਯਾਨੀ ਪਰਮੇਸ਼ੁਰ ਦੇ ਬਚਨ ਦਾ ਗਿਆਨ ਮਿਲਣ ਲੱਗਾ ਅਤੇ ਫਿਰ ਕਦੇ ਵੀ ਉਨ੍ਹਾਂ ਨੂੰ ਇਸ ਭੋਜਨ ਦੀ ਕਮੀ ਨਹੀਂ ਹੋਵੇਗੀ। (ਹਿਜ਼ਕੀਏਲ 34:13, 14 ਪੜ੍ਹੋ।) ਜਿਵੇਂ ਅਸੀਂ ਇਸ ਕਿਤਾਬ ਦੇ 19ਵੇਂ ਅਧਿਆਇ ਵਿਚ ਦੇਖਾਂਗੇ, ਯਹੋਵਾਹ ਦੀ ਬਰਕਤ ਸਦਕਾ ਉਸ ਦੇ ਲੋਕਾਂ ਨੂੰ ਭਰਪੂਰ ਭੋਜਨ ਲਗਾਤਾਰ ਮਿਲ ਰਿਹਾ ਹੈ।—ਹਿਜ਼. 11:17.

29. ਸੰਨ 1919 ਵਿਚ ਪ੍ਰਚਾਰ ਦਾ ਕੰਮ ਕਿਵੇਂ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗਾ?

29 ਤੀਸਰਾ ਵਾਅਦਾ। ਯਹੋਵਾਹ ਦੀ ਵੇਦੀ ’ਤੇ ਫਿਰ ਤੋਂ ਭੇਟਾਂ ਚੜ੍ਹਾਈਆਂ ਜਾਣੀਆਂ। ਪਹਿਲੀ ਸਦੀ ਵਿਚ ਮਸੀਹੀਆਂ ਨੂੰ ਸਿਖਾਇਆ ਗਿਆ ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਇਸ ਤੋਂ ਵੀ ਕੀਮਤੀ ਭੇਟਾਂ ਚੜ੍ਹਾਉਣੀਆਂ ਸਨ ਯਾਨੀ ਯਹੋਵਾਹ ਦੀ ਉਸਤਤ ਕਰਨੀ ਸੀ ਅਤੇ ਦੂਜਿਆਂ ਨੂੰ ਉਸ ਬਾਰੇ ਪ੍ਰਚਾਰ ਕਰਨਾ ਸੀ। (ਇਬ. 13:15) ਸੱਚੇ ਮਸੀਹੀ ਜਿੰਨੀਆਂ ਸਦੀਆਂ ਦੌਰਾਨ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਰਹੇ, ਉਸ ਸਮੇਂ ਦੌਰਾਨ ਕੋਈ ਸੰਗਠਨ ਨਹੀਂ ਸੀ ਜਿਸ ਕਰਕੇ ਅਜਿਹੀਆਂ ਭੇਟਾਂ ਚੜ੍ਹਾਉਣ ਦਾ ਕੋਈ ਇੰਤਜ਼ਾਮ ਨਹੀਂ ਸੀ। ਜਦੋਂ ਰਿਹਾ ਹੋਣ ਦਾ ਸਮਾਂ ਆਇਆ, ਤਾਂ ਪਰਮੇਸ਼ੁਰ ਦੇ ਲੋਕ ਉਸਤਤ ਦੇ ਬਲੀਦਾਨ ਚੜ੍ਹਾ ਰਹੇ ਸਨ। ਉਹ ਪੂਰੇ ਜੋਸ਼ ਨਾਲ ਪ੍ਰਚਾਰ ਵਿਚ ਰੁੱਝੇ ਹੋਏ ਸਨ ਅਤੇ ਖ਼ੁਸ਼ੀ-ਖ਼ੁਸ਼ੀ ਸਭਾਵਾਂ ਵਿਚ ਪਰਮੇਸ਼ੁਰ ਦੀ ਉਸਤਤ ਕਰ ਰਹੇ ਸਨ। 1919 ਤੋਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੇ ਪ੍ਰਚਾਰ ਦੇ ਕੰਮ ’ਤੇ ਜ਼ੋਰ ਦੇਣਾ ਸ਼ੁਰੂ ਕੀਤਾ ਅਤੇ ਇਹ ਕੰਮ ਹੋਰ ਵੀ ਕਾਇਦੇ ਨਾਲ ਕਰਨ ਦਾ ਪ੍ਰਬੰਧ ਕੀਤਾ। (ਮੱਤੀ 24:45-47) ਯਹੋਵਾਹ ਦੇ ਲੋਕਾਂ ਦੀ ਗਿਣਤੀ ਵਧਦੀ ਗਈ ਅਤੇ ਉਸ ਦੀ ਵੇਦੀ ਉੱਤੇ ਉਸਤਤ ਦੇ ਅਣਗਿਣਤ ਬਲੀਦਾਨ ਚੜ੍ਹਾਏ ਜਾਣ ਲੱਗੇ।

30. ਯਿਸੂ ਨੇ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਕੀ ਕੀਤਾ?

30 ਚੌਥਾ ਵਾਅਦਾ। ਬੁਰੇ ਚਰਵਾਹਿਆਂ ਨੂੰ ਹਟਾਇਆ ਜਾਣਾ। ਮਸੀਹ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਈਸਾਈ-ਜਗਤ ਦੇ ਬੇਈਮਾਨ ਤੇ ਸੁਆਰਥੀ ਚਰਵਾਹਿਆਂ ਤੋਂ ਬਚਾਇਆ। ਨਾਲੇ ਮਸੀਹੀ ਮੰਡਲੀ ਵਿਚ ਬੁਰੇ ਚਰਵਾਹਿਆਂ ਕੋਲੋਂ ਉਨ੍ਹਾਂ ਦੀ ਜ਼ਿੰਮੇਵਾਰੀ ਲੈ ਲਈ ਗਈ। (ਹਿਜ਼. 20:38) ਯਿਸੂ ਨੇ ਚੰਗਾ ਚਰਵਾਹਾ ਹੋਣ ਦੇ ਨਾਤੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਦੀਆਂ ਭੇਡਾਂ ਦੀਆਂ ਲੋੜਾਂ ਪੂਰੀਆਂ ਹੋਣ। ਇਸ ਲਈ ਉਸ ਨੇ 1919 ਵਿਚ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਨਿਯੁਕਤ ਕੀਤਾ। ਚੁਣੇ ਹੋਏ ਮਸੀਹੀਆਂ ਦੇ ਇਸ ਛੋਟੇ ਜਿਹੇ ਸਮੂਹ ਨੇ ਪਰਮੇਸ਼ੁਰ ਦਾ ਗਿਆਨ ਦੇਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਪਰਮੇਸ਼ੁਰ ਦੇ ਲੋਕਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਹੋਣ ਲੱਗੀ। ਸਮੇਂ ਦੇ ਬੀਤਣ ਨਾਲ ਮੰਡਲੀ ਦੇ ਬਜ਼ੁਰਗਾਂ ਨੂੰ “ਪਰਮੇਸ਼ੁਰ ਦੀਆਂ ਭੇਡਾਂ” ਦਾ ਖ਼ਿਆਲ ਰੱਖਣ ਦੀ ਸਿਖਲਾਈ ਦਿੱਤੀ ਗਈ। (1 ਪਤ. 5:1, 2) ਮੰਡਲੀ ਦੇ ਬਜ਼ੁਰਗਾਂ ਨੂੰ ਅਕਸਰ ਹਿਜ਼ਕੀਏਲ 34:15, 16 ਪੜ੍ਹਾ ਕੇ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਤੇ ਯਿਸੂ ਮੰਡਲੀ ਦੇ ਚਰਵਾਹਿਆਂ ਤੋਂ ਕੀ ਉਮੀਦ ਰੱਖਦੇ ਹਨ ਅਤੇ ਉਨ੍ਹਾਂ ਨੂੰ ਭੇਡਾਂ ਦੀ ਦੇਖ-ਭਾਲ ਕਿਵੇਂ ਕਰਨੀ ਚਾਹੀਦੀ ਹੈ।

31. ਯਹੋਵਾਹ ਨੇ ਹਿਜ਼ਕੀਏਲ 11:19 ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ?

31 ਪੰਜਵਾਂ ਵਾਅਦਾ। ਯਹੋਵਾਹ ਦੇ ਭਗਤਾਂ ਵਿਚ ਏਕਤਾ। ਸਦੀਆਂ ਤੋਂ ਈਸਾਈ-ਜਗਤ ਹਜ਼ਾਰਾਂ ਫ਼ਿਰਕਿਆਂ ਵਿਚ ਵੰਡਿਆ ਹੋਇਆ ਹੈ ਤੇ ਇਨ੍ਹਾਂ ਫ਼ਿਰਕਿਆਂ ਦੇ ਵੀ ਅੱਗੇ ਬੇਹਿਸਾਬ ਗੁੱਟ ਬਣ ਗਏ ਹਨ। ਉਨ੍ਹਾਂ ਵਿਚ ਬਿਲਕੁਲ ਵੀ ਏਕਤਾ ਨਹੀਂ ਹੈ, ਪਰ ਯਹੋਵਾਹ ਨੇ ਆਪਣੇ ਲੋਕਾਂ ਵਿਚ ਅਜਿਹਾ ਕੁਝ ਕੀਤਾ ਜੋ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ। ਪਰਮੇਸ਼ੁਰ ਨੇ ਹਿਜ਼ਕੀਏਲ ਦੇ ਜ਼ਰੀਏ ਇਹ ਵਾਅਦਾ ਕੀਤਾ ਸੀ: “ਮੈਂ ਉਨ੍ਹਾਂ ਨੂੰ ਇਕ ਮਨ ਕਰਾਂਗਾ।” (ਹਿਜ਼. 11:19) ਪੂਰੀ ਦੁਨੀਆਂ ਵਿਚ ਮਸੀਹ ਦੇ ਲੱਖਾਂ ਚੇਲੇ ਅਲੱਗ-ਅਲੱਗ ਨਸਲਾਂ, ਧਰਮਾਂ ਤੇ ਪਿਛੋਕੜਾਂ ਤੋਂ ਆਏ ਹਨ, ਫਿਰ ਚਾਹੇ ਉਹ ਅਮੀਰ ਹੋਣ ਜਾਂ ਗ਼ਰੀਬ। ਫਿਰ ਵੀ ਸਾਰਿਆਂ ਨੂੰ ਇੱਕੋ ਜਿਹੀਆਂ ਸੱਚਾਈਆਂ ਸਿਖਾਈਆਂ ਗਈਆਂ ਹਨ ਅਤੇ ਉਹ ਇਕਜੁੱਟ ਹੋ ਕੇ ਇੱਕੋ ਹੀ ਕੰਮ ਕਰਦੇ ਹਨ। ਧਰਤੀ ਉੱਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਸ ਦੇ ਚੇਲਿਆਂ ਵਿਚ ਏਕਤਾ ਹੋਵੇ। (ਯੂਹੰਨਾ 17:11, 20-23 ਪੜ੍ਹੋ।) ਸਾਡੇ ਦਿਨਾਂ ਵਿਚ ਵੀ ਯਹੋਵਾਹ ਇਸ ਪ੍ਰਾਰਥਨਾ ਦਾ ਜਵਾਬ ਸ਼ਾਨਦਾਰ ਤਰੀਕੇ ਨਾਲ ਦੇ ਰਿਹਾ ਹੈ।

32. ਸ਼ੁੱਧ ਭਗਤੀ ਦੀ ਬਹਾਲੀ ਬਾਰੇ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਹੈ? (“ਗ਼ੁਲਾਮੀ ਤੇ ਬਹਾਲੀ ਬਾਰੇ ਭਵਿੱਖਬਾਣੀਆਂ” ਨਾਂ ਦੀ ਡੱਬੀ ਦੇਖੋ।)

32 ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ਸ਼ੁੱਧ ਭਗਤੀ ਬਹਾਲ ਕੀਤੀ ਜਾ ਰਹੀ ਹੈ! ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਭਗਤੀ ਸੰਬੰਧੀ ਹਰ ਮਾਮਲੇ ਵਿਚ ਪੂਰੀਆਂ ਹੋ ਰਹੀਆਂ ਹਨ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੈ, ਠੀਕ ਜਿਵੇਂ ਉਸ ਨੇ ਹਿਜ਼ਕੀਏਲ ਰਾਹੀਂ ਕਿਹਾ ਸੀ: ‘ਮੈਂ ਤੁਹਾਡੇ ਤੋਂ ਖ਼ੁਸ਼ ਹੋਵਾਂਗਾ।’ (ਹਿਜ਼. 20:41) ਕੀ ਤੁਹਾਨੂੰ ਨਹੀਂ ਲੱਗਦਾ ਕਿ ਯਹੋਵਾਹ ਦੇ ਲੋਕਾਂ ਵਿਚ ਹੋਣਾ ਮਾਣ ਦੀ ਗੱਲ ਹੈ? ਪਰਮੇਸ਼ੁਰ ਦੇ ਲੋਕ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹਨ, ਦੁਨੀਆਂ ਭਰ ਵਿਚ ਉਨ੍ਹਾਂ ਸਾਰਿਆਂ ਨੂੰ ਇੱਕੋ ਜਿਹਾ ਗਿਆਨ ਮਿਲ ਰਿਹਾ ਹੈ ਅਤੇ ਉਹ ਮਿਲ ਕੇ ਪਰਮੇਸ਼ੁਰ ਨੂੰ ਉਸਤਤ ਦੇ ਬਲੀਦਾਨ ਚੜ੍ਹਾ ਰਹੇ ਹਨ। ਬਹਾਲੀ ਬਾਰੇ ਹਿਜ਼ਕੀਏਲ ਦੀਆਂ ਕੁਝ ਭਵਿੱਖਬਾਣੀਆਂ ਅੱਗੇ ਚੱਲ ਕੇ ਹੋਰ ਵੀ ਵੱਡੇ ਪੈਮਾਨੇ ’ਤੇ ਪੂਰੀਆਂ ਹੋਣਗੀਆਂ।

“ਅਦਨ ਦੇ ਬਾਗ਼ ਵਰਗਾ”

33-35. (ੳ) ਹਿਜ਼ਕੀਏਲ 36:35 ਵਿਚ ਦਰਜ ਭਵਿੱਖਬਾਣੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦੀ ਸੀ? (ਅ) ਅੱਜ ਇਹ ਭਵਿੱਖਬਾਣੀ ਸਾਡੇ ਲਈ ਕੀ ਮਾਅਨੇ ਰੱਖਦੀ ਹੈ? (“ਜਦੋਂ ‘ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ’ ਕੀਤਾ ਜਾਵੇਗਾ” ਨਾਂ ਦੀ ਡੱਬੀ ਦੇਖੋ।)

33 ਅਸੀਂ ਦੇਖਿਆ ਕਿ ਯਹੋਵਾਹ ਨੇ ਦਾਊਦ ਦੇ ਘਰਾਣੇ ਨੂੰ ਰਾਜ-ਗੱਦੀ ਵਾਪਸ ਦੇ ਦਿੱਤੀ ਜਦੋਂ ਉਸ ਨੇ 1914 ਵਿਚ ਯਿਸੂ ਨੂੰ ਰਾਜ-ਗੱਦੀ ’ਤੇ ਬਿਠਾਇਆ। ਇਸ ਤਰ੍ਹਾਂ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤੇ ਜਾਣ ਦਾ ਦੌਰ ਸ਼ੁਰੂ ਹੋ ਗਿਆ। (ਹਿਜ਼. 37:24) ਫਿਰ ਯਹੋਵਾਹ ਨੇ ਆਪਣੇ ਲੋਕਾਂ ਵਿਚ ਸ਼ੁੱਧ ਭਗਤੀ ਫਿਰ ਤੋਂ ਬਹਾਲ ਕਰਾਈ ਜੋ ਕਈ ਸਦੀਆਂ ਬਾਅਦ ਝੂਠੇ ਧਰਮਾਂ ਦੀ ਗ਼ੁਲਾਮੀ ਤੋਂ ਆਜ਼ਾਦ ਹੋਏ ਸਨ। ਕੀ ਯਿਸੂ ਮਸੀਹ ਦੁਆਰਾ ਬਹਾਲੀ ਦਾ ਕੰਮ ਇੱਥੇ ਹੀ ਖ਼ਤਮ ਹੋ ਗਿਆ? ਬਿਲਕੁਲ ਨਹੀਂ। ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਬਹਾਲੀ ਬਾਰੇ ਪੜ੍ਹ ਕੇ ਸਾਡੇ ਵਿਚ ਹੋਰ ਵੀ ਜ਼ਿਆਦਾ ਉਤਸ਼ਾਹ ਪੈਦਾ ਹੁੰਦਾ ਹੈ ਕਿ ਭਵਿੱਖ ਵਿਚ ਹੋਰ ਵੀ ਲਾਜਵਾਬ ਤਰੀਕੇ ਨਾਲ ਬਹਾਲੀ ਦਾ ਕੰਮ ਕੀਤਾ ਜਾਵੇਗਾ।

34 ਉਦਾਹਰਣ ਲਈ ਇਨ੍ਹਾਂ ਸ਼ਬਦਾਂ ’ਤੇ ਗੌਰ ਕਰੋ: “ਲੋਕ ਕਹਿਣਗੇ: ‘ਇਹ ਵੀਰਾਨ ਦੇਸ਼ ਅਦਨ ਦੇ ਬਾਗ਼ ਵਰਗਾ ਬਣ ਗਿਆ ਹੈ।’” (ਹਿਜ਼. 36:35) ਹਿਜ਼ਕੀਏਲ ਅਤੇ ਗ਼ੁਲਾਮ ਯਹੂਦੀਆਂ ਨੇ ਇਸ ਵਾਅਦੇ ਦਾ ਕੀ ਮਤਲਬ ਸਮਝਿਆ ਹੋਣਾ? ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਕਦੇ ਆਪਣੇ ਦੇਸ਼ ਵਾਪਸ ਜਾਣਗੇ ਤੇ ਇਹ ਦੇਸ਼ ਸੱਚ-ਮੁੱਚ ਅਦਨ ਦੇ ਬਾਗ਼ ਵਰਗਾ ਹੋ ਜਾਵੇਗਾ ਜਿਸ ਨੂੰ ਯਹੋਵਾਹ ਨੇ ਲਾਇਆ ਸੀ। (ਉਤ. 2:8) ਇਸ ਦੀ ਬਜਾਇ, ਉਹ ਸਮਝ ਗਏ ਕਿ ਯਹੋਵਾਹ ਉਨ੍ਹਾਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਉਨ੍ਹਾਂ ਦਾ ਦੇਸ਼ ਦੁਬਾਰਾ ਵਸਾਇਆ ਜਾਵੇਗਾ। ਉਹ ਉਪਜਾਊ ਅਤੇ ਬਹੁਤ ਹੀ ਖ਼ੂਬਸੂਰਤ ਹੋਵੇਗਾ।

35 ਯਹੋਵਾਹ ਦਾ ਇਹ ਵਾਅਦਾ ਅੱਜ ਸਾਡੇ ਲਈ ਕੀ ਮਾਅਨੇ ਰੱਖਦਾ ਹੈ? ਅਸੀਂ ਇਹ ਉਮੀਦ ਨਹੀਂ ਕਰਦੇ ਕਿ ਇਹ ਦੁਸ਼ਟ ਦੁਨੀਆਂ, ਜਿਸ ਨੂੰ ਸ਼ੈਤਾਨ ਚਲਾ ਰਿਹਾ ਹੈ, ਅੱਜ ਹੀ ਅਦਨ ਦੇ ਬਾਗ਼ ਵਰਗੀ ਸੋਹਣੀ ਬਣ ਜਾਵੇਗੀ। ਪਰ ਇਹ ਭਵਿੱਖਬਾਣੀ ਇਕ ਹੋਰ ਮਾਅਨੇ ਵਿਚ ਪੂਰੀ ਹੋ ਰਹੀ ਹੈ। ਯਹੋਵਾਹ ਦੇ ਸੇਵਕ ਹੋਣ ਕਰਕੇ ਅਸੀਂ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਉਸ ਦੀ ਸੇਵਾ ਨੂੰ ਪਹਿਲ ਦੇ ਸਕਦੇ ਹਾਂ। ਸਾਡਾ ਭਗਤੀ ਕਰਨ ਦਾ ਤਰੀਕਾ ਦਿਨ-ਬਦਿਨ ਹੋਰ ਵੀ ਸ਼ੁੱਧ ਹੁੰਦਾ ਜਾ ਰਿਹਾ ਹੈ। ਆਓ ਆਪਾਂ ਦੇਖੀਏ ਕਿ ਇਹ ਵਾਅਦਾ ਭਵਿੱਖ ਵਿਚ ਹੋਰ ਕਿਵੇਂ ਪੂਰਾ ਹੋਵੇਗਾ?

36, 37. ਨਵੀਂ ਦੁਨੀਆਂ ਵਿਚ ਕਿਹੜੇ ਵਾਅਦੇ ਪੂਰੇ ਹੋਣਗੇ?

36 ਆਰਮਾਗੇਡਨ ਦੀ ਲੜਾਈ ਤੋਂ ਬਾਅਦ ਯਿਸੂ ਬਹਾਲੀ ਦਾ ਕੰਮ ਇੰਨੇ ਵੱਡੇ ਪੈਮਾਨੇ ’ਤੇ ਕਰੇਗਾ ਕਿ ਸਾਡੀ ਧਰਤੀ ਵੀ ਖ਼ੂਬਸੂਰਤ ਬਾਗ਼ ਵਰਗੀ ਬਣ ਜਾਵੇਗੀ। ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਇਨਸਾਨਾਂ ਨੂੰ ਹਿਦਾਇਤਾਂ ਦੇਵੇਗਾ ਕਿ ਉਹ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਬਣਾ ਦੇਣ ਜਿਸ ਤਰ੍ਹਾਂ ਯਹੋਵਾਹ ਸ਼ੁਰੂ ਵਿਚ ਚਾਹੁੰਦਾ ਸੀ। (ਲੂਕਾ 23:43) ਉਸ ਸਮੇਂ ਸਾਰੇ ਇਨਸਾਨ ਇਕ-ਦੂਸਰੇ ਨਾਲ ਮਿਲ-ਜੁਲ ਕੇ ਵੱਸਣਗੇ, ਧਰਤੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨਗੇ ਅਤੇ ਧਰਤੀ ’ਤੇ ਚੰਗੀ ਫ਼ਸਲ ਉੱਗੇਗੀ। ਉਸ ਸਮੇਂ ਕਿਤੇ ਵੀ ਕੋਈ ਖ਼ਤਰਾ ਜਾਂ ਡਰ ਨਹੀਂ ਹੋਵੇਗਾ। ਕਲਪਨਾ ਕਰੋ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ ਯਹੋਵਾਹ ਆਪਣਾ ਇਹ ਵੀ ਵਾਅਦਾ ਪੂਰਾ ਕਰੇਗਾ: “ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ ਕਰਾਂਗਾ। ਮੈਂ ਦੇਸ਼ ਵਿੱਚੋਂ ਖੂੰਖਾਰ ਜੰਗਲੀ ਜਾਨਵਰਾਂ ਨੂੰ ਖ਼ਤਮ ਕਰ ਦਿਆਂਗਾ ਤਾਂਕਿ ਉਹ ਉਜਾੜ ਵਿਚ ਸੁਰੱਖਿਅਤ ਵੱਸਣ ਅਤੇ ਜੰਗਲਾਂ ਵਿਚ ਸੌਂ ਸਕਣ।”—ਹਿਜ਼. 34:25.

37 ਕੀ ਤੁਸੀਂ ਆਪਣੀਆਂ ਮਨ ਦੀਆਂ ਅੱਖਾਂ ਨਾਲ ਦੇਖ ਸਕਦੇ ਹੋ ਕਿ ਉਹ ਸਮਾਂ ਕਿਹੋ ਜਿਹਾ ਹੋਵੇਗਾ? ਤੁਸੀਂ ਧਰਤੀ ਦੇ ਕਿਸੇ ਵੀ ਹਿੱਸੇ ’ਤੇ ਬਿਨਾਂ ਡਰ ਦੇ ਘੁੰਮ ਸਕੋਗੇ। ਤੁਹਾਨੂੰ ਕਿਸੇ ਵੀ ਜਾਨਵਰ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ ਤੇ ਨਾ ਹੀ ਕਿਸੇ ਦਾ ਡਰ ਹੋਵੇਗਾ। ਤੁਸੀਂ ਸੰਘਣੇ ਜੰਗਲਾਂ ਵਿਚ ਇਕੱਲੇ ਹੀ ਘੁੰਮ ਸਕੋਗੇ ਅਤੇ ਉੱਥੋਂ ਦੇ ਉੱਚੇ-ਉੱਚੇ ਦਰਖ਼ਤਾਂ ਦੀ ਖ਼ੂਬਸੂਰਤੀ ਨੂੰ ਨਿਹਾਰ ਸਕੋਗੇ। ਤੁਸੀਂ ਜੰਗਲ ਵਿਚ ਬੇਖ਼ੌਫ਼ ਸੌਂ ਸਕੋਗੇ ਅਤੇ ਜਦੋਂ ਤੁਹਾਡੀ ਨੀਂਦ ਖੁੱਲ੍ਹੇਗੀ, ਤਾਂ ਤੁਸੀਂ ਤਰੋ-ਤਾਜ਼ਾ ਮਹਿਸੂਸ ਕਰੋਗੇ ਤੇ ਤੁਸੀਂ ਸੁਰੱਖਿਅਤ ਹੋਵੋਗੇ।

ਉਹ ਸਮਾਂ ਕਿੰਨਾ ਵਧੀਆ ਹੋਵੇਗਾ ਜਦੋਂ ਅਸੀਂ ਬੇਖੌਫ਼ ਹੋ ਕੇ “ਜੰਗਲਾਂ ਵਿਚ ਸੌਂ” ਸਕਾਂਗੇ (ਪੈਰੇ 36, 37 ਦੇਖੋ)

38. ਹਿਜ਼ਕੀਏਲ 28:26 ਵਿਚ ਦੱਸੀ ਭਵਿੱਖਬਾਣੀ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

38 ਅਸੀਂ ਯਹੋਵਾਹ ਦਾ ਇਹ ਵਾਅਦਾ ਵੀ ਪੂਰਾ ਹੁੰਦਾ ਦੇਖਾਂਗੇ: “ਉਹ ਉੱਥੇ ਸੁਰੱਖਿਅਤ ਵੱਸਣਗੇ ਅਤੇ ਘਰ ਬਣਾਉਣਗੇ ਅਤੇ ਅੰਗੂਰੀ ਬਾਗ਼ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ ਜਿਹੜੇ ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਕਰਦੇ ਹਨ। ਇਸ ਤੋਂ ਬਾਅਦ ਉਹ ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹਾਂ।” (ਹਿਜ਼. 28:26) ਯਹੋਵਾਹ ਦੇ ਸਾਰੇ ਦੁਸ਼ਮਣਾਂ ਦਾ ਨਾਮੋ-ਨਿਸ਼ਾਨ ਮਿਟਣ ਤੋਂ ਬਾਅਦ ਸਾਰੇ ਪਾਸੇ ਸ਼ਾਂਤੀ ਤੇ ਸੁਰੱਖਿਆ ਹੋਵੇਗੀ। ਅਸੀਂ ਧਰਤੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਾਂਗੇ ਅਤੇ ਆਪਣਾ ਤੇ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਵੀ ਖ਼ਿਆਲ ਰੱਖ ਸਕਾਂਗੇ। ਅਸੀਂ ਰਹਿਣ ਲਈ ਆਰਾਮਦਾਇਕ ਘਰ ਬਣਾਵਾਂਗੇ ਅਤੇ ਅੰਗੂਰੀ ਬਾਗ਼ ਲਾਵਾਂਗੇ।

39. ਤੁਸੀਂ ਭਰੋਸੇ ਨਾਲ ਕਿਉਂ ਕਹਿ ਸਕਦੇ ਹੋ ਕਿ ਨਵੀਂ ਦੁਨੀਆਂ ਬਾਰੇ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਜ਼ਰੂਰ ਪੂਰੀਆਂ ਹੋਣਗੀਆਂ?

39 ਕੀ ਤੁਹਾਨੂੰ ਇਹ ਸਾਰੇ ਵਾਅਦੇ ਇਕ ਸੁਪਨਾ ਲੱਗਦੇ ਹਨ? ਜੇ ਤੁਹਾਨੂੰ ਕਦੀ ਇੱਦਾਂ ਲੱਗੇ ਵੀ, ਤਾਂ ਧਿਆਨ ਦਿਓ ਕਿ ਅੱਜ ਤੁਸੀਂ ਆਪਣੀ ਅੱਖੀਂ ਦੇਖ ਰਹੇ ਹੋ ਕਿ ਕਿਵੇਂ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕੀਤਾ ਜਾ ਰਿਹਾ ਹੈ। ਚਾਹੇ ਸ਼ੈਤਾਨ ਸਾਡਾ ਸਖ਼ਤ ਵਿਰੋਧ ਕਰ ਰਿਹਾ ਹੈ, ਫਿਰ ਵੀ ਇਤਿਹਾਸ ਦੇ ਇਸ ਸਭ ਤੋਂ ਔਖੇ ਸਮੇਂ ਦੌਰਾਨ ਯਿਸੂ ਪਰਮੇਸ਼ੁਰ ਦੀ ਮਦਦ ਨਾਲ ਸ਼ੁੱਧ ਭਗਤੀ ਬਹਾਲ ਕਰ ਰਿਹਾ ਹੈ। ਇਸ ਤੋਂ ਸਾਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਨੇ ਹਿਜ਼ਕੀਏਲ ਰਾਹੀਂ ਜਿੰਨੇ ਵੀ ਵਾਅਦੇ ਕੀਤੇ ਹਨ, ਉਹ ਭਵਿੱਖ ਵਿਚ ਜ਼ਰੂਰ ਪੂਰੇ ਹੋਣਗੇ।

^ ਪੈਰਾ 2 ਜ਼ਿਆਦਾਤਰ ਗ਼ੁਲਾਮ ਯਹੂਦੀ ਬਾਬਲ ਸ਼ਹਿਰ ਤੋਂ ਥੋੜ੍ਹਾ ਦੂਰ ਪਿੰਡਾਂ ਵਿਚ ਰਹਿੰਦੇ ਸਨ, ਜਿਵੇਂ ਕਿ ਹਿਜ਼ਕੀਏਲ ਕਿਬਾਰ ਦਰਿਆ ਲਾਗੇ ਯਹੂਦੀਆਂ ਵਿਚ ਰਹਿੰਦਾ ਸੀ। (ਹਿਜ਼. 3:15) ਪਰ ਕੁਝ ਗ਼ੁਲਾਮ ਯਹੂਦੀ ਬਾਬਲ ਸ਼ਹਿਰ ਵਿਚ ਰਹਿੰਦੇ ਸਨ। ਉਨ੍ਹਾਂ ਵਿਚ “ਸ਼ਾਹੀ ਘਰਾਣੇ ਦੇ ਅਤੇ ਉੱਚੇ ਖ਼ਾਨਦਾਨ” ਦੇ ਲੋਕ ਸ਼ਾਮਲ ਸਨ।—ਦਾਨੀ. 1:3, 6; 2 ਰਾਜ. 24:15.

^ ਪੈਰਾ 25 ਮਿਸਾਲ ਲਈ, ਅਸੀਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ 16ਵੀਂ ਸਦੀ ਦੇ ਪ੍ਰੋਟੈਸਟੈਂਟ ਧਰਮ ਸੁਧਾਰਕਾਂ ਵਿਚ ਕੌਣ ਚੁਣੇ ਹੋਏ ਮਸੀਹੀ ਸਨ।