ਪਾਠ 26
ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?
ਯਹੋਵਾਹ ਦੇ ਗਵਾਹਾਂ ਦੇ ਹਰ ਕਿੰਗਡਮ ਹਾਲ ਉੱਤੇ ਪਰਮੇਸ਼ੁਰ ਦਾ ਪਵਿੱਤਰ ਨਾਂ ਲਿਖਿਆ ਹੁੰਦਾ ਹੈ। ਇਸ ਲਈ ਅਸੀਂ ਸਮਝਦੇ ਹਾਂ ਕਿ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣਾ ਅਤੇ ਇਸ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ ਤਾਂਕਿ ਇਹ ਦੇਖਣ ਨੂੰ ਸੋਹਣਾ ਲੱਗੇ। ਇਸ ਕੰਮ ਵਿਚ ਹਿੱਸਾ ਲੈਣਾ ਇਕ ਵੱਡਾ ਸਨਮਾਨ ਹੈ ਤੇ ਇਹ ਸਾਡੀ ਪਵਿੱਤਰ ਭਗਤੀ ਦਾ ਇਕ ਜ਼ਰੂਰੀ ਹਿੱਸਾ ਹੈ। ਇਸ ਵਿਚ ਸਾਰੇ ਹੀ ਆਪਣਾ ਯੋਗਦਾਨ ਪਾ ਸਕਦੇ ਹਨ।
ਮੀਟਿੰਗ ਤੋਂ ਬਾਅਦ ਸਾਫ਼-ਸਫ਼ਾਈ ਕਰਨ ਵਿਚ ਮਦਦ ਕਰੋ। ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣ ਲਈ ਭੈਣ-ਭਰਾ ਹਰ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਖ਼ੁਸ਼ੀ-ਖ਼ੁਸ਼ੀ ਸਫ਼ਾਈ ਕਰਦੇ ਹਨ। ਹਫ਼ਤੇ ਵਿਚ ਇਕ ਵਾਰ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ। ਸਫ਼ਾਈ ਦੇ ਕੰਮ ਦੀ ਨਿਗਰਾਨੀ ਕਰਨ ਵਾਲਾ ਬਜ਼ੁਰਗ ਜਾਂ ਸਹਾਇਕ ਸੇਵਕ ਆਮ ਤੌਰ ਤੇ ਲਿਸਟ ਤੋਂ ਦੇਖਦਾ ਹੈ ਕਿ ਕਿਹੜੇ-ਕਿਹੜੇ ਕੰਮ ਕਰਨ ਦੀ ਲੋੜ ਹੈ। ਇਸ ਲੋੜ ਅਨੁਸਾਰ ਭੈਣ-ਭਰਾ ਝਾੜੂ ਫੇਰਨ, ਪੋਚਾ ਲਾਉਣ, ਵੈਕਿਊਮ ਕਰਨ, ਧੂੜ-ਮਿੱਟੀ ਪੂੰਝਣ, ਕੁਰਸੀਆਂ ਸਿੱਧੀਆਂ ਕਰਨ, ਗੁਸਲਖ਼ਾਨੇ ਸਾਫ਼ ਕਰਨ, ਖਿੜਕੀਆਂ ਅਤੇ ਸ਼ੀਸ਼ੇ ਸਾਫ਼ ਕਰਨ, ਕੂੜਾ-ਕਰਕਟ ਬਾਹਰ ਸੁੱਟਣ ਅਤੇ ਹਾਲ ਦੇ ਆਲੇ-ਦੁਆਲੇ ਜਾਂ ਵਿਹੜੇ ਦੀ ਸਫ਼ਾਈ ਕਰਨ ਵਿਚ ਮਦਦ ਕਰਦੇ ਹਨ। ਸਾਲ ਵਿਚ ਇਕ ਵਾਰ ਹਾਲ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਲਈ ਇਕ ਦਿਨ ਰੱਖਿਆ ਜਾਂਦਾ ਹੈ। ਨਿਆਣਿਆਂ ਨੂੰ ਸਫ਼ਾਈ ਦਾ ਕੋਈ ਕੰਮ ਦੇਣ ਨਾਲ ਤੁਸੀਂ ਉਨ੍ਹਾਂ ਨੂੰ ਕਿੰਗਡਮ ਹਾਲ ਦੀ ਕਦਰ ਕਰਨੀ ਸਿਖਾਉਂਦੇ ਹੋ।
ਮੁਰੰਮਤ ਕਰਨ ਵਿਚ ਹੱਥ ਵਟਾਓ। ਹਰ ਸਾਲ ਕਿੰਗਡਮ ਹਾਲ ਦੀ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ਦੇ ਆਧਾਰ ’ਤੇ ਸਮੇਂ-ਸਮੇਂ ਤੇ ਮੁਰੰਮਤ ਕੀਤੀ ਜਾਂਦੀ ਹੈ ਤਾਂਕਿ ਹਾਲ ਚੰਗੀ ਹਾਲਤ ਵਿਚ ਰਹੇ ਅਤੇ ਜ਼ਿਆਦਾ ਪੈਸਾ ਖ਼ਰਚਣ ਦੀ ਲੋੜ ਨਾ ਪਵੇ। (2 ਇਤਹਾਸ 24:13; 34:10) ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਤੇ ਚੰਗੀ ਹਾਲਤ ਵਿਚ ਰੱਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਇੱਥੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਇਸ ਕੰਮ ਵਿਚ ਹਿੱਸਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਆਪਣੇ ਕਿੰਗਡਮ ਹਾਲ ਦੀ ਕਦਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 122:1) ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਉੱਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ।
-
ਸਾਨੂੰ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਲਾਪਰਵਾਹੀ ਕਿਉਂ ਨਹੀਂ ਵਰਤਣੀ ਚਾਹੀਦੀ?
-
ਕਿੰਗਡਮ ਹਾਲ ਨੂੰ ਸਾਫ਼ ਰੱਖਣ ਲਈ ਕਿਹੜੇ ਇੰਤਜ਼ਾਮ ਕੀਤੇ ਜਾਂਦੇ ਹਨ?