ਸਿਰਫ਼ ਯਹੋਵਾਹ ਦੀ ਉਪਾਸਨਾ ਕਰੋ
ਸੱਤਵਾਂ ਅਧਿਆਇ
ਸਿਰਫ਼ ਯਹੋਵਾਹ ਦੀ ਉਪਾਸਨਾ ਕਰੋ
1. ਬਾਬਲ ਦੇ ਦੋ ਮੁੱਖ ਦੇਵਤਿਆਂ ਦੇ ਨਾਂ ਕੀ ਸਨ, ਅਤੇ ਉਨ੍ਹਾਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ?
ਜਦੋਂ ਇਸਰਾਏਲੀ ਲੋਕ ਬਾਬਲ ਵਿਚ ਗ਼ੁਲਾਮ ਬਣੇ ਸਨ ਤਾਂ ਉਨ੍ਹਾਂ ਦੇ ਆਲੇ-ਦੁਆਲੇ ਲੋਕ ਝੂਠੀ ਪੂਜਾ ਕਰ ਰਹੇ ਸਨ। ਪਰ ਯਸਾਯਾਹ ਦੇ ਜ਼ਮਾਨੇ ਵਿਚ ਯਹੋਵਾਹ ਦੇ ਲੋਕ ਅਜੇ ਆਪਣੇ ਹੀ ਦੇਸ਼ ਵਿਚ ਸਨ ਅਤੇ ਉੱਥੇ ਹੈਕਲ ਤੇ ਜਾਜਕਾਈ ਵੀ ਸੀ। ਫਿਰ ਵੀ ਪਰਮੇਸ਼ੁਰ ਦੀ ਸਮਰਪਿਤ ਕੌਮ ਦੇ ਕਈ ਲੋਕ ਮੂਰਤੀ-ਪੂਜਾ ਕਰਨ ਲੱਗ ਪਏ ਸਨ। ਇਸ ਲਈ, ਉਨ੍ਹਾਂ ਨੂੰ ਪਹਿਲਾਂ ਹੀ ਤਿਆਰ ਕੀਤੇ ਜਾਣ ਦੀ ਜ਼ਰੂਰਤ ਸੀ ਤਾਂਕਿ ਉਨ੍ਹਾਂ ਉੱਤੇ ਬਾਬਲ ਦੇ ਝੂਠੇ ਦੇਵਤਿਆਂ ਦਾ ਪ੍ਰਭਾਵ ਨਾ ਪੈਂਦਾ ਅਤੇ ਉਹ ਉਨ੍ਹਾਂ ਦੀ ਪੂਜਾ ਕਰਨ ਲਈ ਭਰਮਾਏ ਨਾ ਜਾਂਦੇ। ਇਸੇ ਲਈ ਭਵਿੱਖਬਾਣੀ ਵਿਚ ਬਾਬਲ ਦੇ ਦੋ ਖ਼ਾਸ ਦੇਵਤਿਆਂ ਬਾਰੇ ਗੱਲ ਕਰਦੇ ਹੋਏ ਯਸਾਯਾਹ ਨੇ ਕਿਹਾ: “ਬੇਲ ਦੇਵ ਝੁਕ ਜਾਂਦਾ, ਨਬੋ ਦੇਵ ਕੁੱਬਾ ਹੋ ਜਾਂਦਾ, ਓਹਨਾਂ ਦੇ ਬੁੱਤ ਪਸੂਆਂ ਉੱਤੇ ਤੇ ਡੰਗਰਾਂ ਉੱਤੇ ਹਨ, ਜਿਹੜੇ ਭਾਰ ਤੁਸੀਂ ਚੁੱਕੀ ਫਿਰਦੇ ਸਾਓ, ਓਹ ਥੱਕੇ ਹੋਏ ਪਸੂਆਂ ਲਈ ਬੋਝ ਹਨ।” (ਯਸਾਯਾਹ 46:1) ਬੇਲ ਕਸਦੀ ਲੋਕਾਂ ਦਾ ਮੁੱਖ ਦੇਵਤਾ ਸੀ। ਨਬੋ ਨੂੰ ਬੁੱਧ ਅਤੇ ਵਿਦਿਆ ਦਾ ਦੇਵਤਾ ਮੰਨਿਆ ਜਾਂਦਾ ਸੀ। ਇਨ੍ਹਾਂ ਦੋਹਾਂ ਦੇਵਤਿਆਂ ਦੇ ਨਾਂ ਬਾਬਲੀ ਲੋਕਾਂ ਦੇ ਨਾਵਾਂ ਦਾ ਹਿੱਸਾ ਹੁੰਦੇ ਸਨ, ਮਿਸਾਲ ਲਈ, ਬੇਲਸ਼ੱਸਰ, ਨਬੋਪੋਲੱਸਰ, ਨਬੂਕਦਨੱਸਰ, ਅਤੇ ਨਬੂਜ਼ਰਦਾਨ। ਇਸ ਤੋਂ ਅਸੀਂ ਜਾਣਦੇ ਹਾਂ ਕਿ ਲੋਕ ਇਨ੍ਹਾਂ ਦੋਹਾਂ ਦੇਵਤਿਆਂ ਦਾ ਕਿੰਨਾ ਆਦਰ ਕਰਦੇ ਸਨ।
2. ਬਾਬਲ ਦੇ ਦੇਵਤਿਆਂ ਦੀ ਕਮਜ਼ੋਰੀ ਉੱਤੇ ਜ਼ੋਰ ਕਿਵੇਂ ਦਿੱਤਾ ਗਿਆ ਸੀ?
2 ਯਸਾਯਾਹ ਨੇ ਕਿਹਾ ਕਿ ਬੇਲ “ਝੁਕ ਜਾਂਦਾ” ਅਤੇ ਨਬੋ “ਕੁੱਬਾ ਹੋ ਜਾਂਦਾ” ਹੈ। ਇਨ੍ਹਾਂ ਝੂਠੇ ਦੇਵਤਿਆਂ ਦਾ ਅਪਮਾਨ ਕੀਤਾ ਜਾਣਾ ਸੀ। ਜਦੋਂ ਯਹੋਵਾਹ ਨੇ ਬਾਬਲ ਨੂੰ ਸਜ਼ਾ ਦਿੱਤੀ ਸੀ, ਤਾਂ ਇਹ ਦੇਵਤੇ ਆਪਣੇ ਪੁਜਾਰੀਆਂ ਦੀ ਮਦਦ ਨਹੀਂ ਕਰ ਸਕੇ
ਸਨ। ਉਹ ਤਾਂ ਆਪਣੇ ਆਪ ਨੂੰ ਵੀ ਨਹੀਂ ਬਚਾ ਸਕੇ ਸਨ! ਬੇਲ ਅਤੇ ਨਬੋ ਨੂੰ ਜਲੂਸਾਂ ਵਿਚ ਸਤਿਕਾਰ ਨਾਲ ਨਹੀਂ ਚੁੱਕਿਆ ਜਾਣਾ ਸੀ, ਜਿਵੇਂ ਕਿ ਬਾਬਲ ਦੇ ਨਵੇਂ ਸਾਲ ਦੇ ਦਿਨ ਮਨਾਉਣ ਲਈ ਕੀਤਾ ਜਾਂਦਾ ਸੀ। ਸਗੋਂ ਇਨ੍ਹਾਂ ਦੇ ਪੁਜਾਰੀਆਂ ਨੇ ਇਨ੍ਹਾਂ ਨੂੰ ਆਮ ਸਾਮਾਨ ਦੀ ਤਰ੍ਹਾਂ ਢੋਣਾ ਸੀ। ਇਨ੍ਹਾਂ ਪ੍ਰਤੀ ਵਡਿਆਈ ਅਤੇ ਸ਼ਰਧਾ ਦੀ ਬਜਾਇ ਇਨ੍ਹਾਂ ਦਾ ਮਖੌਲ ਉਡਾਇਆ ਜਾਣਾ ਸੀ ਅਤੇ ਇਨ੍ਹਾਂ ਨੂੰ ਤੁੱਛ ਸਮਝਿਆ ਜਾਣਾ ਸੀ।3. (ੳ) ਬਾਬਲੀ ਲੋਕਾਂ ਨੇ ਕੀ ਜਾਣ ਕੇ ਹੈਰਾਨ ਹੋਣਾ ਸੀ? (ਅ) ਅਸੀਂ ਅੱਜ ਉਸ ਤੋਂ ਕੀ ਸਿੱਖ ਸਕਦੇ ਹਾਂ ਜੋ ਬਾਬਲ ਦੇ ਦੇਵਤਿਆਂ ਨਾਲ ਹੋਇਆ ਸੀ?
3 ਬਾਬਲੀ ਲੋਕ ਇਹ ਜਾਣ ਕੇ ਕਿੰਨੇ ਹੈਰਾਨ ਹੋਏ ਹੋਣੇ ਕਿ ਉਨ੍ਹਾਂ ਦੇ ਦੇਵਤੇ ਥੱਕੇ ਹੋਏ ਪਸ਼ੂਆਂ ਲਈ ਸਿਰਫ਼ ਇਕ ਬੋਝ ਸਨ! ਇਸੇ ਤਰ੍ਹਾਂ ਅੱਜ ਦੁਨੀਆਂ ਦੇ ਦੇਵਤੇ ਸਿਰਫ਼ ਇਕ ਧੋਖਾ ਹਨ, ਯਾਨੀ ਉਹ ਚੀਜ਼ਾਂ ਜਿਨ੍ਹਾਂ ਉੱਤੇ ਲੋਕ ਭਰੋਸਾ ਰੱਖਦੇ ਹਨ ਅਤੇ ਜਿਨ੍ਹਾਂ ਵਾਸਤੇ ਉਹ ਤਨ-ਮਨ-ਧਨ ਲਾਉਣ ਲਈ ਤਿਆਰ ਹਨ, ਉਹ ਕਿਸੇ ਦੇ ਕੰਮ ਨਹੀਂ ਆਉਣ ਵਾਲੀਆਂ। ਧਨ-ਦੌਲਤ, ਹਥਿਆਰਾਂ, ਐਸ਼ਾਂ, ਹਾਕਮਾਂ, ਅਤੇ ਦੇਸ਼ਾਂ ਵਰਗੀਆਂ ਕਈਆਂ ਚੀਜ਼ਾਂ ਦੀ ਭਗਤੀ ਕੀਤੀ ਜਾਂਦੀ ਹੈ। ਯਹੋਵਾਹ ਆਪਣੇ ਸਮੇਂ ਸਿਰ ਅਜਿਹੇ ਦੇਵਤਿਆਂ ਦੀ ਵਿਅਰਥਤਾ ਜ਼ਾਹਰ ਕਰੇਗਾ।—ਦਾਨੀਏਲ 11:38; ਮੱਤੀ 6:24; ਰਸੂਲਾਂ ਦੇ ਕਰਤੱਬ 12:22; ਫ਼ਿਲਿੱਪੀਆਂ 3:19; ਕੁਲੁੱਸੀਆਂ 3:5; ਪਰਕਾਸ਼ ਦੀ ਪੋਥੀ 13:14, 15.
4. ਬਾਬਲ ਦੇ ਦੇਵਤੇ ਕਿਵੇਂ “ਝੁਕ” ਗਏ ਅਤੇ “ਕੁੱਬੇ” ਹੋ ਗਏ ਸਨ?
4 ਬਾਬਲ ਦੇ ਦੇਵਤਿਆਂ ਦੀ ਵੱਡੀ ਅਸਫ਼ਲਤਾ ਉੱਤੇ ਜ਼ੋਰ ਦੇਣ ਲਈ ਭਵਿੱਖਬਾਣੀ ਵਿਚ ਅੱਗੇ ਦੱਸਿਆ ਗਿਆ ਸੀ ਕਿ “ਓਹ ਇਕੱਠੇ ਝੁਕ ਜਾਂਦੇ, ਓਹ ਕੁੱਬੇ ਹੋ ਜਾਂਦੇ, ਓਹ ਬੋਝ ਨੂੰ ਛੁਡਾ ਨਾ ਸੱਕੇ, ਸਗੋਂ ਆਪ ਹੀ ਅਸੀਰੀ ਵਿੱਚ ਚੱਲੇ ਗਏ।” (ਯਸਾਯਾਹ 46:2) ਬਾਬਲ ਦੇ ਦੇਵਤੇ “ਝੁਕ” ਗਏ ਸਨ ਜਿਵੇਂ ਕਿ ਉਹ ਜੰਗ ਵਿਚ ਜ਼ਖ਼ਮੀ ਹੋ ਗਏ ਸਨ ਅਤੇ ਬੁੱਢਿਆਂ ਵਾਂਗ “ਕੁੱਬੇ” ਹੋ ਗਏ ਸਨ। ਉਹ ਉਨ੍ਹਾਂ ਡੰਗਰਾਂ ਦਾ ਭਾਰ ਨਾ ਹਲਕਾ ਕਰ ਸਕਦੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਛੁਡਾ ਸਕਦੇ ਸਨ ਜੋ ਉਨ੍ਹਾਂ ਨੂੰ ਚੁੱਕੀ ਫਿਰਦੇ ਸਨ। ਤਾਂ ਫਿਰ ਕੀ ਯਹੋਵਾਹ ਦੇ ਨੇਮ-ਬੱਧ ਲੋਕਾਂ ਨੂੰ ਉਨ੍ਹਾਂ ਦੀ ਵਡਿਆਈ ਕਰਨੀ ਚਾਹੀਦੀ ਸੀ, ਭਾਵੇਂ ਕਿ ਉਹ ਬਾਬਲ ਵਿਚ ਗ਼ੁਲਾਮ ਸਨ? ਨਹੀਂ! ਇਸੇ ਤਰ੍ਹਾਂ, ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੇ ‘ਵੱਡੀ ਬਾਬੁਲ’ ਦੇ ਝੂਠੇ ਦੇਵਤਿਆਂ ਦੀ ਵਡਿਆਈ ਨਹੀਂ ਕੀਤੀ ਸੀ ਭਾਵੇਂ ਕਿ ਉਹ ਰੂਹਾਨੀ ਤੌਰ ਤੇ ਉਸ ਦੇ ਗ਼ੁਲਾਮ ਸਨ। ਇਹ ਦੇਵਤੇ 1919 ਵਿਚ ਵੱਡੀ ਬਾਬੁਲ ਨੂੰ ਡਿੱਗਣ ਤੋਂ ਨਹੀਂ ਰੋਕ ਸਕੇ ਸਨ ਅਤੇ ‘ਵੱਡੇ ਕਸ਼ਟ’ ਦੌਰਾਨ ਉਸ ਦੀ ਤਬਾਹੀ ਨੂੰ ਵੀ ਨਹੀਂ ਰੋਕ ਸਕਣਗੇ।—ਪਰਕਾਸ਼ ਦੀ ਪੋਥੀ 18:2, 21; ਮੱਤੀ 24:21.
5. ਅੱਜ ਮਸੀਹੀ ਮੂਰਤੀ-ਪੂਜਕ ਬਾਬਲੀਆਂ ਦੀਆਂ ਗ਼ਲਤੀਆਂ ਦੁਹਰਾਉਣ ਤੋਂ ਕਿਵੇਂ ਬਚ ਸਕਦੇ ਹਨ?
5 ਅੱਜ ਸੱਚੇ ਮਸੀਹੀ ਕਿਸੇ ਵੀ ਕਿਸਮ ਦੀ ਮੂਰਤੀ ਅੱਗੇ ਮੱਥਾ ਨਹੀਂ ਟੇਕਦੇ। (1 ਯੂਹੰਨਾ 5:21) ਪ੍ਰਾਰਥਨਾ ਕਰਦੇ ਸਮੇਂ ਕ੍ਰਾਸ ਪਹਿਨਣ, ਮਾਲ਼ਾ ਫੇਰਨ, ਅਤੇ ਸੰਤਾਂ ਦੀਆਂ ਤਸਵੀਰਾਂ ਪੂਜਣ ਦਾ ਕੋਈ ਫ਼ਾਇਦਾ ਨਹੀਂ। ਇਹ ਚੀਜ਼ਾਂ ਸਿਰਜਣਹਾਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਨ ਦਾ ਵਸੀਲਾ ਨਹੀਂ ਬਣ ਸਕਦੀਆਂ ਹਨ। ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਸਹੀ ਤਰ੍ਹਾਂ ਪਰਮੇਸ਼ੁਰ ਦੀ ਭਗਤੀ ਕਰਨੀ ਦੱਸੀ ਸੀ ਜਦੋਂ ਉਸ ਨੇ ਕਿਹਾ ਸੀ ਕਿ “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ। ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੋ ਕਰਾਂਗਾ।”—ਯੂਹੰਨਾ 14:6, 14.
“ਕੁੱਖੋਂ ਹੀ ਚੁੱਕੇ ਗਏ”
6. ਯਹੋਵਾਹ ਕੌਮਾਂ ਦੇ ਦੇਵਤਿਆਂ ਤੋਂ ਵੱਖਰਾ ਕਿਵੇਂ ਸੀ?
6 ਬਾਬਲ ਦੇ ਦੇਵਤਿਆਂ ਦੀ ਪੂਜਾ ਕਰਨ ਦੀ ਵਿਅਰਥਤਾ ਬਾਰੇ ਦੱਸਣ ਤੋਂ ਬਾਅਦ, ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ: “ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਕੀਏ, ਤੁਸੀਂ ਜਿਹੜੇ ਢਿੱਡੋਂ ਮੈਥੋਂ ਸੰਭਾਲੇ ਗਏ, ਜਿਹੜੇ ਕੁੱਖੋਂ ਹੀ ਚੁੱਕੇ ਗਏ।” (ਯਸਾਯਾਹ 46:3) ਯਹੋਵਾਹ ਅਤੇ ਬਾਬਲ ਦੀਆਂ ਉੱਕਰੀਆਂ ਹੋਈਆਂ ਮੂਰਤਾਂ ਵਿਚਕਾਰ ਕਿੰਨਾ ਵੱਡਾ ਫ਼ਰਕ ਸੀ! ਬਾਬਲ ਦੇ ਦੇਵਤੇ ਆਪਣੇ ਪੁਜਾਰੀਆਂ ਲਈ ਕੁਝ ਵੀ ਨਹੀਂ ਕਰ ਸਕਦੇ ਸਨ। ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਕਿਸੇ ਡੰਗਰ ਨੂੰ ਉਨ੍ਹਾਂ ਨੂੰ ਚੁੱਕਣਾ ਪੈਂਦਾ ਸੀ। ਇਸ ਦੇ ਉਲਟ, ਯਹੋਵਾਹ ਆਪਣੇ ਲੋਕਾਂ ਨੂੰ ਚੁੱਕਦਾ ਆਇਆ ਸੀ। ਉਸ ਨੇ ਉਨ੍ਹਾਂ ਨੂੰ “ਕੁੱਖੋਂ ਹੀ” ਸੰਭਾਲਿਆ ਸੀ, ਯਾਨੀ ਉਸ ਸਮੇਂ ਤੋਂ ਜਦੋਂ ਇਹ ਕੌਮ ਬਣੀ ਸੀ। ਯਹੂਦੀ ਲੋਕਾਂ ਨੂੰ ਯਾਦ ਹੋਣਾ ਚਾਹੀਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਪਿਆਰ ਨਾਲ ਕੀਤੀ ਸੀ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਮੂਰਤੀ-ਪੂਜਾ ਤੋਂ ਦੂਰ ਰਹਿਣ ਲਈ ਹੌਸਲਾ ਮਿਲਣਾ ਚਾਹੀਦਾ ਸੀ ਅਤੇ ਯਹੋਵਾਹ ਨੂੰ ਆਪਣਾ ਪਿਤਾ ਅਤੇ ਦੋਸਤ ਮੰਨ ਕੇ ਉਨ੍ਹਾਂ ਨੂੰ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਸੀ।
7. ਯਹੋਵਾਹ ਕਿਸੇ ਵੀ ਪਿਆਰੇ ਮਾਂ-ਬਾਪ ਨਾਲੋਂ ਆਪਣੇ ਲੋਕਾਂ ਦੀ ਜ਼ਿਆਦਾ ਕੋਮਲ ਦੇਖ-ਭਾਲ ਕਿਵੇਂ ਕਰਦਾ ਹੈ?
7 ਯਹੋਵਾਹ ਨੇ ਕੋਮਲਤਾ ਨਾਲ ਆਪਣੇ ਲੋਕਾਂ ਨੂੰ ਅੱਗੇ ਯਾਦ ਕਰਾਇਆ ਕਿ “ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ, ਮੈਂ ਬਣਾਇਆ ਤੇ ਮੈਂ ਚੁੱਕਾਂਗਾ, ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ।” (ਯਸਾਯਾਹ 46:4) ਯਹੋਵਾਹ ਕਿਸੇ ਵੀ ਪਿਆਰੇ ਮਾਂ-ਬਾਪ ਨਾਲੋਂ ਆਪਣੇ ਲੋਕਾਂ ਦੀ ਜ਼ਿਆਦਾ ਦੇਖ-ਭਾਲ ਕਰਦਾ ਹੈ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਮਾਪੇ ਸੋਚਦੇ ਹਨ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਘੱਟ ਜਾਵੇਗੀ। ਜਦੋਂ ਮਾਪੇ ਬੁੱਢੇ ਹੋ ਜਾਂਦੇ ਹਨ, ਤਾਂ ਅਕਸਰ ਬੱਚੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ। ਯਹੋਵਾਹ ਨਾਲ ਇਸ ਤਰ੍ਹਾਂ ਕਦੀ ਨਹੀਂ ਹੁੰਦਾ। ਉਹ ਆਪਣੇ ਇਨਸਾਨੀ ਬੱਚਿਆਂ ਦੇ ਬੁਢੇਪੇ ਵਿਚ ਵੀ ਉਨ੍ਹਾਂ ਦੀ ਦੇਖ-ਭਾਲ ਕਰਦਾ ਰਹਿੰਦਾ ਹੈ। ਅੱਜ ਪਰਮੇਸ਼ੁਰ ਦੇ ਉਪਾਸਕ ਉਸ ਉੱਤੇ ਭਰੋਸਾ ਰੱਖਦੇ ਹਨ ਅਤੇ ਉਸ ਨੂੰ ਪਿਆਰ ਕਰਦੇ ਹਨ। ਉਨ੍ਹਾਂ ਨੂੰ ਯਸਾਯਾਹ ਦੀ ਭਵਿੱਖਬਾਣੀ ਤੋਂ ਬੜੀ ਤਸੱਲੀ ਮਿਲਦੀ ਹੈ। ਉਨ੍ਹਾਂ ਨੂੰ ਇਸ ਦੁਨੀਆਂ ਵਿਚ ਬਾਕੀ ਰਹਿੰਦੇ ਦਿਨਾਂ ਜਾਂ ਸਾਲਾਂ ਬਾਰੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਿਆਣੇ ਲੋਕਾਂ ਨੂੰ ‘ਉਠਾਵੇਗਾ’ ਅਤੇ ਉਨ੍ਹਾਂ ਨੂੰ ਧੀਰਜ ਰੱਖਣ ਦੀ ਤਾਕਤ ਬਖ਼ਸ਼ੇਗਾ ਤਾਂਕਿ ਉਹ ਵਫ਼ਾਦਾਰ ਰਹਿਣ। ਉਹ ਉਨ੍ਹਾਂ ਨੂੰ ਚੁੱਕੇਗਾ, ਤਾਕਤ ਬਖ਼ਸ਼ੇਗਾ, ਅਤੇ ਛੁਡਾਵੇਗਾ।—ਇਬਰਾਨੀਆਂ 6:10.
ਆਧੁਨਿਕ ਮੂਰਤੀਆਂ ਤੋਂ ਬਚ ਕੇ ਰਹੋ
8. ਯਸਾਯਾਹ ਦੇ ਕੁਝ ਹਮਵਤਨੀਆਂ ਨੇ ਕਿਹੜਾ ਪਾਪ ਕੀਤਾ ਸੀ ਜਿਸ ਲਈ ਕੋਈ ਬਹਾਨਾ ਨਹੀਂ ਸੀ?
8 ਜ਼ਰਾ ਸੋਚੋ ਕਿ ਮੂਰਤੀਆਂ ਉੱਤੇ ਭਰੋਸਾ ਰੱਖਣ ਵਾਲੇ ਬਾਬਲੀ ਕਿੰਨੇ ਨਿਰਾਸ਼ ਹੋਏ ਹੋਣੇ ਜਦੋਂ ਉਨ੍ਹਾਂ ਦੇ ਦੇਵਤੇ ਵਿਅਰਥ ਸਾਬਤ ਹੋਏ ਸਨ। ਕੀ ਇਸਰਾਏਲੀਆਂ ਨੂੰ ਇਨ੍ਹਾਂ ਦੇਵਤਿਆਂ ਨੂੰ ਯਹੋਵਾਹ ਦੇ ਬਰਾਬਰ ਸਮਝਣਾ ਚਾਹੀਦਾ ਸੀ? ਬਿਲਕੁਲ ਨਹੀਂ! ਇਸ ਲਈ ਯਹੋਵਾਹ ਨੇ ਪੁੱਛਿਆ: “ਤੁਸੀਂ ਕਿਹ ਦੇ ਵਰਗਾ ਮੈਨੂੰ ਬਣਾਓਗੇ, ਕਿਹ ਦੇ ਤੁੱਲ ਮੈਨੂੰ ਠਹਿਰਾਓਗੇ, ਕਿਹ ਦੇ ਨਾਲ ਮੇਰੀ ਮਿਸਾਲ ਦਿਓਗੇ, ਭਈ ਅਸੀਂ ਇੱਕ ਵਰਗੇ ਹੋਈਏ?” (ਯਸਾਯਾਹ 46:5) ਬੇਆਵਾਜ਼, ਬੇਜਾਨ, ਅਤੇ ਬੇਬੱਸ ਮੂਰਤੀਆਂ ਦੀ ਪੂਜਾ ਕਰਨ ਲਈ ਯਸਾਯਾਹ ਦੇ ਹਮਵਤਨੀਆਂ ਲਈ ਕੋਈ ਬਹਾਨਾ ਨਹੀਂ ਸੀ! ਯਹੋਵਾਹ ਨੂੰ ਜਾਣਨ ਤੋਂ ਬਾਅਦ ਇਨਸਾਨਾਂ ਦੀਆਂ ਬਣਾਈਆਂ ਗਈਆਂ ਬੇਜਾਨ ਮੂਰਤੀਆਂ ਉੱਤੇ ਭਰੋਸਾ ਰੱਖਣਾ ਇਸਰਾਏਲੀ ਕੌਮ ਲਈ ਬੜੀ ਮੂਰਖਤਾ ਸੀ।
9. ਮੂਰਤੀਆਂ ਦੀ ਪੂਜਾ ਕਰਨ ਵਾਲਿਆਂ ਦੇ ਪੁੱਠੇ ਵਿਚਾਰਾਂ ਬਾਰੇ ਦੱਸੋ।
9 ਮੂਰਤੀਆਂ ਦੀ ਪੂਜਾ ਕਰਨ ਵਾਲਿਆਂ ਦੇ ਪੁੱਠੇ ਵਿਚਾਰਾਂ ਬਾਰੇ ਸੋਚੋ। ਭਵਿੱਖਬਾਣੀ ਨੇ ਅੱਗੇ ਕਿਹਾ: “ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਲਦੇ ਹਨ, ਓਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਠਾਕਰ ਬਣਾਉਂਦਾ, ਤਾਂ ਓਹ ਮੱਥਾ ਟੇਕਦੇ ਸਗੋਂ ਮੱਥਾ ਰਗੜਦੇ ਹਨ!” (ਯਸਾਯਾਹ 46:6) ਕੁਝ ਲੋਕ ਸਮਝਦੇ ਸਨ ਕਿ ਲੱਕੜ ਦੀ ਬਣੀ ਹੋਈ ਮੂਰਤੀ ਨਾਲੋਂ ਇਕ ਕੀਮਤੀ ਮੂਰਤੀ ਉਨ੍ਹਾਂ ਨੂੰ ਬਚਾ ਸਕੇਗੀ। ਇਸ ਲਈ ਉਹ ਮੂਰਤੀ ਉੱਤੇ ਬਹੁਤ ਸਾਰਾ ਪੈਸਾ ਲਾਉਣ ਲਈ ਤਿਆਰ ਸਨ। ਪਰ ਚਾਹੇ ਜਿੰਨੀ ਮਰਜ਼ੀ ਮਿਹਨਤ ਅਤੇ ਜਿੰਨਾ ਮਰਜ਼ੀ ਖ਼ਰਚਾ ਕੀਤਾ ਜਾਵੇ, ਬੇਜਾਨ ਮੂਰਤੀ ਤਾਂ ਬੱਸ ਬੇਜਾਨ ਮੂਰਤੀ ਹੀ ਰਹਿੰਦੀ ਹੈ।
10. ਮੂਰਤੀ-ਪੂਜਾ ਦੀ ਵਿਅਰਥਤਾ ਬਾਰੇ ਕੀ ਦੱਸਿਆ ਗਿਆ ਹੈ?
10 ਭਵਿੱਖਬਾਣੀ ਵਿਚ ਮੂਰਤੀ-ਪੂਜਾ ਦੀ ਵਿਅਰਥਤਾ ਬਾਰੇ ਹੋਰ ਵੀ ਦੱਸਿਆ ਗਿਆ ਹੈ: “ਓਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਖੜਾ ਰਹਿੰਦਾ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ। ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਉਹ ਨੂੰ ਉਹ ਦੇ ਦੁਖ ਤੋਂ ਬਚਾਉਂਦਾ ਹੈ।” (ਯਸਾਯਾਹ 46:7) ਮੂਰਤੀ ਨਾ ਸੁਣ ਸਕਦੀ ਅਤੇ ਨਾ ਕੁਝ ਕਰ ਸਕਦੀ, ਇਸ ਅੱਗੇ ਪ੍ਰਾਰਥਨਾ ਕਰਨੀ ਕਿੰਨੀ ਵੱਡੀ ਮੂਰਖਤਾ ਸੀ! ਜ਼ਬੂਰਾਂ ਦੇ ਲਿਖਾਰੀ ਨੇ ਚੰਗੀ ਤਰ੍ਹਾਂ ਦੱਸਿਆ ਕਿ ਇਨ੍ਹਾਂ ਦੀ ਪੂਜਾ ਕਰਨੀ ਕਿੰਨੀ ਵਿਅਰਥ ਹੈ: “ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ। ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ, ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਉਨ੍ਹਾਂ ਦੇ ਨੱਕ ਤਾਂ ਹਨ ਪਰ ਓਹ ਸੁੰਘਦੇ ਨਹੀਂ, ਉਨ੍ਹਾਂ ਦੇ ਹੱਥ ਵੀ ਹਨ ਪਰ ਓਹ ਫੜਦੇ ਨਹੀਂ, ਉਨ੍ਹਾਂ ਦੇ ਪੈਰ ਵੀ ਹਨ ਪਰ ਓਹ ਚੱਲਦੇ ਨਹੀਂ, ਨਾ ਓਹ ਆਪਣੇ ਸੰਘ ਤੋਂ ਹੁੰਗਾਰਾ ਦਿੰਦੇ ਹਨ! ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ।”—ਜ਼ਬੂਰ 115:4-8.
ਹਿੰਮਤ ਕਰੋ
11. ਡਗਮਗਾ ਰਹੇ ਲੋਕ ਹਿੰਮਤ ਕਿਸ ਤਰ੍ਹਾਂ ਕਰ ਸਕਦੇ ਸਨ?
11 ਯਹੋਵਾਹ ਨੇ ਮੂਰਤੀ-ਪੂਜਾ ਦੀ ਵਿਅਰਥਤਾ ਦਿਖਾਉਣ ਤੋਂ ਬਾਅਦ ਆਪਣੇ ਲੋਕਾਂ ਨੂੰ ਉਸ ਦੀ ਸੇਵਾ ਕਰਨ ਦੇ ਕਾਰਨ ਦਿੱਤੇ: “ਏਹ ਨੂੰ ਚੇਤੇ ਰੱਖੋ ਅਤੇ ਮਨੁੱਖ ਬਣੋ [ਹਿੰਮਤ ਕਰੋ], ਫੇਰ ਦਿਲ ਤੇ ਲਾਓ, ਹੇ ਅਪਰਾਧੀਓ! ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ ਰੱਖੋ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ।” (ਯਸਾਯਾਹ 46:8, 9) ਜਿਹੜੇ ਲੋਕ ਸੱਚੀ ਉਪਾਸਨਾ ਅਤੇ ਮੂਰਤੀ-ਪੂਜਾ ਵਿਚਕਾਰ ਡਗਮਗਾ ਰਹੇ ਸਨ ਉਨ੍ਹਾਂ ਨੂੰ ਬੀਤੀਆਂ ਘਟਨਾਵਾਂ ਯਾਦ ਰੱਖਣੀਆਂ ਚਾਹੀਦੀਆਂ ਸਨ। ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਸੀ ਕਿ ਯਹੋਵਾਹ ਨੇ ਕੀ-ਕੀ ਕੀਤਾ ਸੀ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਹਿੰਮਤ ਅਤੇ ਸਹੀ ਕੰਮ ਕਰਨ ਲਈ ਮਦਦ ਮਿਲ ਸਕਦੀ ਸੀ। ਨਾਲੇ ਉਹ ਯਹੋਵਾਹ ਦੀ ਉਪਾਸਨਾ ਕਰਨ ਵਿਚ ਸਫ਼ਲ ਹੋ ਸਕਦੇ ਸਨ।
12, 13. ਮਸੀਹੀਆਂ ਨੂੰ ਕਿਹੜਾ ਜੰਗ ਕਰਨਾ ਪੈਂਦਾ ਹੈ ਅਤੇ ਉਹ ਸਫ਼ਲ ਕਿਵੇਂ ਹੋ ਸਕਦੇ ਹਨ?
12 ਇਹ ਸਲਾਹ ਅੱਜ ਵੀ ਜ਼ਰੂਰੀ ਹੈ। ਇਸਰਾਏਲੀਆਂ ਵਾਂਗ ਸੱਚੇ ਮਸੀਹੀਆਂ ਨੂੰ ਵੀ ਭਰਮਾਏ ਜਾਣ ਅਤੇ ਗ਼ਲਤੀਆਂ ਕਰਨ ਤੋਂ ਬਚਣਾ ਪੈਂਦਾ ਹੈ। (ਰੋਮੀਆਂ 7:21-24) ਇਸ ਤੋਂ ਇਲਾਵਾ ਉਹ ਇਕ ਦੁਸ਼ਮਣ ਨਾਲ ਰੂਹਾਨੀ ਜੰਗ ਲੜ ਰਹੇ ਹਨ, ਜੋ ਦੇਖਿਆ ਨਹੀਂ ਜਾ ਸਕਦਾ ਪਰ ਹੈ ਬਹੁਤ ਹੀ ਸ਼ਕਤੀਸ਼ਾਲੀ। ਪੌਲੁਸ ਰਸੂਲ ਨੇ ਕਿਹਾ: “ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।”—ਅਫ਼ਸੀਆਂ 6:12.
13 ਸ਼ਤਾਨ ਅਤੇ ਉਸ ਦੇ ਬੁਰੇ ਦੂਤ ਮਸੀਹੀਆਂ ਨੂੰ ਸੱਚੀ ਉਪਾਸਨਾ ਕਰਨ ਤੋਂ ਰੋਕਣ ਲਈ ਹਰ ਜਤਨ ਕਰਦੇ ਹਨ। ਉਨ੍ਹਾਂ ਦਾ ਸਾਮ੍ਹਣਾ ਸਫ਼ਲਤਾ ਨਾਲ ਕਰਨ ਲਈ ਮਸੀਹੀਆਂ ਨੂੰ ਹਿੰਮਤ ਨਾਲ ਯੋਹਵਾਹ ਦੀ ਸਲਾਹ ਉੱਤੇ ਚੱਲਣਾ ਚਾਹੀਦਾ ਹੈ। ਉਹ ਕਿਵੇਂ? ਪੌਲੁਸ ਰਸੂਲ ਨੇ ਸਮਝਾਇਆ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।” ਯਹੋਵਾਹ ਆਪਣੇ ਸੇਵਕਾਂ ਨੂੰ ਤਿਆਰ ਅਫ਼ਸੀਆਂ 6:11, 16) ਇਸਰਾਏਲੀਆਂ ਨੂੰ ਅਪਰਾਧੀ ਇਸ ਲਈ ਸੱਦਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਰੂਹਾਨੀ ਪ੍ਰਬੰਧਾਂ ਦਾ ਫ਼ਾਇਦਾ ਨਹੀਂ ਉਠਾਇਆ ਸੀ। ਜੇਕਰ ਉਨ੍ਹਾਂ ਨੇ ਯਹੋਵਾਹ ਦੇ ਵਾਰ-ਵਾਰ ਕੀਤੇ ਗਏ ਸ਼ਕਤੀਸ਼ਾਲੀ ਕੰਮਾਂ ਉੱਤੇ ਗੌਰ ਕੀਤਾ ਹੁੰਦਾ, ਤਾਂ ਉਹ ਘਿਣਾਉਣੀਆਂ ਮੂਰਤੀਆਂ ਦੀ ਪੂਜਾ ਕਦੀ ਵੀ ਨਾ ਕਰਦੇ। ਉਮੀਦ ਹੈ ਕਿ ਅਸੀਂ ਉਨ੍ਹਾਂ ਦੀ ਮਿਸਾਲ ਤੋਂ ਸਬਕ ਸਿੱਖਾਂਗੇ ਅਤੇ ਸਹੀ ਕੰਮ ਕਰਨ ਤੋਂ ਕਦੀ ਵੀ ਨਾ ਡਗਮਗਾਵਾਂਗੇ।—1 ਕੁਰਿੰਥੀਆਂ 10:11.
ਕਰ ਕੇ ਜੰਗ ਵਿਚ ਘੱਲਦਾ ਹੈ। ਉਨ੍ਹਾਂ ਦੇ ਰੂਹਾਨੀ ਸ਼ਸਤ੍ਰ-ਬਸਤ੍ਰ ਵਿਚ “ਨਿਹਚਾ ਦੀ ਢਾਲ” ਹੈ ‘ਜਿਹ ਦੇ ਨਾਲ ਉਹ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕਦੇ ਹਨ।’ (14. ਯਹੋਵਾਹ ਨੇ ਇਹ ਦਿਖਾਉਣ ਲਈ ਕਿ ਸਿਰਫ਼ ਉਹੀ ਸੱਚਾ ਪਰਮੇਸ਼ੁਰ ਹੈ ਆਪਣੀ ਕਿਸ ਯੋਗਤਾ ਵੱਲ ਧਿਆਨ ਦਿੱਤਾ ਸੀ?
14 ਯਹੋਵਾਹ ਨੇ ਕਿਹਾ: “ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।” (ਯਸਾਯਾਹ 46:10) ਇਸ ਸੰਬੰਧ ਵਿਚ ਯਹੋਵਾਹ ਵਰਗਾ ਹੋਰ ਕੌਣ ਹੋ ਸਕਦਾ ਹੈ? ਭਵਿੱਖ ਬਾਰੇ ਪਹਿਲਾਂ ਹੀ ਦੱਸਣ ਦੀ ਯੋਗਤਾ ਵੱਡਾ ਸਬੂਤ ਸੀ ਕਿ ਸਿਰਜਣਹਾਰ ਸੱਚਾ ਪਰਮੇਸ਼ੁਰ ਹੈ। ਲੇਕਿਨ ਭਵਿੱਖਬਾਣੀਆਂ ਦੀ ਪੂਰਤੀ ਸਿਰਫ਼ ਭਵਿੱਖ ਬਾਰੇ ਗਿਆਨ ਹੋਣ ਨਾਲ ਹੀ ਨਹੀਂ ਹੁੰਦੀ। “ਮੇਰੀ ਸਲਾਹ ਕਾਇਮ ਰਹੇਗੀ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਠਹਿਰਾਇਆ ਹੋਇਆ ਮਕਸਦ ਬਦਲਿਆ ਨਹੀਂ ਜਾ ਸਕਦਾ। ਯਹੋਵਾਹ ਕੋਲ ਅਸੀਮ ਸ਼ਕਤੀ ਹੈ, ਇਸ ਲਈ ਵਿਸ਼ਵ ਵਿਚ ਕੋਈ ਵੀ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ। (ਦਾਨੀਏਲ 4:35) ਇਸ ਕਰਕੇ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਜੋ ਵੀ ਭਵਿੱਖਬਾਣੀਆਂ ਅਜੇ ਪੂਰੀਆਂ ਹੋਣੀਆਂ ਹਨ ਉਹ ਪਰਮੇਸ਼ੁਰ ਦੇ ਸਮੇਂ ਸਿਰ ਜ਼ਰੂਰ ਪੂਰੀਆਂ ਹੋਣਗੀਆਂ।—ਯਸਾਯਾਹ 55:11.
15. ਭਵਿੱਖ ਬਾਰੇ ਦੱਸਣ ਦੀ ਯਹੋਵਾਹ ਦੀ ਯੋਗਤਾ ਦੀ ਇਕ ਵਧੀਆ ਉਦਾਹਰਣ ਵੱਲ ਸਾਡਾ ਧਿਆਨ ਕਿਵੇਂ ਖਿੱਚਿਆ ਗਿਆ?
15 ਜੀ ਹਾਂ, ਯੋਹਵਾਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਸਿਰਫ਼ ਦੱਸਦਾ ਹੀ ਨਹੀਂ ਪਰ ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ। ਯਸਾਯਾਹ ਦੀ ਭਵਿੱਖਬਾਣੀ ਵਿਚ ਸਾਡਾ ਧਿਆਨ ਉਸ ਦੀ ਇਸੇ ਯੋਗਤਾ ਦੀ ਇਕ ਵਧੀਆ ਉਦਾਹਰਣ ਵੱਲ ਖਿੱਚਿਆ ਗਿਆ: “ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ, ਆਪਣੀ ਸਲਾਹ ਦੇ ਮਨੁੱਖ ਨੂੰ ਦੂਰ ਦੇਸ ਤੋਂ ਸੱਦਦਾ ਹਾਂ। ਹਾਂ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।” (ਯਸਾਯਾਹ 46:11) ਯਹੋਵਾਹ ਪਰਮੇਸ਼ੁਰ “ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ” ਦੱਸਣ ਵਾਲਾ ਹੈ ਅਤੇ ਉਹ ਇਨਸਾਨੀ ਹਾਲਾਤ ਬਦਲ ਕੇ ਆਪਣੀ ਮਰਜ਼ੀ ਪੂਰੀ ਕਰ ਸਕਦਾ ਹੈ। ਉਸ ਨੇ ਖੋਰਸ ਨੂੰ “ਪੂਰਬੋਂ,” ਯਾਨੀ ਫ਼ਾਰਸ ਤੋਂ ਸੱਦਣਾ ਸੀ, ਜਿੱਥੇ ਖੋਰਸ ਦੀ ਮਨਭਾਉਂਦੀ ਰਾਜਧਾਨੀ ਹੋਣੀ ਸੀ। ਇਸ ਰਾਜਧਾਨੀ ਦਾ ਨਾਂ ਪਸਾਹਗਡੀ ਸੀ। ਖੋਰਸ ਨੇ “ਸ਼ਿਕਾਰੀ ਪੰਛੀ” ਵਾਂਗ ਬਾਬਲ ਉੱਤੇ ਅਚਾਨਕ ਹਮਲਾ ਕਰਨਾ ਸੀ।
16. ਯਹੋਵਾਹ ਨੇ ਬਾਬਲ ਬਾਰੇ ਆਪਣੀ ਭਵਿੱਖਬਾਣੀ ਨੂੰ ਪੱਕਾ ਕਿਵੇਂ ਕੀਤਾ ਸੀ?
16 ਯਹੋਵਾਹ ਨੇ ਬਾਬਲ ਬਾਰੇ ਜੋ ਭਵਿੱਖਬਾਣੀ ਕੀਤੀ ਸੀ ਉਸ ਦੀ ਪੂਰਤੀ ਇਨ੍ਹਾਂ ਸ਼ਬਦਾਂ ਨਾਲ ਪੱਕੀ ਕੀਤੀ ਗਈ ਸੀ: “ਮੈਂ ਬੋਲਿਆ ਸੋ ਮੈਂ ਨਿਭਾਵਾਂਗਾ।” ਅਪੂਰਣ ਮਨੁੱਖ ਤਾਂ ਬਿਨਾਂ ਸੋਚੇ ਸਮਝੇ ਵਾਅਦੇ ਕਰ ਲੈਂਦੇ ਹਨ, ਪਰ ਸਾਡਾ ਸਿਰਜਣਹਾਰ ਆਪਣਾ ਬਚਨ ਹਮੇਸ਼ਾ ਪੂਰਾ ਕਰ ਕੇ ਰਹਿੰਦਾ ਹੈ। ਯਹੋਵਾਹ ਉਹ ਪਰਮੇਸ਼ੁਰ ਹੈ ਜੋ “ਝੂਠ ਬੋਲ ਨਹੀਂ ਸੱਕਦਾ,” ਇਸ ਲਈ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਜੇ ਉਸ ਨੇ “ਠਾਣਿਆ” ਹੈ ਤਾਂ ਉਹ ਜ਼ਰੂਰ ‘ਪੂਰਾ ਵੀ ਕਰੇਗਾ।’—ਬੇਵਫ਼ਾ ਦਿਲ
17, 18. ਪੁਰਾਣੇ ਜ਼ਮਾਨੇ ਵਿਚ ਅਤੇ ਅੱਜ ਕਿਨ੍ਹਾਂ ਨੂੰ ‘ਹਠੀਲੇ ਦਿਲ ਵਾਲੇ’ ਸੱਦਿਆ ਜਾ ਸਕਦਾ ਹੈ?
17 ਇਕ ਵਾਰ ਫਿਰ ਯਹੋਵਾਹ ਨੇ ਭਵਿੱਖਬਾਣੀ ਵਿਚ ਬਾਬਲੀਆਂ ਵੱਲ ਧਿਆਨ ਦਿੱਤਾ ਅਤੇ ਕਿਹਾ: “ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ! ਤੁਸੀਂ ਜੋ ਧਰਮ ਤੋਂ ਦੂਰ ਹੋ।” (ਯਸਾਯਾਹ 46:12) ‘ਹਠੀਲੇ ਦਿਲ ਵਾਲੇ’ ਪਰਮੇਸ਼ੁਰ ਦੀ ਇੱਛਾ ਦਾ ਵਿਰੋਧ ਕਰਨ ਵਿਚ ਪੱਕੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਬਾਬਲੀ ਲੋਕ ਪਰਮੇਸ਼ੁਰ ਤੋਂ ਦੂਰ ਸਨ। ਉਹ ਯਹੋਵਾਹ ਅਤੇ ਉਸ ਦੇ ਲੋਕਾਂ ਨਾਲ ਇੰਨੀ ਨਫ਼ਰਤ ਕਰਦੇ ਸਨ ਕਿ ਉਨ੍ਹਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਦਾ ਨਾਸ਼ ਕੀਤਾ ਅਤੇ ਉਹ ਉਸ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ ਸਨ।
18 ਅੱਜ ਸ਼ੱਕੀ ਅਤੇ ਅਵਿਸ਼ਵਾਸੀ ਲੋਕ ਰਾਜ ਦਾ ਸੰਦੇਸ਼ ਸੁਣਨ ਤੋਂ ਇਨਕਾਰ ਕਰਦੇ ਹਨ, ਜੋ ਸਾਰੀ ਦੁਨੀਆਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। (ਮੱਤੀ 24:14) ਉਹ ਇਹ ਨਹੀਂ ਸਵੀਕਾਰ ਕਰਨਾ ਚਾਹੁੰਦੇ ਕਿ ਰਾਜ ਕਰਨ ਦਾ ਹੱਕ ਸਿਰਫ਼ ਯਹੋਵਾਹ ਦਾ ਹੀ ਹੈ। (ਜ਼ਬੂਰ 83:18; ਪਰਕਾਸ਼ ਦੀ ਪੋਥੀ 4:11) ਉਨ੍ਹਾਂ ਦੇ ਦਿਲ “ਧਰਮ ਤੋਂ ਦੂਰ” ਹਨ ਅਤੇ ਉਹ ਉਸ ਦੀ ਇੱਛਾ ਦਾ ਵਿਰੋਧ ਕਰਦੇ ਹਨ। (2 ਤਿਮੋਥਿਉਸ 3:1-5) ਬਾਬਲੀ ਲੋਕਾਂ ਵਾਂਗ ਉਹ ਯਹੋਵਾਹ ਦੀ ਨਹੀਂ ਸੁਣਨੀ ਚਾਹੁੰਦੇ।
ਪਰਮੇਸ਼ੁਰ ਦਾ ਬਚਾਅ ਢਿੱਲ ਨਹੀਂ ਲਾਵੇਗਾ
19. ਯਹੋਵਾਹ ਨੇ ਇਸਰਾਏਲ ਲਈ ਧਾਰਮਿਕਤਾ ਦਾ ਕਿਹੜਾ ਕੰਮ ਕੀਤਾ ਸੀ?
19ਯਸਾਯਾਹ ਦੀ ਪੁਸਤਕ ਦੇ 46ਵੇਂ ਅਧਿਆਇ ਦੇ ਆਖ਼ਰੀ ਸ਼ਬਦ ਸਾਨੂੰ ਯਹੋਵਾਹ ਦੇ ਕੁਝ ਗੁਣਾਂ ਬਾਰੇ ਦੱਸਦੇ ਹਨ: “ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ, ਉਹ ਦੂਰ ਨਹੀਂ ਰਹੇਗਾ, ਮੇਰਾ ਬਚਾਓ ਢਿਲ ਨਹੀਂ ਲਾਵੇਗਾ, ਮੈਂ ਸੀਯੋਨ ਵਿੱਚ ਬਚਾਓ, ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ।” (ਯਸਾਯਾਹ 46:13) ਜਦੋਂ ਪਰਮੇਸ਼ੁਰ ਨੇ ਇਸਰਾਏਲ ਨੂੰ ਆਜ਼ਾਦ ਕੀਤਾ ਸੀ ਤਾਂ ਇਹ ਉਸ ਦੀ ਧਾਰਮਿਕਤਾ ਦਾ ਕੰਮ ਸੀ। ਉਸ ਨੇ ਆਪਣੇ ਲੋਕਾਂ ਨੂੰ ਗ਼ੁਲਾਮੀ ਵਿਚ ਬਹੁਤੀ ਦੇਰ ਨਹੀਂ ਛੱਡਿਆ ਸੀ। ਸੀਯੋਨ ਦਾ ਬਚਾਅ ਸਹੀ ਸਮੇਂ ਤੇ ਕੀਤਾ ਗਿਆ ਸੀ, ਇਸ ਨੇ ‘ਢਿਲ ਨਹੀਂ ਲਾਈ’ ਸੀ। ਇਸਰਾਏਲੀਆਂ ਦੇ ਗ਼ੁਲਾਮੀ ਤੋਂ ਛੁੱਟਣ ਤੋਂ ਬਾਅਦ, ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਹੈਰਾਨੀ ਨਾਲ ਦੇਖਦੀਆਂ ਰਹਿ ਗਈਆਂ ਸਨ। ਉਸ ਕੌਮ ਦੀ ਆਜ਼ਾਦੀ ਨੇ ਸਾਬਤ ਕੀਤਾ ਕਿ ਯਹੋਵਾਹ ਕੋਲ ਬਚਾਉਣ ਦੀ ਸ਼ਕਤੀ ਸੀ। ਬਾਬਲੀ ਦੇਵਤੇ ਬੇਲ ਅਤੇ ਨਬੋ ਦੀ ਵਿਅਰਥਤਾ ਸਾਰਿਆਂ ਦੇ ਸਾਮ੍ਹਣੇ ਦਿਖਾਈ ਗਈ ਸੀ ਅਤੇ ਇਸ ਤੋਂ ਜ਼ਾਹਰ ਹੋਇਆ ਕਿ ਉਹ ਬੇਜਾਨ ਸਨ।—1 ਰਾਜਿਆਂ 18:39, 40.
20. ਮਸੀਹੀ ਕਿਉਂ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਦਾ “ਬਚਾਓ ਢਿਲ ਨਹੀਂ ਲਾਵੇਗਾ”?
20 ਸੰਨ 1919 ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਰੂਹਾਨੀ ਗ਼ੁਲਾਮੀ ਵਿੱਚੋਂ ਕੱਢਿਆ ਸੀ। ਇਸ ਵਿਚ ਉਸ ਨੇ ਢਿਲ ਨਹੀਂ ਕੀਤੀ ਸੀ। ਪੁਰਾਣੇ ਜ਼ਮਾਨੇ ਵਿਚ ਬਾਬਲ ਉੱਤੇ ਖੋਰਸ ਦੀ ਜਿੱਤ ਵਰਗੀਆਂ ਘਟਨਾਵਾਂ ਦੇ ਨਾਲ-ਨਾਲ, ਇਹ ਘਟਨਾ ਵੀ ਸਾਨੂੰ ਅੱਜ ਹੌਸਲਾ ਦਿੰਦੀ ਹੈ। ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਅਤੇ ਉਸ ਵਿਚ ਹੋ ਰਹੀ ਝੂਠੀ ਪੂਜਾ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। (ਪਰਕਾਸ਼ ਦੀ ਪੋਥੀ 19:1, 2, 17-21) ਇਨਸਾਨੀ ਨਜ਼ਰੀਏ ਤੋਂ ਦੇਖਦੇ ਹੋਏ ਕੁਝ ਮਸੀਹੀਆਂ ਨੂੰ ਸ਼ਾਇਦ ਲੱਗਦਾ ਹੈ ਕਿ ਉਨ੍ਹਾਂ ਦਾ ਬਚਾਅ ਢਿਲ ਲਾਉਂਦਾ ਹੈ। ਪਰ ਅਸਲ ਵਿਚ ਇਹ ਧਾਰਮਿਕਤਾ ਦਾ ਕੰਮ ਹੈ ਕਿ ਯਹੋਵਾਹ ਧੀਰਜ ਕਰ ਕੇ ਆਪਣੇ ਸਮੇਂ ਸਿਰ ਇਹ ਵਾਅਦਾ ਪੂਰਾ ਕਰੇਗਾ ਕਿਉਂਕਿ “[ਯਹੋਵਾਹ] ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਇਸ ਲਈ ਭਰੋਸਾ ਰੱਖੋ ਕਿ ਪ੍ਰਾਚੀਨ ਇਸਰਾਏਲ ਦੇ ਜ਼ਮਾਨੇ ਵਾਂਗ ਅੱਜ ਵੀ “ਬਚਾਓ ਢਿਲ ਨਹੀਂ ਲਾਵੇਗਾ।” ਜਿਉਂ ਹੀ ਮੁਕਤੀ ਦਾ ਦਿਨ ਨੇੜੇ ਪਹੁੰਚਦਾ ਹੈ ਯਹੋਵਾਹ ਪਿਆਰ ਨਾਲ ਇਹ ਸੱਦਾ ਦਿੰਦਾ ਹੈ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ। ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਤੇ ਰਹਮ ਕਰੇਗਾ, ਅਤੇ ਸਾਡੇ ਪਰਮੇਸ਼ੁਰ ਵੱਲ ਜੋ ਅੱਤ ਦਿਆਲੂ ਹੈ।”—ਯਸਾਯਾਹ 55:6, 7.
[ਸਵਾਲ]
[ਸਫ਼ਾ 94 ਉੱਤੇ ਤਸਵੀਰਾਂ]
ਬਾਬਲ ਦੇ ਦੇਵਤੇ ਉਸ ਦਾ ਨਾਸ਼ ਨਹੀਂ ਰੋਕ ਸਕੇ
[ਸਫ਼ਾ 98 ਉੱਤੇ ਤਸਵੀਰਾਂ]
ਅੱਜ ਮਸੀਹੀਆਂ ਨੂੰ ਆਧੁਨਿਕ ਮੂਰਤੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ
[ਸਫ਼ਾ 101 ਉੱਤੇ ਤਸਵੀਰਾਂ]
ਸਹੀ ਕੰਮ ਕਰਨ ਲਈ ਹਿੰਮਤ ਰੱਖੋ