Skip to content

Skip to table of contents

ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ

ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ

ਨੌਵਾਂ ਅਧਿਆਇ

ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ

ਯੂਸਾਯਾਹ 48:1-22

1. ਬੁੱਧੀਮਾਨ ਲੋਕ ਯਹੋਵਾਹ ਦੀਆਂ ਗੱਲਾਂ ਸੁਣ ਕੇ ਕੀ ਕਰਦੇ ਹਨ?

ਜਦੋਂ ਯਹੋਵਾਹ ਗੱਲ ਕਰਦਾ ਹੈ, ਬੁੱਧੀਮਾਨ ਲੋਕ ਬੜੇ ਆਦਰ ਨਾਲ ਉਸ ਦੀ ਗੱਲ ਸੁਣਦੇ ਹਨ ਅਤੇ ਉਸ ਦੇ ਅਨੁਸਾਰ ਚੱਲਦੇ ਹਨ। ਯਹੋਵਾਹ ਦੀ ਹਰ ਗੱਲ ਸਾਡੇ ਭਲੇ ਲਈ ਹੁੰਦੀ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ। ਮਿਸਾਲ ਲਈ, ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਨੇ ਆਪਣੇ ਪ੍ਰਾਚੀਨ ਨੇਮ-ਬੱਧ ਲੋਕਾਂ ਨਾਲ ਕਿੰਨੀ ਚੰਗੀ ਤਰ੍ਹਾਂ ਗੱਲ ਕੀਤੀ ਸੀ: ‘ਕਾਸ਼ ਕਿ ਤੁਸੀਂ ਮੇਰੇ ਹੁਕਮਾਂ ਨੂੰ ਮੰਨਦੇ!’ (ਯਸਾਯਾਹ 48:18) ਇਹ ਗੱਲ ਪੱਕੀ ਹੈ ਕਿ ਪਰਮੇਸ਼ੁਰ ਦੀਆਂ ਸਿੱਖਿਆਵਾਂ ਸਾਡੇ ਭਲੇ ਲਈ ਹਨ। ਇਸ ਲਈ ਸਾਨੂੰ ਯਹੋਵਾਹ ਦੀ ਸੁਣਨੀ ਚਾਹੀਦੀ ਹੈ ਅਤੇ ਉਸ ਦੀ ਅਗਵਾਈ ਅਨੁਸਾਰ ਚੱਲਣਾ ਚਾਹੀਦਾ ਹੈ। ਭਵਿੱਖਬਾਣੀ ਦੀ ਪੂਰਤੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਨਿਭਾਉਂਦਾ ਹੈ।

2. ਯਸਾਯਾਹ ਦੀ ਪੁਸਤਕ ਦੇ 48ਵੇਂ ਅਧਿਆਇ ਦੇ ਸ਼ਬਦ ਕਿਨ੍ਹਾਂ ਲਈ ਲਿਖੇ ਗਏ ਸਨ, ਅਤੇ ਹੋਰ ਕੌਣ ਉਨ੍ਹਾਂ ਤੋਂ ਲਾਭ ਉਠਾ ਸਕਦੇ ਹਨ?

2 ਜ਼ਾਹਰ ਹੁੰਦਾ ਹੈ ਕਿ ਯਸਾਯਾਹ ਦੀ ਪੁਸਤਕ ਦੇ 48ਵੇਂ ਅਧਿਆਇ ਦੇ ਸ਼ਬਦ ਉਨ੍ਹਾਂ ਯਹੂਦੀਆਂ ਲਈ ਲਿਖੇ ਗਏ ਸਨ ਜਿਨ੍ਹਾਂ ਨੇ ਬਾਬਲ ਵਿਚ ਗ਼ੁਲਾਮ ਬਣਨਾ ਸੀ। ਇਸ ਤੋਂ ਇਲਾਵਾ, ਇਨ੍ਹਾਂ ਸ਼ਬਦਾਂ ਤੋਂ ਅੱਜ ਮਸੀਹੀਆਂ ਨੂੰ ਇਕ ਬਹੁਤ ਹੀ ਜ਼ਰੂਰੀ ਸੁਨੇਹਾ ਮਿਲਦਾ ਹੈ। ਯਸਾਯਾਹ ਦੇ 47ਵੇਂ ਅਧਿਆਇ ਵਿਚ ਬਾਬਲ ਦੇ ਡਿੱਗਣ ਦੀ ਭਵਿੱਖਬਾਣੀ ਦਿੱਤੀ ਗਈ ਸੀ। ਫਿਰ 48ਵੇਂ ਅਧਿਆਇ ਵਿਚ ਯਹੋਵਾਹ ਨੇ ਦੱਸਿਆ ਕਿ ਉਹ ਉਸ ਸ਼ਹਿਰ ਵਿਚ ਯਹੂਦੀ ਗ਼ੁਲਾਮਾਂ ਤੋਂ ਕੀ ਚਾਹੁੰਦਾ ਸੀ। ਯਹੋਵਾਹ ਆਪਣੇ ਚੁਣੇ ਹੋਏ ਲੋਕਾਂ ਦਾ ਪਖੰਡ ਦੇਖ ਕੇ ਅਤੇ ਆਪਣੇ ਵਾਅਦਿਆਂ ਵਿਚ ਉਨ੍ਹਾਂ ਦਾ ਅਵਿਸ਼ਵਾਸ ਦੇਖ ਕੇ ਬਹੁਤ ਦੁਖੀ ਹੋਇਆ। ਫਿਰ ਵੀ ਉਹ ਉਨ੍ਹਾਂ ਦੇ ਭਲੇ ਲਈ ਸਿੱਖਿਆ ਦੇਣੀ ਚਾਹੁੰਦਾ ਸੀ। ਉਸ ਨੇ ਪਹਿਲਾਂ ਹੀ ਸ਼ੁੱਧ ਕਰਨ ਦਾ ਸਮਾਂ ਦੇਖਿਆ, ਜਿਸ ਤੋਂ ਬਾਅਦ ਇਕ ਵਫ਼ਾਦਾਰ ਬਕੀਏ ਨੇ ਆਪਣੇ ਵਤਨ ਵਾਪਸ ਮੁੜਨਾ ਸੀ।

3. ਯਹੂਦਾਹ ਦੇ ਲੋਕਾਂ ਦੀ ਭਗਤੀ ਵਿਚ ਕੀ ਘਾਟ ਸੀ?

3 ਯਹੋਵਾਹ ਦੇ ਲੋਕ ਸ਼ੁੱਧ ਉਪਾਸਨਾ ਤੋਂ ਕਿੰਨੀ ਦੂਰ ਜਾ ਚੁੱਕੇ ਸਨ! ਯਸਾਯਾਹ ਦੇ ਇਹ ਸ਼ਬਦ ਕਿੰਨੇ ਗੰਭੀਰ ਸਨ: “ਏਹ ਸੁਣੋ, ਹੇ ਯਾਕੂਬ ਦੇ ਘਰਾਣੇ, ਜਿਹੜੇ ਇਸਰਾਏਲ ਦੇ ਨਾਮ ਦੇ ਸਦਾਉਂਦੇ, ਅਤੇ ਯਹੂਦਾਹ ਦੇ ਪਾਣੀਆਂ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸੌਂਹ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਨਣ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ। ਓਹ ਤਾਂ ਆਪਣੇ ਆਪ ਨੂੰ ਪਵਿੱਤ੍ਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਢਾਸਣਾ ਲੈਂਦੇ ਹਨ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ।” (ਯਸਾਯਾਹ 48:1, 2) ਇਹ ਲੋਕ ਕਿੰਨੇ ਪਖੰਡੀ ਸਨ! ‘ਯਹੋਵਾਹ ਦੇ ਨਾਮ ਦੀ ਸੌਂਹ ਖਾਣ’ ਦਾ ਮਤਲਬ ਇਹ ਸੀ ਕਿ ਉਹ ਸਿਰਫ਼ ਦਿਖਾਵੇ ਲਈ ਯਹੋਵਾਹ ਦਾ ਨਾਂ ਲੈ ਰਹੇ ਸਨ। (ਸਫ਼ਨਯਾਹ 1:5) ਬਾਬਲ ਵਿਚ ਗ਼ੁਲਾਮ ਬਣਨ ਤੋਂ ਪਹਿਲਾਂ, ਯਹੂਦੀ ਲੋਕ ਯਹੋਵਾਹ ਦੀ ਉਪਾਸਨਾ ਯਰੂਸ਼ਲਮ ਦੇ “ਪਵਿੱਤ੍ਰ ਸ਼ਹਿਰ” ਵਿਚ ਕਰਦੇ ਹੁੰਦੇ ਸਨ। ਪਰ ਉਨ੍ਹਾਂ ਦੀ ਭਗਤੀ ਦਿਲੋਂ ਨਹੀਂ ਕੀਤੀ ਜਾਂਦੀ ਸੀ। ਉਨ੍ਹਾਂ ਦੇ ਦਿਲ ਪਰਮੇਸ਼ੁਰ ਤੋਂ ਦੂਰ ਸਨ, ਅਤੇ ਉਨ੍ਹਾਂ ਦੀ ਭਗਤੀ “ਸਚਿਆਈ ਅਤੇ ਧਰਮ ਨਾਲ ਨਹੀਂ” ਕੀਤੀ ਜਾ ਰਹੀ ਸੀ। ਉਨ੍ਹਾਂ ਕੋਲ ਆਪਣੇ ਪਿਉ-ਦਾਦਿਆਂ ਵਰਗੀ ਨਿਹਚਾ ਨਹੀਂ ਸੀ।​—ਮਲਾਕੀ 3:7.

4. ਯਹੋਵਾਹ ਕਿਹੋ ਜਿਹੀ ਭਗਤੀ ਚਾਹੁੰਦਾ ਹੈ?

4 ਯਹੋਵਾਹ ਦੇ ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਸਾਨੂੰ ਉਪਾਸਨਾ ਸਿਰਫ਼ ਦਿਖਾਵੇ ਲਈ ਹੀ ਨਹੀਂ ਕਰਨੀ ਚਾਹੀਦੀ। ਇਹ ਦਿਲੋਂ ਕੀਤੀ ਜਾਣੀ ਚਾਹੀਦੀ ਹੈ। ਜੇ ਅਸੀਂ ਸਿਰਫ਼ ਦੂਸਰਿਆਂ ਨੂੰ ਖ਼ੁਸ਼ ਕਰਨ ਲਈ ਪਰਮੇਸ਼ੁਰ ਦੀ ਸੇਵਾ ਦਾ ਦਿਖਾਵਾ ਕਰ ਰਹੇ ਹਾਂ, ਤਾਂ ਇਹ ਪਰਮੇਸ਼ੁਰ ਦੀ ਸੱਚੀ “ਭਗਤੀ” ਨਹੀਂ ਹੈ। (2 ਪਤਰਸ 3:11) ਆਪਣੇ ਆਪ ਨੂੰ ਸਿਰਫ਼ ਮਸੀਹੀ ਕਹਿਲਾਉਣ ਨਾਲ ਸਾਡੀ ਉਪਾਸਨਾ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੋ ਜਾਂਦੀ। (2 ਤਿਮੋਥਿਉਸ 3:5) ਇਹ ਮੰਨਣਾ ਜ਼ਰੂਰੀ ਹੈ ਕਿ ਯਹੋਵਾਹ ਸੱਚ-ਮੁੱਚ ਹੈ। ਪਰ ਇਹ ਤਾਂ ਭਗਤੀ ਦੇ ਮਾਮਲੇ ਵਿਚ ਪਹਿਲੀ ਗੱਲ ਹੋਣੀ ਚਾਹੀਦੀ ਹੈ। ਯਹੋਵਾਹ ਅਜਿਹੀ ਭਗਤੀ ਚਾਹੁੰਦਾ ਹੈ ਜੋ ਉਸ ਲਈ ਪਿਆਰ ਅਤੇ ਕਦਰ ਦਿਖਾਉਣ ਵਾਸਤੇ ਚਿੱਤ ਲਾ ਕੇ ਕੀਤੀ ਜਾਂਦੀ ਹੈ।​—ਕੁਲੁੱਸੀਆਂ 3:23.

ਨਵੀਆਂ ਗੱਲਾਂ ਦੱਸਣੀਆਂ

5. ਕੁਝ “ਪਹਿਲੀਆਂ ਗੱਲਾਂ” ਕੀ ਹਨ ਜੋ ਯਹੋਵਾਹ ਨੇ ਦੱਸੀਆਂ ਸਨ?

5 ਸ਼ਾਇਦ ਬਾਬਲ ਵਿਚ ਯਹੂਦੀਆਂ ਨੂੰ ਦੁਬਾਰਾ ਯਾਦ ਕਰਾਉਣ ਦੀ ਜ਼ਰੂਰਤ ਸੀ ਕਿ ਯਹੋਵਾਹ ਹੀ ਸੱਚੀ ਭਵਿੱਖਬਾਣੀ ਦਾ ਪਰਮੇਸ਼ੁਰ ਹੈ। ਇਸ ਲਈ ਯਹੋਵਾਹ ਨੇ ਕਿਹਾ: “ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਓਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਓਹਨਾਂ ਨੂੰ ਸੁਣਾਇਆ, ਤੁਰਤ ਫੁਰਤ ਮੈਂ ਓਹਨਾਂ ਨੂੰ ਕਰ ਦਿੱਤਾ ਅਤੇ ਓਹ ਹੋ ਗਈਆਂ।” (ਯਸਾਯਾਹ 48:3) “ਪਹਿਲੀਆਂ ਗੱਲਾਂ” ਉਹ ਸਨ ਜੋ ਪਰਮੇਸ਼ੁਰ ਪਹਿਲਾਂ ਹੀ ਕਰ ਚੁੱਕਾ ਸੀ, ਜਿਵੇਂ ਕਿ ਉਸ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾ ਕੇ ਵਾਅਦਾ ਕੀਤਾ ਹੋਇਆ ਦੇਸ਼ ਵਿਰਾਸਤ ਵਜੋਂ ਦਿੱਤਾ। (ਉਤਪਤ 13:14, 15; 15:13, 14) ਅਜਿਹੀਆਂ ਗੱਲਾਂ ਪਰਮੇਸ਼ੁਰ ਦੇ ਮੂੰਹੋਂ ਨਿਕਲਦੀਆਂ ਹਨ। ਪਰਮੇਸ਼ੁਰ ਇਨਸਾਨਾਂ ਨੂੰ ਆਪਣੇ ਹੁਕਮ ਸੁਣਾਉਂਦਾ ਹੈ, ਅਤੇ ਸਾਨੂੰ ਇਹ ਸੁਣ ਕੇ ਮੰਨਣੇ ਚਾਹੀਦੇ ਹਨ। (ਬਿਵਸਥਾ ਸਾਰ 28:15) ਉਹ ਪਹਿਲਾਂ ਦੱਸੀਆਂ ਗਈਆਂ ਗੱਲਾਂ ਪੂਰੀਆਂ ਕਰਨ ਲਈ ਅਚਾਨਕ ਕਦਮ ਚੁੱਕਦਾ ਹੈ। ਸਰਬਸ਼ਕਤੀਮਾਨ ਪਰਮੇਸ਼ੁਰ ਹੋਣ ਦੇ ਨਾਤੇ ਯਹੋਵਾਹ ਆਪਣਾ ਮਕਸਦ ਪੂਰਾ ਕਰ ਕੇ ਰਹਿੰਦਾ ਹੈ।​—ਯਹੋਸ਼ੁਆ 21:45; 23:14.

6. ਯਹੂਦੀ ਲੋਕ ਕਿਸ ਹੱਦ ਤਕ ਜ਼ਿੱਦੀ ਅਤੇ ਆਕੀ ਹੋ ਗਏ ਸਨ?

6 ਯਹੋਵਾਹ ਦੇ ਲੋਕ ਜ਼ਿੱਦੀ ਅਤੇ ਆਕੀ ਸਨ। (ਜ਼ਬੂਰ 78:8) ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨੂੰ ਸਾਫ਼-ਸਾਫ਼ ਦੱਸਿਆ: “ਤੂੰ ਹਠੀਆ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪਠਾ ਹੈ, ਅਤੇ ਤੇਰਾ ਮਸਤਕ ਪਿੱਤਲ ਦਾ ਹੈ।” (ਯਸਾਯਾਹ 48:4) ਲੋਹੇ ਅਤੇ ਪਿੱਤਲ ਦੀ ਤਰ੍ਹਾਂ ਯਹੂਦੀਆਂ ਨੂੰ ਮੋੜਨਾ ਔਖਾ ਸੀ ਕਿਉਂਕਿ ਉਹ ਜ਼ਿੱਦੀ ਲੋਕ ਸਨ। ਇਹ ਇਕ ਕਾਰਨ ਹੈ ਜਿਸ ਕਰਕੇ ਯਹੋਵਾਹ ਨੇ ਘਟਨਾਵਾਂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਬਾਰੇ ਦੱਸਿਆ ਸੀ। ਨਹੀਂ ਤਾਂ ਉਸ ਦੇ ਲੋਕ ਯਹੋਵਾਹ ਦੇ ਕੰਮਾਂ ਬਾਰੇ ਕਹਿ ਸਕਦੇ ਸਨ ਕਿ “ਮੇਰੇ ਬੁੱਤ ਨੇ ਓਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲੇ ਹੋਏ ਬੁੱਤ ਨੇ ਏਹਨਾਂ ਦਾ ਹੁਕਮ ਦਿੱਤਾ ਸੀ!” (ਯਸਾਯਾਹ 48:5) ਕੀ ਯਹੋਵਾਹ ਦੀ ਗੱਲ ਨੇ ਉਨ੍ਹਾਂ ਬੇਵਫ਼ਾ ਯਹੂਦੀਆਂ ਉੱਤੇ ਕੋਈ ਅਸਰ ਪਾਇਆ ਸੀ? ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੈਂ ਸੁਣਿਆ, ਏਹ ਸਭ ਕੁਝ ਵੇਖ, ਅਤੇ ਤੁਸੀਂ,—ਭਲਾ, ਤੁਸੀਂ ਨਾ ਦੱਸੋਗੇ? ਹੁਣ ਤੋਂ ਮੈਂ ਤੈਨੂੰ ਨਵੀਂਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੈਂ ਨਹੀਂ ਜਾਣਿਆ। ਓਹ ਹੁਣੇ ਉਤਪੰਨ ਹੋਈਆਂ, ਨਾ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੈਂ ਓਹਨਾਂ ਨੂੰ ਸੁਣਿਆ ਵੀ ਨਹੀਂ, ਮਤੇ ਤੂੰ ਆਖ ਬੈਠੇਂ, ਮੈਂ ਏਹਨਾਂ ਨੂੰ ਜਾਣਦਾ ਸਾਂ।”​—ਯਸਾਯਾਹ 48:6, 7.

7. ਗ਼ੁਲਾਮ ਯਹੂਦੀਆਂ ਨੂੰ ਕੀ ਸਵੀਕਾਰ ਕਰਨਾ ਪਿਆ ਸੀ, ਅਤੇ ਉਹ ਕਿਹੜੀ ਉਮੀਦ ਰੱਖ ਸਕਦੇ ਸਨ?

7 ਯਸਾਯਾਹ ਨੇ ਬਹੁਤ ਚਿਰ ਪਹਿਲਾਂ ਬਾਬਲ ਦੇ ਡਿੱਗਣ ਦੀ ਭਵਿੱਖਬਾਣੀ ਲਿਖੀ ਸੀ। ਜਦੋਂ ਯਹੂਦੀ ਬਾਬਲ ਵਿਚ ਗ਼ੁਲਾਮ ਸਨ, ਤਾਂ ਉਨ੍ਹਾਂ ਨੂੰ ਇਸ ਭਵਿੱਖਬਾਣੀ ਦੀ ਪੂਰਤੀ ਉੱਤੇ ਗੌਰ ਕਰਨ ਲਈ ਹੁਕਮ ਦਿੱਤਾ ਗਿਆ ਸੀ। ਕੀ ਉਹ ਇਸ ਗੱਲ ਦਾ ਇਨਕਾਰ ਕਰ ਸਕਦੇ ਸਨ ਕਿ ਯਹੋਵਾਹ ਭਵਿੱਖਬਾਣੀਆਂ ਪੂਰੀਆਂ ਕਰਨ ਵਾਲਾ ਪਰਮੇਸ਼ੁਰ ਹੈ? ਯਹੂਦਾਹ ਦੇ ਵਾਸੀਆਂ ਨੇ ਦੇਖਿਆ ਅਤੇ ਸੁਣਿਆ ਸੀ ਕਿ ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ, ਇਸ ਲਈ ਕੀ ਉਨ੍ਹਾਂ ਦਾ ਫ਼ਰਜ਼ ਨਹੀਂ ਬਣਦਾ ਸੀ ਕਿ ਉਹ ਇਹ ਸੱਚਾਈ ਦੂਸਰਿਆਂ ਨੂੰ ਵੀ ਦੱਸਣ? ਯਹੋਵਾਹ ਨੇ ਅਜਿਹੀਆਂ ਨਵੀਆਂ ਗੱਲਾਂ ਵੀ ਦੱਸੀਆਂ ਸਨ ਜੋ ਉਸ ਵੇਲੇ ਅਜੇ ਪੂਰੀਆਂ ਨਹੀਂ ਹੋਈਆਂ ਸਨ, ਜਿਵੇਂ ਕਿ ਬਾਬਲ ਉੱਤੇ ਖੋਰਸ ਦੀ ਜਿੱਤ ਅਤੇ ਯਹੂਦੀਆਂ ਦਾ ਛੁਟਕਾਰਾ। (ਯਸਾਯਾਹ 48:14-16) ਇਸ ਤਰ੍ਹਾਂ ਲੱਗਦਾ ਹੈ ਕਿ ਅਜਿਹੀਆਂ ਅਸਚਰਜ ਘਟਨਾਵਾਂ ਅਚਾਨਕ ਹੀ ਹੋਈਆਂ ਸਨ। ਕੋਈ ਵੀ ਸਿਰਫ਼ ਦੁਨੀਆਂ ਦੀ ਹਾਲਤ ਦੇਖ ਕੇ ਇਹ ਨਹੀਂ ਦੱਸ ਸਕਦਾ ਸੀ ਕਿ ਇਹ ਹੋਣਗੀਆਂ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਆਪੇ ਪੈਦਾ ਹੋਈਆਂ ਸਨ। ਪਰ ਇਨ੍ਹਾਂ ਦੇ ਪਿੱਛੇ ਕਿਸ ਦਾ ਹੱਥ ਸੀ? ਯਹੋਵਾਹ ਨੇ ਇਨ੍ਹਾਂ ਬਾਰੇ ਕੁਝ 200 ਸਾਲ ਪਹਿਲਾਂ ਦੱਸਿਆ ਸੀ, ਇਸ ਲਈ ਉਹੀ ਇਨ੍ਹਾਂ ਗੱਲਾਂ ਨੂੰ ਪੂਰਾ ਕਰ ਰਿਹਾ ਸੀ।

8. ਅੱਜ ਮਸੀਹੀ ਕਿਨ੍ਹਾਂ ਨਵੀਆਂ ਗੱਲਾਂ ਦੀ ਉਮੀਦ ਰੱਖਦੇ ਹਨ, ਅਤੇ ਉਹ ਯਹੋਵਾਹ ਦੇ ਬਚਨ ਉੱਤੇ ਪੂਰਾ ਭਰੋਸਾ ਕਿਉਂ ਰੱਖਦੇ ਹਨ?

8 ਇਸ ਤੋਂ ਇਲਾਵਾ, ਯਹੋਵਾਹ ਆਪਣਾ ਬਚਨ ਆਪਣੇ ਸਮੇਂ ਸਿਰ ਪੂਰਾ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਪੂਰੀਆਂ ਹੋਈਆਂ ਭਵਿੱਖਬਾਣੀਆਂ ਨੇ ਸਿਰਫ਼ ਯਹੂਦੀਆਂ ਲਈ ਹੀ ਨਹੀਂ ਇਹ ਸਾਬਤ ਕੀਤਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਪਰ ਅੱਜ ਦੇ ਮਸੀਹੀਆਂ ਲਈ ਵੀ ਇਹ ਗੱਲ ਸੱਚ ਸਾਬਤ ਹੋਈ ਹੈ। “ਪਹਿਲੀਆਂ ਗੱਲਾਂ” ਯਾਨੀ ਭਵਿੱਖਬਾਣੀਆਂ ਜੋ ਪੂਰੀਆਂ ਹੋ ਚੁੱਕੀਆਂ ਹਨ, ਸਾਨੂੰ ਭਰੋਸਾ ਦਿੰਦੀਆਂ ਹਨ ਕਿ ਅਗਾਹਾਂ ਨੂੰ ਉਹ ਵੀ ਗੱਲਾਂ ਪੂਰੀਆਂ ਹੋਣਗੀਆਂ ਜਿਨ੍ਹਾਂ ਦਾ ਯਹੋਵਾਹ ਨੇ ਵਾਅਦਾ ਕੀਤਾ ਹੈ। ਮਿਸਾਲ ਲਈ, ਆ ਰਹੀ “ਵੱਡੀ ਬਿਪਤਾ” ਦੀ ਭਵਿੱਖਬਾਣੀ, ਉਸ ਬਿਪਤਾ ਵਿਚ ਦੀ “ਇੱਕ ਵੱਡੀ ਭੀੜ” ਦਾ ਬਚਾਅ, “ਨਵੀਂ ਧਰਤੀ,” ਅਤੇ ਹੋਰ ਬਹੁਤ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ। (ਪਰਕਾਸ਼ ਦੀ ਪੋਥੀ 7:9, 14, 15; 21:4, 5; 2 ਪਤਰਸ 3:13) ਇਹ ਭਰੋਸਾ ਨੇਕਦਿਲ ਲੋਕਾਂ ਨੂੰ ਯਹੋਵਾਹ ਬਾਰੇ ਜੋਸ਼ ਨਾਲ ਗੱਲ ਕਰਨ ਲਈ ਪ੍ਰੇਰਦਾ ਹੈ। ਉਹ ਜ਼ਬੂਰਾਂ ਦੇ ਲਿਖਾਰੀ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਜਿਸ ਨੇ ਕਿਹਾ: “ਮੈਂ ਮਹਾ ਸਭਾ ਵਿੱਚ ਧਰਮ ਦੀ ਖੁਸ਼ ਖਬਰੀ ਦਾ ਪਰਚਾਰ ਕੀਤਾ ਹੈ,—ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ।”​—ਜ਼ਬੂਰ 40:9.

ਯਹੋਵਾਹ ਨੇ ਆਪਣਾ ਕ੍ਰੋਧ ਰੋਕੀ ਰੱਖਿਆ

9. ਇਸਰਾਏਲ ਦੀ ਕੌਮ ‘ਢਿੱਡ ਤੋਂ ਹੀ ਅਪਰਾਧੀ’ ਕਿਵੇਂ ਸੀ?

9 ਯਹੋਵਾਹ ਦੀਆਂ ਭਵਿੱਖਬਾਣੀਆਂ ਵਿਚ ਯਹੂਦੀ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ। ਅਤੇ ਨਾ ਹੀ ਉਨ੍ਹਾਂ ਨੇ ਉਸ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੱਤਾ ਸੀ। ਤਾਹੀਓਂ ਉਸ ਨੇ ਉਨ੍ਹਾਂ ਨੂੰ ਅੱਗੇ ਕਿਹਾ: “ਨਾ ਤੈਂ ਸੁਣਿਆ, ਨਾ ਤੈਂ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਢਿੱਡ ਤੋਂ ਹੀ ਤੂੰ ਅਪਰਾਧੀ ਅਖਵਾਇਆ।” (ਯਸਾਯਾਹ 48:8) ਯਹੂਦਾਹ ਦੇ ਲੋਕ ਯਹੋਵਾਹ ਦੀ ਖ਼ੁਸ਼ ਖ਼ਬਰੀ ਨਹੀਂ ਸੁਣਨੀ ਚਾਹੁੰਦੇ ਸਨ। (ਯਸਾਯਾਹ 29:10) ਪਰਮੇਸ਼ੁਰ ਦੇ ਇਨ੍ਹਾਂ ਨੇਮ-ਬੱਧ ਲੋਕਾਂ ਦੇ ਕੰਮਾਂ ਨੇ ਦਿਖਾਇਆ ਕਿ ਇਹ ਕੌਮ ‘ਢਿੱਡ ਤੋਂ ਹੀ ਅਪਰਾਧੀ’ ਸੀ। ਸ਼ੁਰੂ ਤੋਂ ਹੀ ਇਸਰਾਏਲ ਦੀ ਕੌਮ ਨੇ ਬਗਾਵਤ ਕੀਤੀ ਸੀ। ਇਨ੍ਹਾਂ ਲੋਕਾਂ ਨੇ ਸਿਰਫ਼ ਕਦੀ-ਕਦੀ ਅਪਰਾਧ ਅਤੇ ਠੱਗੀ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਇਹ ਪਾਪ ਵਾਰ-ਵਾਰ ਕੀਤੇ ਸਨ।​—ਜ਼ਬੂਰ 95:10; ਮਲਾਕੀ 2:11.

10. ਯਹੋਵਾਹ ਨੇ ਆਪਣਾ ਕ੍ਰੋਧ ਕਿਉਂ ਰੋਕੀ ਰੱਖਿਆ ਸੀ?

10 ਕੀ ਉਨ੍ਹਾਂ ਲਈ ਕੋਈ ਉਮੀਦ ਸੀ? ਹਾਂ। ਭਾਵੇਂ ਕਿ ਯਹੂਦਾਹ ਬਾਗ਼ੀ ਅਤੇ ਧਰੋਹੀ ਸੀ, ਯਹੋਵਾਹ ਹਮੇਸ਼ਾ ਉਸ ਪ੍ਰਤੀ ਸੱਚਾ ਅਤੇ ਵਫ਼ਾਦਾਰ ਰਿਹਾ। ਆਪਣੇ ਮਹਾਨ ਨਾਂ ਦੀ ਵਡਿਆਈ ਲਈ ਉਸ ਨੇ ਆਪਣਾ ਕ੍ਰੋਧ ਰੋਕੀ ਰੱਖਿਆ ਸੀ। ਉਸ ਨੇ ਕਿਹਾ: “ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਅਟਕਾ ਰੱਖਾਂਗਾ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਭਈ ਮੈਂ ਤੈਨੂੰ ਵੱਢ ਨਾ ਸੁੱਟਾਂ।” (ਯਸਾਯਾਹ 48:9) ਯਹੋਵਾਹ ਅਤੇ ਉਸ ਦੇ ਲੋਕਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ! ਇਸਰਾਏਲ ਅਤੇ ਯਹੂਦਾਹ ਦੇ ਲੋਕ ਯਹੋਵਾਹ ਪ੍ਰਤੀ ਬੇਵਫ਼ਾ ਨਿਕਲੇ ਸਨ। ਪਰ ਯਹੋਵਾਹ ਨੇ ਆਪਣੇ ਨਾਂ ਦੀ ਵਡਿਆਈ ਅਤੇ ਉਸਤਤ ਕਰਾ ਕੇ ਉਸ ਨੂੰ ਪਵਿੱਤਰ ਕੀਤਾ ਸੀ। ਇਸੇ ਕਾਰਨ ਉਸ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਵੱਢ ਨਹੀਂ ਸੁੱਟਿਆ ਸੀ।​—ਯੋਏਲ 2:13, 14.

11. ਯਹੋਵਾਹ ਨੇ ਆਪਣੇ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਿਉਂ ਨਹੀਂ ਹੋਣ ਦਿੱਤਾ ਸੀ?

11 ਗ਼ੁਲਾਮ ਯਹੂਦੀਆਂ ਵਿਚਕਾਰ ਕੁਝ ਨੇਕਦਿਲ ਲੋਕ ਵੀ ਸਨ। ਉਨ੍ਹਾਂ ਨੇ ਯਹੋਵਾਹ ਦੀ ਤਾੜਨਾ ਸਵੀਕਾਰ ਕਰ ਕੇ ਉਸ ਦੀਆਂ ਸਿੱਖਿਆਵਾਂ ਵੱਲ ਧਿਆਨ ਦੇਣ ਲਈ ਆਪਣੇ ਮਨ ਪੱਕੇ ਬਣਾਏ। ਅਜਿਹੇ ਲੋਕਾਂ ਨੂੰ ਅਗਲੇ ਸ਼ਬਦਾਂ ਤੋਂ ਬੜਾ ਹੌਸਲਾ ਮਿਲਿਆ ਹੋਣਾ: “ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਙੁ ਨਹੀਂ, ਮੈਂ ਤੈਨੂੰ ਦੁਖ ਦੀ ਕੁਠਾਲੀ ਵਿੱਚ ਪਰਤਾਇਆ ਹੈ। ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਏਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭਰਿਸ਼ਟ ਕੀਤਾ ਜਾਵੇ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।” (ਯਸਾਯਾਹ 48:10, 11) ਯਹੋਵਾਹ ਨੇ ਮਾਨੋ “ਦੁਖ ਦੀ ਕੁਠਾਲੀ” ਵਿਚ ਆਪਣੇ ਲੋਕਾਂ ਉੱਤੇ ਪਰੀਖਿਆਵਾਂ ਆਉਣ ਦਿੱਤੀਆਂ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਪਰਤਾਇਆ ਅਤੇ ਸ਼ੁੱਧ ਕੀਤਾ ਸੀ। ਇਨ੍ਹਾਂ ਪਰੀਖਿਆਵਾਂ ਨੇ ਇਹ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਸੀ। ਅਜਿਹਾ ਕੁਝ ਸਦੀਆਂ ਪਹਿਲਾਂ ਵੀ ਹੋਇਆ ਸੀ ਜਦੋਂ ਮੂਸਾ ਨੇ ਇਨ੍ਹਾਂ ਲੋਕਾਂ ਦੇ ਪਿਉ-ਦਾਦਿਆਂ ਨੂੰ ਕਿਹਾ ਸੀ: “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਵਰਹੇ ਉਜਾੜ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਭਈ ਤੁਹਾਡੇ ਮਨ ਵਿੱਚ ਕੀ ਹੈ।” (ਬਿਵਸਥਾ ਸਾਰ 8:2) ਮੂਸਾ ਦੇ ਜ਼ਮਾਨੇ ਵਿਚ ਵੀ ਯਹੋਵਾਹ ਨੇ ਆਪਣੀ ਕੌਮ ਨੂੰ ਉਨ੍ਹਾਂ ਦੇ ਬਾਗ਼ੀ ਰਵੱਈਏ ਦੇ ਬਾਵਜੂਦ ਖ਼ਤਮ ਨਹੀਂ ਕੀਤਾ ਸੀ ਅਤੇ ਨਾ ਹੀ ਉਸ ਨੇ ਬਾਬਲੀਆਂ ਦੇ ਸਮੇਂ ਆਪਣੇ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਸੀ। ਇਸ ਤਰ੍ਹਾਂ ਯਹੋਵਾਹ ਦਾ ਨਾਂ ਅਤੇ ਮਾਣ ਕਾਇਮ ਰਹੇ। ਜੇਕਰ ਉਸ ਦੇ ਲੋਕ ਬਾਬਲੀਆਂ ਦੇ ਹੱਥੀਂ ਖ਼ਤਮ ਹੋ ਜਾਂਦੇ, ਤਾਂ ਉਹ ਆਪਣੇ ਨੇਮ ਪ੍ਰਤੀ ਝੂਠਾ ਅਤੇ ਬਦਨਾਮ ਹੁੰਦਾ। ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਣਾ ਸੀ ਕਿ ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾ ਨਹੀਂ ਸਕਦਾ ਸੀ।​—ਹਿਜ਼ਕੀਏਲ 20:9.

12. ਪਹਿਲੇ ਵਿਸ਼ਵ ਯੁੱਧ ਦੌਰਾਨ ਸੱਚੇ ਮਸੀਹੀ ਸ਼ੁੱਧ ਕਿਵੇਂ ਕੀਤੇ ਗਏ ਸਨ?

12 ਸਾਡੇ ਜ਼ਮਾਨੇ ਵਿਚ ਵੀ ਯਹੋਵਾਹ ਦੇ ਲੋਕਾਂ ਨੂੰ ਸ਼ੁੱਧ ਕਰਨ ਦੀ ਲੋੜ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿਚ, ਬਾਈਬਲ ਸਟੂਡੈਂਟਸ ਦੇ ਛੋਟੇ ਜਿਹੇ ਸਮੂਹ ਦੇ ਕਈ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਸ ਦੀ ਸੇਵਾ ਕਰਦੇ ਸਨ, ਜਦ ਕਿ ਹੋਰਨਾਂ ਦੇ ਇਰਾਦੇ ਗ਼ਲਤ ਸਨ ਅਤੇ ਉਹ ਆਪਣੀ ਵਡਿਆਈ ਚਾਹੁੰਦੇ ਸਨ। ਇਸ ਤੋਂ ਪਹਿਲਾਂ ਕਿ ਇਹ ਛੋਟਾ ਜਿਹਾ ਸਮੂਹ ਭਵਿੱਖਬਾਣੀ ਅਨੁਸਾਰ ਅੰਤ ਦੇ ਸਮੇਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕਰ ਸਕੇ, ਇਸ ਸਮੂਹ ਨੂੰ ਸ਼ੁੱਧ ਕਰਨ ਦੀ ਲੋੜ ਸੀ। (ਮੱਤੀ 24:14) ਮਲਾਕੀ ਨਾਂ ਦੇ ਨਬੀ ਦੀ ਭਵਿੱਖਬਾਣੀ ਅਨੁਸਾਰ ਸਾਫ਼ ਕਰਨ ਦਾ ਇਹ ਕੰਮ ਉਦੋਂ ਹੋਣਾ ਸੀ ਜਦੋਂ ਯਹੋਵਾਹ ਨੇ ਆਪਣੀ ਹੈਕਲ ਵਿਚ ਆਉਣਾ ਸੀ। (ਮਲਾਕੀ 3:1-4) ਉਸ ਦੇ ਸ਼ਬਦ 1918 ਵਿਚ ਪੂਰੇ ਹੋਏ। ਸੱਚੇ ਮਸੀਹੀ ਪਹਿਲੇ ਵਿਸ਼ਵ ਯੁੱਧ ਵਿਚ ਸਖ਼ਤ ਪਰੀਖਿਆਵਾਂ ਦਾ ਸਾਮ੍ਹਣਾ ਕਰ ਚੁੱਕੇ ਸਨ ਅਤੇ ਇਹ ਪਰੀਖਿਆਵਾਂ ਆਪਣੇ ਸਿਖਰ ਤੇ ਉਦੋਂ ਪਹੁੰਚੀਆਂ ਜਦੋਂ ਵਾਚ ਟਾਵਰ ਸੋਸਾਇਟੀ ਦਾ ਪ੍ਰਧਾਨ ਭਰਾ ਰਦਰਫ਼ਰਡ ਅਤੇ ਕੁਝ ਹੋਰ ਭਰਾ ਜੇਲ੍ਹ ਵਿਚ ਸੁੱਟੇ ਗਏ। ਉਨ੍ਹਾਂ ਸੱਚੇ ਮਸੀਹੀਆਂ ਨੂੰ ਸ਼ੁੱਧ ਕਰਨ ਦੇ ਇਸ ਕੰਮ ਤੋਂ ਲਾਭ ਹੋਇਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਉਹ ਆਪਣੇ ਮਹਾਨ ਪਰਮੇਸ਼ੁਰ ਦੀ ਸੇਵਾ ਉਸ ਦੀ ਇੱਛਾ ਅਨੁਸਾਰ ਕਰਨ ਲਈ ਤਿਆਰ ਸਨ।

13. ਪਹਿਲੇ ਵਿਸ਼ਵ ਯੁੱਧ ਦੇ ਸਮੇਂ ਤੋਂ ਲੈ ਕੇ ਯਹੋਵਾਹ ਦੇ ਲੋਕਾਂ ਨੇ ਕਿਸ ਰਵੱਈਏ ਨਾਲ ਜ਼ੁਲਮ ਸਹੇ ਹਨ?

13 ਉਸ ਸਮੇਂ ਤੋਂ ਲੈ ਕੇ ਯਹੋਵਾਹ ਦੇ ਗਵਾਹਾਂ ਨੇ ਵਾਰ-ਵਾਰ ਸਭ ਤੋਂ ਭੈੜੇ ਜ਼ੁਲਮ ਸਹੇ ਹਨ। ਪਰ ਉਨ੍ਹਾਂ ਨੇ ਆਪਣੇ ਸਿਰਜਣਹਾਰ ਦੇ ਬਚਨ ਉੱਤੇ ਸ਼ੱਕ ਨਹੀਂ ਕੀਤਾ ਹੈ। ਬਲਕਿ ਉਨ੍ਹਾਂ ਨੇ ਪਤਰਸ ਰਸੂਲ ਦੇ ਸ਼ਬਦਾਂ ਵੱਲ ਧਿਆਨ ਦਿੱਤਾ ਹੈ ਜਿੱਥੇ ਉਸ ਨੇ ਆਪਣੇ ਜ਼ਮਾਨੇ ਦੇ ਦੁਖੀ ਮਸੀਹੀਆਂ ਨੂੰ ਲਿਖਿਆ ਸੀ: “ਤੁਸੀਂ . . . ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ। ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ . . . ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।” (1 ਪਤਰਸ 1:6, 7) ਸਖ਼ਤ ਅਜ਼ਮਾਇਸ਼ਾਂ ਸੱਚੇ ਮਸੀਹੀਆਂ ਦੀ ਖਰਿਆਈ ਨੂੰ ਖ਼ਤਮ ਨਹੀਂ ਕਰਦੀਆਂ। ਸਗੋਂ ਇਹ ਉਨ੍ਹਾਂ ਦੇ ਨੇਕ ਇਰਾਦਿਆਂ ਨੂੰ ਪ੍ਰਗਟ ਕਰਦੀਆਂ ਹਨ। ਉਨ੍ਹਾਂ ਦੀ ਨਿਹਚਾ ਪਰਖੀ ਜਾਂਦੀ ਹੈ ਅਤੇ ਉਨ੍ਹਾਂ ਦੀ ਸ਼ਰਧਾ ਅਤੇ ਪਿਆਰ ਦੀ ਗਹਿਰਾਈ ਦਾ ਸਬੂਤ ਮਿਲਦਾ ਹੈ।​—ਕਹਾਉਤਾਂ 17:3.

‘ਮੈਂ ਆਦ ਹਾਂ, ਮੈਂ ਅੰਤ ਹਾਂ’

14. (ੳ) ਯਹੋਵਾਹ “ਆਦ” ਅਤੇ “ਅੰਤ” ਕਿਵੇਂ ਹੈ? (ਅ) ਯਹੋਵਾਹ ਨੇ ਆਪਣੇ “ਹੱਥ” ਨਾਲ ਕਿਹੜੇ ਵੱਡੇ-ਵੱਡੇ ਕੰਮ ਕੀਤੇ ਸਨ?

14 ਅੱਗੇ ਯਹੋਵਾਹ ਨੇ ਆਪਣੇ ਨੇਮ-ਬੱਧ ਲੋਕਾਂ ਦੀ ਪਿਆਰ ਨਾਲ ਬੇਨਤੀ ਕੀਤੀ: “ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ! ਮੈਂ ਉਹੀ ਹਾਂ, ਮੈਂ ਆਦ ਹਾਂ, ਮੈਂ ਅੰਤ ਵੀ ਹਾਂ। ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਉਂ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ, ਮੈਂ ਓਹਨਾਂ ਨੂੰ ਸੱਦਦਾ ਹਾਂ, ਓਹ ਇਕੱਠੇ ਖਲੋ ਜਾਂਦੇ ਹਨ।” (ਯਸਾਯਾਹ 48:12, 13) ਇਨਸਾਨਾਂ ਤੋਂ ਉਲਟ ਪਰਮੇਸ਼ੁਰ ਸਦੀਵੀ ਹੈ ਅਤੇ ਉਹ ਬਦਲਦਾ ਨਹੀਂ। (ਮਲਾਕੀ 3:6) ਪਰਕਾਸ਼ ਦੀ ਪੋਥੀ ਵਿਚ ਯਹੋਵਾਹ ਐਲਾਨ ਕਰਦਾ ਹੈ ਕਿ “ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ।” (ਪਰਕਾਸ਼ ਦੀ ਪੋਥੀ 22:13) ਯਹੋਵਾਹ ਤੋਂ ਪਹਿਲਾਂ ਕਦੇ ਕੋਈ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਸੀ ਅਤੇ ਉਸ ਤੋਂ ਬਾਅਦ ਵੀ ਕੋਈ ਨਹੀਂ ਹੋਵੇਗਾ। ਉਹੀ ਪਰਮਾਤਮਾ, ਅਕਾਲ ਪੁਰਖ, ਅਤੇ ਸਿਰਜਣਹਾਰ ਹੈ। ਪਰਮੇਸ਼ੁਰ ਨੇ ਆਪਣੇ “ਹੱਥ,” ਯਾਨੀ ਆਪਣੀ ਸ਼ਕਤੀ ਨਾਲ ਧਰਤੀ ਨੂੰ ਕਾਇਮ ਕੀਤਾ ਸੀ ਅਤੇ ਤਾਰਿਆਂ-ਭਰੇ ਆਕਾਸ਼ ਬਣਾਏ ਸਨ। (ਅੱਯੂਬ 38:4; ਜ਼ਬੂਰ 102:25) ਜਦੋਂ ਉਹ ਆਪਣੀ ਰਚਨਾ ਨੂੰ ਬੁਲਾਉਂਦਾ ਹੈ, ਤਾਂ ਉਹ ਉਸ ਦੀ ਸੇਵਾ ਕਰਨ ਲਈ ਤਿਆਰ ਹੁੰਦੀ ਹੈ।​—ਜ਼ਬੂਰ 147:4.

15. ਯਹੋਵਾਹ ਨੇ ਕਿਸ ਤਰ੍ਹਾਂ ਅਤੇ ਕਿਸ ਕਾਰਨ ਖੋਰਸ ਨੂੰ “ਪਿਆਰ” ਕੀਤਾ ਸੀ?

15 ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਨੂੰ ਇਕ ਜ਼ਰੂਰੀ ਸੱਦਾ ਦਿੱਤਾ ਗਿਆ ਸੀ: “ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ,—ਏਹਨਾਂ ਵਿੱਚੋਂ ਕਿਹ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ? ਯਹੋਵਾਹ ਉਹ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਭਾਉਣੀ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ। ਮੈਂ, ਹਾਂ, ਮੈਂ ਏਹ ਗੱਲ ਕੀਤੀ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣਾ ਰਾਹ ਸਫ਼ਲ ਕਰੇਗਾ।” (ਯਸਾਯਾਹ 48:14, 15) ਸਿਰਫ਼ ਯਹੋਵਾਹ ਹੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਅਤੇ ਉਹੀ ਅਗਾਹਾਂ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਸਹੀ-ਸਹੀ ਦੱਸ ਸਕਦਾ ਹੈ। ਵਿਅਰਥ ਮੂਰਤੀਆਂ ਵਿੱਚੋਂ ਇਕ ਵੀ ਇਹ ਗੱਲਾਂ ਨਹੀਂ ਦੱਸ ਸਕਦੀ। ਮੂਰਤੀਆਂ ਨੇ ਨਹੀਂ ਸਗੋਂ ਯਹੋਵਾਹ ਨੇ “[ਖੋਰਸ] ਨੂੰ ਪਿਆਰ” ਕੀਤਾ ਸੀ, ਯਾਨੀ ਯਹੋਵਾਹ ਨੇ ਉਸ ਨੂੰ ਇਕ ਖ਼ਾਸ ਕੰਮ ਲਈ ਚੁਣਿਆ ਸੀ। (ਯਸਾਯਾਹ 41:2; 44:28; 45:1, 13; 46:11) ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਖੋਰਸ ਦੁਨੀਆਂ ਵਿਚ ਆਵੇਗਾ ਅਤੇ ਉਸ ਨੇ ਉਹ ਨੂੰ ਬਾਬਲ ਦਾ ਵਿਜੇਤਾ ਬਣਨ ਲਈ ਨਿਯੁਕਤ ਕੀਤਾ ਸੀ।

16, 17. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਨੇ ਗੁਪਤ ਵਿਚ ਭਵਿੱਖਬਾਣੀਆਂ ਨਹੀਂ ਕੀਤੀਆਂ? (ਅ) ਅੱਜ ਯਹੋਵਾਹ ਨੇ ਆਪਣੇ ਮਕਸਦਾਂ ਦਾ ਪ੍ਰਚਾਰ ਕਿਵੇਂ ਕਰਾਇਆ ਹੈ?

16 ਬੜੇ ਪਿਆਰ ਨਾਲ ਯਹੋਵਾਹ ਨੇ ਅੱਗੇ ਕਿਹਾ: “ਮੇਰੇ ਨੇੜੇ ਆਓ, ਏਹ ਸੁਣੋ, ਮੈਂ ਮੁੱਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸਾਂ।” (ਯਸਾਯਾਹ 48:16ੳ) ਯਹੋਵਾਹ ਗੁਪਤ ਵਿਚ ਜਾਂ ਕੁਝ ਹੀ ਖ਼ਾਸ ਲੋਕਾਂ ਸਾਮ੍ਹਣੇ ਭਵਿੱਖਬਾਣੀਆਂ ਨਹੀਂ ਕਰਦਾ ਹੈ। ਯਹੋਵਾਹ ਦੇ ਨਬੀ ਉਸ ਦੀਆਂ ਗੱਲਾਂ ਦਲੇਰੀ ਨਾਲ ਦੱਸਣ ਵਾਲੇ ਬੰਦੇ ਸਨ। (ਯਸਾਯਾਹ 61:1) ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਖੁੱਲ੍ਹੇ-ਆਮ ਦੱਸੀ ਸੀ। ਮਿਸਾਲ ਲਈ, ਖੋਰਸ ਦੇ ਸੰਬੰਧ ਵਿਚ ਹੋਣ ਵਾਲੀਆਂ ਘਟਨਾਵਾਂ ਪਰਮੇਸ਼ੁਰ ਲਈ ਨਵੀਆਂ ਨਹੀਂ ਸਨ, ਉਹ ਇਨ੍ਹਾਂ ਬਾਰੇ ਜਾਣਦਾ ਸੀ। ਪਰਮੇਸ਼ੁਰ ਨੇ ਯਸਾਯਾਹ ਰਾਹੀਂ ਕੁਝ 200 ਸਾਲ ਪਹਿਲਾਂ ਇਨ੍ਹਾਂ ਬਾਰੇ ਦੱਸਿਆ ਸੀ।

17 ਅੱਜ ਵੀ ਯਹੋਵਾਹ ਆਪਣੇ ਮਕਸਦਾਂ ਨੂੰ ਲੁਕਾ ਕੇ ਨਹੀਂ ਰੱਖਦਾ। ਸੈਂਕੜਿਆਂ ਦੇਸ਼ਾਂ ਵਿਚ ਅਤੇ ਕਈਆਂ ਟਾਪੂਆਂ ਉੱਤੇ ਲੱਖਾਂ ਹੀ ਲੋਕ ਘਰ-ਘਰ ਜਾ ਕੇ, ਸੜਕਾਂ ਉੱਤੇ, ਅਤੇ ਹਰ ਥਾਂ ਇਸ ਦੁਨੀਆਂ ਦੇ ਅੰਤ ਦਾ ਅਤੇ ਪਰਮੇਸ਼ੁਰ ਦੇ ਰਾਜ ਅਧੀਨ ਆਉਣ ਵਾਲੀਆਂ ਬਰਕਤਾਂ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਸੱਚ-ਮੁੱਚ ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਆਪਣੇ ਮਕਸਦਾਂ ਬਾਰੇ ਦੂਸਰਿਆਂ ਨੂੰ ਦੱਸਦਾ ਹੈ।

‘ਮੇਰੇ ਹੁਕਮਾਂ ਨੂੰ ਮੰਨੋ’

18. ਯਹੋਵਾਹ ਆਪਣੇ ਲੋਕਾਂ ਲਈ ਕੀ ਚਾਹੁੰਦਾ ਸੀ?

18 ਯਹੋਵਾਹ ਦੀ ਪਵਿੱਤਰ ਆਤਮਾ ਤੋਂ ਸ਼ਕਤੀ ਪਾ ਕੇ ਯਸਾਯਾਹ ਨਬੀ ਨੇ ਕਿਹਾ: “ਪ੍ਰਭੁ ਯਹੋਵਾਹ ਨੇ ਮੈਨੂੰ ਅਤੇ ਆਪਣੇ ਆਤਮਾ ਨੂੰ ਘੱਲਿਆ ਹੈ। ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:16ਅ, 17) ਇਹ ਪਿਆਰ-ਭਰੇ ਸ਼ਬਦ ਦਿਖਾਉਂਦੇ ਹਨ ਕਿ ਯਹੋਵਾਹ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ। ਇਨ੍ਹਾਂ ਸ਼ਬਦਾਂ ਤੋਂ ਇਸਰਾਏਲ ਦੀ ਕੌਮ ਨੂੰ ਭਰੋਸਾ ਮਿਲਣਾ ਚਾਹੀਦਾ ਸੀ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਾਬਲ ਤੋਂ ਛੁਡਾਉਣਾ ਸੀ ਕਿਉਂਕਿ ਉਹ ਉਨ੍ਹਾਂ ਦਾ ਛੁਡਾਉਣ ਵਾਲਾ ਸੀ। (ਯਸਾਯਾਹ 54:5) ਯਹੋਵਾਹ ਦਿੱਲੋਂ ਚਾਹੁੰਦਾ ਸੀ ਕਿ ਇਸਰਾਏਲੀ ਉਸ ਨਾਲ ਆਪਣੇ ਰਿਸ਼ਤੇ ਨੂੰ ਮੁੜ ਕੇ ਕਾਇਮ ਕਰਨ ਅਤੇ ਉਸ ਦੇ ਹੁਕਮਾਂ ਨੂੰ ਮੰਨਣ। ਸੱਚੀ ਉਪਾਸਨਾ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣ ਦੀ ਲੋੜ ਹੈ। ਇਸਰਾਏਲੀ ਉੱਨਾ ਚਿਰ ਸਹੀ ਰਸਤੇ ਤੇ ਚੱਲ ਨਹੀਂ ਸਕਦੇ ਸਨ ਜਿੰਨਾ ਚਿਰ ਉਨ੍ਹਾਂ ਨੂੰ ਉਹ ਰਾਹ ਸਿਖਾਇਆ ਨਹੀਂ ਜਾਂਦਾ ‘ਜਿਸ ਰਾਹ ਉਨ੍ਹਾਂ ਨੇ ਜਾਣਾ ਸੀ।’

19. ਯਹੋਵਾਹ ਨੇ ਦਿਲੋਂ ਕਿਹੜੀ ਬੇਨਤੀ ਕੀਤੀ ਸੀ?

19 ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਬਿਪਤਾ ਤੋਂ ਬਚਣ ਅਤੇ ਜ਼ਿੰਦਗੀ ਦਾ ਮਜ਼ਾ ਲੈਣ। ਇਸ ਲਈ ਉਸ ਨੇ ਸੋਹਣੇ ਢੰਗ ਨਾਲ ਕਿਹਾ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:18) ਸਰਬਸ਼ਕਤੀਮਾਨ ਸਿਰਜਣਹਾਰ ਵੱਲੋਂ ਇਹ ਕਿੰਨੀ ਸੋਹਣੀ ਬੇਨਤੀ ਸੀ! (ਬਿਵਸਥਾ ਸਾਰ 5:29; ਜ਼ਬੂਰ 81:13) ਗ਼ੁਲਾਮੀ ਵਿਚ ਜਾਣ ਦੀ ਬਜਾਇ, ਇਸਰਾਏਲੀ ਉਸ ਸ਼ਾਂਤੀ ਦਾ ਆਨੰਦ ਮਾਣ ਸਕਦੇ ਸਨ ਜੋ ਨਦੀ ਦੇ ਪਾਣੀ ਵਾਂਗ ਵਗਣੀ ਸੀ। (ਜ਼ਬੂਰ 119:165) ਉਨ੍ਹਾਂ ਦੇ ਧਰਮੀ ਕੰਮ ਸਮੁੰਦਰ ਦੀਆਂ ਲਹਿਰਾਂ ਵਾਂਗ ਬੇਸ਼ੁਮਾਰ ਹੋ ਸਕਦੇ ਸਨ। (ਆਮੋਸ 5:24) ਯਹੋਵਾਹ ਉਨ੍ਹਾਂ ਵਿਚ ਗਹਿਰੀ ਦਿਲਚਸਪੀ ਲੈ ਰਿਹਾ ਸੀ। ਇਸ ਲਈ ਉਸ ਨੇ ਇਸਰਾਏਲੀਆਂ ਦੀ ਬੇਨਤੀ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਦਿਖਾਇਆ ਕਿ ਉਨ੍ਹਾਂ ਨੂੰ ਕਿਸ ਰਾਹ ਉੱਤੇ ਚੱਲਣਾ ਚਾਹੀਦਾ ਸੀ। ਕਾਸ਼ ਉਹ ਯਹੋਵਾਹ ਦੀ ਸੁਣਦੇ!

20. (ੳ) ਇਸਰਾਏਲ ਦੀ ਬਗਾਵਤ ਦੇ ਬਾਵਜੂਦ ਯਹੋਵਾਹ ਆਪਣੇ ਲੋਕਾਂ ਲਈ ਕੀ ਚਾਹੁੰਦਾ ਸੀ? (ਅ) ਅਸੀਂ ਇਸਰਾਏਲੀਆਂ ਨਾਲ ਯਹੋਵਾਹ ਦੇ ਸਲੂਕ ਤੋਂ ਕੀ ਸਿੱਖ ਸਕਦੇ ਹਾਂ? (ਸਫ਼ੇ 133 ਉੱਤੇ ਡੱਬੀ ਦੇਖੋ।)

20 ਇਸਰਾਏਲੀਆਂ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਸਨ ਜੇ ਉਹ ਤੋਬਾ ਕਰਦੇ? ਯਹੋਵਾਹ ਨੇ ਕਿਹਾ: “ਤੇਰੀ ਅੰਸ ਰੇਤ ਜਿਹੀ, ਅਤੇ ਤੇਰਾ ਪਰਵਾਰ ਉਹ ਦੇ ਦਾਣਿਆਂ ਜਿਹਾ ਹੁੰਦਾ, ਉਹ ਦਾ ਨਾਉਂ ਮੇਰੇ ਹਜ਼ੂਰੋਂ ਨਾ ਛੇਕਿਆ ਜਾਂਦਾ, ਨਾ ਨਾਸ ਹੋ ਜਾਂਦਾ।” (ਯਸਾਯਾਹ 48:19) ਯਹੋਵਾਹ ਨੇ ਲੋਕਾਂ ਨੂੰ ਆਪਣਾ ਵਾਅਦਾ ਯਾਦ ਕਰਾਇਆ ਕਿ ਅਬਰਾਹਾਮ ਦੀ ਅੰਸ “ਅਕਾਸ਼ ਦੇ ਤਾਰਿਆਂ ਜਿੰਨੀਂ ਅਰ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ” ਹੋਣੀ ਸੀ। (ਉਤਪਤ 22:17; 32:12) ਪਰ ਅਬਰਾਹਾਮ ਦੀ ਅੰਸ ਆਪਣੇ ਬਾਗ਼ੀ ਰਵੱਈਏ ਕਰਕੇ ਇਸ ਵਾਅਦੇ ਦੀ ਪੂਰਤੀ ਦੇਖਣ ਦੀ ਹੱਕਦਾਰ ਨਹੀਂ ਬਣੀ। ਦਰਅਸਲ ਉਹ ਲੋਕ ਇੰਨੇ ਵਿਗੜ ਗਏ ਸਨ ਕਿ ਯਹੋਵਾਹ ਦੀ ਬਿਵਸਥਾ ਅਨੁਸਾਰ ਉਸ ਕੌਮ ਦਾ ਨਾਂ ਮਿਟਾਇਆ ਜਾਣਾ ਚਾਹੀਦਾ ਸੀ। (ਬਿਵਸਥਾ ਸਾਰ 28:45) ਫਿਰ ਵੀ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਲੋਕ ਖ਼ਤਮ ਕੀਤੇ ਜਾਣ, ਅਤੇ ਇਸ ਲਈ ਉਸ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਨਹੀਂ ਤਿਆਗਿਆ ਸੀ।

21. ਜੇ ਅਸੀਂ ਯਹੋਵਾਹ ਦੀ ਸਿੱਖਿਆ ਭਾਲਦੇ ਹਾਂ ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ?

21 ਇਨ੍ਹਾਂ ਆਇਤਾਂ ਦੇ ਪ੍ਰਭਾਵਸ਼ਾਲੀ ਸਿਧਾਂਤ ਅੱਜ ਵੀ ਯਹੋਵਾਹ ਦੇ ਸੇਵਕਾਂ ਉੱਤੇ ਲਾਗੂ ਹੁੰਦੇ ਹਨ। ਯਹੋਵਾਹ ਜੀਉਣ ਦਾ ਚਸ਼ਮਾ ਹੈ, ਅਤੇ ਉਹ ਸਭ ਤੋਂ ਬਿਹਤਰ ਜਾਣਦਾ ਹੈ ਕਿ ਸਾਨੂੰ ਆਪਣੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਬਿਤਾਉਣੀਆਂ ਚਾਹੀਦੀਆਂ ਹਨ। (ਜ਼ਬੂਰ 36:9) ਉਸ ਦੇ ਨਿਯਮ ਸਾਡੀਆਂ ਖ਼ੁਸ਼ੀਆਂ ਲੁੱਟਣ ਲਈ ਨਹੀਂ ਹਨ, ਪਰ ਸਾਡੇ ਲਾਭ ਲਈ ਹਨ। ਇਸ ਲਈ ਸੱਚੇ ਮਸੀਹੀ ਯਹੋਵਾਹ ਦੀ ਸਿੱਖਿਆ ਪਾਉਣੀ ਚਾਹੁੰਦੇ ਹਨ। (ਮੀਕਾਹ 4:2) ਉਸ ਦੀ ਸਲਾਹ ਸਾਡੀ ਰੂਹਾਨੀਅਤ ਅਤੇ ਉਸ ਨਾਲ ਸਾਡੇ ਰਿਸ਼ਤੇ ਦੀ ਰੱਖਿਆ ਕਰਦੀ ਹੈ। ਇਹ ਸਾਨੂੰ ਸ਼ਤਾਨ ਦੇ ਭੈੜੇ ਅਸਰ ਤੋਂ ਵੀ ਬਚਾਉਂਦੀ ਹੈ। ਜਦੋਂ ਅਸੀਂ ਪਰਮੇਸ਼ੁਰ ਦੇ ਨਿਯਮਾਂ ਦਾ ਕਾਰਨ ਸਮਝਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਨੂੰ ਸਾਡੇ ਭਲੇ ਲਈ ਸਿਖਾਉਂਦਾ ਹੈ। ਅਸੀਂ ਪਛਾਣਦੇ ਹਾਂ ਕਿ “ਉਹ ਦੇ ਹੁਕਮ ਔਖੇ ਨਹੀਂ ਹਨ,” ਅਤੇ ਅਸੀਂ ਖ਼ਤਮ ਨਹੀਂ ਕੀਤੇ ਜਾਵਾਂਗੇ।​—1 ਯੂਹੰਨਾ 2:17; 5:3.

“ਬਾਬਲ ਤੋਂ ਨਿੱਕਲੋ”

22. ਵਫ਼ਾਦਾਰ ਯਹੂਦੀਆਂ ਨੂੰ ਕੀ ਕਰਨ ਲਈ ਕਿਹਾ ਗਿਆ ਸੀ, ਅਤੇ ਉਨ੍ਹਾਂ ਨੂੰ ਕਿਹੜਾ ਭਰੋਸਾ ਦਿਵਾਇਆ ਗਿਆ ਸੀ?

22 ਜਦੋਂ ਬਾਬਲ ਡਿੱਗਿਆ ਸੀ, ਤਾਂ ਕੀ ਕੋਈ ਵੀ ਯਹੂਦੀ ਯਹੋਵਾਹ ਦੀ ਗੱਲ ਸੁਣਨ ਲਈ ਤਿਆਰ ਸੀ? ਕੀ ਯਹੂਦੀਆਂ ਨੇ ਪਰਮੇਸ਼ੁਰ ਵੱਲੋਂ ਛੁਟਕਾਰੇ ਦਾ ਲਾਭ ਉਠਾ ਕੇ ਆਪਣੇ ਵਤਨ ਵਾਪਸ ਮੁੜ ਕੇ ਸ਼ੁੱਧ ਉਪਾਸਨਾ ਦੁਬਾਰਾ ਕਰਨੀ ਸ਼ੁਰੂ ਕੀਤੀ ਸੀ? ਜੀ ਹਾਂ। ਯਹੋਵਾਹ ਦੇ ਅਗਲੇ ਸ਼ਬਦਾਂ ਨੇ ਦਿਖਾਇਆ ਕਿ ਉਸ ਕੋਲ ਪਹਿਲਾਂ ਹੀ ਪੂਰਾ ਭਰੋਸਾ ਸੀ ਕਿ ਇਹ ਸਭ ਕੁਝ ਹੋਵੇਗਾ। “ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਏਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੀਕ ਏਹ ਨੂੰ ਘੱਲੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ! ਓਹ ਤਿਹਾਏ ਨਾ ਹੋਏ ਜਦ ਉਹ ਓਹਨਾਂ ਨੂੰ ਵਿਰਾਨਿਆਂ ਦੇ ਵਿੱਚ ਦੀ ਲੈ ਗਿਆ, ਓਸ ਓਹਨਾਂ ਦੇ ਲਈ ਚਟਾਨ ਵਿੱਚੋਂ ਪਾਣੀ ਵਗਾਇਆ, ਓਸ ਚਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ।” (ਯਸਾਯਾਹ 48:20, 21) ਇਸ ਭਵਿੱਖਬਾਣੀ ਵਿਚ ਯਹੋਵਾਹ ਦੇ ਲੋਕਾਂ ਨੂੰ ਬਾਬਲ ਵਿੱਚੋਂ ਛੇਤੀ ਨਾਲ ਨਿਕਲਣ ਲਈ ਕਿਹਾ ਗਿਆ ਸੀ। (ਯਿਰਮਿਯਾਹ 50:8) ਉਨ੍ਹਾਂ ਦੇ ਛੁਟਕਾਰੇ ਦੀ ਖ਼ਬਰ ਸਾਰੀ ਧਰਤੀ ਉੱਤੇ ਸੁਣਾਈ ਗਈ ਸੀ। (ਯਿਰਮਿਯਾਹ 31:10) ਜਦੋਂ ਯਹੋਵਾਹ ਦੇ ਲੋਕ ਮਿਸਰ ਵਿੱਚੋਂ ਨਿਕਲੇ ਸਨ ਤਾਂ ਯਹੋਵਾਹ ਨੇ ਉਜਾੜ ਵਿਚ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ। ਇਸੇ ਤਰ੍ਹਾਂ ਉਸ ਨੇ ਆਪਣੇ ਲੋਕਾਂ ਦੀ ਉਦੋਂ ਦੇਖ-ਭਾਲ ਕੀਤੀ ਜਦੋਂ ਉਹ ਬਾਬਲ ਤੋਂ ਆਪਣੇ ਦੇਸ਼ ਵਾਪਸ ਮੁੜੇ ਸਨ।​—ਬਿਵਸਥਾ ਸਾਰ 8:15, 16.

23. ਕਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਸ਼ਾਂਤੀ ਨਹੀਂ ਮਿਲ ਸਕਦੀ?

23 ਯਹੂਦੀਆਂ ਨੂੰ ਯਹੋਵਾਹ ਦੀ ਬਚਾ ਸਕਣ ਦੀ ਯੋਗਤਾ ਬਾਰੇ ਇਕ ਹੋਰ ਜ਼ਰੂਰੀ ਸਿਧਾਂਤ ਧਿਆਨ ਵਿਚ ਰੱਖਣਾ ਚਾਹੀਦਾ ਸੀ। ਧਰਮੀ ਲੋਕ ਬੇਸ਼ੱਕ ਆਪਣੇ ਪਾਪਾਂ ਕਾਰਨ ਦੁੱਖ ਝੱਲਣ ਪਰ ਉਨ੍ਹਾਂ ਨੂੰ ਖ਼ਤਮ ਨਹੀਂ ਕੀਤਾ ਜਾਂਦਾ। ਲੇਕਿਨ ਦੁਸ਼ਟ ਲੋਕਾਂ ਲਈ ਵੱਖਰੀ ਗੱਲ ਹੈ। “ਯਹੋਵਾਹ ਕਹਿੰਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ।” (ਯਸਾਯਾਹ 48:22) ਤੋਬਾ ਨਾ ਕਰਨ ਵਾਲੇ ਪਾਪੀ ਲੋਕਾਂ ਨੂੰ ਉਹ ਸ਼ਾਂਤੀ ਨਹੀਂ ਮਿਲ ਸਕਦੀ ਜੋ ਯਹੋਵਾਹ ਆਪਣੇ ਪ੍ਰੇਮੀਆਂ ਨੂੰ ਦਿੰਦਾ ਹੈ। ਦੁਸ਼ਟ ਲੋਕਾਂ ਜਾਂ ਅਵਿਸ਼ਵਾਸੀਆਂ ਨੂੰ ਮੁਕਤੀ ਨਹੀਂ ਮਿਲ ਸਕਦੀ। ਸਿਰਫ਼ ਨਿਹਚਾ ਕਰਨ ਵਾਲਿਆਂ ਦਾ ਬਚਾਅ ਹੁੰਦਾ ਹੈ। (ਤੀਤੁਸ 1:15, 16; ਪਰਕਾਸ਼ ਦੀ ਪੋਥੀ 22:14, 15) ਦੁਸ਼ਟਾਂ ਨੂੰ ਪਰਮੇਸ਼ੁਰ ਵੱਲੋਂ ਸ਼ਾਂਤੀ ਨਹੀਂ ਮਿਲ ਸਕਦੀ।

24. ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਕਿਸ ਗੱਲ ਤੋਂ ਖ਼ੁਸ਼ੀ ਮਿਲੀ ਹੈ?

24 ਸੰਨ 537 ਸਾ.ਯੁ.ਪੂ. ਵਿਚ ਜਦੋਂ ਵਫ਼ਾਦਾਰ ਇਸਰਾਏਲੀਆਂ ਨੂੰ ਬਾਬਲ ਵਿੱਚੋਂ ਨਿਕਲਣ ਦਾ ਮੌਕਾ ਮਿਲਿਆ ਸੀ ਤਾਂ ਉਹ ਬੜੇ ਖ਼ੁਸ਼ ਹੋਏ ਸਨ। ਸੰਨ 1919 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਬਾਬੁਲੀ ਗ਼ੁਲਾਮੀ ਤੋਂ ਛੁਟਕਾਰਾ ਮਿਲਿਆ ਅਤੇ ਉਹ ਵੀ ਬੜੇ ਖ਼ੁਸ਼ ਹੋਏ ਸਨ। (ਪਰਕਾਸ਼ ਦੀ ਪੋਥੀ 11:11, 12) ਆਜ਼ਾਦੀ ਪਾ ਕੇ ਉਨ੍ਹਾਂ ਨੂੰ ਉਮੀਦ ਮਿਲੀ ਅਤੇ ਉਨ੍ਹਾਂ ਨੇ ਆਪਣੇ ਸੇਵਾ ਕਰਨ ਦੇ ਮੌਕੇ ਦਾ ਫ਼ਾਇਦਾ ਉਠਾਇਆ। ਇਹ ਸੱਚ ਹੈ ਕਿ ਉਨ੍ਹਾਂ ਥੋੜ੍ਹੇ ਜਿਹੇ ਮਸੀਹੀਆਂ ਨੂੰ ਇਸ ਵਿਰੋਧੀ ਦੁਨੀਆਂ ਵਿਚ ਪ੍ਰਚਾਰ ਕਰਨ ਲਈ ਹਿੰਮਤ ਦੀ ਲੋੜ ਸੀ। ਪਰ ਯਹੋਵਾਹ ਦੀ ਮਦਦ ਨਾਲ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲੱਗੇ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਅਸੀਸਾਂ ਦਿੱਤੀਆਂ।

25. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਪਰਮੇਸ਼ੁਰ ਦੇ ਧਰਮੀ ਅਸੂਲਾਂ ਉੱਤੇ ਚੱਲੀਏ?

25 ਯਸਾਯਾਹ ਦੀ ਇਹ ਭਵਿੱਖਬਾਣੀ ਦਿਖਾਉਂਦੀ ਹੈ ਕਿ ਯਹੋਵਾਹ ਸਾਡੇ ਭਲੇ ਲਈ ਸਾਨੂੰ ਸਿਖਾਉਂਦਾ ਹੈ। ਇਸ ਲਈ, ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਧਰਮੀ ਅਸੂਲਾਂ ਉੱਤੇ ਚੱਲੀਏ। (ਪਰਕਾਸ਼ ਦੀ ਪੋਥੀ 15:2-4) ਜੇ ਅਸੀਂ ਪਰਮੇਸ਼ੁਰ ਦੀ ਬੁੱਧ ਅਤੇ ਉਸ ਦਾ ਪਿਆਰ ਮਨ ਵਿਚ ਰੱਖਾਂਗੇ, ਤਾਂ ਅਸੀਂ ਉਹ ਕੰਮ ਕਰ ਸਕਾਂਗੇ ਜੋ ਯਹੋਵਾਹ ਦੀ ਨਿਗਾਹ ਵਿਚ ਸਹੀ ਹਨ। ਉਸ ਦੇ ਸਾਰੇ ਹੁਕਮ ਸਾਡੇ ਫ਼ਾਇਦੇ ਲਈ ਹਨ।​—ਯਸਾਯਾਹ 48:17, 18.

[ਸਵਾਲ]

[ਸਫ਼ਾ 133 ਉੱਤੇ ਡੱਬੀ/ਤਸਵੀਰਾਂ]

ਸਰਬਸ਼ਕਤੀਮਾਨ ਪਰਮੇਸ਼ੁਰ ਆਪਣਾ ਕ੍ਰੋਧ ਰੋਕਦਾ ਹੈ

ਯਹੋਵਾਹ ਨੇ ਧਰਮ-ਤਿਆਗੀ ਇਸਰਾਏਲੀਆਂ ਨੂੰ ਦੱਸਿਆ ਕਿ ‘ਮੈਂ ਆਪਣਾ ਕ੍ਰੋਧ ਅਟਕਾ ਰੱਖਾਂਗਾ, ਅਤੇ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ।’ (ਯਸਾਯਾਹ 48:9) ਅਜਿਹੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੀ ਸ਼ਕਤੀ ਦੀ ਕੁਵਰਤੋਂ ਨਹੀਂ ਕਰਦਾ, ਅਤੇ ਸਾਡੇ ਲਈ ਇਹ ਇਕ ਸੰਪੂਰਣ ਮਿਸਾਲ ਹੈ। ਇਹ ਸੱਚ ਹੈ ਕਿ ਕਿਸੇ ਕੋਲ ਪਰਮੇਸ਼ੁਰ ਨਾਲੋਂ ਜ਼ਿਆਦਾ ਸ਼ਕਤੀ ਨਹੀਂ ਹੈ। ਇਸੇ ਲਈ ਅਸੀਂ ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਸੱਦਦੇ ਹਾਂ। ਉਹ ਖ਼ੁਦ ਆਪਣੇ ਆਪ ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ” ਦੀ ਪਦਵੀ ਦਿੰਦਾ ਹੈ। (ਉਤਪਤ 17:1) ਉਸ ਕੋਲ ਅਸੀਮ ਸ਼ਕਤੀ ਹੀ ਨਹੀਂ ਹੈ ਪਰ ਵਿਸ਼ਵ ਨੂੰ ਬਣਾਉਣ ਕਰਕੇ ਉਸ ਕੋਲ ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਵਜੋਂ ਸਾਰਾ ਇਖ਼ਤਿਆਰ ਵੀ ਹੈ। ਤਾਹੀਓਂ ਤਾਂ ਕੋਈ ਵੀ ਉਸ ਦੇ ਹੱਥ ਨੂੰ ਨਹੀਂ ਰੋਕ ਸਕਦਾ ਜਾਂ ਕਹਿ ਸਕਦਾ ਕਿ “ਤੂੰ ਕੀ ਕਰਦਾ ਹੈਂ?”​—ਦਾਨੀਏਲ 4:35.

ਪਰ ਪਰਮੇਸ਼ੁਰ ਕ੍ਰੋਧ ਵਿਚ ਧੀਰਜੀ ਹੈ। ਇਹ ਉਦੋਂ ਵੀ ਸੱਚ ਹੁੰਦਾ ਹੈ ਜਦੋਂ ਉਸ ਨੂੰ ਆਪਣੇ ਵੈਰੀਆਂ ਖ਼ਿਲਾਫ਼ ਆਪਣੀ ਤਾਕਤ ਵਰਤਣੀ ਪੈਂਦੀ ਹੈ। (ਨਹੂਮ 1:3) ਯਹੋਵਾਹ ‘ਆਪਣਾ ਕ੍ਰੋਧ ਅਟਕਾ’ ਸਕਦਾ ਹੈ ਅਤੇ ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ “ਕਰੋਧ ਵਿੱਚ ਧੀਰਜੀ” ਹੈ ਕਿਉਂਕਿ ਉਸ ਦਾ ਪ੍ਰਮੁੱਖ ਗੁਣ ਪ੍ਰੇਮ ਹੈ, ਕ੍ਰੋਧ ਨਹੀਂ। ਜਦੋਂ ਉਸ ਦਾ ਕ੍ਰੋਧ ਜਾਗਦਾ ਹੈ, ਤਾਂ ਉਹ ਹਮੇਸ਼ਾ ਧਰਮੀ, ਹਮੇਸ਼ਾ ਸਹੀ, ਅਤੇ ਹਮੇਸ਼ਾ ਕਾਬੂ ਵਿਚ ਹੁੰਦਾ ਹੈ।​—ਕੂਚ 34:6; 1 ਯੂਹੰਨਾ 4:8.

ਯਹੋਵਾਹ ਇਸ ਤਰ੍ਹਾਂ ਕਿਉਂ ਕਰਦਾ ਹੈ? ਕਿਉਂਕਿ ਉਹ ਆਪਣੀ ਸ਼ਕਤੀ ਨੂੰ ਆਪਣੇ ਤਿੰਨ ਦੂਸਰੇ ਪ੍ਰਮੁੱਖ ਗੁਣਾਂ ਦੇ ਨਾਲ-ਨਾਲ ਵਰਤਦਾ ਹੈ, ਯਾਨੀ ਬੁੱਧ, ਨਿਆਉਂ, ਅਤੇ ਪ੍ਰੇਮ। ਉਸ ਦੀ ਸ਼ਕਤੀ ਦੀ ਵਰਤੋਂ ਹਮੇਸ਼ਾ ਇਨ੍ਹਾਂ ਤਿੰਨਾਂ ਗੁਣਾਂ ਅਨੁਸਾਰ ਹੁੰਦੀ ਹੈ।

[ਸਫ਼ਾ 122 ਉੱਤੇ ਤਸਵੀਰ]

ਬਹਾਲੀ ਬਾਰੇ ਯਸਾਯਾਹ ਦੇ ਸੁਨੇਹੇ ਨੇ ਗ਼ੁਲਾਮੀ ਵਿਚ ਵਫ਼ਾਦਾਰ ਯਹੂਦੀਆਂ ਨੂੰ ਉਮੀਦ ਦੀ ਕਿਰਨ ਦਿੱਤੀ

[ਸਫ਼ਾ 124 ਉੱਤੇ ਤਸਵੀਰਾਂ]

ਯਹੂਦੀ ਅਕਸਰ ਯਹੋਵਾਹ ਦੀ ਥਾਂ ਉਸ ਦੇ ਕੰਮਾਂ ਲਈ ਮੂਰਤੀਆਂ ਦੀ ਵਡਿਆਈ ਕਰਦੇ ਸਨ

1. ਇਸ਼ਟਾਰ 2. ਬਾਬਲ ਦੀ ਮੁੱਖ ਸੜਕ ਤੋਂ ਚਮਕੀਲੀਆਂ ਇੱਟਾਂ ਦੀ ਬਣੀ ਤਸਵੀਰ 3. ਮਾਰਦੁੱਕ ਦਾ ਅਜਗਰ ਰੂਪ

[ਸਫ਼ਾ 127 ਉੱਤੇ ਤਸਵੀਰ]

“ਦੁਖ ਦੀ ਕੁਠਾਲੀ” ਪ੍ਰਗਟ ਕਰ ਸਕਦੀ ਹੈ ਕਿ ਯਹੋਵਾਹ ਦੀ ਸੇਵਾ ਕਰਨ ਲਈ ਸਾਡੇ ਇਰਾਦੇ ਨੇਕ ਹਨ ਜਾਂ ਨਹੀਂ

[ਸਫ਼ਾ 128 ਉੱਤੇ ਤਸਵੀਰਾਂ]

ਸੱਚੇ ਮਸੀਹੀਆਂ ਨੇ ਬਹੁਤ ਭੈੜੇ ਜ਼ੁਲਮ ਸਹੇ ਹਨ