Skip to content

Skip to table of contents

ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”

ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”

ਛੇਵਾਂ ਅਧਿਆਇ

ਯਹੋਵਾਹ​—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”

ਯਸਾਯਾਹ 45:1-25

1, 2. ਯਸਾਯਾਹ ਦੇ 45ਵੇਂ ਅਧਿਆਇ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ, ਅਤੇ ਅੱਗੇ ਕਿਹੜੇ ਸਵਾਲਾਂ ਉੱਤੇ ਧਿਆਨ ਦਿੱਤਾ ਜਾਵੇਗਾ?

ਯਹੋਵਾਹ ਦੇ ਵਾਅਦੇ ਪੱਕੇ ਹਨ। ਉਹ ਭਵਿੱਖਬਾਣੀ ਦਾ ਪਰਮੇਸ਼ੁਰ ਹੈ ਅਤੇ ਸਿਰਜਣਹਾਰ ਹੈ। ਉਸ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਧਰਮੀ ਪਰਮੇਸ਼ੁਰ ਹੈ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਦਾ ਮੁਕਤੀਦਾਤਾ ਹੈ। ਯਸਾਯਾਹ ਦੇ 45ਵੇਂ ਅਧਿਆਇ ਦੀਆਂ ਇਨ੍ਹਾਂ ਕੁਝ ਗੱਲਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ।

2 ਇਸ ਤੋਂ ਇਲਾਵਾ, ਯਸਾਯਾਹ ਦੇ 45ਵੇਂ ਅਧਿਆਇ ਵਿਚ ਯਹੋਵਾਹ ਦੀ ਉਸ ਯੋਗਤਾ ਦੀ ਇਕ ਵਧਿਆ ਮਿਸਾਲ ਹੈ ਕਿ ਉਹ ਭਵਿੱਖ ਬਾਰੇ ਪਹਿਲਾਂ ਹੀ ਦੱਸ ਸਕਦਾ ਹੈ। ਪਰਮੇਸ਼ੁਰ ਦੀ ਆਤਮਾ ਨੇ ਯਸਾਯਾਹ ਨੂੰ ਦੂਰ ਦੇ ਦੇਸ਼ਾਂ ਅਤੇ ਸਦੀਆਂ ਬਾਅਦ ਹੋਣ ਵਾਲੀਆਂ ਘਟਨਾਵਾਂ ਨੂੰ ਦੇਖਣ ਦਿੱਤਾ। ਉਸ ਆਤਮਾ ਦੀ ਪ੍ਰੇਰਣਾ ਅਧੀਨ ਯਸਾਯਾਹ ਨੇ ਉਸ ਘਟਨਾ ਬਾਰੇ ਵੀ ਲਿਖਿਆ ਜੋ ਸਿਰਫ਼ ਸੱਚੀ ਭਵਿੱਖਬਾਣੀ ਦਾ ਪਰਮੇਸ਼ੁਰ, ਯਹੋਵਾਹ ਸਹੀ-ਸਹੀ ਦੱਸ ਸਕਦਾ ਸੀ। ਇਹ ਘਟਨਾ ਕੀ ਸੀ? ਇਸ ਦਾ ਯਸਾਯਾਹ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਕੀ ਅਸਰ ਪਿਆ ਸੀ? ਅੱਜ ਇਹ ਸਾਡੇ ਲਈ ਕਿਉਂ ਮਹੱਤਵਪੂਰਣ ਹੈ? ਆਓ ਆਪਾਂ ਨਬੀ ਦੇ ਸ਼ਬਦਾਂ ਵੱਲ ਧਿਆਨ ਦੇਈਏ।

ਬਾਬਲ ਲਈ ਯਹੋਵਾਹ ਦਾ ਅਗੰਮ ਵਾਕ

3. ਯਸਾਯਾਹ 45:1-3ੳ ਵਿਚ ਖੋਰਸ ਦੀ ਜਿੱਤ ਬਾਰੇ ਕਿਹੜੀਆਂ ਗੱਲਾਂ ਦੱਸੀਆਂ ਗਈਆਂ ਸਨ?

3“ਯਹੋਵਾਹ ਆਪਣੇ ਮਸਹ ਕੀਤੇ ਹੋਏ ਖੋਰੁਸ ਨੂੰ ਇਉਂ ਆਖਦਾ ਹੈ, ਜਿਸ ਦਾ ਸੱਜਾ ਹੱਥ ਮੈਂ ਫੜਿਆ, ਭਈ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ, ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲ੍ਹ ਦਿਆਂ, ਭਈ ਮੈਂ ਦਰਵੱਜੇ ਉਹ ਦੇ ਸਾਹਮਣੇ ਖੋਲ੍ਹ ਦਿਆਂ, ਅਤੇ ਫਾਟਕ ਬੰਦ ਨਾ ਕੀਤੇ ਜਾਣ, ਮੈਂ ਤੇਰੇ ਅੱਗੇ ਚੱਲਾਂਗਾ, ਅਤੇ ਉੱਚਿਆਈਆਂ ਨੂੰ ਪੱਧਰਿਆਂ ਕਰਾਂਗਾ, ਮੈਂ ਪਿੱਤਲ ਦੇ ਦਰ ਭੰਨ ਸੁੱਟਾਂਗਾ, ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ। ਮੈਂ ਤੈਨੂੰ ਅਨ੍ਹੇਰੇ ਦੇ ਖ਼ਜ਼ਾਨੇ, ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ।”​—ਯਸਾਯਾਹ 45:1-3ੳ.

4. (ੳ) ਯਹੋਵਾਹ ਨੇ ਖੋਰਸ ਨੂੰ ਆਪਣਾ ‘ਮਸਹ ਕੀਤਾ ਹੋਇਆ’ ਕਿਉਂ ਸੱਦਿਆ ਸੀ? (ਅ) ਯਹੋਵਾਹ ਨੇ ਕਿਵੇਂ ਨਿਸ਼ਚਿਤ ਕਰਨਾ ਸੀ ਕਿ ਖੋਰਸ ਦੀ ਜਿੱਤ ਹੋਵੇਗੀ?

4 ਯਸਾਯਾਹ ਰਾਹੀਂ ਯਹੋਵਾਹ ਨੇ ਖੋਰਸ ਨਾਲ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਜੀਉਂਦਾ ਸੀ। ਪਰ ਅਸਲ ਵਿਚ ਯਸਾਯਾਹ ਦੇ ਸਮੇਂ ਵਿਚ ਖੋਰਸ ਤਾਂ ਅਜੇ ਪੈਦਾ ਵੀ ਨਹੀਂ ਹੋਇਆ ਸੀ। (ਰੋਮੀਆਂ 4:17) ਯਹੋਵਾਹ ਨੇ ਪਹਿਲਾਂ ਹੀ ਖੋਰਸ ਨੂੰ ਇਕ ਖ਼ਾਸ ਕੰਮ ਕਰਨ ਲਈ ਚੁਣਿਆ ਸੀ, ਇਸ ਲਈ ਖੋਰਸ ਨੂੰ ਪਰਮੇਸ਼ੁਰ ਦਾ ‘ਮਸਹ ਕੀਤਾ ਹੋਇਆ’ ਸੱਦਿਆ ਜਾ ਸਕਦਾ ਸੀ। ਪਰਮੇਸ਼ੁਰ ਦੀ ਅਗਵਾਈ ਦੇ ਅਧੀਨ, ਉਸ ਨੇ ਕੌਮਾਂ ਨੂੰ ਆਪਣੇ ਕਬਜ਼ੇ ਵਿਚ ਕਰਨਾ ਸੀ ਅਤੇ ਰਾਜਿਆਂ ਨੂੰ ਕਮਜ਼ੋਰ ਸਾਬਤ ਕਰਨਾ ਸੀ। ਫਿਰ ਜਦੋਂ ਖੋਰਸ ਨੇ ਬਾਬਲ ਉੱਤੇ ਹਮਲਾ ਕਰਨਾ ਸੀ, ਯਹੋਵਾਹ ਨੇ ਨਿਸ਼ਚਿਤ ਕਰਨਾ ਸੀ ਕਿ ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਛੱਡੇ ਜਾਣਗੇ ਅਤੇ ਇਸ ਤਰ੍ਹਾਂ ਇਨ੍ਹਾਂ ਨੇ ਭੰਨੇ ਹੋਏ ਦਰਾਂ ਵਰਗੇ ਬੇਕਾਰ ਹੋਣਾ ਸੀ। ਉਸ ਨੇ ਖੋਰਸ ਦੇ ਅੱਗੇ-ਅੱਗੇ ਚੱਲ ਕੇ ਸਾਰੀਆਂ ਰੁਕਾਵਟਾਂ ਨੂੰ ਹਟਾਉਣਾ ਸੀ। ਅਖ਼ੀਰ ਵਿਚ ਖੋਰਸ ਦੇ ਫ਼ੌਜੀਆਂ ਨੇ ਬਾਬਲ ਨੂੰ ਵੱਸ ਵਿਚ ਕਰ ਕੇ ਉਸ ਦੇ “ਅਨ੍ਹੇਰੇ ਦੇ ਖ਼ਜ਼ਾਨੇ” ਲੈ ਲੈਣੇ ਸਨ, ਯਾਨੀ ਕੋਠੜੀਆਂ ਵਿਚ ਲੁਕਾਇਆ ਹੋਇਆ ਧਨ। ਕੀ ਯਸਾਯਾਹ ਦੀ ਭਵਿੱਖਬਾਣੀ ਦੀਆਂ ਇਹ ਗੱਲਾਂ ਪੂਰੀਆਂ ਹੋਈਆਂ ਸਨ?

5, 6. ਬਾਬਲ ਦੇ ਡਿੱਗਣ ਬਾਰੇ ਭਵਿੱਖਬਾਣੀ ਕਦੋਂ ਅਤੇ ਕਿਵੇਂ ਪੂਰੀ ਹੋਈ ਸੀ?

5 ਯਸਾਯਾਹ ਦੇ ਇਸ ਭਵਿੱਖਬਾਣੀ ਲਿਖਣ ਤੋਂ ਕੁਝ 200 ਸਾਲ ਬਾਅਦ, 539 ਸਾ.ਯੁ.ਪੂ. ਵਿਚ ਖੋਰਸ ਬਾਬਲ ਉੱਤੇ ਹਮਲਾ ਕਰਨ ਲਈ ਉਸ ਦੀਆਂ ਕੰਧਾਂ ਤਕ ਆ ਪਹੁੰਚਿਆ ਸੀ। (ਯਿਰਮਿਯਾਹ 51:11, 12) ਪਰ ਬਾਬਲੀਆਂ ਨੂੰ ਇਸ ਗੱਲ ਦਾ ਕੋਈ ਫ਼ਿਕਰ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਸ਼ਹਿਰ ਬਿਲਕੁਲ ਸੁਰੱਖਿਅਤ ਸੀ। ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਕੰਧਾਂ ਸਨ ਅਤੇ ਇਨ੍ਹਾਂ ਦੁਆਲੇ ਫਰਾਤ ਦਰਿਆ ਦੇ ਪਾਣੀ ਨਾਲ ਭਰੀਆਂ ਹੋਈਆਂ ਡੂੰਘੀਆਂ ਖਾਈਆਂ ਸਨ। ਸੌ ਕੁ ਸਾਲਾਂ ਤੋਂ ਕੋਈ ਵੀ ਦੁਸ਼ਮਣ ਬਾਬਲ ਉੱਤੇ ਸਿੱਧੇ ਤੌਰ ਤੇ ਹਮਲਾ ਨਹੀਂ ਕਰ ਸਕਿਆ ਸੀ! ਬੇਲਸ਼ੱਸਰ ਬਾਬਲ ਉੱਤੇ ਰਾਜ ਕਰ ਰਿਹਾ ਸੀ ਅਤੇ ਉਸ ਨੂੰ ਬਾਬਲ ਦੀ ਸੁਰੱਖਿਆ ਉੱਤੇ ਇੰਨਾ ਭਰੋਸਾ ਸੀ ਕਿ ਉਹ ਉਸ ਸਮੇਂ ਆਪਣੇ ਪ੍ਰਧਾਨਾਂ ਨਾਲ ਦਾਅਵਤ ਵਿਚ ਖਾ-ਪੀ ਰਿਹਾ ਸੀ। (ਦਾਨੀਏਲ 5:1) ਉਸੇ ਰਾਤ, ਯਾਨੀ ਅਕਤੂਬਰ 5/6 ਦੀ ਰਾਤ ਨੂੰ ਖੋਰਸ ਨੇ ਵੱਡੀ ਫ਼ੌਜੀ ਕਾਰਵਾਈ ਕੀਤੀ।

6 ਖੋਰਸ ਦੇ ਫ਼ੌਜੀ ਇੰਜੀਨੀਅਰਾਂ ਨੇ ਫਰਾਤ ਦਰਿਆ ਦੇ ਉਪਰਲੇ ਪਾਸੇ ਦੇ ਪਾਣੀਆਂ ਨੂੰ ਮੋੜ ਦਿੱਤਾ ਤਾਂਕਿ ਉਹ ਦੱਖਣ ਵਿਚ ਸ਼ਹਿਰ ਵੱਲ ਨਹੀਂ ਵਹਿ ਸਕਦੇ ਸਨ। ਕੁਝ ਸਮਾਂ ਬਾਅਦ, ਬਾਬਲ ਵਿਚ ਦੀ ਲੰਘਦੇ ਦਰਿਆ ਦਾ ਪਾਣੀ ਅਤੇ ਆਲੇ ਦੁਆਲੇ ਦਾ ਪਾਣੀ ਇੰਨਾ ਘੱਟ ਗਿਆ ਕਿ ਖੋਰਸ ਦੇ ਫ਼ੌਜੀ ਦਰਿਆ ਦੇ ਤਲ ਉੱਤੇ ਚਿੱਕੜ ਵਿਚ ਦੀ ਸ਼ਹਿਰ ਅੰਦਰ ਆ ਸਕਦੇ ਸਨ। (ਯਸਾਯਾਹ 44:27; ਯਿਰਮਿਯਾਹ 50:38) ਬੜੀ ਹੈਰਾਨੀ ਦੀ ਗੱਲ ਹੈ ਕਿ ਜਿਵੇਂ ਯਸਾਯਾਹ ਨੇ ਦੱਸਿਆ ਸੀ, ਦਰਿਆ ਕਿਨਾਰੇ ਸ਼ਹਿਰ ਦੇ ਫਾਟਕ ਖੁੱਲ੍ਹੇ ਛੱਡੇ ਗਏ ਸਨ। ਖੋਰਸ ਦੀ ਫ਼ੌਜ ਨੇ ਬਾਬਲ ਵਿਚ ਵੜ ਕੇ ਰਾਜਮਹਿਲ ਉੱਤੇ ਹਮਲਾ ਕੀਤਾ ਅਤੇ ਰਾਜਾ ਬੇਲਸ਼ੱਸਰ ਨੂੰ ਜਾਨੋਂ ਮਾਰ ਦਿੱਤਾ। (ਦਾਨੀਏਲ 5:30) ਉਹ ਇੱਕੋ ਰਾਤ ਵਿਚ ਜਿੱਤ ਗਏ। ਬਾਬਲ ਡਿੱਗ ਪਿਆ ਅਤੇ ਭਵਿੱਖਬਾਣੀ ਐਨ ਪੂਰੀ ਹੋਈ।

7. ਖੋਰਸ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਮਸੀਹੀਆਂ ਦੀ ਨਿਹਚਾ ਨੂੰ ਕਿਵੇਂ ਮਜ਼ਬੂਤ ਕਰਦੀ ਹੈ?

7 ਇਸ ਭਵਿੱਖਬਾਣੀ ਦੀ ਇੰਨੀ ਸਹੀ ਪੂਰਤੀ ਅੱਜ ਮਸੀਹੀਆਂ ਦੀ ਨਿਹਚਾ ਨੂੰ ਮਜ਼ਬੂਤ ਕਰਦੀ ਹੈ। ਇਹ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਦਿੰਦੀ ਹੈ ਕਿ ਅਗਾਹਾਂ ਲਈ ਬਾਈਬਲ ਦੀਆਂ ਸਾਰੀਆਂ ਭਵਿੱਖਬਾਣੀਆਂ ਵੀ ਪੂਰੀਆਂ ਹੋ ਕੇ ਰਹਿਣਗੀਆਂ। (2 ਪਤਰਸ 1:20, 21) ਯਹੋਵਾਹ ਦੇ ਸੇਵਕ ਜਾਣਦੇ ਹਨ ਕਿ 539 ਸਾ.ਯੁ.ਪੂ. ਵਿਚ ਬਾਬਲ ਦੇ ਡਿੱਗਣ ਨੇ 1919 ਵਿਚ ‘ਵੱਡੀ ਬਾਬੁਲ’ ਦੇ ਡਿੱਗਣ ਨੂੰ ਦਰਸਾਇਆ ਸੀ। ਪਰ ਉਹ ਅਜੇ ਉਸ ਆਧੁਨਿਕ ਧਾਰਮਿਕ ਸੰਗਠਨ ਦੇ ਨਾਸ਼ ਦੀ ਉਡੀਕ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਵਿਸ਼ਵਾਸ ਕਰਦੇ ਹਨ ਕਿ ਸ਼ਤਾਨ ਦੇ ਵੱਸ ਵਿਚ ਰਾਜਨੀਤੀ ਦਾ ਅੰਤ ਹੋਵੇਗਾ, ਸ਼ਤਾਨ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ, ਅਤੇ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੇ ਵਾਅਦੇ ਪੂਰੇ ਹੋਣਗੇ। (ਪਰਕਾਸ਼ ਦੀ ਪੋਥੀ 18:2, 21; 19:19-21; 20:1-3, 12, 13; 21:1-4) ਉਹ ਜਾਣਦੇ ਹਨ ਕਿ ਯਹੋਵਾਹ ਦੀਆਂ ਭਵਿੱਖਬਾਣੀਆਂ ਝੂਠੀਆਂ ਨਹੀਂ ਹਨ, ਪਰ ਅਗਾਹਾਂ ਨੂੰ ਹੋਣ ਵਾਲੀਆਂ ਖ਼ਾਸ ਘਟਨਾਵਾਂ ਬਾਰੇ ਦੱਸਦੀਆਂ ਹਨ। ਸੱਚੇ ਮਸੀਹੀਆਂ ਦਾ ਭਰੋਸਾ ਪੱਕਾ ਕੀਤਾ ਜਾਂਦਾ ਹੈ ਜਦੋਂ ਉਹ ਯਾਦ ਕਰਦੇ ਹਨ ਕਿ ਬਾਬਲ ਦੇ ਡਿੱਗਣ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੀਆਂ ਸਾਰੀਆਂ ਗੱਲਾਂ ਪੂਰੀਆਂ ਹੋਈਆਂ ਸਨ। ਉਨ੍ਹਾਂ ਨੂੰ ਪਤਾ ਹੈ ਕਿ ਯਹੋਵਾਹ ਆਪਣਾ ਬਚਨ ਹਮੇਸ਼ਾ ਪੂਰਾ ਕਰਦਾ ਹੈ।

ਯਹੋਵਾਹ ਨੇ ਖੋਰਸ ਨੂੰ ਕਿਉਂ ਚੁਣਿਆ

8. ਇਕ ਕਾਰਨ ਕੀ ਸੀ ਕਿ ਯਹੋਵਾਹ ਨੇ ਖੋਰਸ ਨੂੰ ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਲਈ ਵਰਤਿਆ ਸੀ?

8 ਇਹ ਦੱਸਣ ਤੋਂ ਬਾਅਦ ਕਿ ਬਾਬਲ ਉੱਤੇ ਕੌਣ ਜਿੱਤ ਪ੍ਰਾਪਤ ਕਰੇਗਾ ਅਤੇ ਇਹ ਕਿਵੇਂ ਹੋਵੇਗਾ, ਯਹੋਵਾਹ ਨੇ ਖੋਰਸ ਨੂੰ ਜਿੱਤ ਦਿਲਾਉਣ ਦਾ ਇਕ ਕਾਰਨ ਦਿੱਤਾ ਸੀ। ਭਵਿੱਖਬਾਣੀ ਵਿਚ ਯਹੋਵਾਹ ਨੇ ਖੋਰਸ ਨੂੰ ਕਿਹਾ ਕਿ ਇਹ ਇਸ ਲਈ ਸੀ “ਤਾਂ ਜੋ ਤੂੰ ਜਾਣੇਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹਾਂ, ਜੋ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਉਂਦਾ ਹਾਂ।” (ਯਸਾਯਾਹ 45:3ਅ) ਇਹ ਢੁਕਵਾਂ ਸੀ ਕਿ ਬਾਈਬਲ ਦੇ ਇਤਿਹਾਸ ਦੀ ਚੌਥੀ ਵਿਸ਼ਵ ਸ਼ਕਤੀ ਦਾ ਰਾਜਾ ਇਹ ਪਛਾਣੇ ਕਿ ਉਸ ਦੀ ਸਭ ਤੋਂ ਵੱਡੀ ਜਿੱਤ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਸਹਾਰੇ ਨਾਲ ਹੋਈ ਸੀ, ਜੋ ਉਸ ਨਾਲੋਂ ਕਿਤੇ ਉੱਤਮ ਹੈ। ਖੋਰਸ ਨੂੰ ਮੰਨਣਾ ਚਾਹੀਦਾ ਸੀ ਕਿ ਉਸ ਨੂੰ ਬੁਲਾਉਣ ਵਾਲਾ, ਯਾਨੀ ਉਸ ਨੂੰ ਇਹ ਕੰਮ ਸੌਂਪਣ ਵਾਲਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਸੀ। ਬਾਈਬਲ ਦਿਖਾਉਂਦੀ ਹੈ ਕਿ ਖੋਰਸ ਨੇ ਸੱਚ-ਮੁੱਚ ਇਹ ਗੱਲ ਮੰਨੀ ਸੀ ਕਿ ਉਸ ਦੀ ਵੱਡੀ ਜਿੱਤ ਯਹੋਵਾਹ ਵੱਲੋਂ ਸੀ।​—ਅਜ਼ਰਾ 1:2, 3.

9. ਦੂਜਾ ਕਾਰਨ ਕੀ ਸੀ ਕਿ ਯਹੋਵਾਹ ਨੇ ਖੋਰਸ ਨੂੰ ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਲਈ ਲਿਆਂਦਾ ਸੀ?

9 ਯਹੋਵਾਹ ਨੇ ਦੂਜਾ ਕਾਰਨ ਦੱਸਿਆ ਕਿ ਉਸ ਨੇ ਖੋਰਸ ਨੂੰ ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਲਈ ਕਿਉਂ ਲਿਆਂਦਾ ਸੀ: “ਮੇਰੇ ਦਾਸ ਯਾਕੂਬ ਦੀ, ਅਤੇ ਇਸਰਾਏਲ ਮੇਰੇ ਚੁਣਵੇਂ ਦੀ ਖਾਤਰ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਬੁਲਾਇਆ ਹੈ, ਅਤੇ ਤੈਨੂੰ ਪਦਵੀ ਦਿੱਤੀ ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।” (ਯਸਾਯਾਹ 45:4) ਬਾਬਲ ਉੱਤੇ ਖੋਰਸ ਦੀ ਜਿੱਤ ਬਹੁਤ ਜ਼ਰੂਰੀ ਸੀ। ਇਸ ਨਾਲ ਇਕ ਵਿਸ਼ਵ ਸ਼ਕਤੀ ਖ਼ਤਮ ਹੋਈ ਅਤੇ ਦੂਜੀ ਸ਼ੁਰੂ ਹੋਈ ਸੀ, ਅਤੇ ਇਸ ਨੇ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਵੱਡਾ ਅਸਰ ਪਾਇਆ। ਬਾਬਲ ਦੇ ਆਲੇ-ਦੁਆਲੇ ਦੀਆਂ ਕੌਮਾਂ ਹੋ ਰਹੀਆਂ ਘਟਣਾਵਾਂ ਬੇਤਾਬੀ ਨਾਲ ਦੇਖ ਰਹੀਆਂ ਸਨ। ਉਹ ਇਹ ਜਾਣ ਕੇ ਬਹੁਤ ਹੈਰਾਨ ਹੋਈਆਂ ਹੋਣੀਆਂ ਕਿ ਇਹ ਸਾਰਾ ਕੁਝ ਬਾਬਲ ਵਿਚ ਯਾਕੂਬ ਦੀ ਅੰਸ ਵਿੱਚੋਂ ਸਿਰਫ਼ ਹਜ਼ਾਰਾਂ ਕੁ “ਮਾਮੂਲੀ” ਯਹੂਦੀ ਗ਼ੁਲਾਮਾਂ ਦੀ ਖ਼ਾਤਰ ਹੋਇਆ ਸੀ। ਲੇਕਿਨ ਯਹੋਵਾਹ ਦੀ ਨਜ਼ਰ ਵਿਚ ਇਸਰਾਏਲ ਦੀ ਪ੍ਰਾਚੀਨ ਕੌਮ ਦਾ ਬਕੀਆ ਮਾਮੂਲੀ ਨਹੀਂ ਸੀ। ਉਹ ਉਸ ਦਾ “ਦਾਸ” ਸੀ। ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਉਹ ਉਸ ਦਾ ‘ਚੁਣਵਾਂ’ ਦਾਸ ਸੀ। ਭਾਵੇਂ ਕਿ ਖੋਰਸ ਯਹੋਵਾਹ ਨੂੰ ਪਹਿਲਾਂ ਨਹੀਂ ਜਾਣਦਾ ਸੀ, ਯਹੋਵਾਹ ਨੇ ਉਸ ਨੂੰ ਆਪਣੇ ਮਸਹ ਕੀਤੇ ਹੋਏ ਸੇਵਕ ਵਜੋਂ ਵਰਤਿਆ ਤਾਂਕਿ ਉਹ ਉਸ ਸ਼ਹਿਰ ਨੂੰ ਬਰਬਾਦ ਕਰੇ ਜੋ ਉਸ ਦੇ ਗ਼ੁਲਾਮਾਂ ਨੂੰ ਛੱਡਣ ਤੋਂ ਇਨਕਾਰ ਕਰਦਾ ਸੀ। ਇਹ ਪਰਮੇਸ਼ੁਰ ਦਾ ਮਕਸਦ ਨਹੀਂ ਸੀ ਕਿ ਉਸ ਦੇ ਚੁਣੇ ਹੋਏ ਲੋਕ ਹਮੇਸ਼ਾ ਲਈ ਵਿਦੇਸ਼ ਵਿਚ ਤੰਗੀਆਂ ਕੱਟਣ।

10. ਸਭ ਤੋਂ ਜ਼ਰੂਰੀ ਕਾਰਨ ਕੀ ਸੀ ਕਿ ਯਹੋਵਾਹ ਨੇ ਖੋਰਸ ਨੂੰ ਬਾਬਲੀ ਵਿਸ਼ਵ ਸ਼ਕਤੀ ਦਾ ਅੰਤ ਲਿਆਉਣ ਲਈ ਵਰਤਿਆ ਸੀ?

10 ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਲਈ ਖੋਰਸ ਨੂੰ ਵਰਤਣ ਦੇ ਤੀਜੇ ਅਤੇ ਸਭ ਤੋਂ ਮਹੱਤਵਪੂਰਣ ਕਾਰਨ ਬਾਰੇ ਯਹੋਵਾਹ ਨੇ ਕਿਹਾ: “ਮੈਂ ਯਹੋਵਾਹ ਹਾਂ ਅਤੇ ਹੋਰ ਕੋਈ ਨਹੀਂ, ਮੈਥੋਂ ਬਿਨਾ ਕੋਈ ਪਰਮੇਸ਼ੁਰ ਨਹੀਂ, ਮੈਂ ਤੇਰਾ ਲੱਕ ਬੰਨ੍ਹਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ, ਤਾਂ ਜੋ ਓਹ ਸੂਰਜ ਦੇ ਚੜ੍ਹਦੇ ਪਾਸਿਓਂ ਅਤੇ ਲਹਿੰਦੇ ਪਾਸੇ ਤੋਂ ਜਾਣਨ, ਕਿ ਮੈਥੋਂ ਬਿਨਾ ਹੋਰ ਕੋਈ ਨਹੀਂ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਹੀ ਨਹੀਂ।” (ਯਸਾਯਾਹ 45:5, 6) ਜੀ ਹਾਂ, ਬਾਬਲੀ ਵਿਸ਼ਵ ਸ਼ਕਤੀ ਦੇ ਡਿੱਗਣ ਨੇ ਦਿਖਾਇਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਇਸ ਨੇ ਸਾਰਿਆਂ ਲਈ ਸਾਬਤ ਕੀਤਾ ਕਿ ਸਿਰਫ਼ ਉਹੀ ਉਪਾਸਨਾ ਦੇ ਲਾਇਕ ਹੈ। ਕਿਉਂ ਜੋ ਪਰਮੇਸ਼ੁਰ ਦੇ ਲੋਕ ਛੁਡਾਏ ਗਏ ਸਨ, ਇਸ ਲਈ ਪੂਰਬ ਤੋਂ ਪੱਛਮ ਤਕ ਕਈਆਂ ਕੌਮਾਂ ਦੇ ਲੋਕਾਂ ਨੇ ਸਵੀਕਾਰ ਕੀਤਾ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।​—ਮਲਾਕੀ 1:11.

11. ਯਹੋਵਾਹ ਨੇ ਕਿਵੇਂ ਸਮਝਾਇਆ ਕਿ ਉਸ ਕੋਲ ਬਾਬਲ ਬਾਰੇ ਆਪਣੀ ਭਵਿੱਖਬਾਣੀ ਪੂਰੀ ਕਰਨ ਦੀ ਸ਼ਕਤੀ ਸੀ?

11 ਯਾਦ ਰੱਖੋ ਕਿ ਯਸਾਯਾਹ ਦੀ ਇਹ ਭਵਿੱਖਬਾਣੀ ਲਿਖੀ ਜਾਣ ਤੋਂ ਕੁਝ 200 ਸਾਲ ਬਾਅਦ ਪੂਰੀ ਹੋਈ ਸੀ। ਉਸ ਸਮੇਂ ਇਹ ਸੁਣ ਕੇ ਕੁਝ ਲੋਕਾਂ ਨੇ ਸ਼ਾਇਦ ਸੋਚਿਆ ਹੋਵੇ ਕਿ ‘ਕੀ ਯਹੋਵਾਹ ਕੋਲ ਇਸ ਨੂੰ ਪੂਰੀ ਕਰਨ ਦੀ ਸੱਚ-ਮੁੱਚ ਤਾਕਤ ਹੈ?’ ਇਸ ਦਾ ਜਵਾਬ ਹਾਂ ਹੈ, ਅਤੇ ਇਸ ਦਾ ਸਬੂਤ ਇਤਿਹਾਸ ਤੋਂ ਮਿਲਦਾ ਹੈ। ਯਹੋਵਾਹ ਨੇ ਸਮਝਾਇਆ ਕਿ ਇਹ ਵਿਸ਼ਵਾਸ ਕਰਨਾ ਠੀਕ ਕਿਉਂ ਸੀ ਕਿ ਉਹ ਆਪਣੀ ਕਹਿਣੀ ਪੂਰੀ ਕਰ ਸਕਦਾ ਸੀ: “ਮੈਂ ਚਾਨਣ ਦਾ ਸਿਰਜਣਹਾਰ ਅਤੇ ਅਨ੍ਹੇਰੇ ਦਾ ਕਰਤਾਰ, ਮੈਂ ਸ਼ਾਂਤੀ ਦਾ ਬਣਾਉਣ ਵਾਲਾ ਅਤੇ ਬਿਪਤਾ ਦਾ ਕਰਤਾ ਹਾਂ, ਮੈਂ ਯਹੋਵਾਹ ਏਹ ਸਾਰੇ ਕੰਮ ਕਰਦਾ ਹਾਂ।” (ਯਸਾਯਾਹ 45:7) ਸ੍ਰਿਸ਼ਟੀ ਦੀ ਹਰ ਚੀਜ਼, ਚਾਨਣ ਤੋਂ ਹਨੇਰੇ ਤਕ, ਅਤੇ ਇਤਿਹਾਸ ਵਿਚ ਹਰ ਕੁਝ, ਸ਼ਾਂਤੀ ਤੋਂ ਬਿਪਤਾ ਤਕ, ਯਹੋਵਾਹ ਦੇ ਵੱਸ ਵਿਚ ਹੈ। ਠੀਕ ਜਿਵੇਂ ਉਸ ਨੇ ਦਿਨ ਦਾ ਚਾਨਣ ਅਤੇ ਰਾਤ ਦਾ ਹਨੇਰਾ ਬਣਾਇਆ ਹੈ, ਉਸੇ ਤਰ੍ਹਾਂ ਉਸ ਨੇ ਇਸਰਾਏਲ ਲਈ ਸ਼ਾਂਤੀ ਅਤੇ ਬਾਬਲ ਲਈ ਬਿਪਤਾ ਲਿਆਂਦੀ ਸੀ। ਯਹੋਵਾਹ ਕੋਲ ਵਿਸ਼ਵ ਬਣਾਉਣ ਦੀ ਸ਼ਕਤੀ ਹੈ ਅਤੇ ਉਸ ਕੋਲ ਆਪਣੀਆਂ ਭਵਿੱਖਬਾਣੀਆਂ ਪੂਰੀਆਂ ਕਰਨ ਦੀ ਵੀ ਸ਼ਕਤੀ ਹੈ। ਇਹ ਗੱਲ ਅੱਜ ਉਨ੍ਹਾਂ ਮਸੀਹੀਆਂ ਨੂੰ ਭਰੋਸਾ ਦਿੰਦੀ ਹੈ ਜੋ ਪੂਰੇ ਧਿਆਨ ਨਾਲ ਉਸ ਦੇ ਅਗੰਮ ਵਾਕ ਦੀ ਜਾਂਚ ਕਰਦੇ ਹਨ।

12. (ੳ) ਯਹੋਵਾਹ ਨੇ ਆਕਾਸ਼ ਅਤੇ ਧਰਤੀ ਤੋਂ ਕੀ ਪੈਦਾ ਕਰਵਾਇਆ ਸੀ? (ਅ) ਯਸਾਯਾਹ 45:8 ਵਿਚ ਅੱਜ ਮਸੀਹੀਆਂ ਲਈ ਕਿਹੜਾ ਦਿਲਾਸਾ ਭਰਿਆ ਵਾਅਦਾ ਹੈ?

12 ਯਹੋਵਾਹ ਨੇ ਸ੍ਰਿਸ਼ਟੀ ਦੀਆਂ ਕੁਦਰਤੀ ਘਟਨਾਵਾਂ ਨੂੰ ਵਧੀਆ ਢੰਗ ਨਾਲ ਵਰਤ ਕੇ ਸਮਝਾਇਆ ਕਿ ਗ਼ੁਲਾਮ ਯਹੂਦੀਆਂ ਨਾਲ ਕੀ-ਕੀ ਹੋਣਾ ਸੀ: “ਹੇ ਅਕਾਸ਼ੋ, ਉੱਤੋਂ ਚੋ ਪਓ! ਅਤੇ ਗਗਨ ਧਰਮ ਨੂੰ ਵਰ੍ਹਾਉਣ, ਧਰਤੀ ਖੁਲ੍ਹ ਜਾਵੇ ਅਤੇ ਮੁਕਤੀ ਦਾ ਫਲ ਲਿਆਵੇ, ਅਤੇ ਧਰਮ ਨੂੰ ਵੀ ਉਗਾਵੇ, ਮੈਂ ਯਹੋਵਾਹ ਨੇ ਉਹ ਨੂੰ ਉਤਪਤ ਕੀਤਾ।” (ਯਸਾਯਾਹ 45:8) ਠੀਕ ਜਿਵੇਂ ਅਸਲੀ ਆਕਾਸ਼ ਤੋਂ ਜੀਵਨ-ਦਾਇਕ ਮੀਂਹ ਵਰ੍ਹਦਾ ਹੈ, ਉਸੇ ਤਰ੍ਹਾਂ ਯਹੋਵਾਹ ਰੂਹਾਨੀ ਆਕਾਸ਼ੋਂ ਆਪਣੇ ਲੋਕਾਂ ਉੱਤੇ ਧਰਮੀ ਬਰਕਤਾਂ ਵਰ੍ਹਾਉਂਦਾ ਹੈ। ਠੀਕ ਜਿਵੇਂ ਧਰਤੀ ਫਲ ਪੈਦਾ ਕਰਦੀ ਹੈ, ਯਹੋਵਾਹ ਨੇ ਰੂਹਾਨੀ ਧਰਤੀ ਤੋਂ ਆਪਣੇ ਧਰਮੀ ਮਕਸਦ ਦੇ ਅਨੁਸਾਰ ਘਟਨਾਵਾਂ ਪੈਦਾ ਕੀਤੀਆਂ ਸਨ—ਖ਼ਾਸ ਕਰਕੇ ਬਾਬਲ ਤੋਂ ਆਪਣੇ ਗ਼ੁਲਾਮ ਲੋਕਾਂ ਲਈ ਮੁਕਤੀ। ਇਸੇ ਤਰ੍ਹਾਂ ਸੰਨ 1919 ਵਿਚ ਯਹੋਵਾਹ ਨੇ ‘ਅਕਾਸ਼’ ਅਤੇ “ਧਰਤੀ” ਤੋਂ ਅਜਿਹੀਆਂ ਘਟਨਾਵਾਂ ਪੈਦਾ ਕਰਵਾਈਆਂ ਜਿਨ੍ਹਾਂ ਦੇ ਕਾਰਨ ਉਸ ਦੇ ਲੋਕ ਛੁਡਾਏ ਗਏ ਸਨ। ਅਜਿਹੀਆਂ ਚੀਜ਼ਾਂ ਦੇਖ ਕੇ ਮਸੀਹੀ ਅੱਜ ਖ਼ੁਸ਼ ਕਿਉਂ ਹੁੰਦੇ ਹਨ? ਕਿਉਂਕਿ ਉਹ ਘਟਨਾਵਾਂ ਉਨ੍ਹਾਂ ਦੀ ਨਿਹਚਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਅਤੇ ਉਹ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਆਕਾਸ਼, ਯਾਨੀ ਪਰਮੇਸ਼ੁਰ ਦਾ ਰਾਜ, ਧਰਮੀ ਧਰਤੀ ਉੱਤੇ ਬਰਕਤਾਂ ਲਿਆਵੇਗਾ। ਪ੍ਰਾਚੀਨ ਬਾਬਲ ਦੇ ਨਾਸ਼ ਦੇ ਸਮੇਂ ਦੀ ਤੁਲਨਾ ਵਿਚ ਉਸ ਸਮੇਂ ਆਕਾਸ਼ ਅਤੇ ਧਰਤੀ ਤੋਂ ਆਉਣ ਵਾਲੀ ਧਾਰਮਿਕਤਾ ਅਤੇ ਮੁਕਤੀ ਵੱਡੇ ਪੈਮਾਨੇ ਦੀ ਹੋਵੇਗੀ। ਯਸਾਯਾਹ ਦੇ ਸ਼ਬਦਾਂ ਦੀ ਆਖ਼ਰੀ ਪੂਰਤੀ ਕਿੰਨੀ ਸ਼ਾਨਦਾਰ ਹੋਵੇਗੀ!​—2 ਪਤਰਸ 3:13; ਪਰਕਾਸ਼ ਦੀ ਪੋਥੀ 21:1.

ਯਹੋਵਾਹ ਦਾ ਰਾਜ ਕਰਨ ਦਾ ਹੱਕ ਪਛਾਣਨ ਦੀਆਂ ਬਰਕਤਾਂ

13. ਇਨਸਾਨਾਂ ਲਈ ਯਹੋਵਾਹ ਦੇ ਮਕਸਦਾਂ ਦਾ ਇਤਰਾਜ਼ ਕਰਨਾ ਫਜ਼ੂਲ ਕਿਉਂ ਹੈ?

13 ਭਵਿੱਖ ਵਿਚ ਆਉਣ ਵਾਲੀਆਂ ਬਰਕਤਾਂ ਬਾਰੇ ਗੱਲ ਕਰਨ ਤੋਂ ਬਾਅਦ, ਭਵਿੱਖਬਾਣੀ ਦਾ ਅੰਦਾਜ਼ ਅਚਾਨਕ ਬਦਲ ਗਿਆ ਅਤੇ ਯਸਾਯਾਹ ਨੇ ਦੋ ਲਾਨ੍ਹਤਾਂ ਪਾਈਆਂ: “ਹਾਇ ਉਹ ਦੇ ਉੱਤੇ ਜੋ ਆਪਣੇ ਸਾਜਣਹਾਰ ਨਾਲ ਝਗੜਦਾ ਹੈ, ਠੀਕਰਾ ਮਿੱਟੀ ਦਿਆਂ ਠੀਕਰਿਆਂ ਵਿੱਚ! ਭਲਾ, ਮਿੱਟੀ ਆਪਣੇ ਸਾਜਣਹਾਰ ਨੂੰ ਆਖੇ, ਤੂੰ ਕੀ ਬਣਾਉਂਦਾ ਹੈਂ? ਯਾ ਤੇਰੀ ਕਿਰਤ, ਕਿ ਉਹ ਦੇ ਤਾਂ ਹੱਥ ਹੈ ਨਹੀਂ! ਹਾਇ ਉਹ ਦੇ ਉੱਤੇ ਜੋ ਕਿਸੇ ਪਿਉ ਨੂੰ ਆਖਦਾ ਹੈ, ਤੂੰ ਕਾਸ ਨੂੰ ਜਨਮ ਦਿੰਦਾ ਹੈਂ? ਯਾ ਕਿਸੇ ਤੀਵੀਂ ਨੂੰ, ਤੈਨੂੰ ਕਾਹ ਦੀਆਂ ਪੀੜਾਂ ਲੱਗੀਆਂ ਹਨ?” (ਯਸਾਯਾਹ 45:9, 10) ਇਸ ਤਰ੍ਹਾਂ ਲੱਗਦਾ ਹੈ ਕਿ ਇਸਰਾਏਲੀਆਂ ਨੇ ਯਹੋਵਾਹ ਦੀ ਭਵਿੱਖਬਾਣੀ ਦਾ ਬੁਰਾ ਮਨਾਇਆ ਸੀ। ਸ਼ਾਇਦ ਉਹ ਇਹ ਨਹੀਂ ਮੰਨਦੇ ਸਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਗ਼ੁਲਾਮੀ ਵਿਚ ਜਾਣ ਦੇਵੇਗਾ। ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਤਰਾਜ਼ ਸੀ ਕਿ ਦਾਊਦ ਦੇ ਘਰਾਣੇ ਦੇ ਰਾਜੇ ਦੀ ਬਜਾਇ ਇਸਰਾਏਲੀ ਇਕ ਮੂਰਤੀ-ਪੂਜਕ ਕੌਮ ਦੇ ਰਾਜੇ ਦੁਆਰਾ ਛੁਡਾਏ ਜਾਣਗੇ। ਅਜਿਹੇ ਇਤਰਾਜ਼ ਦੀ ਫਜ਼ੂਲਤਾ ਦਿਖਾਉਣ ਲਈ, ਯਸਾਯਾਹ ਨੇ ਇਨ੍ਹਾਂ ਇਤਰਾਜ਼ ਕਰਨ ਵਾਲਿਆਂ ਦੀ ਤੁਲਨਾ ਮਿੱਟੀ ਦੇ ਭਾਂਡਿਆਂ ਦਿਆਂ ਟੁਕੜਿਆਂ ਨਾਲ ਕੀਤੀ ਜਿਨ੍ਹਾਂ ਦਾ ਆਪਣੇ ਸਿਰਜਣਹਾਰ ਦੀ ਬੁੱਧ ਉੱਤੇ ਸ਼ੱਕ ਕਰਨ ਦਾ ਕੋਈ ਹੱਕ ਨਹੀਂ ਸੀ। ਘੁਮਿਆਰ ਨੇ ਜਿਸ ਚੀਜ਼ ਨੂੰ ਸਾਜਿਆ ਸੀ ਉਹੀ ਉਸ ਨੂੰ ਕਹਿ ਰਹੀ ਸੀ ਕਿ ਉਹ ਦੇ ਹੱਥ ਹੈ ਨਹੀਂ। ਇਹ ਕਿੰਨੀ ਬੇਵਕੂਫ਼ੀ ਸੀ! ਇਤਰਾਜ਼ ਕਰਨ ਵਾਲੇ ਤਾਂ ਿਨੱਕੇ ਨਿਆਣਿਆਂ ਵਰਗੇ ਸਨ ਜਿਨ੍ਹਾਂ ਦਾ ਆਪਣੇ ਮਾਪਿਆਂ ਦੇ ਅਧਿਕਾਰ ਸਾਮ੍ਹਣੇ ਬੋਲਣ ਦਾ ਕੋਈ ਹੱਕ ਨਹੀਂ ਸੀ।

14, 15. “ਇਸਰਾਏਲ ਦਾ ਪਵਿੱਤਰ ਪੁਰਖ” ਅਤੇ “ਸਿਰਜਣਹਾਰ” ਦੀਆਂ ਪਦਵੀਆਂ ਤੋਂ ਯਹੋਵਾਹ ਬਾਰੇ ਕੀ ਪੱਤਾ ਲੱਗਦਾ ਹੈ?

14 ਯਸਾਯਾਹ ਨੇ ਇਨ੍ਹਾਂ ਇਤਰਾਜ਼ ਕਰਨ ਵਾਲਿਆਂ ਨੂੰ ਯਹੋਵਾਹ ਦਾ ਜਵਾਬ ਦਿੱਤਾ: “ਯਹੋਵਾਹ ਇਉਂ ਆਖਦਾ ਹੈ, ਉਹ ਜੋ ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਹ ਦਾ ਸਿਰਜਣਹਾਰ ਹੈ, ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ? ਮੇਰੇ ਪੁੱਤ੍ਰਾਂ ਵਿਖੇ, ਮੇਰੀ ਦਸਤਕਾਰੀ ਵਿਖੇ, ਤੁਸੀਂ ਮੈਨੂੰ ਹੁਕਮ ਦਿਓਗੇ? ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਆਦਮੀ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥ ਨਾਲ ਅਕਾਸ਼ ਨੂੰ ਤਾਣਿਆ, ਅਤੇ ਉਹ ਦੀ ਸਾਰੀ ਸੈਨਾ ਨੂੰ ਮੈਂ ਹੀ ਹੁਕਮ ਦਿੱਤਾ। ਮੈਂ ਉਹ ਨੂੰ ਧਰਮ ਵਿੱਚ ਉਠਾਇਆ, ਅਤੇ ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ, ਉਹ ਮੇਰਾ ਸ਼ਹਿਰ ਉਸਾਰੇਗਾ, ਅਤੇ ਮੇਰੇ ਅਸੀਰਾਂ ਨੂੰ ਅਜ਼ਾਦ ਕਰੇਗਾ, ਬਿਨਾ ਮੁੱਲ ਅਰ ਬਿਨਾ ਵੱਟੇ ਦੇ, ਸੈਨਾਂ ਦਾ ਯਹੋਵਾਹ ਆਖਦਾ ਹੈ।”​—ਯਸਾਯਾਹ 45:11-13.

15 ਯਹੋਵਾਹ ਨੂੰ “ਪਵਿੱਤਰ ਪੁਰਖ” ਸੱਦਣਾ ਉਸ ਦੀ ਪਵਿੱਤਰਤਾ ਉੱਤੇ ਜ਼ੋਰ ਦਿੰਦਾ ਹੈ। ਉਸ ਨੂੰ “ਸਿਰਜਣਹਾਰ” ਸੱਦਣਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਕਰਤਾਰ ਵਜੋਂ ਉਸ ਦਾ ਹੱਕ ਬਣਦਾ ਹੈ ਕਿ ਉਹ ਮਾਮਲਿਆਂ ਦੇ ਅੰਤ ਦਾ ਫ਼ੈਸਲਾ ਕਰੇ। ਯਹੋਵਾਹ ਇਸਰਾਏਲੀਆਂ ਨੂੰ ਇਹ ਵੀ ਦੱਸ ਸਕਦਾ ਸੀ ਕਿ ਅਗਾਹਾਂ ਨੂੰ ਕੀ ਹੋਣਾ ਸੀ ਅਤੇ ਉਹ ਆਪਣੀ ਦਸਤਕਾਰੀ, ਯਾਨੀ ਆਪਣੇ ਲੋਕਾਂ ਦੀ ਦੇਖ-ਭਾਲ ਵੀ ਕਰ ਸਕਦਾ ਸੀ। ਇਕ ਵਾਰ ਫਿਰ ਅਗੰਮ ਵਾਕ ਕਰਨ ਅਤੇ ਸਿਰਜਣਹਾਰ ਹੋਣ ਦਾ ਸੰਬੰਧ ਦਿਖਾਇਆ ਗਿਆ। ਵਿਸ਼ਵ ਦੇ ਸਿਰਜਣਹਾਰ ਵਜੋਂ ਯਹੋਵਾਹ ਦਾ ਹੱਕ ਬਣਦਾ ਹੈ ਕਿ ਘਟਨਾਵਾਂ ਉਸ ਦੀ ਮਰਜ਼ੀ ਅਨੁਸਾਰ ਹੋਣ। (1 ਇਤਹਾਸ 29:11, 12) ਸਰਬਸ਼ਕਤੀਮਾਨ ਪਰਮੇਸ਼ੁਰ ਨੇ ਖੋਰਸ ਨੂੰ ਇਸਰਾਏਲ ਦੇ ਛੁਡਾਉਣ ਵਾਲੇ ਵਜੋਂ ਚੁਣਿਆ ਸੀ ਭਾਵੇਂ ਉਹ ਮੂਰਤੀ-ਪੂਜਕ ਸੀ। ਖੋਰਸ ਦਾ ਆਉਣਾ ਉੱਨਾ ਹੀ ਪੱਕਾ ਸੀ ਜਿੰਨਾ ਕਿ ਆਕਾਸ਼ ਅਤੇ ਧਰਤੀ ਦੀ ਮੌਜੂਦਗੀ ਸੀ। ਤਾਂ ਫਿਰ ਕਿਹੜਾ ਇਸਰਾਏਲੀ ਆਪਣੇ ਪਿਤਾ ‘ਸੈਨਾਂ ਦੇ ਯਹੋਵਾਹ’ ਦੀ ਨੁਕਤਾਚੀਨੀ ਕਰਨ ਦੀ ਜੁਰਅਤ ਕਰ ਸਕਦਾ ਸੀ?

16. ਯਹੋਵਾਹ ਦੇ ਸੇਵਕਾਂ ਨੂੰ ਉਸ ਦੀ ਅਗਵਾਈ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ?

16 ਯਸਾਯਾਹ ਦੀ ਪੁਸਤਕ ਦੀਆਂ ਇਨ੍ਹਾਂ ਆਇਤਾਂ ਵਿਚ ਇਕ ਹੋਰ ਕਾਰਨ ਪਾਇਆ ਜਾਂਦਾ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਉਸ ਦੀ ਅਗਵਾਈ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ। ਉਸ ਦੇ ਫ਼ੈਸਲੇ ਹਮੇਸ਼ਾ ਉਸ ਦੇ ਸੇਵਕਾਂ ਦੇ ਭਲੇ ਲਈ ਹੁੰਦੇ ਹਨ। (ਅੱਯੂਬ 36:3) ਉਸ ਨੇ ਅਜਿਹੇ ਨਿਯਮ ਬਣਾਏ ਜਿਨ੍ਹਾਂ ਤੋਂ ਉਸ ਦੇ ਲੋਕਾਂ ਨੂੰ ਲਾਭ ਹੁੰਦਾ ਹੈ। (ਯਸਾਯਾਹ 48:17) ਖੋਰਸ ਦੇ ਜ਼ਮਾਨੇ ਵਿਚ ਯਹੋਵਾਹ ਦਾ ਰਾਜ ਕਰਨ ਦਾ ਹੱਕ ਸਵੀਕਾਰ ਕਰਨ ਵਾਲੇ ਯਹੂਦੀਆਂ ਨੇ ਇਸ ਗੱਲ ਦੀ ਸੱਚਾਈ ਦੇਖੀ। ਖੋਰਸ ਯਹੋਵਾਹ ਦੀ ਧਾਰਮਿਕਤਾ ਦੇ ਅਨੁਸਾਰ ਕੰਮ ਕਰ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਬਾਬਲ ਤੋਂ ਆਪਣੇ ਵਤਨ ਵਾਪਸ ਭੇਜਿਆ ਤਾਂਕਿ ਉਹ ਹੈਕਲ ਨੂੰ ਦੁਬਾਰਾ ਬਣਾ ਸਕਣ। (ਅਜ਼ਰਾ 6:3-5) ਇਸੇ ਤਰ੍ਹਾਂ ਅੱਜ ਉਨ੍ਹਾਂ ਲੋਕਾਂ ਨੂੰ ਬਰਕਤਾਂ ਮਿਲਦੀਆਂ ਹਨ ਜੋ ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਜੀਉਂਦੇ ਹਨ ਅਤੇ ਉਸ ਦਾ ਰਾਜ ਕਰਨ ਦਾ ਹੱਕ ਸਵੀਕਾਰ ਕਰਦੇ ਹਨ।​—ਜ਼ਬੂਰ 1:1-3; 19:7; 119:105; ਯੂਹੰਨਾ 8:31, 32.

ਦੂਸਰੀਆਂ ਕੌਮਾਂ ਲਈ ਬਰਕਤਾਂ

17. ਇਸਰਾਏਲ ਤੋਂ ਇਲਾਵਾ ਹੋਰ ਕਿਨ੍ਹਾਂ ਨੂੰ ਯਹੋਵਾਹ ਦੀ ਮੁਕਤੀ ਦੇ ਕੰਮਾਂ ਤੋਂ ਲਾਭ ਹੋਇਆ ਸੀ ਅਤੇ ਕਿਵੇਂ?

17 ਬਾਬਲ ਦੇ ਡਿੱਗਣ ਤੋਂ ਸਿਰਫ਼ ਇਸਰਾਏਲ ਦੀ ਕੌਮ ਨੂੰ ਹੀ ਲਾਭ ਨਹੀਂ ਹੋਇਆ ਸੀ। ਯਸਾਯਾਹ ਨੇ ਕਿਹਾ: ‘ਯਹੋਵਾਹ ਇਉਂ ਆਖਦਾ ਹੈ, ਮਿਸਰ ਦੇ ਕਾਮੇ, ਕੂਸ਼ ਦੇ ਬੁਪਾਰੀ, ਅਤੇ ਸਬਾ ਦੇ ਕੱਦ ਵਾਲੇ ਮਨੁੱਖ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਓਹ ਜਕੜੇ ਹੋਏ ਲੰਘਣਗੇ, ਓਹ ਤੇਰੇ ਅੱਗੇ ਮੱਥਾ ਟੇਕਣਗੇ, ਓਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੀ ਹੈ, ਕੋਈ ਹੋਰ ਨਹੀਂ, ਕੋਈ ਹੋਰ ਪਰਮੇਸ਼ੁਰ ਨਹੀਂ।’ (ਯਸਾਯਾਹ 45:14) ਮੂਸਾ ਦੇ ਜ਼ਮਾਨੇ ਵਿਚ ਗ਼ੈਰ-ਯਹੂਦੀਆਂ ਦੀ ਇਕ “ਮਿਲੀ ਜੁਲੀ ਭੀੜ” ਇਸਰਾਏਲੀਆਂ ਨਾਲ ਮਿਸਰ ਵਿੱਚੋਂ ਨਿਕਲੀ ਸੀ। (ਕੂਚ 12:37, 38) ਇਸੇ ਤਰ੍ਹਾਂ ਜਦੋਂ ਬਾਬਲ ਵਿੱਚੋਂ ਯਹੂਦੀ ਗ਼ੁਲਾਮ ਘਰ ਵਾਪਸ ਮੁੜੇ ਸਨ ਤਾਂ ਕੁਝ ਵਿਦੇਸ਼ੀ ਵੀ ਉਨ੍ਹਾਂ ਦੇ ਨਾਲ ਮੁੜੇ ਸਨ। ਇਨ੍ਹਾਂ ਗ਼ੈਰ-ਯਹੂਦੀਆਂ ਨੂੰ ਨਾਲ ਜਾਣ ਲਈ ਮਜਬੂਰ ਨਹੀਂ ਕੀਤਾ ਗਿਆ ਸੀ ਪਰ ਉਹ ਖ਼ੁਦ ‘ਲੰਘ ਕੇ ਆਏ’ ਸਨ। ਜਦੋਂ ਯਹੋਵਾਹ ਨੇ ਕਿਹਾ ਕਿ “ਓਹ ਤੇਰੇ ਅੱਗੇ ਮੱਥਾ ਟੇਕਣਗੇ” ਅਤੇ “ਓਹ ਤੇਰੇ ਅੱਗੇ ਬੇਨਤੀ ਕਰਨਗੇ,” ਤਾਂ ਉਹ ਇਸਰਾਏਲ ਪ੍ਰਤੀ ਇਨ੍ਹਾਂ ਵਿਦੇਸ਼ੀਆਂ ਦੀ ਰਜ਼ਾਮੰਦ ਅਧੀਨਗੀ ਅਤੇ ਵਫ਼ਾਦਾਰੀ ਬਾਰੇ ਗੱਲ ਕਰ ਰਿਹਾ ਸੀ। ਉਨ੍ਹਾਂ ਦੇ ਜਕੜੇ ਹੋਏ ਹੋਣ ਦਾ ਮਤਲਬ ਸੀ ਕਿ ਉਹ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੀ ਸੇਵਾ ਕਰਨ ਨੂੰ ਤਿਆਰ ਸਨ। ਉਨ੍ਹਾਂ ਨੇ ਇਸਰਾਏਲੀਆਂ ਨੂੰ ਕਿਹਾ: ‘ਪਰਮੇਸ਼ੁਰ ਤੁਹਾਡੇ ਨਾਲ ਹੀ ਹੈ।’ ਉਨ੍ਹਾਂ ਨੇ ਇਸਰਾਏਲ ਨਾਲ ਯਹੋਵਾਹ ਦੇ ਨੇਮ ਦੇ ਪ੍ਰਬੰਧ ਅਨੁਸਾਰ ਨਵਧਰਮੀਆਂ ਵਜੋਂ ਯਹੋਵਾਹ ਦੀ ਉਪਾਸਨਾ ਕੀਤੀ ਸੀ।​—ਯਸਾਯਾਹ 56:6.

18. ਅੱਜ “ਪਰਮੇਸ਼ੁਰ ਦੇ ਇਸਰਾਏਲ” ਨੂੰ ਛੁਡਾਉਣ ਕਰਕੇ ਕਿਨ੍ਹਾਂ ਨੂੰ ਲਾਭ ਹੋਇਆ ਅਤੇ ਕਿਸ ਤਰ੍ਹਾਂ?

18 ਸੰਨ 1919 ਵਿਚ “ਪਰਮੇਸ਼ੁਰ ਦੇ ਇਸਰਾਏਲ” ਨੂੰ ਰੂਹਾਨੀ ਗ਼ੁਲਾਮੀ ਤੋਂ ਛੁਡਾਇਆ ਗਿਆ ਸੀ। ਇਸ ਸਮੇਂ ਤੋਂ ਲੈ ਕੇ ਖੋਰਸ ਦੇ ਜ਼ਮਾਨੇ ਨਾਲੋਂ ਯਸਾਯਾਹ ਦੇ ਸ਼ਬਦਾਂ ਦੀ ਵੱਡੀ ਪੂਰਤੀ ਹੋਈ ਹੈ। ਸਾਰੀ ਧਰਤੀ ਉੱਤੇ ਲੱਖਾਂ ਹੀ ਲੋਕ ਯਹੋਵਾਹ ਦੀ ਸੇਵਾ ਕਰਨ ਲਈ ਰਜ਼ਾਮੰਦ ਹਨ। (ਗਲਾਤੀਆਂ 6:16; ਜ਼ਕਰਯਾਹ 8:23) ਉਨ੍ਹਾਂ ‘ਕਾਮਿਆਂ’ ਅਤੇ ‘ਬੁਪਾਰੀਆਂ’ ਦੀ ਤਰ੍ਹਾਂ ਜਿਨ੍ਹਾਂ ਦਾ ਜ਼ਿਕਰ ਯਸਾਯਾਹ ਨੇ ਕੀਤਾ ਸੀ, ਉਹ ਖ਼ੁਸ਼ੀ ਨਾਲ ਆਪਣੀ ਤਾਕਤ ਅਤੇ ਦੌਲਤ ਸੱਚੀ ਉਪਾਸਨਾ ਵਿਚ ਲਾਉਂਦੇ ਹਨ। (ਮੱਤੀ 25:34-40; ਮਰਕੁਸ 12:30) ਉਹ ਆਪਣਾ ਜੀਵਨ ਪਰਮੇਸ਼ੁਰ ਨੂੰ ਸੌਂਪਦੇ ਹਨ ਅਤੇ ਉਸ ਦੇ ਰਾਹਾਂ ਉੱਤੇ ਚੱਲ ਕੇ ਖ਼ੁਸ਼ੀ ਨਾਲ ਉਸ ਦੇ ਦਾਸ ਬਣਦੇ ਹਨ। (ਲੂਕਾ 9:23) ਉਹ ਸਿਰਫ਼ ਯਹੋਵਾਹ ਦੀ ਉਪਾਸਨਾ ਕਰਦੇ ਹਨ ਅਤੇ ਯਹੋਵਾਹ ਦੇ “ਮਾਤਬਰ ਅਤੇ ਬੁੱਧਵਾਨ ਨੌਕਰ” ਨਾਲ ਸੰਗਤ ਕਰਨ ਦਾ ਆਨੰਦ ਮਾਣਦੇ ਹਨ, ਜੋ ਪਰਮੇਸ਼ੁਰ ਨਾਲ ਇਕ ਖ਼ਾਸ ਨੇਮ-ਬੱਧ ਰਿਸ਼ਤੇ ਵਿਚ ਹਨ। (ਮੱਤੀ 24:45-47; 26:28; ਇਬਰਾਨੀਆਂ 8:8-13) ਭਾਵੇਂ ਕਿ ਇਹ ‘ਕਾਮੇ ਅਤੇ ਬੁਪਾਰੀ’ ਉਸ ਨੇਮ ਵਿਚ ਨਹੀਂ ਹਨ ਉਨ੍ਹਾਂ ਨੂੰ ਉਸ ਤੋਂ ਲਾਭ ਹੁੰਦਾ ਹੈ। ਉਹ ਉਸ ਨੇਮ ਦੇ ਨਿਯਮਾਂ ਨੂੰ ਮੰਨਦੇ ਹੋਏ ਕਹਿੰਦੇ ਹਨ ਕਿ “ਕੋਈ ਹੋਰ ਪਰਮੇਸ਼ੁਰ ਨਹੀਂ” ਹੈ। ਅੱਜ ਅਸੀਂ ਸੱਚੀ ਉਪਾਸਨਾ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਦੇਖ ਕੇ ਕਿੰਨੇ ਖ਼ਸ਼ ਹਾਂ!​—ਯਸਾਯਾਹ 60:22.

19. ਮੂਰਤੀ-ਪੂਜਾ ਕਰਦੇ ਰਹਿਣ ਵਾਲਿਆਂ ਨਾਲ ਕੀ ਹੋਣਾ ਸੀ?

19 ਇਹ ਦੱਸਣ ਤੋਂ ਬਾਅਦ ਕਿ ਕੌਮਾਂ ਦੇ ਲੋਕ ਯਹੋਵਾਹ ਦੀ ਉਪਾਸਨਾ ਕਰਨਗੇ, ਯਸਾਯਾਹ ਨੇ ਕਿਹਾ: “ਤੂੰ ਸੱਚ ਮੁੱਚ ਇੱਕ ਪਰਮੇਸ਼ੁਰ ਹੈਂ ਜੋ ਆਪ ਨੂੰ ਲੁਕਾਉਂਦਾ ਹੈਂ, ਹੇ ਇਸਰਾਏਲ ਦੇ ਬਚਾਉਣ ਵਾਲੇ ਪਰਮੇਸ਼ੁਰ।” (ਯਸਾਯਾਹ 45:15) ਭਾਵੇਂ ਯਹੋਵਾਹ ਉਸ ਸਮੇਂ ਆਪਣੀ ਤਾਕਤ ਨਹੀਂ ਦਿਖਾ ਰਿਹਾ ਸੀ, ਭਵਿੱਖ ਵਿਚ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਲੁਕਾਵੇਗਾ। ਉਸ ਨੇ ਦਿਖਾਉਣਾ ਸੀ ਕਿ ਉਹ ਇਸਰਾਏਲ ਦਾ ਪਰਮੇਸ਼ੁਰ ਅਤੇ ਆਪਣੇ ਲੋਕਾਂ ਦਾ ਮੁਕਤੀਦਾਤਾ ਸੀ। ਪਰ, ਯਹੋਵਾਹ ਮੂਰਤੀਆਂ ਉੱਤੇ ਭਰੋਸਾ ਰੱਖਣ ਵਾਲਿਆਂ ਦਾ ਮੁਕਤੀਦਾਤਾ ਨਹੀਂ ਹੋਵੇਗਾ। ਅਜਿਹੇ ਲੋਕਾਂ ਬਾਰੇ ਯਸਾਯਾਹ ਨੇ ਕਿਹਾ: “ਓਹ ਸਭ ਸ਼ਰਮ ਖਾਣਗੇ ਨਾਲੇ ਨਮੋਸ਼ੀ ਉਠਾਉਣਗੇ, ਜਿਹੜੇ ਬੁੱਤ ਸਾਜ਼ ਹਨ, ਓਹ ਇਕੱਠੇ ਨਮੋਸ਼ੀ ਵਿੱਚ ਜਾਣਗੇ।” (ਯਸਾਯਾਹ 45:16) ਉਨ੍ਹਾਂ ਦੇ ਅਪਮਾਨ ਦਾ ਮਤਲਬ ਸਿਰਫ਼ ਸ਼ਰਮ ਖਾਣੀ ਜਾਂ ਬਦਨਾਮ ਹੋਣਾ ਨਹੀਂ ਸੀ, ਪਰ ਉਨ੍ਹਾਂ ਲਈ ਇਸ ਦਾ ਮਤਲਬ ਮੌਤ ਸੀ, ਯਹੋਵਾਹ ਦੇ ਇਸਰਾਏਲ ਨਾਲ ਅਗਲੇ ਕੀਤੇ ਗਏ ਵਾਅਦੇ ਤੋਂ ਬਿਲਕੁਲ ਉਲਟ।

20. ਇਸਰਾਏਲ ਨੂੰ “ਅਨੰਤ ਮੁਕਤੀ” ਕਿਸ ਤਰ੍ਹਾਂ ਮਿਲੀ ਸੀ?

20“ਇਸਰਾਏਲ ਯਹੋਵਾਹ ਤੋਂ ਅਨੰਤ ਮੁਕਤੀ ਲਈ ਬਚਾਇਆ ਜਾਵੇਗਾ, ਤੁਸੀਂ ਜੁੱਗੋ ਜੁੱਗ ਸਦਾ ਤੀਕ ਨਾ ਸ਼ਰਮ ਖਾਓਗੇ, ਨਾ ਨਮੋਸ਼ੀ ਉਠਾਓਗੇ।” (ਯਸਾਯਾਹ 45:17) ਯਹੋਵਾਹ ਨੇ ਇਸਰਾਏਲ ਨਾਲ ਹਮੇਸ਼ਾ ਦੀ ਮੁਕਤੀ ਦਾ ਵਾਅਦਾ ਕੀਤਾ ਸੀ ਪਰ ਉਸ ਦੀਆਂ ਕੁਝ ਸ਼ਰਤਾਂ ਵੀ ਸਨ। ਇਸਰਾਏਲ ਅਤੇ ਯਹੋਵਾਹ ਦਾ ਰਿਸ਼ਤਾ ਹਮੇਸ਼ਾ ਲਈ ਰਹਿਣਾ ਚਾਹੀਦਾ ਸੀ। ਜਦੋਂ ਇਸਰਾਏਲ ਨੇ ਯਿਸੂ ਨੂੰ ਮਸੀਹਾ ਵਜੋਂ ਠੁਕਰਾ ਕੇ ਇਸ ਰਿਸ਼ਤੇ ਨੂੰ ਤੋੜ ਦਿੱਤਾ ਸੀ, ਤਾਂ ਇਹ ਕੌਮ “ਅਨੰਤ ਮੁਕਤੀ” ਦੀ ਉਮੀਦ ਖੋਹ ਬੈਠੀ। ਪਰ ਕੁਝ ਇਸਰਾਏਲੀਆਂ ਨੇ ਯਿਸੂ ਵਿਚ ਨਿਹਚਾ ਕੀਤੀ ਅਤੇ ਉਹ ਪੈਦਾਇਸ਼ੀ ਇਸਰਾਏਲ ਦੀ ਥਾਂ ਪਰਮੇਸ਼ੁਰ ਦੇ ਇਸਰਾਏਲ ਦਾ ਹਿੱਸਾ ਬਣੇ। (ਮੱਤੀ 21:43; ਗਲਾਤੀਆਂ 3:28, 29; 1 ਪਤਰਸ 2:9) ਰੂਹਾਨੀ ਇਸਰਾਏਲ ਦਾ ਅਪਮਾਨ ਕਦੀ ਵੀ ਨਾ ਹੋਵੇਗਾ। ਇਹ ਇਕ “ਸਦੀਪਕ ਨੇਮ” ਵਿਚ ਲਿਜਾਏ ਜਾਣਗੇ।​—ਇਬਰਾਨੀਆਂ 13:20.

ਸ੍ਰਿਸ਼ਟੀ ਅਤੇ ਅਗੰਮ ਵਾਕ ਵਿਚ ਯਹੋਵਾਹ ਭਰੋਸੇਯੋਗ ਹੈ

21. ਸ੍ਰਿਸ਼ਟੀ ਅਤੇ ਅਗੰਮ ਵਾਕ ਵਿਚ ਯਹੋਵਾਹ ਆਪਣੇ ਆਪ ਨੂੰ ਭਰੋਸੇਯੋਗ ਕਿਵੇਂ ਸਾਬਤ ਕਰਦਾ ਹੈ?

21 ਕੀ ਯਹੂਦੀ ਲੋਕ ਇਸਰਾਏਲ ਦੀ ਅਨੰਤ ਮੁਕਤੀ ਦੇ ਵਾਅਦੇ ਉੱਤੇ ਭਰੋਸਾ ਰੱਖ ਸਕਦੇ ਸਨ? ਯਸਾਯਾਹ ਨੇ ਇਸ ਸਵਾਲ ਦਾ ਜਵਾਬ ਦਿੱਤਾ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,—ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ,—ਉਹ ਇਉਂ ਆਖਦਾ ਹੈ, ਮੈਂ ਹੀ ਯਹੋਵਾਹ ਹਾਂ, ਹੋਰ ਹੈ ਨਹੀਂ। ਮੈਂ ਗੁਪਤ ਵਿੱਚ ਨਹੀਂ ਬੋਲਿਆ, ਨਾ ਧਰਤੀ ਦੇ ਅਨ੍ਹੇਰੇ ਥਾਂ ਵਿੱਚ, ਮੈਂ ਯਾਕੂਬ ਦੀ ਅੰਸ ਨੂੰ ਨਹੀਂ ਆਖਿਆ, ਕਿ ‘ਮੈਨੂੰ ਵਿਅਰਥ ਭਾਲੋ,’ ਮੈਂ ਯਹੋਵਾਹ ਧਰਮ ਦਾ ਬੋਲਣ ਵਾਲਾ ਹਾਂ, ਮੈਂ ਸਿੱਧੀਆਂ ਗੱਲਾਂ ਦਾ ਦੱਸਣ ਵਾਲਾ ਹਾਂ।” (ਯਸਾਯਾਹ 45:18, 19) ਇਸ ਅਧਿਆਇ ਵਿਚ ਯਸਾਯਾਹ ਨੇ ਭਵਿੱਖਬਾਣੀ ਕਰਦੇ ਹੋਏ ਚੌਥੀ ਅਤੇ ਆਖ਼ਰੀ ਵਾਰ ਲਿਖਿਆ ਕਿ ‘ਯਹੋਵਾਹ ਇਉਂ ਆਖਦਾ ਹੈ।’ (ਯਸਾਯਾਹ 45:1, 11, 14) ਯਹੋਵਾਹ ਨੇ ਕੀ ਆਖਿਆ ਸੀ? ਇਹ ਕਿ ਸ੍ਰਿਸ਼ਟੀ ਅਤੇ ਅਗੰਮ ਵਾਕ ਕਰਨ ਵਿਚ ਉਹ ਭਰੋਸੇਯੋਗ ਹੈ। ਉਸ ਨੇ ਧਰਤੀ ਨੂੰ “ਬੇਡੌਲ” ਨਹੀਂ ਉਤਪਤ ਕੀਤਾ। ਇਸੇ ਤਰ੍ਹਾਂ ਉਹ ਆਪਣੇ ਲੋਕਾਂ ਤੋਂ ਇਹ ਨਹੀਂ ਮੰਗ ਰਿਹਾ ਸੀ ਕਿ ਉਹ ਉਸ ਨੂੰ ‘ਵਿਅਰਥ ਭਾਲਣ।’ ਠੀਕ ਜਿਵੇਂ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਕੀਤਾ ਜਾਵੇਗਾ, ਉਸੇ ਤਰ੍ਹਾਂ ਆਪਣੇ ਚੁਣੇ ਹੋਏ ਲੋਕਾਂ ਲਈ ਪਰਮੇਸ਼ੁਰ ਨੇ ਆਪਣਾ ਮਕਸਦ ਪੂਰਾ ਕਰਨਾ ਸੀ। ਝੂਠੇ ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਦੀ ਅਸਪੱਸ਼ਟ ਬੋਲੀ ਤੋਂ ਉਲਟ, ਯਹੋਵਾਹ ਦੇ ਸ਼ਬਦ ਖੱਲ੍ਹੇਆਮ ਅਤੇ ਸਿੱਧੀ ਤਰ੍ਹਾਂ ਬੋਲੇ ਗਏ ਸਨ। ਉਸ ਦੇ ਸੱਚੇ ਸ਼ਬਦ ਪੂਰੇ ਹੋ ਕੇ ਰਹਿਣਗੇ। ਉਸ ਦੀ ਸੇਵਾ ਕਰਨ ਵਾਲਿਆਂ ਦੀ ਸੇਵਾ ਵਿਅਰਥ ਨਹੀਂ ਹੋਵੇਗੀ।

22. (ੳ) ਬਾਬਲ ਵਿਚ ਗ਼ੁਲਾਮ ਯਹੂਦੀ ਕਿਸ ਗੱਲ ਉੱਤੇ ਭਰੋਸਾ ਰੱਖ ਸਕਦੇ ਸਨ? (ਅ) ਅੱਜ ਮਸੀਹੀ ਕਿਸ ਗੱਲ ਉੱਤੇ ਭਰੋਸਾ ਰੱਖ ਸਕਦੇ ਹਨ?

22 ਬਾਬਲ ਵਿਚ ਕੈਦ ਪਰਮੇਸ਼ੁਰ ਦੇ ਗ਼ੁਲਾਮ ਲੋਕਾਂ ਨੂੰ ਇਨ੍ਹਾਂ ਸ਼ਬਦਾਂ ਨੇ ਪੱਕਾ ਭਰੋਸਾ ਦਿੱਤਾ ਕਿ ਵਾਅਦਾ ਕੀਤਾ ਹੋਇਆ ਦੇਸ਼ ਵਿਰਾਨ ਨਹੀਂ ਰਹਿਣਾ ਸੀ। ਇਹ ਦੁਬਾਰਾ ਵਸਾਇਆ ਜਾਣਾ ਸੀ ਅਤੇ ਉਨ੍ਹਾਂ ਨਾਲ ਯਹੋਵਾਹ ਦੇ ਕੀਤੇ ਹੋਏ ਵਾਅਦੇ ਪੂਰੇ ਹੋਣੇ ਸਨ। ਯਸਾਯਾਹ ਦੇ ਇਹ ਸ਼ਬਦ ਅੱਜ ਪਰਮੇਸ਼ੁਰ ਦੇ ਲੋਕਾਂ ਨੂੰ ਵੀ ਭਰੋਸਾ ਦਿੰਦੇ ਹਨ ਕਿ ਧਰਤੀ ਅੱਗ, ਜਾਂ ਨਿਊਕਲੀ ਬੰਬਾਂ ਨਾਲ ਬਰਬਾਦ ਨਹੀਂ ਕੀਤੀ ਜਾਵੇਗੀ ਜਿਵੇਂ ਕੁਝ ਲੋਕ ਮੰਨਦੇ ਹਨ। ਪਰਮੇਸ਼ੁਰ ਦਾ ਮਕਸਦ ਹੈ ਕਿ ਧਰਤੀ ਹਮੇਸ਼ਾ ਲਈ ਰਹੇ। ਇਹ ਇਕ ਸੁੰਦਰ ਬਾਗ਼ ਵਰਗੀ ਬਣੇਗੀ ਅਤੇ ਇਸ ਵਿਚ ਧਰਮੀ ਲੋਕ ਵੱਸਣਗੇ। (ਜ਼ਬੂਰ 37:11, 29; 115:16; ਮੱਤੀ 6:9, 10; ਪਰਕਾਸ਼ ਦੀ ਪੋਥੀ 21:3, 4) ਜੀ ਹਾਂ, ਜਿਵੇਂ ਇਸਰਾਏਲ ਲਈ ਯਹੋਵਾਹ ਦੇ ਸ਼ਬਦ ਭਰੋਸੇਯੋਗ ਸਨ ਉਹ ਸਾਡੇ ਲਈ ਵੀ ਭਰੋਸੇਯੋਗ ਹੋਣਗੇ।

ਯਹੋਵਾਹ ਨੇ ਦਇਆ ਕੀਤੀ

23. ਮੂਰਤੀ-ਪੂਜਾ ਕਰਨ ਵਾਲਿਆਂ ਨਾਲ ਅਤੇ ਯਹੋਵਾਹ ਦੀ ਉਪਾਸਨਾ ਕਰਨ ਵਾਲਿਆਂ ਨਾਲ ਕੀ ਹੋਇਆ ਸੀ?

23 ਯਹੋਵਾਹ ਦੇ ਅਗਲੇ ਸ਼ਬਦਾਂ ਨੇ ਇਸਰਾਏਲ ਦੀ ਮੁਕਤੀ ਉੱਤੇ ਜ਼ੋਰ ਦਿੱਤਾ: “ਇਕੱਠੇ ਹੋ ਜਾਓ ਅਤੇ ਆਓ, ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ! ਓਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ, ਅਤੇ ਅਜੇਹੇ ਠਾਕਰ ਅੱਗੇ ਪ੍ਰਾਰਥਨਾ ਕਰਦੇ ਹਨ ਜੋ ਨਹੀਂ ਬਚਾ ਸੱਕਦਾ! ਬਿਆਸ ਕਰੋ ਤੇ ਪੇਸ਼ ਕਰੋ,—ਹਾਂ, ਓਹ ਇਕੱਠੇ ਸਲਾਹ ਕਰਨ,—ਕਿਸ ਨੇ ਪੁਰਾਣੇ ਸਮੇਂ ਤੋਂ ਏਹ ਸਣਾਇਆ? ਕਿਸ ਨੇ ਪਰਾਚੀਨ ਸਮੇਂ ਤੋਂ ਏਹ ਦਾ ਵਰਨਣ ਕੀਤਾ? ਭਲਾ, ਮੈਂ ਯਹੋਵਾਹ ਨੇ ਹੀ ਨਹੀਂ? ਮੈਥੋਂ ਬਿਨਾ ਹੋਰ ਕੋਈ ਪਰਮੇਸ਼ੁਰ ਨਹੀਂ, ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ, ਮੈਥੋਂ ਛੁੱਟ ਕੋਈ ਹੈ ਹੀ ਨਹੀਂ।” (ਯਸਾਯਾਹ 45:20, 21) ਯਹੋਵਾਹ ਨੇ ‘ਬਚੇ ਹੋਇਆਂ’ ਨੂੰ ਕਿਹਾ ਕਿ ਉਹ ਆਪਣੀ ਮੁਕਤੀ ਦੀ ਤੁਲਨਾ ਉਨ੍ਹਾਂ ਨਾਲ ਕਰਨ ਜੋ ਮੂਰਤੀਆਂ ਦੀ ਪੂਜਾ ਕਰਦੇ ਸਨ। (ਬਿਵਸਥਾ ਸਾਰ 30:3; ਯਿਰਮਿਯਾਹ 29:14; 50:28) ਮੂਰਤੀ-ਪੂਜਕ ਲੋਕ ਬੇਜਾਨ ਦੇਵਤਿਆਂ ਦੀ ਸੇਵਾ ਕਰਦੇ ਸਨ ਅਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਦੇ ਸਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦੇ ਸਨ। ਇਸ ਲਈ ਮੂਰਤੀ-ਪੂਜਕ ਲੋਕ “ਅਣਜਾਣ” ਸਨ। ਉਨ੍ਹਾਂ ਦੀ ਪੂਜਾ ਵਿਅਰਥ ਸੀ। ਪਰ ਯਹੋਵਾਹ ਦੀ ਉਪਾਸਨਾ ਕਰਨ ਵਾਲੇ ਜਾਣਦੇ ਸਨ ਕਿ ਯਹੋਵਾਹ “ਪੁਰਾਣੇ ਸਮੇਂ” ਵਿਚ ਭਵਿੱਖਬਾਣੀ ਕਰ ਕੇ ਉਸ ਨੂੰ ਪੂਰੀ ਵੀ ਕਰ ਸਕਦਾ ਸੀ, ਜਿਵੇਂ ਉਸ ਨੇ ਬਾਬਲ ਵਿਚ ਆਪਣੇ ਗ਼ੁਲਾਮ ਲੋਕਾਂ ਨੂੰ ਮੁਕਤੀ ਦਿਲਾਈ ਸੀ। ਅਜਿਹੀ ਸ਼ਕਤੀ ਅਤੇ ਅਗੰਮ ਗਿਆਨ ਯਹੋਵਾਹ ਨੂੰ ਬਾਕੀ ਸਾਰੇ ਦੇਵਤਿਆਂ ਤੋਂ ਜੁਦਾ ਕਰਦਾ ਹੈ। ਸੱਚ-ਮੁੱਚ ਉਹ “ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ” ਹੈ।

‘ਮੁਕਤੀ ਸਾਡੇ ਪਰਮੇਸ਼ੁਰ ਵੱਲੋਂ ਹੈ’

24, 25. (ੳ) ਯਹੋਵਾਹ ਨੇ ਕਿਹੜਾ ਸੱਦਾ ਦਿੱਤਾ ਸੀ ਅਤੇ ਉਸ ਦਾ ਵਾਅਦਾ ਪੂਰਾ ਹੋ ਕੇ ਕਿਉਂ ਰਹਿਣਾ ਸੀ? (ਅ) ਯਹੋਵਾਹ ਕਿਨ੍ਹਾਂ ਚੀਜ਼ਾਂ ਦਾ ਹੱਕਦਾਰ ਸੀ?

24 ਯਹੋਵਾਹ ਨੇ ਦਇਆ ਕਰ ਕੇ ਇਹ ਸੱਦਾ ਦਿੱਤਾ: “ਹੇ ਧਰਤੀ ਦੇ ਕੰਢਿਆਂ ਦਿਓ, ਮੇਰੀ ਵੱਲ ਮੂੰਹ ਕਰੋ ਅਤੇ ਬਚ ਜਾਓ! ਮੈਂ ਪਰਮੇਸ਼ੁਰ ਜੋ ਹਾਂ ਅਤੇ ਹੋਰ ਹੈ ਨਹੀਂ। ਮੈਂ ਆਪਣੀ ਸੌਂਹ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਭਈ ਹਰ ਗੋਡਾ ਮੇਰੇ ਅੱਗੇ ਨਿਵੇਗਾ, ਹਰ ਜ਼ਬਾਨ ਮੇਰੀ ਸੌਂਹ ਖਾਵੇਗੀ। ਮੇਰੇ ਵਿਖੇ ਏਹ ਆਖਿਆ ਜਾਵੇਗਾ, ਭਈ ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਕੋਲ ਆਉਣਗੇ ਅਤੇ ਸ਼ਰਮ ਖਾਣਗੇ। ਇਸਰਾਏਲ ਦੀ ਸਾਰੀ ਅੰਸ ਯਹੋਵਾਹ ਵਿੱਚ ਧਰਮੀ ਠਹਿਰੇਗੀ ਅਤੇ ਮਾਣ ਕਰੇਗੀ।”​—ਯਸਾਯਾਹ 45:22-25.

25 ਯਹੋਵਾਹ ਨੇ ਇਸਰਾਏਲ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਉੱਤੇ ਭਰੋਸਾ ਕਰਨ ਵਾਲਿਆਂ ਨੂੰ ਬਾਬਲ ਵਿੱਚੋਂ ਬਚਾਵੇਗਾ। ਇਸ ਭਵਿੱਖਬਾਣੀ ਦੀ ਪੂਰਤੀ ਪੱਕੀ ਸੀ ਕਿਉਂਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣਾ ਚਾਹੁੰਦਾ ਸੀ ਅਤੇ ਬਚਾ ਸਕਦਾ ਵੀ ਸੀ। (ਯਸਾਯਾਹ 55:11) ਪਰਮੇਸ਼ੁਰ ਦੇ ਸ਼ਬਦ ਭਰੋਸੇਯੋਗ ਸਨ, ਪਰ ਜਦੋਂ ਉਹ ਸਹੁੰ ਖਾ ਕੇ ਕੁਝ ਕਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਜ਼ਰੂਰ ਪੂਰਾ ਹੋਵੇਗਾ। (ਇਬਰਾਨੀਆਂ 6:13) ਉਹ ਉਨ੍ਹਾਂ ਤੋਂ ਅਧੀਨਗੀ (“ਹਰ ਗੋਡਾ ਮੇਰੇ ਅੱਗੇ ਨਿਵੇਗਾ”) ਅਤੇ ਵਫ਼ਾਦਾਰੀ (“ਹਰ ਜ਼ਬਾਨ ਮੇਰੀ ਸੌਂਹ ਖਾਵੇਗੀ”) ਦਾ ਹੱਕਦਾਰ ਸੀ ਜੋ ਉਸ ਦੀ ਕਿਰਪਾ ਚਾਹੁੰਦੇ ਸਨ। ਜਿਹੜੇ ਇਸਰਾਏਲੀ ਉਸ ਦੀ ਉਪਾਸਨਾ ਕਰਦੇ ਰਹੇ ਉਹ ਬਚਾਏ ਗਏ ਸਨ। ਉਹ ਉਸ ਕੰਮ ਦਾ ਮਾਣ ਕਰ ਸਕਦੇ ਸਨ ਜੋ ਯਹੋਵਾਹ ਨੇ ਉਨ੍ਹਾਂ ਲਈ ਕੀਤਾ ਸੀ।​—2 ਕੁਰਿੰਥੀਆਂ 10:17.

26. ਹਰੇਕ ਕੌਮ ਵਿੱਚੋਂ “ਇੱਕ ਵੱਡੀ ਭੀੜ” ਯਹੋਵਾਹ ਵੱਲ ਮੁੜਨ ਲਈ ਉਸ ਦਾ ਸੱਦਾ ਕਿਵੇਂ ਸਵੀਕਾਰ ਕਰ ਰਹੀ ਹੈ?

26 ਪਰ ਪਰਮੇਸ਼ੁਰ ਦਾ ਸੱਦਾ ਸਿਰਫ਼ ਪ੍ਰਾਚੀਨ ਬਾਬਲ ਵਿਚ ਗ਼ੁਲਾਮਾਂ ਨੂੰ ਹੀ ਨਹੀਂ ਦਿੱਤਾ ਗਿਆ ਸੀ। (ਰਸੂਲਾਂ ਦੇ ਕਰਤੱਬ 14:14, 15; 15:19; 1 ਤਿਮੋਥਿਉਸ 2:3, 4) ਇਹ ਸੱਦਾ ਅੱਜ ਵੀ ਦਿੱਤਾ ਜਾ ਰਿਹਾ ਹੈ ਅਤੇ “ਹਰੇਕ ਕੌਮ ਵਿੱਚੋਂ . . . ਇੱਕ ਵੱਡੀ ਭੀੜ” ਇਸ ਨੂੰ ਸਵੀਕਾਰ ਕਰ ਕੇ ਕਹਿ ਰਹੀ ਹੈ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ . . . ਅਤੇ ਲੇਲੇ [ਯਿਸੂ] ਵੱਲੋਂ ਹੈ!” (ਪਰਕਾਸ਼ ਦੀ ਪੋਥੀ 7:9, 10; 15:4) ਹਰ ਸਾਲ ਹਜ਼ਾਰਾਂ ਹੀ ਨਵੇਂ ਲੋਕ ਪਰਮੇਸ਼ੁਰ ਵੱਲ ਮੁੜ ਕੇ, ਉਸ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰ ਕੇ, ਅਤੇ ਉਸ ਪ੍ਰਤੀ ਆਪਣੀ ਵਫ਼ਾਦਾਰੀ ਖੁੱਲ੍ਹੇਆਮ ਦਿਖਾ ਕੇ ਇਸ ਵੱਡੀ ਭੀੜ ਦਾ ਹਿੱਸਾ ਬਣ ਰਹੇ ਹਨ। ਇਸ ਤੋਂ ਇਲਾਵਾ ਉਹ “ਅਬਰਾਹਾਮ ਦੀ ਅੰਸ,” ਯਾਨੀ ਰੂਹਾਨੀ ਇਸਰਾਏਲ ਦਾ ਵਫ਼ਾਦਾਰੀ ਨਾਲ ਸਾਥ ਦਿੰਦੇ ਹਨ। (ਗਲਾਤੀਆਂ 3:29) ਯਹੋਵਾਹ ਦੇ ਧਰਮੀ ਰਾਜ ਲਈ ਆਪਣਾ ਪਿਆਰ ਦਿਖਾਉਂਦੇ ਹੋਏ ਉਹ ਸਾਰੀ ਧਰਤੀ ਉੱਤੇ ਐਲਾਨ ਕਰਦੇ ਹਨ: “ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ।” ਪੌਲੁਸ ਰਸੂਲ ਨੇ ਰੋਮੀਆਂ ਨੂੰ ਪੱਤਰੀ ਲਿਖਦੇ ਹੋਏ ਯਸਾਯਾਹ 45:23 ਦਾ ਹਵਾਲਾ ਸੈਪਟੁਜਿੰਟ ਤਰਜਮੇ ਤੋਂ ਦਿੱਤਾ ਸੀ। ਇਸ ਨੇ ਦਿਖਾਇਆ ਕਿ ਅੰਤ ਵਿਚ ਹਰੇਕ ਜੀਉਂਦੀ ਜਾਨ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰ ਕੇ ਸਦਾ ਲਈ ਉਸ ਦੀ ਉਸਤਤ ਕਰੇਗੀ।​—ਰੋਮੀਆਂ 14:11; ਫ਼ਿਲਿੱਪੀਆਂ 2:9-11; ਪਰਕਾਸ਼ ਦੀ ਪੋਥੀ 21:22-27.

27. ਅੱਜ ਮਸੀਹੀ ਯਹੋਵਾਹ ਦੇ ਵਾਅਦਿਆਂ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਨ?

27 ਵੱਡੀ ਭੀੜ ਦੇ ਮੈਂਬਰ ਕਿਉਂ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਵੱਲ ਮੁੜਨ ਨਾਲ ਉਨ੍ਹਾਂ ਨੂੰ ਮੁਕਤੀ ਮਿਲੇਗੀ? ਕਿਉਂਕਿ ਯਹੋਵਾਹ ਦੇ ਵਾਅਦੇ ਭਰੋਸੇਯੋਗ ਹਨ ਜਿਵੇਂ ਯਸਾਯਾਹ ਦੇ 45ਵੇਂ ਅਧਿਆਇ ਦੀ ਭਵਿੱਖਬਾਣੀ ਸਾਫ਼-ਸਾਫ਼ ਦਿਖਾਉਂਦੀ ਹੈ। ਜਿਸ ਤਰ੍ਹਾਂ ਯਹੋਵਾਹ ਕੋਲ ਆਕਾਸ਼ ਅਤੇ ਧਰਤੀ ਬਣਾਉਣ ਦੀ ਸ਼ਕਤੀ ਅਤੇ ਬੁੱਧ ਸੀ, ਉਸੇ ਤਰ੍ਹਾਂ ਉਸ ਕੋਲ ਆਪਣੀਆਂ ਭਵਿੱਖਬਾਣੀਆਂ ਪੂਰੀਆਂ ਕਰਨ ਦੀ ਸ਼ਕਤੀ ਅਤੇ ਬੁੱਧ ਹੈ। ਅਤੇ ਜਿਸ ਤਰ੍ਹਾਂ ਉਸ ਨੇ ਨਿਸ਼ਚਿਤ ਕੀਤਾ ਸੀ ਕਿ ਖੋਰਸ ਬਾਰੇ ਭਵਿੱਖਬਾਣੀ ਪੂਰੀ ਹੋ ਕੇ ਰਹੇ, ਉਸੇ ਤਰ੍ਹਾਂ ਉਹ ਬਾਈਬਲ ਦੀ ਹਰੇਕ ਭਵਿੱਖਬਾਣੀ ਪੂਰੀ ਕਰੇਗਾ ਜੋ ਅਜੇ ਪੂਰੀ ਹੋਣੀ ਹੈ। ਇਸ ਲਈ ਯਹੋਵਾਹ ਦੇ ਸੇਵਕ ਪੂਰਾ ਯਕੀਨ ਕਰ ਸਕਦੇ ਹਨ ਕਿ ਯਹੋਵਾਹ ਬਹੁਤ ਜਲਦੀ ਫਿਰ ਸਾਬਤ ਕਰੇਗਾ ਕਿ ਉਹ “ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ” ਹੈ।

[ਸਵਾਲ]

[ਸਫ਼ੇ 80, 81 ਉੱਤੇ ਤਸਵੀਰਾਂ]

ਯਹੋਵਾਹ ਚਾਨਣ ਦਾ ਸਿਰਜਣਹਾਰ ਅਤੇ ਹਨੇਰੇ ਦਾ ਕਰਤਾਰ ਹੈ ਅਤੇ ਉਹ ਸ਼ਾਂਤੀ ਅਤੇ ਬਿਪਤਾ ਲਿਆ ਸਕਦਾ ਹੈ

[ਸਫ਼ਾ 83 ਉੱਤੇ ਤਸਵੀਰ]

ਯਹੋਵਾਹ ‘ਅਕਾਸ਼ੋਂ’ ਬਰਕਤਾਂ ਵਰ੍ਹਾਵੇਗਾ ਅਤੇ “ਧਰਤੀ” ਤੋਂ ਮੁਕਤੀ ਦਾ ਫਲ ਦੇਵੇਗਾ

[ਸਫ਼ਾ 84 ਉੱਤੇ ਤਸਵੀਰ]

ਕੀ ਮਿੱਟੀ ਦੇ ਟੁਕੜਿਆਂ ਨੂੰ ਆਪਣੇ ਬਣਾਉਣ ਵਾਲੇ ਦੀ ਬੁੱਧ ਉੱਤੇ ਸ਼ੱਕ ਕਰਨਾ ਚਾਹੀਦਾ ਹੈ?

[ਸਫ਼ਾ 89 ਉੱਤੇ ਤਸਵੀਰ]

ਯਹੋਵਾਹ ਨੇ ਧਰਤੀ ਨੂੰ ਬੇਡੌਲ ਨਹੀਂ ਉਤਪਤ ਕੀਤਾ ਸੀ